ਕਿਹਾ : ਅਕਾਲੀ ਦਲ ਤੇ ਕਾਂਗਰਸ ਵੱਲੋਂ ਖੇਡੀ ਜਾ ਰਹੀ ਖੇਡ ਦਾ ਹੋਇਆ ਪਰਦਾਫਾਸ਼
ਚੰਡੀਗੜ੍ਹ/ਬਿਊਰੋ ਨਿਊਜ਼
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ’ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਅਕਾਲੀ ਦਲ ਵੱਲੋਂ ਮਿਲ ਕੇ ਖੇਡੀ ਜਾ ਰਹੀ ਖੇਡ ਦਾ ਹੁਣ ਪਰਦਾਫਾਸ਼ ਹੋ ਗਿਆ ਹੈ। ਭਗਵੰਤ ਮਾਨ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਆਖ ਰਹੀ ਸੀ ਕਿ ਚੋਣਾਂ ਨੇੜੇ ਆ ਕੇ ਬਿਕਰਮ ਮਜੀਠੀਆ ’ਤੇ ਝੂਠੀ ਕਾਰਵਾਈ ਕੀਤੀ ਜਾਵੇਗੀ। ਇਸੇ ਤਹਿਤ ਚੰਨੀ ਸਰਕਾਰ ਨੇ ਜਾਣ ਬੁੱਝ ਕੇ ਕਮਜ਼ੋਰ ਕੇਸ ਬਣਾਇਆ, ਜਿਸ ਦੇ ਚਲਦਿਆਂ ਹਾਈ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਡਰਾਮਾ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਧੂੜ ਪਾਉਣ ਲਈ ਕੀਤਾ ਗਿਆ। ਇਸੇ ਤਰ੍ਹਾਂ ਦਾ ਡਰਾਮਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਕੀਤਾ ਗਿਆ। ਪਹਿਲਾਂ ਤਾਂ ਉਨ੍ਹਾਂ ਵੱਲੋਂ ਬਾਦਲਾਂ ਦੀਆਂ ਬੱਸਾਂ ਫੜੀਆਂ ਗਈਆਂ ਅਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੂੰ ਛੱਡ ਵੀ ਦਿੱਤਾ ਗਿਆ।
ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਚੰਨੀ ਨੇ ਬਾਦਲਾਂ ਨਾਲ ਮਿਲ ਕੇ ਕੇਸ ਖਰਾਬ ਕੀਤਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਮਜੀਠੀਆ ਮਾਮਲੇ ਵਿਚ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਮਿਲ ਕੇ ਖੇਡ ਖੇਡੀ ਗਈ ਹੈ। ਮਾਨ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਿਰਫ਼ ਫੇਸਬੁੱਕ ’ਤੇ ਹੀ ਵਾਹ-ਵਾਹ ਖੱਟੀ ਹੈ। ਪਹਿਲਾਂ ਕਮਜ਼ੋਰ ਕੜੀ ਤਹਿਤ ਬਾਦਲਾਂ ਦੀ ਬੱਸਾਂ ਜਬਤ ਕੀਤੀਆਂ ਫਿਰ ਜਦੋਂ ਇਹ ਮਾਮਲਾ ਹਾਈ ਕੋਰਟ ਪਹੁੰਚਿਆ ਤਾਂ ਬੱਸਾਂ ਬਹਾਲ ਵੀ ਕਰ ਦਿੱਤੀਆਂ। ਮਾਨ ਨੇ ਕਿਹਾ ਕਾਂਗਰਸ ਨੇ 111 ਦਿਨਾਂ ਵਿਚ ਸਰਕਾਰ ਨਹੀਂ ਸਗੋਂ ਸਰਕਸ ਚਲਾਈ ਹੈ। ਕਾਂਗਰਸ ਨੇ ਥੋੜ੍ਹੇ ਸਮੇਂ ਵਿਚ ਹੀ 4 ਡੀਜੀਪੀ ਦੋ, ਦੋ ਐਡਵੋਕੇਟ ਜਨਰਲ ਬਦਲ ਦਿੱਤੇ ਅਤੇ ਅਫ਼ਸਰਾਂ ਨੂੰ ਬਦਲਣ ਦੀ ਸੂਚੀ ਹੀ ਬੜੀ ਲੰਬੀ ਹੈ। ਚੰਨੀ ਸਰਕਾਰ ਮੁਹੱਲੇ ਦੀ ਉਸ ਕ੍ਰਿਕਟ ਟੀਮ ਵਾਂਗ ਚੱਲ ਹੈ, ਜਿਸ ਦਾ ਕੋਈ ਕੈਪਟਨ ਨਹੀਂ ਹੁੰਦਾ। ਮਾਨੇ ਨੇ ਕਿਹਾ ਕਿ ਨਾ ਨਸ਼ੇ ਦੇ ਮਾਮਲੇ ਵਿਚ ਕੁੱਝ ਹੋਇਆ ਅਤੇ ਨਾ ਹੀ ਬਹਿਬਲ ਕਲਾਂ ਕਾਂਡ ਦਾ ਨਤੀਜਾ ਆਇਆ। ਲੋਕ ਹੁਣ ਇਨ੍ਹਾਂ ਦੀਆਂ ਨੂਰਾਂ ਕੁਸ਼ਤੀ ਵਾਲੀਆਂ ਚਾਲਾਂ ਵਿਚ ਨਹੀਂ ਆਉਣਗੇ। ਲੋਕ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇਣਗੇ।