ਕਰੋਨਾ ਨਿਯਮਾਂ ਦੀਆਂ ਵੀ ਉਡੀਆਂ ਧੱਜੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸੱਚਾ ਸੌਦਾ ਪੰਜਾਬ ਅੰਦਰ ਇਕ ਹੋਰ ਨਵੇਂ ਵਿਵਾਦ ਵਿਚ ਘਿਰ ਗਿਆ ਹੈ। ਲੰਘੀ 9 ਜਨਵਰੀ ਨੂੰ ਬਠਿੰਡਾ ਸਥਿਤ ਡੇਰਾ ਸਲਾਬਤਪੁਰਾ ’ਚ ਬਿਨਾ ਆਗਿਆ ਤੋਂ ਡੇਰਾ ਪ੍ਰਬੰਧਕਾਂ ਵੱਲੋਂ ਇਕ ਵੱਡਾ ਇਕੱਠ ਕੀਤਾ ਗਿਆ, ਜਿਸ ਵਿਚ ਕਰੋਨਾ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਗਈਆਂ। ਇਥੇ ਲੱਖਾਂ ਦੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਵੱਲੋਂ ਜਨਤਕ ਦੂਰੀ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਗਿਆ ਜਦਕਿ ਮਾਸਕ ਵੀ ਬਹੁਤ ਥੋੜ੍ਹੇ ਲੋਕਾਂ ਨੇ ਪਾਇਆ ਹੋਇਆ ਸੀ। ਇਥੇ ਹੋਏ ਸਮਾਗਮ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਡੇਰੇ ਨੂੰ ਨੋਟਿਸ ਭੇਜਿਆ ਗਿਆ ਹੈ, ਜਿਸ ’ਚ ਪ੍ਰਬੰਧਾਂ ਤੋਂ ਜਵਾਬ ਮੰਗਿਆ ਗਿਆ ਹੈ। ਡੇਰੇ ਦੇ ਇਸ ਸਮਾਗਮ ’ਚ ਕਈ ਰਾਜਨੀਤਿਕ ਆਗੂ ਵੀ ਬੈਠੇ ਹੋਏ ਨਜ਼ਰ ਆਏ। ਜਦਕਿ ਚਰਚਾ ਇਹ ਵੀ ਹੈ ਕਿ ਚੋਣਾਂ ਤੋਂ ਪਹਿਲਾਂ ਡੇਰੇ ਵੱਲੋਂ ਕੀਤਾ ਇਹ ਇਕ ਸ਼ਕਤੀ ਪ੍ਰਦਰਸ਼ਨ ਹੈ, ਜਿਸ ’ਚ ਭਾਜਪਾ ਆਗੂ ਹਰਜੀਤ ਗਰੇਵਾਲ, ਸੁਰਜੀਤ ਜਿਆਣੀ, ਕਾਂਗਰਸੀ ਆਗੂ ਵਿਜੇ ਇੰਦਰ ਸਿੰਗਲਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ‘ਆਪ’ ਆਗੂ ਜਗਰੂਪ ਗਿੱਲ ਵੀ ਪਹੁੰਚੇ ਹੋਏ ਸਨ। ਬਠਿੰਡਾ ਜ਼ਿਲ੍ਹੇ ਦੇ ਚੋਣ ਅਫ਼ਸਰ ਡੀਸੀ ਅਰਵਿੰਦਪਾਲ ਸਿੰਘ ਸੰਧੂ ਨੇ ਕਿਹਾ ਕਿ ਭੀੜ ਇਕੱਠੀ ਕਰਨ ਦੇ ਲਈ ਕੋਈ ਪਰਮਿਸ਼ਨ ਨਹੀਂ ਲਈ ਗਈ ਸੀ, ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਰਾਮਪੁਰਾ ਫੂਲ ਦੇ ਰਿਟਰਨਿੰਗ ਅਫ਼ਸਰ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਚੋਣ ਕਮਿਸ਼ਨ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦਕਿ ਡੇਰਾ ਸਲਾਬਤਪੁਰ ਦੇ ਪ੍ਰਬੰਧਕ ਹਰਚਰਨ ਸਿੰਘ ਨੇ ਕਿਹਾ ਕਿ ਇਹ ਕੋਈ ਚੋਣ ਪ੍ਰੋਗਰਾਮ ਨਹੀਂ ਸੀ ਬਲਕਿ ਹਰ ਸਾਲ ਮਨਾਇਆ ਜਾਣ ਵਾਲਾ ਭੰਡਾਰਾ ਸੀ, ਜਿਸ ਸਬੰਧੀ ਦਿਆਲਪੁਰਾ ਪੁਲਿਸ ਥਾਣੇ ਨੂੰ ਸੂਚਨਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਇਥੇ ਪਹੰੁਚੇ ਲੋਕਾਂ ਨੇ ਮਾਸਕ ਪਹਿਨੇ ਹੋਏ ਅਤੇ ਸੈਨੇਟਾਈਜ਼ ਕਰਨ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ।
Check Also
ਫਰੀਦਕੋਟ ਦਾ ਡੀਐਸਪੀ ਰਾਜਨਪਾਲ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਗਿ੍ਰਫਤਾਰ
ਭਿ੍ਰਸ਼ਟਾਚਾਰ ਖਿਲਾਫ ਸਿਫਰ ਟਾਲਰੈਂਸ ਨੀਤੀ ਤਹਿਤ ਹੋਵੇਗੀ ਜਾਂਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ …