ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਬੋਲੇ ਅਪਸ਼ਬਦ
ਚੰਡੀਗੜ੍ਹ : ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ਨਵਜੋਤ ਸਿੱਧੂ ਫਿਰ ਬਹੁਤ ਕਾਹਲੇ ਨਜ਼ਰ ਆਏ। ਉਨ੍ਹਾਂ ਨੇ ਦਲਿਤ ਭਾਈਚਾਰੇ ਨਾਲ ਸਬੰਧਤ ਰੱਖਣ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਅਪਸ਼ਬਦਾਂ ਦਾ ਇਸਤੇਮਾਲ ਵੀ ਕੀਤਾ। ਪੰਜਾਬ ਕਾਂਗਰਸ ਨੇ ਲੰਘੇ ਕੱਲ੍ਹ ਜ਼ੀਰਕਪੁਰ ਤੋਂ ਲਖੀਮਪੁਰ ਖੀਰੀ ਲਈ ਰੋਸ ਮਾਰਚ ਸ਼ੁਰੂ ਕੀਤਾ ਸੀ। ਇਸ ਮਾਰਚ ਵਿਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਵੀ ਪਹੁੰਚੇ ਪ੍ਰੰਤੂ ਉਹ ਥੋੜ੍ਹਾ ਲੇਟ ਹੋ ਗਏ, ਜਦੋਂ ਪਰਗਟ ਸਿੰਘ ਨੇ ਕਿਹਾ ਕਿ ਚੰਨੀ 2 ਮਿੰਟ ਵਿਚ ਪਹੁੰਚਣੇ ਵਾਲੇ ਹਨ ਤਾਂ ਇਸ ‘ਤੇ ਸਿੱਧੂ ਭੜਕ ਉਠੇ ਅਤੇ ਕਿਹਾ ਕਿ ਅਸੀਂ ਕਿੰਨੀ ਦੇਰ ਤੋਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹਨ। ਮਾਮਲੇ ਨੂੰ ਟਾਲਣ ਲਈ ਪਰਗਟ ਸਿੰਘ ਨੇ ਕਿਹਾ ਕਿ ਅੱਜ ਤਾਂ ਬੱਲੇ-ਬੱਲੇ ਹੋ ਗਈ ਅਤੇ ਇਹ ਰੋਸ ਮਾਰਚ ਪੂਰੀ ਤਰ੍ਹਾਂ ਸਕਸੈਸ ਹੋ ਗਿਆ। ਇਸ ਤੋਂ ਬਾਅਦ ਸਿੱਧੂ ਗੁੱਸੇ ‘ਚ ਆ ਗਏ ਅਤੇ ਕਿਹਾ ਕਿ ਜੇਕਰ ਹਾਈ ਕਮਾਂਡ ਸਰਦਾਰ ਭਗਵੰਤ ਸਿੰਘ ਸਿੱਧੂ ਦੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਂਦੀ ਤਾਂ ਫਿਰ ਦੇਖਦੇ ਸਕਸੈਸ ਕੀ ਹੁੰਦਾ ਹੈ। ਸਿੱਧੂ ਨੇ ਗਾਲ੍ਹ ਕੱਢਦਿਆਂ ਕਿਹਾ ਕਿਚੰਨੀ 2022 ‘ਚ ਕਾਂਗਰਸ ਦਾ ਬੇੜਾ ਡੋਬ ਦੇਣਗੇ। ਦਰਅਸਲ ਸਿੱਧੂਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਹਟਾ ਕੇ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਪ੍ਰੰਤੂ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਖਤਮ ਕਰਨ ਲਈ ਚੰਨੀ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਸੀ।