ਕਿਹਾ-ਮੁੱਖ ਆਰੋਪੀ ਦੀ ਅਜੇ ਤੱਕ ਕਿਉਂ ਨਹੀਂ ਹੋਈ ਗ੍ਰਿਫ਼ਤਾਰੀ
ਲਖਨਊ : ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿਚ ਫਿਰ ਸੁਣਵਾਈ ਹੋਈ। ਚੀਫ਼ ਜਸਟਿਸ ਦੇ ਬੈਂਚ ਨੇ ਉਤਰ ਪ੍ਰਦੇਸ਼ ਸਰਕਾਰ ਦੀ ਜਾਂਚ ‘ਤੇ ਨਾਖੁਸ਼ੀ ਪ੍ਰਗਟ ਕਰਦੇ ਹੋਏ ਫਟਕਾਰ ਲਗਾਈ। ਕੋਰਟ ਨੇ ਯੂਪੀ ਸਰਕਾਰ ਦੇ ਵਕੀਲ ਹਰੀਸ਼ ਸਾਲਵੇ ਤੋਂ ਪੁੱਛਿਆ ਕਿ ਹੱਤਿਆ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਮੁੱਖ ਆਰੋਪੀ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਗਈ। ਅਜਿਹਾ ਕਰਕੇ ਯੂਪੀ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਕੋਰਟ ਦੇ ਸਵਾਲ ‘ਤੇ ਯੂਪੀ ਸਰਕਾਰ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ‘ਚ ਆਰੋਪੀ ਅਸ਼ੀਸ਼ ਮਿਸ਼ਰਾ ਕੱਲ੍ਹ 11 ਵਜੇ ਤੱਕ ਪੁਲਿਸ ਦੇ ਸਾਹਮਣੇ ਪੇਸ਼ ਹੋ ਜਾਵੇਗਾ। ਇਸ ਤੋਂ ਬਾਅਦ ਕੋਰਟ ਨੇ ਵਕੀਲ ਨੂੰ ਪੁੱਛਿਆ ਕਿ ਕੀ ਦੇਸ਼ ‘ਚ ਕਿਸੇ ਵੀ ਦੂਜੇ ਕਤਲ ਕੇਸ ਦੇ ਆਰੋਪੀ ਨੂੰ ਇਸੇ ਤਰ੍ਹਾਂ ਟ੍ਰੀਟਮੈਂਟ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲਖੀਮਪੁਰ ਖੀਰੀ ‘ਚ ਲੰਘੀ 3 ਅਕਤੂਬਰ ਨੂੰ ਹੋਈ ਹਿੰਸਾ ‘ਚ 4 ਕਿਸਾਨਾਂ ਸਮੇਤ 9 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਅਤੇ ਇਸ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਬੇਟਾ ਅਸ਼ੀਸ਼ ਮਿਸ਼ਰਾ ਮੁੱਖ ਆਰੋਪੀ ਹੈ। ਉਧਰ ਯੂਪੀ ਪੁਲਿਸ ਨੇ ਅਜੇ ਮਿਸ਼ਰਾ ਦੇ ਘਰ ਦੇ ਬਾਹਰ ਇਕ ਹੋਰ ਨੋਟਿਸ ਚਿਪਕਾ ਦਿੱਤਾ, ਜਿਸ ਵਿਚ ਅਸ਼ੀਸ਼ ਮਿਸ਼ਰਾ ਨੂੰ 9 ਅਕਤੂਬਰ ਨੂੰ 11 ਵਜੇ ਤੱਕ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।