Breaking News
Home / ਪੰਜਾਬ / ਸਿਆਸਤ ਦੀ ਪਿੱਚ ‘ਤੇ ਸਿੱਧੂ ਬੋਲਡ

ਸਿਆਸਤ ਦੀ ਪਿੱਚ ‘ਤੇ ਸਿੱਧੂ ਬੋਲਡ

ਰਾਜਨੀਤੀ ਦੇ ਦਿੱਗਜ਼ ਕੈਪਟਨ ਅਮਰਿੰਦਰ ਨੂੰ ਖੁੱਲ੍ਹੀ ਚੁਣੌਤੀ ਦੇਣੀ ਪਈ ਭਾਰੀ, ਸਿੱਧੂ ਤੇ ਕੈਪਟਨ ਦੇ ਕਦੇ ਨਹੀਂ ਮਿਲੇ ਸੁਰ
ਚੰਡੀਗੜ੍ਹ : ਕ੍ਰਿਕਟ ਗਰਾਊਂਡ ‘ਤੇ ਆਪਣੇ ਲੰਬੇ ਛੱਕਿਆਂ ਦੇ ਲਈ ਮਸ਼ਹੂਰ ਨਵਜੋਤ ਸਿੱਧੂ ਸਿਆਸਤ ਦੀ ਪਿੱਚ ‘ਤੇ ਬੋਲਡ ਹੋ ਗਏ। ਕੈਪਟਨ ਅਮਰਿੰਦਰ ਸਿੰਘ ਵਰਗੇ ਸਿਆਸਤ ਦੇ ਦਿੱਗਜ਼ ਨੂੰ ਖੁੱਲ੍ਹੀ ਚੁਣੌਤੀ ਦੇਣਾ ਸਿੱਧੂ ਲਈ ਮੁਸੀਬਤ ਬਣ ਗਈ। ਇਕ ਮਹੀਨੇ ਤੋਂ ਜ਼ਿਆਦਾ ਚਲੇ ਸਿਆਸੀ ਡਰਾਮੇ ਤੋਂ ਬਾਅਦ ਆਖਰ ਸਿੱਧੂ ਨੇ ਅਸਤੀਫ਼ਾ ਦੇ ਦਿੱਤਾ। ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਸ਼ੁਰੂ ਤੋਂ ਹੀ ਕਦੇ ਸੁਰ ਨਹੀਂ ਮਿਲੇ। ਸਿੱਧੂ ਵੱਡੀਆਂ ਉਮੀਦਾਂ ਲੈ ਕੇ ਕਾਂਗਰਸ ‘ਚ ਆਏ ਸਨ ਪ੍ਰੰਤੂ ਕੈਪਟਨ ਨੇ ਉਨ੍ਹਾਂ ਨੂੰ ਨੰਬਰ ਦੋ ਵੀ ਨਹੀਂ ਬਣ ਦਿੱਤਾ। ਸਿੱਧੂ ਆਪਣੇ ਬਿਆਨਾਂ ਅਤੇ ਕੰਮ ਤੋਂ ਲਗਾਤਾਰ ਕੈਪਟਨ ਦੇ ਲਈ ਮੁਸੀਬਤਾਂ ਖੜ੍ਹੀਆਂ ਕਰਦੇ ਰਹੇ। ਫਿਰ ਨਗਰ ਨਿਗਮਾਂ ਦੇ ਮੇਅਰ ਬਣਾਉਂਦੇ ਸਮੇਂ ਉਨ੍ਹਾਂ ਤੋਂ ਪੁੱਛਿਆ ਤੱਕ ਨਹੀਂ ਗਿਆ ਅਤੇ ਦੋਵਾਂ ਦਰਮਿਆਨ ਫਾਸਲਾ ਹੋਰ ਵਧ ਗਿਆ। ਪਾਕਿਸਤਾਨ ਜਾ ਕੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਣ ਦੀ ਵੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਕ ਤੌਰ ‘ਤੇ ਸਿੱਧੂ ਦੀ ਆਲੋਚਨਾ ਕੀਤੀ ਸੀ ਪ੍ਰੰਤੂ ਸਿੱਧੂ ਆਪਣੇ ਸਟੈਂਡ ‘ਤੇ ਕਾਇਮ ਰਿਹਾ। ਪਿਛਲੇ ਸਾਲ ਹੈਦਰਾਬਾਦ ‘ਚ ਸਿੱਧੂ ਨੇ ਕਹਿ ਦਿੱਤਾ ਸੀ ਕਿ ਉਸ ਦੇ ਕੈਪਟਨ ਤਾਂ ਰਾਹੁਲ ਗਾਂਧੀ ਹਨ ਅਤੇ ਉਹੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਕੈਪਟਨ ਹਨ। ਸਿੱਧੂ ਅਤੇ ਕੈਪਟਨ ਵਿਚਾਲੇ ਫਾਸਲਾ ਲਗਾਤਾਰ ਵਧਦਾ ਹੀ ਗਿਆ ਪ੍ਰੰਤੂ ਲੋਕ ਸਭਾ ਚੋਣਾਂ ‘ਚ ਗੱਲ ਬਹੁਤ ਵਧ ਗਈ। ਸਿੱਧੂ ਪੰਜਾਬ ‘ਚ ਪ੍ਰਚਾਰ ਦੇ ਲਈ ਕਿਤੇ ਵੀ ਨਹੀਂ ਗਏ। ਸਿੱਧੂ ਜੋੜੇ ਨੇ ਆਰੋਪ ਲਗਾਇਆ ਕਿ ਕੈਪਟਨ ਨੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਦਾ ਟਿਕਟ ਨਹੀਂ ਲੈਣ ਦਿੱਤਾ। ਫਿਰ 17 ਮਈ ਨੂੰ ਬਠਿੰਡਾ ‘ਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਚੋਣ ਰੈਲੀ ‘ਚ ਨਾਂ ਲਏ ਬਿਨਾ ਸਿੱਧੂ ਨੇ ਕਿਹਾ ਕਿ ਇਥੇ ਫਰੈਂਡਲੀ ਮੈਚ ਚੱਲ ਰਿਹਾ ਹੈ, ਤਾਂ ਹੀ ਬੇਅਦਬੀ ਦੇ ਮਾਮਲੇ ‘ਚ ਬਾਦਲਾਂ ‘ਤੇ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ। ਜਨਤਕ ਤੌਰ ‘ਤੇ ਇਸ ਬਿਆਨ ਤੋਂ ਬਾਅਦ ਕੈਪਟਨ-ਸਿੱਧੂ ਜੰਗ ਨਿਰਣਾਇਕ ਮੋੜ ‘ਤੇ ਪਹੁੰਚ ਗਈ। ਉਸ ਸਮੇਂ ਤਾਂ ਕੈਪਟਨ ਨੇ ਸਿਰਫ਼ ਇੰਨਾ ਹੀ ਕਿਹਾ ਸੀ ਕਿ ਸਿੱਧੂ ਨੂੰ ਕੁੱਝ ਕਹਿਣਾ ਸੀ ਤਾਂ ਘੱਟੋ-ਘੱਟ ਸਹੀ ਸਮੇਂ ਦੀ ਉਡੀਕ ਕਰਦੇ ਅਤੇ ਉਹ ਪਾਰਟੀ ਪਲੇਟ ਫਾਰਮ ‘ਤੇ ਕਹਿ ਸਕਦੇ ਸਨ, ਇਸ ਨਾਲ ਪਾਰਟੀ ਨੂੰ ਨੁਕਸਾਨ ਹੋੇਵੇਗਾ। ਉਹ ਮਹੱਤਵਕਾਂਸ਼ੀ ਹਨ, ਸ਼ਾਇਦ ਮੁੱਖ ਮੰਰੀ ਬਣਨਾ ਚਾਹੁੰਦੇ ਹੋਣਗੇ। ਉਸ ਤੋਂ ਬਾਅਦ ਚੋਣ ਨਤੀਜਿਆਂ ਨੇ ਖੁਦ ਹੀ ਸਾਰੀ ਸਕਰਿਪਟ ਲਿਖ ਦਿੱਤੀ। ਸਿੱਧੂ ਦੀ ਆਖਰੀ ਉਮੀਦ ਰਾਹੁਲ ਗਾਂਧੀ ਘੱਟ ਸੀਟ ਆਉਣ ਕਾਰਨ ਕਮਜ਼ੋਰ ਪੈ ਗਏ। ਕੈਪਟਨ ਅੱਠ ਸੀਟਾਂ ਜਿਤਾਉਣ ਤੋਂ ਬਾਅਦ ਮਜ਼ਬੂਤ ਹੋ ਕੇ ਉਭਰੇ। ਉਥੇ ਹੀ ਸਿੱਧੂ ਦਾ ਹਰ ਸਮੇਂ ਸਾਥ ਦੇਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਖੁਦ ਚੋਣ ਹਾਰ ਗਏ। ਨਤੀਜੇ ਆਉਂਦੇ ਹੀ ਕੈਪਟਨ ਨੇ ਕਿਹਾ ਕਿ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਖਰਾਬ ਪ੍ਰਦਰਸ਼ਨ ਦੇ ਕਾਰਨ ਕਾਂਗਰਸ ਸ਼ਹਿਰੀ ਇਲਾਕਿਆਂ ‘ਚ ਹਾਰੀ ਹੈ, ਜਦਕਿ ਪਾਰਟੀ ਉਹ ਪਾਰਟੀ ਦੀ ਰੀੜ੍ਹ ਹੈ। ਆਖਰ ਛੇ ਜੂਨ ਨੂੰ ਮੁੱਖ ਮੰਤਰੀ ਨੇ ਉਨ੍ਹਾਂ ਦਾ ਵਿਭਾਗ ਬਦਲ ਦਿੱਤਾ। ਸਿੱਧੂ ਦੀ ਆਖਰੀ ਉਮੀਦ ਰਾਹੁਲ ਗਾਂਧੀ ਨੇ ਖੁਦ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਿਸ ਤੋਂ ਬਾਅਦ ਸਿੱਧੂ ਦੇ ਕੋਲ ਦੋ ਹੀ ਰਸਤੇ ਸਨ ਜਾਂ ਅਸਤੀਫ਼ਾ ਦੇਵੇ ਜਾਂ ਕੈਪਟਨ ਦੇ ਹੁਕਮ ਅਨੁਸਾਰ ਚੱਲੇ।
ਵਿਵਾਦਾਂ ਦੇ ਸਰਦਾਰ
ਲਗਭਗ ਸਵਾ ਦੋ ਸਾਲ ਦੇ ਕਾਰਜਕਾਲ ‘ਚ ਕਦੇ ਵੀ ਵਿਵਾਦਾਂ ਨੇ ਨਵਜੋਤ ਸਿੱਧੂ ਦਾ ਪੱਲਾ ਨਹੀਂ ਛੱਡਿਆ। ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣਦੇ ਹੀ ਉਨ੍ਹਾਂ ਨੇ ਅਧਿਕਾਰੀਆਂ ਦੇ ਖਿਲਾਫ਼ ਮੁਹਿੰਮ ਛੇੜ ਦਿੱਤੀ। ਸੁਪਰਡੈਂਟ ਤੋਂ ਲੈ ਕੇ ਐਕਸ਼ੀਅਨ ਤੱਕ ਕਈ ਅਫ਼ਸਰਾਂ ਨੂੰ ਸਸਪੈਂਡ ਕਰ ਦਿੱਤਾ ਪ੍ਰੰਤੂ ਸਾਰਿਆਂ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਤਾਂ ਸਿੱਧੂ ਦੇ ਫੈਸਲਿਆਂ ‘ਤੇ ਸਵਾਲ ਉਠਣੇ ਸ਼ੁਰੂ ਹੋ ਗਏ। ਇਕ ਨਿਗਮ ਕਮਿਸ਼ਨਰ ਅਤੇ ਟੂਰਿਜ਼ਮ ਵਿਭਾਗ ਦੇ ਡਾਇਰੈਕਟਰ ਦੇ ਖਿਲਾਫ਼ ਵਿਭਾਗੀ ਕਾਰਵਾਈ ਦੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਲਿਖਿਆ। ਅਧਿਕਾਰੀ ਉਨ੍ਹਾਂ ਦੇ ਨਾਲ ਕੰਮ ਕਰਨ ਦੇ ਲਈ ਰਾਜ਼ੀ ਨਹੀਂ ਸਨ, ਕਈ ਆਈਏਐਸ ਅਧਿਕਾਰੀਆਂ ਨੇ ਆਪਣੀਆਂ ਬਦਲੀਆਂ ਕਰਵਾ ਲਈਆਂ। ਹਾਲਤ ਇਹ ਹੋ ਗਈ ਕਿ ਹੇਠਲੇ ਪੱਧਰ ‘ਤੇ ਅਧਿਕਾਰੀਆਂ ਨੇ ਵਿਕਾਸ ਕੰਮਾਂ ਦੇ ਟੈਂਡਰ ਤੱਕ ਲਗਾਉਣੇ ਬੰਦ ਕਰ ਦਿੱਤੇ। ਸ਼ਹਿਰ ‘ਚ ਕੰਮ ਨਹੀਂ ਹੋਏ। ਵਿਧਾਨ ਸਭਾ ਸ਼ੈਸ਼ਨ ਦੌਰਾਨ ਸਿੱਧੂ ਦਾ ਵਤੀਰਾ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਅਕਾਲੀਆਂ ਦੇ ਉਕਸਾਉਣ ਦੇ ਆਪੇ ਤੋਂ ਬਾਹਰ ਹੁੰਦੇ ਰਹੇ। ਆਪਣੇ ਕੈਬਨਿਟ ਸਹਿਯੋਗੀ ਭਾਰਤ ਭੂਸ਼ਣ ਦੇ ਨਾਲ ਹੀ ਲੁਧਿਆਣਾ ਦੇ ਇਕ ਪ੍ਰੋਜੈਕਟ ਨੂੰ ਲੈ ਕੇ ਉਨ੍ਹਾਂ ਦਾ ਵਿਵਾਦ ਹੋਇਆ। ਆਪਣੇ ਬਿਆਨਾਂ ਤੋਂ ਉਹ ਲਗਾਤਾਰ ਕਾਂਗਰਸ ਅਤੇ ਸਰਕਾਰ ਦੇ ਲਈ ਮੁਸੀਬਤ ਬਣਦੇ ਰਹੇ।
ਕ੍ਰਿਕਟ ਹੋਵੇ ਜਾਂ ਰਾਜਨੀਤੀ ਕਦੇ ਕੈਪਟਨ ਨਾਲ ਨਹੀਂ ਬਣੀ
ਚੰਡੀਗੜ੍ਹ : ਚਾਹੇ ਕ੍ਰਿਕਟ ਹੋਵੇ ਜਾਂ ਰਾਜਨੀਤੀ ਨਵਜੋਤ ਸਿੱਧੂ ਦੀ ਕਦੇ ਵੀ ਕਿਸੇ ਕੈਪਟਨ ਨਾਲ ਬਣੀ। ਭਾਰਤੀ ਕ੍ਰਿਕਟ ਟੀਮ ਦੇ ਉਸ ਸਮੇਂ ਦੇ ਕੈਪਟਨ ਮੁਹੰਮਦ ਅਜ਼ਹਰਉਦੀਨ ਦੇ ਨਾਲ ਉਸਦਾ ਵਿਵਾਦ 90 ਦੇ ਦਹਾਕੇ ‘ਚ ਕਾਫ਼ੀ ਸੁਰਖੀਆਂ ‘ਚ ਰਿਹਾ। ਭਾਜਪਾ ਦੀ ਟੀਮ ਨਾਲ ਸਿੱਧੂ ਨੇ ਸਿਆਸਤ ‘ਚ ਐਂਟਰੀ ਕੀਤੀ ਅਤੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਜਿੱਤੇ ਪ੍ਰੰਤੂ ਕੁਝ ਸਮੇਂ ਤੋਂ ਬਾਅਦ ਹੀ ਉਨ੍ਹਾਂ ਦੀ ਸਥਾਨਕ ਭਾਜਪਾ ਆਗੂਆਂ ਨਾਲ ਵਿਗੜਨ ਲੱਗੀ। ਕਦੇ ਉਨ੍ਹਾਂ ਦੇ ਕਰੀਬੀ ਰਹੇ ਸ਼ਵੇਤ ਮਲਿਕ ਅਤੇ ਅਨਿਲ ਜੋਸ਼ੀ ਕੱਟਣ ਆਲੋਚਕ ਬਣ ਗਏ। ਫਿਰ ਬਾਦਲ-ਮਜੀਠੀਆ ਪਰਿਵਾਰ ਦੇ ਨਾਲ ਉਨ੍ਹਾਂ ਦੇ ਸਬੰਧ ਬੇਹੱਦ ਖਰਾਬ ਹੋ ਗਏ। ਸਿੱਧੂ ਜੋੜਾ ਖੁੱਲ੍ਹੇਆਮ ਆਪਣੀ ਹੀ ਸਰਕਾਰ ਨੂੰ ਘੇਰਨ ਲੱਗੇ, 2014 ‘ਚ ਸਿੱਧੂ ਦੇ ਸਿਆਸੀ ਗੁਰੂ ਅਰੁਣ ਜੇਤਲੀ ਨੇ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਤਾਂ ਉਹ ਜੇਤਲੀ ਨੂੰ ਹੀ ਛੱਡ ਕੇ ਚਲੇ ਗਏ। ਪੂਰੀ ਚੋਣ ਦੌਰਾਨ ਸਿੱਧੂ ਅੰਮ੍ਰਿਤਸਰ ਨਹੀਂ ਆਏ। ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਪ੍ਰੰਤੂ ਸਿੱਧੂ ਨੇ ਨਰਿੰਦਰ ਮੋਦੀ ਨੂੰ ਹੀ ਅਲਵਿਦਾ ਕਹਿ ਦਿੱਤਾ। ਪਹਿਲਾਂ ਉਨ੍ਹਾਂ ਦੇ ‘ਆਪ’ ਜੁਆਇਨ ਕਰਨ ਦੇ ਚਰਚੇ ਚਲਦੇ ਰਹੇ ਪ੍ਰੰਤੂ ਗੱਲ ਨਹੀਂ ਬਣੀ। ਆਪਣੀਆਂ ਵੱਡੀਆਂ ਰਾਜਨੀਤਿਕ ਇੱਛਾਵਾਂ ਦੇ ਚਲਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਨੇ ਪਰਗਟ ਸਿੰਘ ਅਤੇ ਬੈਂਸ ਬ੍ਰਦਰਜ਼ ਦੇ ਨਾਲ ਮਿਲ ਕੇ ਮੰਚ ਬਣਾਇਆ। ਗੱਲ ਕੁਝ ਅੱਗੇ ਵਧਦੀ, ਇਸ ਤੋਂ ਪਹਿਲਾਂ ਹੀ ਬੈਂਸ ਬ੍ਰਦਰਜ਼ ਨੇ ਅਲੱਗ ਹੋ ਕੇ ‘ਆਪ’ ਨਾਲ ਮਿਲ ਸਮਝੌਤਾ ਕਰ ਲਿਆ। ਸਿੱਧੂ ਅਤੇ ਪਰਗਟ ਦੇ ਸਿਆਸੀ ਕੈਰੀਅਰ ਦੇ ਡਾਵਾਂਡੋਲ ਪੜਾਅ ‘ਤੇ ਆਖਰ ਕਾਂਗਰਸ ਨੇ ਮਦਦ ਕੀਤੀ ਪ੍ਰੰਤੂ ਕੈਪਟਨ ਸਰਕਾਰ ਆਉਣ ‘ਤੇ ਸਿੱਧੂ ਦੀ ਕੈਪਟਨ ਨਾਲ ਵੀ ਨਹੀਂ ਬਣੀ।
ਨਵਜੋਤ ਸਿੱਧੂ ਕਾਂਗਰਸ ਤੋਂ ਅਸਤੀਫ਼ਾ ਦੇਣ : ਚੀਮਾ
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਹੁਣ ਕਾਂਗਰਸ ਪਾਰਟੀ ‘ਚ ਰਹਿਣ ਦਾ ਕੋਈ ਹੱਕ ਨਹੀਂ ਹੈ, ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਸਿੱਧੂ ਦਾ ਸਾਫ਼-ਸੁਥਰਾ ਅਕਸ ਅਤੇ ਬਾਦਲਾਂ ਦੇ ਖਿਲਾਫ਼ ਬੇਬਾਕ ਬੋਲ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ ਨਹੀਂ ਆ ਰਹੇ ਸਨ। ਆਖਰ ਨਵਜੋਤ ਸਿੰਘ ਸਿੱਧ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ। ਸਿੱਧੂ ਹੀ ਨਹੀਂ ਬਲਕਿ ਸਾਰੇ ਸਾਫ਼ ਛਵੀ ਵਾਲੇ ਵਿਅਕਤੀਆਂ ਦਾ ‘ਆਪ’ ‘ਚ ਸਵਾਗਤ ਹੈ।
ਨਵਜੋਤ ਸਿੱਧੂ ਦਾ ਅਸਤੀਫ਼ਾ ਪੁਰਾਣੇ ਪੈਂਤੜੇ ਨਾਲ ਨਵੀਂ ਇਬਾਰਤ ਲਿਖਣ ਦਾ ਯਤਨ
ਸਾਲ 2014 ਦੀਆਂ ਲੋਕ ਸਭਾ ਚੋਣਾਂ ‘ਚ ਟਿਕਟ ਕੱਟ ਜਾਣ ‘ਤੇ ਸੰਨਿਆਸ ‘ਤੇ ਚਲੇ ਗਏ ਸਨ ਸਿੱਧੂ
ਅੰਮ੍ਰਿਤਸਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਘੀ 6 ਜੂਨ ਨੂੰ ਮੰਤਰੀ ਮੰਡਲ ‘ਚ ਕੀਤੇ ਫੇਰਬਦਲ ਤੋਂ ਬਾਅਦ ਊਰਜਾ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਰਹੇ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨੇ ਇਕ ਵਾਰ ਫਿਰ ਰਾਜ ਦੀ ਰਾਜਨੀਤੀ ‘ਚ ਭੂਚਾਲ ਲਿਆ ਦਿੱਤਾ ਹੈ। ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੈਦਾ ਹੋਈ ਨਾਰਾਜ਼ਗੀ ਤੋਂ ਬਾਅਦ ਮਾਮਲਾ ਉਸ ਸਮੇਂ ਤੂਲ ਫੜ ਗਿਆ ਜਦੋਂ ਮੁੱਖ ਮੰਤਰੀ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਥਾਨਕ ਸਰਕਾਰਾਂ ਦਾ ਵਿਭਾਗ ਨਵਜੋਤ ਸਿੰਘ ਸਿੱਧੂ ਤੋਂ ਖੋਹ ਲਿਆ ਅਤੇ ਇਸ ਤੋਂ ਬਾਅਦ ਸਿੱਧੂ ਸੰਨਿਆਸ ‘ਤੇ ਚਲੇ ਗਏ। ਤਿੰਨ ਦਿਨ ਪਹਿਲਾਂ ਵੈਸ਼ਨੋ ਦੇਵੀ ਦੇ ਦਰਬਾਰ ਤੋਂ ਪਰਤੇ ਸਿੱਧੂ ਨੇ ਆਪਣੇ ਕੁੱਝ ਸਹਿਯੋਗੀਆਂ ਦੀ ਸਲਾਹ ਤੋਂ ਬਾਅਦ ਅਸਤੀਫ਼ਾ ਦੀ ਕਾਪੀ ਸ਼ੋਸ਼ਲ ਮੀਡੀਆ ‘ਤੇ ਜਾਰੀ ਕੀਤੀ ਹੈ। ਸਿੱਧੂ ਦਾ ਅਸਤੀਫ਼ਾ ਆਪਣੇ ਪੁਰਾਣੇ ਪੈਂਤੜੇ ਨਾਲ ਨਵੀਂ ਰਾਜਨੀਤਿਕ ਇਬਾਰਤ ਲਿਖਣ ਦਾ ਹੈ। ਸਿੱਧੂ ਨੇ ਭਾਜਪਾ ਦੇ ਰਾਜ ਸਭਾ ਮੈਂਬਰ ਤੋਂ ਅਸਤੀਫ਼ਾ ਦੇ ਕੇ ਵੀ ਸਾਰਿਆਂ ਨੂੂੰ ਹੈਰਾਨ ਕਰ ਦਿੱਤਾ ਸੀ। ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਿੱਧੂ ਕਾਂਗਰਸ ‘ਚ ਸ਼ਾਮਲ ਹੋਏ ਸਨ। ਮਤਰੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਿੱਧੂ ਕਿਹੜੀ ਪਾਰਟੀ ‘ਚ ਸ਼ਾਮਲ ਹੋਣਗੇ, ਇਹ ਤਾਂ ਅਜੇ ਸਮਾਂ ਹੀ ਦੱਸੇਗਾ। ਪ੍ਰੰਤੂ ਸਿੱਧੂ ਦੀ ਰਾਜਨੀਤੀ ਉਸੇ ਤਰ੍ਹਾਂ ਕਰਵਟ ਲੈ ਰਹੀ ਹੈ ਜਿਸ ਤਰ੍ਹਾਂ ਭਾਜਪਾ ਦੇ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਦਾ ਵਿਰੋਧ ਨਾ ਕੇਵਲ ਰਾਜ ਭਾਜਪਾ, ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ-ਨਾਲ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਨਾਲ ਵੀ ਸੀ।
ਵਿਭਾਗ ਬਦਲੇ ਜਾਣ ਤੋਂ ਬਾਅਦ ਸਿੱਧੂ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੂ ਇਸ ਇਸ ਤਰ੍ਹਾਂ ਨਾਰਾਜ਼ ਹੋਏ ਜਿਸ ਤਰ੍ਹਾਂ ਸਾਲ 2014 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੇ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਉਨ੍ਹਾਂ ਦਾ ਟਿਕਟ ਕੱਟ ਕੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਚੋਣ ਮੈਦਾਨ ‘ਚ ਉਤਾਰਿਆ ਸੀ। ਇਸ ਤੋਂ ਬਾਅਦ ਸਿੱਧੂ ਅਤੇ ਜੇਤਲੀ ਵਿਚਾਲੇ ਮਤਭੇਦ ਡੂੰਘ ਹੋ ਗਏ। ਉਸ ਸਮੇਂ ਦੀ ਭਾਜਪਾ ਦੇ ਕਈ ਕੇਂਦਰੀ ਆਗੂਆਂ ਨੇ ਸਿੱਧੂ ਨੂੰ ਆਪਣੀ ਨਾਰਾਜ਼ਗੀ ਦੂਰ ਕਰਕੇ ਅਰੁਣ ਜੇਤਲੀ ਦੇ ਚੋਣ ਪ੍ਰਚਾਰ ‘ਚ ਸ਼ਾਮਲ ਹੋਣ ਦੀ ਕਈ ਵਾਰ ਅਪੀਲ ਕੀਤੀ ਸੀ। ਸਿੱਧੂ ‘ਤੇ ਇਨ੍ਹਾਂ ਸਾਰੀਆਂ ਅਪੀਲਾਂ ਦਾ ਕੋਈ ਅਸਰ ਨਹੀਂ ਹੋਇਆ ਸੀ।
ਜਿਸ ਤਰ੍ਹਾਂ ਉਨ੍ਹਾਂ ਦੇ ਮੰਤਰੀ ਮੰਡਲ ਦੇ ਕਈ ਸਹਿਯੋਗੀਆਂ ਵੱਲੋਂ ਸਿੱਧੂ ਨੂੰ ਆਪਣਾ ਵਿਭਾਗ ਸੰਭਾਲਣ ਦੀਆਂ ਕੀਤੀਆਂ ਜਾ ਰਹੀਆਂ ਅਪੀਲਾਂ ਦਾ ਕੋਈ ਅਸਰ ਨਹੀਂ ਹੋਇਆ। ਭਾਜਪਾ ਵੱਲੋਂ ਲੋਕ ਸਭਾ ਚੋਣਾਂ ਦੀ ਟਿਕਟ ਕੱਟਣ ਦਾ ਸਿੱਧੂ ਨੂੰ ਇੰਨਾ ਗੁੱਸਾ ਸੀ ਕਿ ਉਹ ਵੋਟਾਂ ਵਾਲੇ ਦਿਨ ਅਰੁਣ ਜੇਤਲੀ ਦੇ ਹੱਕ ‘ਚ ਆਪਣੀ ਵੋਟ ਪਾਉਣ ਲਈ ਵੀ ਨਹੀਂ ਆਏ ਸਨ। ਜਦੋਂ ਸਿੱਧੂ 2004-2007 ਦੀ ਉਪ ਚੋਣ ਅਤੇ 2009 ਦੀ ਲੋਕ ਸਭਾ ਚੋਣ ਲੜੀ ਸੀ ਤਾਂ ਜੇਤਲੀ ਨੇ ਸਿੱਧੂ ਦੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲ ਸੀ। ਚੋਣ ਪ੍ਰਚਾਰ ਦੇ ਦੌਰਾਨ ਸਿੱਧੂ ਜੇਤਲੀ ਨੂੰ ਆਪਣੇ ਰਾਜਨੀਤਿਕ ਗੁਰੂ ਦਾ ਦਰਜਾ ਦਿੰਦੇ ਸਨ।
ਜੱਟ ਸਿੱਖ ਹੋਣ ਦੇ ਕਾਰਨ ਭਾਜਪਾ ਨੇ ਸਿੱਧੂ ਦੇ ਝੱਲੇ ਕਈ ਖਤਰੇ
ਸਿੱਧੂ-ਜੇਤਲੀ ਦੇ ਦਰਮਿਆਨ ਪੈਦਾ ਹੋਈਆਂ ਦੁਰੀਆਂ ਦੇ ਬਾਵਜੂਦ ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ। ਪੰਜਾਬ ‘ਚ ਭਾਜਪਾ ਦੇ ਕੋਲ ਇਕਮਾਤਰ ਜੱਟ-ਸਿੱਖ ਆਗੂ ਸਿੱਧੂ ਹੀ ਸਨ। ਇਸ ਲਈ ਭਾਜਪਾ ਨੇ ਸਿੱਧੂ ਦਾ ਹਰ ਰਾਜਨੀਤਿਕ ਨਖਰਾ ਝੱਲਿਆ। ਰਾਜ ਦੀ ਰਾਜਨੀਤੀ ‘ਚ ਕਾਂਗਰਸ ਦੇ ਕੋਲ ਕੈਪਟਨ ਅਮਰਿੰਦਰ ਸਿੰਘ ਸਮੇਤ ਸੈਂਕੜੇ ਜੱਟ ਸਿੱਖ ਆਗੂ ਹਨ, ਇਸ ਲਈ ਸਿੱਧੂ ਦੇ ਰੁੱਸ ਕਾਰਨ ਇਸ ਨਖਰੇ ਨੂੰ ਸਵੀਕਾਰ ਨਹੀਂ ਕੀਤਾ ਗਿਆ। ਸਿੱਧੂ ਅਤੇ ਕੈਪਟਨ ਦਰਮਿਆਨ ਵਧੀਆਂ ਦੂਰਆਂ ਨੂੰ ਮਿਟਾਉਣ ਦੇ ਲਈ ਰਾਹੁਲ ਗਾਂਧੀ ਨੇ ਕੋਈ ਯਤਨ ਨਹੀਂ ਕੀਤਾ। ਇਹੀ ਕਾਰਨ ਹੈ ਕਿ ਸਿੱਧੂ ਵੱਲੋਂ 6 ਜੂਨ ਨੂੰ ਦਿੱਤੇ ਅਸਤੀਫ਼ੇ ਦੇ ਬਾਵਜੂਦ ਰਾਹੁਲ ਗਾਂਧੀ ਨੇ ਉਸ ‘ਤੇ ਚੁੱਪੀ ਧਾਰ ਰੱਖੀ ਸੀ ਅਤੇ ਅੰਤ ਕੋਈ ਹੱਲ ਨਾ ਦੇਖ ਕੇ ਸਿੱਧੂ ਨੇ ਅਸਤੀਫ਼ੇ ਦੀ ਕਾਪੀ 34 ਦਿਨ ਬਾਅਦ ਜਨਤਕ ਕਰ ਦਿੱਤੀ।
ਸਿੱਧੂ ਨੂੰ ਡੈਕੋਰਮ ਦਾ ਪਾਲਣ ਕਰਨਾ ਚਾਹੀਦਾ ਸੀ : ਬ੍ਰਹਮ ਮਹਿੰਦਰਾ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੇ ਸਹਿਯੋਗੀ ਰਹੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦਾ ਮਜ਼ਾਕ ਉਡਾਇਟਾ। ਉਨ੍ਹਾਂ ਇਸ ਨੂੰ ਡਰਾਮਾ ਦੱਸਦੇ ਹੋਏ ਕਿਹਾ ਕਿ ਸਿੱਧੂ ਨੂੰ ਡੈਕੋਰਮ ਦਾ ਪਾਲਣ ਕਰਨਾ ਚਾਹੀਦਾ ਸੀ।
ਦੋਵੇਂ ਮੰਤਰੀਆਂ ਨੇ ਸਿੱਧੂ ਵੱਲੋਂ ਅਸਤੀਫ਼ੇ ਦੇ ਟਵੀਟ ‘ਤੇ ਤਿੱਖੇ ਪ੍ਰਤੀਕਰਮ ਕੀਤੇ। ਉਨ੍ਹਾਂ ਨੇ ਕਿਹਾ ਕਿ ਇਹ ਸਭ ਇਕ ਡਰਾਮਾ ਹੈ। ਜੇਕਰ ਸਿੱਧੂ ਨੂੰ ਅਸਤੀਫ਼ਾ ਦੇਣਾ ਹੀ ਸੀ ਤਾਂ ਪ੍ਰੋਟੋਕਾਲ ਦੇ ਮੁਤਾਬਕ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਣਾ ਚਾਹੀਦਾ ਸੀ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਸਿੱਧੂ ਨੂੰ ਇਹ ਵੀ ਨਹੀਂ ਪਤਾ ਕਿ ਕੈਬਨਿਟ ਮੰਤਰੀ ਦਾ ਅਹੁਦਾ ਕੋਈ ਪਾਰਟੀ ਦਾ ਅਹੁਦਾਨਹੀਂ ਹੈ ਅਤੇ ਉਨ੍ਹਾਂ ਦਾ ਅਸਤੀਫ਼ਾ ਪਾਰਟੀ ਪ੍ਰਧਾਨ ਸਵੀਕਾਰ ਨਹੀਂ ਕਰ ਸਕਦੇ। ਸਿੱਧੂ ਨੇ ਆਪਣਾ ਕਥਿਤ ਅਸਤੀਫ਼ਾ ਦਸ ਜੂਨ ਨੂੰ ਕਾਂਗਰਸ ਪਾਰਟੀ ਪ੍ਰਧਾਨ ਨੂੰ ਭੇਜਿਆ ਸੀ ਤਾਂ ਉਨ੍ਹਾਂ ਨੇ ਇਸ ਦਾ ਐਲਾਨ ਕਰਨ ‘ਚ 34 ਦਿਨ ਦਿਸ ਤਰ੍ਹਾਂ ਲਗਾਏ। ਫਿਰ ਅਸਤੀਫ਼ਾ ਦੇਣ ਦੇ ਲਈ ਟਵਿੱਟਰ ਕਦੋਂ ਤੋਂ ਪਲੇਟਫਾਰਮ ਬਣ ਗਿਆ।
ਮੰਤਰੀਆਂ ਨੇ ਕਿਹਾ ਕਿ ਸਿੱਧੂ ਦੇ ਚਲਦੇ ਬਿਜਲੀ ਵਿਭਾਗ ਨੂੰ ਲੈ ਕੇ 40 ਦਿਨ ਤੱਕ ਸਥਿਤੀ ਉਲਝੀ ਰਹੀ ਕਿਉਂਕਿ ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਵਿਭਾਗ ਦਿੱਤੇ ਜਾਣ ਦੇ ਬਾਅਦ ਆਪਣਾ ਅਹੁਦਾ ਨਹੀਂ ਸੰਭਾਲਿਆ। ਉਨ੍ਹਾਂ ਨੇ ਇਹ ਵੀ ਨਹੀਂ ਸਮਝਿਆ ਕਿ ਇਹ ਸਮਾਂ ਬਿਜਲੀ ਵਿਭਾਗ ਦੇ ਲਈ ਕਿੰਨਾ ਅਹਿਮ ਹੁੰਦਾ ਹੈ ਕਿਉਂਕਿ ਝੋਨੇ ਦੀ ਲਵਾਈ ‘ਚ ਬਿਜਲੀ ਵਿਭਾਗੀ ਦੀ ਪ੍ਰਮੁੱਖ ਭੂਮਿਕਾ ਹੁੰਦੀ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਸਿੱਧੂ ਨੂੰ ਇਹ ਪਰਵਾਹ ਨਹੀਂ ਹੈ ਕਿ ਉਨ੍ਹਾਂ ਦੇ ਕੰਮਾਂ ਦਾ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਸਿੱਧੂ ਨੂੰ ਸਲਾਹ ਦਿੱਤੀ ਕਿ ਭਵਿੱਖ ‘ਚ ਕੋਈ ਕਦਮ ਚੁੱਕਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਲੈਣ ਕਿ ਉਸ ਦਾ ਪ੍ਰਭਾਵ ਕੀ ਪਵੇਗਾ। ਸਿਰਫ਼ ਆਪਣੇ ਲਈ ਨਹੀਂ, ਬਲਕਿ ਸੂਬੇ ਦੇ ਲੋਕਾਂ ਅਤੇ ਪਾਰਟੀ ਦੇ ਲਈ ਸੋਚਣ ਜਿਸ ਨੇ ਉਨ੍ਹਾਂ ਨੂੰ ਬਹੁਤ ਕੁੱਝ ਦਿੱਤਾ ਹੈ।
ਕੁਰਸੀ ਪਾਉਣ ਲਈ ਦਾਅਵੇਦਾਰਾਂ ਨੇ ਲਾਈ ਦੌੜ : ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮੰਤਰੀ ਦਾ ਅਹੁਦਾ ਪਾਉਣ ਲਈ ਕਈ ਦਾਅਵੇਦਾਰ ਐਕਟਿਵ ਹੋ ਗਏ ਹਨ। ਕਾਂਗਰਸੀ ਸੂਤਰਾਂ ਦੇ ਅਨੁਸਾਰ ਦੋ ਨਾਵਾਂ ਦੀ ਜ਼ਿਆਦਾ ਚਰਚਾ ਹੋ ਰਹੀ ਹੈ। ਰੇਤ ਦੀਆਂ ਖੱਡਾਂ ਦੀ ਨੀਲਾਮੀ ਦੇ ਦੌਰਾਨ ਵਿਵਾਦ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਰਾਣਾ ਗੁਰਜੀਤ ਸਿੰਘ ਨੂੰ ਆਪਣੀ ਕੈਬਨਿਟ ‘ਚ ਵਾਪਸੀ ਦੀ ਉਮੀਦ ਦਿਖਾਈ ਦੇ ਰਹੀ ਹੈ। ਉਥੇ ਹਰਪ੍ਰਤਾਪ ਸਿੰਘ ਅਜਨਾਲਾ ਦਾ ਨਾਮ ਵੀ ਚਰਚਾ ਹੈ। ਡਾ. ਰਾਜ ਕੁਮਾਰ ਵੇਰਕਾ ਵੀ ਕੈਬਨਿਟ ‘ਚ ਆਉਣ ਦਾ ਯਤਨ ਕਰ ਹੇ ਹਨ ਪ੍ਰੰਤੂ ਉਨ੍ਹਾਂ ਦੀ ਦਾਅੇਵਾਦਾਰੀ ਦੋ ਕਾਰਨਾਂ ਕਰਕੇ ਕਮਜ਼ੋਰ ਦਿਖ ਰਹੀ ਹੈ। ਸਿੱਧੂ ਦੇ ਹਟਣ ਤੋਂਬਾਅਦ ਕਾਂਗਰਸ ਜਾਤੀ ਸੰਤੁਲਨ ਨਹੀਂ ਵਿਗਾੜੇਗੀ। ਦੂਜਾ ਉਹ ਪਹਿਲਾਂ ਹੀ ਇਕ ਨਿਗਮ ਦੇ ਚੇਅਰਮੈਨ ਹਨ।
ਨਵਜੋਤ ਸਿੱਧੂ ਨੇ ਰਾਹੁਲ ਨੂੰ ਅਸਤੀਫ਼ਾ ਦੇ ਕੇ ਡਰਾਮਾ ਕੀਤਾ : ਸੁਖਬੀਰ
ਫਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਰਾਹੁਲ ਗਾਂਧੀ ਨੂੰ ਅਸਤੀਫ਼ਾ ਦੇਣ ਨੂੰ ਇਕ ਡਰਾਮਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਆਪਣਾ ਅਸਤੀਫ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਦੇਣਾ ਚਾਹੀਦਾ ਸੀ। ਸੁਖਬੀਰ ਬਾਦਲ ਨੇ ਜਲਾਲਾਬਾਦ ਦੇ ਪਿੰਡਾਂ ਦੇ ਦੌਰੇ ਸਮੇਂ ਇਹ ਗੱਲ ਆਖੀ। ਸੁਖਬੀਰ ਬਾਦਲ ਨੇ ਕਿਸਾਨਾਂ ਅਤੇ ਗਰੀਬ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਸਰਕਾਰ ਵੱਲੋਂ ਮੁਫ਼ਤ ਬਿਜਲੀ ਸਹੂਲਤ ਜੋ ਦਿੱਤੀ ਸੀ ਉਸ ਨੂੰ ਬਰਕਰਾਰ ਰੱਖਣ ਦੇ ਲਈ ਉਹ ਅੰਦੋਲਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਗਰੀਬ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦੇਣਗੇ। ਇਕ ਸਵਾਲ ਦੇ ਜਵਾਬ ‘ਚ ਸਖਬੀਰ ਬਾਦਲ ਨੇ ਕਿਹਾ ਕਿ ਪਾਕਿਸਤਾਨ ਤੋਂ ਉਮੀਦ ਰੱਖੋ ਕਿ ਉਹ ਕਰਤਾਰਪੁਰ ਕੋਰੀਡੋਰ ‘ਚ ਕੋਈ ਅੜਚਨ ਨਾ ਪਾਵੇ। ਇਕ ਸਾਵਲ ਦੇ ਜਵਾਬ ‘ਚ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਅਸਤੀਫ਼ਾ ਦੇਣ ਦੀ ਜ਼ਰੂਰਤ ਨਹੀਂ ਸੀ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਸੌਂਪਣਾ ਚਾਹੀਦਾ ਸੀ।
ਨਵਜੋਤ ਸਿੰਘ ਸਿੱਧੂ ਨੇ ਵਧੀਆ ਕੀਤਾ, ਅਸਤੀਫ਼ਾ ਦੇ ਦਿੱਤਾ : ਸੋਮ ਪ੍ਰਕਾਸ਼
ਲੁਧਿਆਣਾ : ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਐਤਵਾਰ ਨੂੰ ਕਿਹਾ ਨਵਜੋਤ ਸਿੰਘ ਸਿੱਧੂ ਕਾਂਗਰਸ ‘ਚ ਰਹਿ ਕੇ ਬੇਇਜ਼ਤੀ ਕਰਵਾ ਰਹੇ ਸਨ। ਉਨ੍ਹਾਂ ਅਸਤੀਫ਼ਾ ਦੇ ਕੇ ਬਹੁਤ ਵਧੀਆ ਕੰਮ ਕੀਤਾ ਹੈ। ਕੇਂਦਰੀ ਮੰਤਰੀ ਲੁਧਿਆਣਾ ‘ਚ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਆਈਸੀਯੂ) ਦੇ ਸਮਾਰੋਹ ‘ਚ ਭਾਗ ਲੈਣ ਲਈ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਕਈ ਦਿਨ ਤੋਂ ਸਿੱਧੂ ਦਿੱਲੀ ‘ਚ ਰਾਹੁਲ ਗਾਂਧੀ ਨਲ ਮਿਲਣ ਦੇ ਲਈ ਡੇਰਾ ਲਾਈ ਬੈਠੇ ਸਨ। ਉਨ੍ਹਾਂ ਨੂੰ ਕਿਸੇ ਨੇ ਮਿਲਣ ਦਾ ਮੋਕਾ ਹੀ ਨਹੀਂ ਦਿੱਤਾ। ਹੁਣ ਤੱਕ ਦੇ ਰਾਜਨੀਤਿਕ ਇਤਿਹਾਸ ‘ਚ ਪਹਿਲੀ ਵਾਰ ਸੁਣਿਆ ਹੈ ਕਿ ਕਿਸੇ ਮੰਤਰੀ ਦਾ ਪੋਰਟਫੋਲੀਓ ਬਦਲਿਆ ਗਿਆ ਹੋਵੇ ਅਤੇ ਉਸ ਮੰਤਰੀ ਨੇ ਆਪਣੇ ਨਵੇਂ ਵਿਭਾਗ ਦਾ ਅਹੁਦਾ ਨਾ ਸੰਭਾਲਿਆ ਹੋਵੇ। ਉਥੇ ਹੀ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਪਾਕਿਸਤਾਨ ਅਤੇ ਭਾਰਤ ਦਰਮਿਆਨ ਚੱਲ ਰਹੀ ਬੈਠਕ ਨੂੰ ਸੋਮ ਪ੍ਰਕਾਸ਼ ਨੇ ਇਕ ਇਕ ਵਧੀਆ ਸੰਕੇਤ ਦੱਸਿਆ। ਉਨ੍ਹਾਂ ਨੇ ਕਿਹਾ ਕੋਰੀਡੋਰ ਖੁੱਲ੍ਹਣ ਦਾ ਇੰਤਜ਼ਾਰ ਹਰ ਕੋਈ 70 ਸਾਲ ਤੋਂ ਕਰ ਰਿਹਾ ਹੈ। ਉਥੇ ਹੀ ਐਸ ਜੀ ਪੀ ਸੀ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਦੇਣ ਦੇ ਸਵਾਲ ‘ਤੇ ਸੋਮ ਪ੍ਰਕਾਸ਼ ਦਾ ਕਹਿਣਾ ਸੀ ਸੀ ਕਿ ਇਸ ਦਾ ਵਧੀਆ ਜਵਾਬ ਐਸਜੀਪੀਸੀ ਹੀ ਦੇ ਸਕਦੀ ਹੈ। ਉਨ੍ਹਾਂ ਨੇ ਪਾਕਿਸਤਾਨ ਵੱਲੋਂ ਗੋਪਾਲ ਚਾਵਲਾ ਨੂੰ ਕਰਤਾਰਪੁਰ ਕੋਰੀਡੋਰ ਕਮੇਟੀ ‘ਚੋਂ ਹਟਾਉਣ ਨੂੰ ਇਕ ਵਧੀਆ ਕਦਮ ਦੱਸਿਆ।
ਅਸਤੀਫ਼ੇ ਮਗਰੋਂ ਸਿੱਧੂ ਦਾ ਨਵਾਂ ਵਿਵਾਦ ਆਇਆ ਸਾਹਮਣੇ
ਬਗੈਰ ਮਨਜ਼ੂਰੀ ਦਫ਼ਤਰ ‘ਚ ਰੱਖਿਆ ਸੀ ਸੀਵੀਓ
ਚੰਡੀਗੜ੍ਹ : ਸਥਾਨਕ ਸਰਕਾਰਾਂ ਦੇ ਮੰਤਰੀ ਰਹਿੰਦੇ ਹੋਏ ਆਪਣੇ ਮਹਿਕਮੇ ‘ਚ ਜਲ ਸੈਨਾ ਦੇ ਰਿਟਾਇਰਡ ਅਧਿਕਾਰੀ ਸੁਦੀਪ ਮਲਿਕ ਨੂੰ ਚੀਫ਼ ਵਿਜੀਲੈਂਸ ਅਫ਼ਸਰ (ਸੀਵੀਓ) ਲਗਾਉਣ ਵਾਲੇ ਨਵਜੋਤ ਸਿੰਘ ਸਿੱਧੂ ਫਿਰ ਤੋਂ ਵਿਵਾਦਾਂ ‘ਚ ਆ ਗਏ ਹਨ। ਪਤਾ ਲੱਗਾ ਹੈ ਕਿ ਮਲਿਕ ਨੂੰ ਸੀਵੀਓ ਲਗਾਏ ਜਾਣ ਦੀ ਸਰਕਾਰ ਨੇ ਕਦੇ ਕੋਈ ਮਨਜੂਰੀ ਨਹੀਂ ਦਿੱਤੀ ਸੀ। ਏਨਾ ਹੀ ਨਹੀਂ, ਵਿਭਾਗ ‘ਚ ਭ੍ਰਿਸ਼ਟਾਚਾਰ ਨਾਲ ਸਬੰਧਤ ਕੁਝ ਫਾਈਲਾਂ ਵੀ ਨਹੀਂ ਮਿਲ ਰਹੀਆਂ। ਪੂਰੇ ਮਾਮਲੇ ਨੂੰ ਲੈ ਕੇ ਨਵੇਂ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਕਾਫ਼ੀ ਨਾਰਾਜ਼ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਨੇ ਮਲਿਕ ਦੀ ਨਿਯੁਕਤੀਨਾਲ ਸਬੰਧਤ ਪੂਰੀ ਫਾਈਲ ਮੰਗਵਾ ਲਈ ਹੈ। ਸੀਵੀਓ ਸੁਦੀਪ ਮਲਿਕ ਨੇ ਵੀ ਸਿੱਧੂ ਦਾ ਮਹਿਕਮਾ ਬਦਲੇ ਜਾਣ ਦੇ ਬਾਅਦ 15 ਜੂਨ ਨੂੰ ਅਸਤੀਫ਼ਾ ਦੇ ਦਿੱਤਾ ਸੀ। ਵਿਭਾਗ ‘ਚ ਚਰਚਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਦਾ ਕੋਈ ਮਤਲਬ ਹੀ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਨਾਂ ਨੂੰ ਹਾਲੇ ਮਨਜੂਰੀ ਨਹੀਂ ਮਿਲੀ ਸੀ। ਇਸ ਸਬੰਧ ‘ਚ ਬ੍ਰਹਮ ਮਹਿੰਦਰਾ ਨਾਲ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਨਾਂ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ ‘ਤੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਲਿਕ ਨੂੰ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਦੇ ਬਿਨਾ ਹੀ ਰੱਖਿਆ ਹੋਇਆ ਸੀ। ਇਕ ਅਧਿਕਾਰੀ ਨੇ ਕਿਹਾ ਕਿ ਪੂਰੇ ਮਾਮਲੇ ਨੂੰ ਲੈ ਕੇ ਨਾਰਾਜ਼ ਨਵੇਂ ਮੰਤਰੀ ਮਹਿੰਦਰਾ ਨੇ ਮਹਿਕਮਾ ਸੰਭਾਲਣ ਦੇ ਬਾਅਦ ਅਫ਼ਸਰਾਂ ਨਾਲ ਹੋਈ ਮੀਟਿੰਗ ‘ਚ ਇਹ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਕਿਵੇਂ ਬਿਨਾ ਮਨਜੂਰੀ ਦੇ ਸੀਵੀਓ ਵਰਗੇ ਅਹੁਦੇ ‘ਤੇ ਇਕ ਅਧਿਕਾਰੀ ਨੂੰ ਰੱਖਿਆ ਜਾ ਸਕਦਾ? ਉਨ੍ਹਾਂ ਨੇ ਅਧਿਕਾਰੀਆਂ ਤੋਂ ਮਲਿਕ ਨਾਲ ਸਬੰਧਤ ਪੂਰੀ ਫਾਈਲ ਮੰਗਵਾ ਲਈ ਹੈ।
ਚੀਫ ਸੈਕਟਰੀ ਪੱਧਰ ‘ਤੇ ਹੁੰਦੀ ਹੈ ਚੋਣ : ਸੀਵੀਓ ਦੀ ਮਨਜੂਰੀ ਲਈ ਚੀਫ਼ ਸਕੱਤਰ ‘ਤੇ ਤਿੰਨ ਅਫ਼ਸਰਾਂ ਦੀ ਕਮੇਟੀ ਵਿਭਾਗ ਦੇ ਤਿੰਨ ਅਫ਼ਸਰਾਂ ‘ਚੋਂ ਕਿਸੇ ਇਕ ਦੀ ਚੋਣ ਕਰਦੀ ਹੈ ਜਿਸ ਨੂੰ ਰੱਖਣ ਦੀ ਮਨਜੂਰੀ ਮੁੱਖ ਮੰਤਰੀ ਦਿੰਦੇ ਹਨ। ਸੁਦੀਪ ਮਲਿਕ ਦੇ ਮਾਮਲੇ ‘ਚ ਅਜਿਹਾ ਨਹੀਂ ਹੋਇਆ।
ਅਧਿਕਾਰੀਆਂ ਦੀ ਚਿੰਤਾ ਵਧੀ, ਕਈ ਨਿਸ਼ਾਨੇ ‘ਤੇ
ਮਹਿਕਮੇ ‘ਚ ਭ੍ਰਿਸ਼ਟਾਚਾਰ ਨਾਲ ਸਬੰਧਤ ਫਾਈਲਾਂ ਨਾ ਮਿਲਣ ਤੇ ਉਪਰੋਂ ਇਸ ਸਬੰਧੀ ਰਿਪੋਰਟ ਮੰਗ ਲਏ ਜਾਣ ਕਾਰਨ ਅਧਿਕਾਰੀਆਂ ਦੀ ਚਿੰਤਾ ਵਧ ਗਈ ਹੈ। ਵੱਡਾ ਸਵਾਲ ਇਹ ਵੀ ਉਠ ਰਿਹਾ ਹੈ ਕਿ ਜਿਨ੍ਹਾਂ ਕੇਸਾਂ ਦੀ ਜਾਂਚ ਸੀਵੀਓ ਨੇ ਕੀਤੀ ਤੇ ਉਸ ‘ਤੇ ਕਾਰਵਾਈ ਦੇ ਫੈਸਲੇ ਲਏ ਹਨ ਕੀ ਉਹ ਕਾਨੂੰਨੀ ਤੌਰ ‘ਤੇ ਸਹੀ ਹਨ? ਇਹ ਸਵਾਲ ਇਸ ਲਈ ਉਠ ਰਿਹਾ ਹੈ ਕਿਉਂਕਿ ਸੀਵੀਓ ਦੀ ਆਪਣੀ ਨਿਯੁਕਤੀ ਹੀ ਸਵਾਲਾਂ ਦੇ ਘੇਰੇ ਵਿਚ ਹੈ। ਨਵਜੋਤ ਸਿੱਧੂ ਦੇ ਲੰਬੇ ਸਮੇਂ ਤੋਂ ਵਿਭਾਗ ‘ਤੇ ਧਿਆਨ ਨਾ ਦੇਣ ਨਾਲ ਕੀ ਆਲਮ ਸੀ, ਇਸ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਦਫ਼ਤਰ ‘ਚ ਵੱਖ-ਵੱਖ ਨਗਰ ਪਾਲਿਕਾਵਾਂ ਤੇ ਨਗਰ ਨਿਗਮ ਦੇ 600 ਤੋਂ ਜ਼ਿਆਦਾ ਮਤੇ ਪੈਂਡਿੰਗ ਹਨ। ਜਦੋਂਕਿ ਮੰਤਰੀ ਪੱਧਰ ‘ਤੇ ਇਹ ਮਤੇ ਮਨਜ਼ੂਰ ਨਹੀਂ ਹੁੰਦੇ ਤਦ ਤੱਕ ਇਨ੍ਹਾਂ ਨਗਰ ਪਾਲਿਕਾਵਾਂ ਤੇ ਨਿਗਮਾਂ ‘ਚ ਕੰਮ ਨਹੀਂ ਹੋ ਸਕਦੇ। ਮੁੱਖ ਮੰਤਰੀ ਖੁਦ ਸਿੱਧੂ ਨੂੰ ਨਾਨ ਪਰਫਾਰਮਰ ਕਹਿ ਚੁੱਕੇ ਹਨ। ਸਿੱਧੂ ਦੇ ਅਸਤੀਫ਼ੇ ਮਗਰੋਂ ਨਵੇਂ ਮੰਤਰੀ ਬ੍ਰਹਮ ਮਹਿੰਦਰਾ ਪਿਛਲੇ ਮਹੀਨੇ ਹੀ ਸਥਾਨਕ ਸਰਕਾਰਾਂ ਦੇ ਮੰਤਰਾਲੇ ਦਾ ਚਾਰਜ ਸੰਭਾਲ ਚੁੱਕੇ ਹਨ। ਜਾਹਿਰ ਹੈ ਕਿ ਵਿਭਾਗ ‘ਚ ਵੱਡੀ ਉਠਾਪਟਕ ਹੋਵੇਗੀ। ਕੁਝ ਅਧਿਕਾਰੀ ਵੀ ਨਵੇਂ ਮੰਤਰੀ ਦੇ ਨਿਸ਼ਾਨੇ ‘ਤੇ ਹਨ।
ਭਾਜਪਾ ‘ਚ ਰਹਿੰਦੇ ਸਿੱਧੂ ਤਾਂ ਅੱਜ ਕੇਂਦਰ ‘ਚ ਮੰਤਰੀ ਹੁੰਦੇ : ਅਠਾਵਲੇ
ਚੰਡੀਗੜ੍ਹ : ਮੋਦੀ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਪੰਜਾਬ ‘ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਬਾਰੇ ‘ਚ ਕਿਹਾ ਕਿ ਜੇਕਰ ਸਿੱਧੂ ਬੀਜੇਪੀ ‘ਚ ਰਹਿੰਦੇ ਤਾਂ ਅੱਜ ਕੇਂਦਰ ਸਰਕਾਰ ‘ਚ ਮੰਤਰੀ ਹੁੰਦੇ। ਪ੍ਰੰਤੂ ਉਨ੍ਹਾਂ ਨੇ ਕਾਂਗਰਸ ‘ਚ ਜਾ ਕੇ ਬਹੁਤ ਵੱਡੀ ਗਲਤੀ ਕੀਤੀ। ਆਖਰਕਾਰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਅਸਤੀਫਾ ਦੇ ਦਿੱਤਾ। ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਪ੍ਰਧਾਨ ਦੇ ਰੂਪ ‘ਚ ਰਾਹੁਲ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ। ਚੋਣਾਂ ‘ਚ ਜਿੱਤ ਅਤੇ ਹਾਰ ਤਾਂ ਹੁੰਦੀ ਰਹਿੰਦੀ ਹੈ। ਇਸ ‘ਚ ਕਿਸੇ ਨਾ ਕਿਸੇ ਦੀ ਜਿੰਮੇਵਾਰੀ ਤਾਂ ਬਣਦੀ ਹੀ ਹੈ ਪ੍ਰੰਤੂ ਰਾਹੁਲ ਗਾਂਧੀ ਕਾਂਗਰਸ ਦੀ ਹਾਰ ਤੋਂ ਭੱਜ ਰਹੇ ਹਨ।

Check Also

ਸੁਖਬੀਰ ਬਾਦਲ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਹਾਰ ਨੂੰ ਲੈ ਕੇ ਕੀਤਾ ਵੱਡਾ ਦਾਅਵਾ

ਕਿਹਾ : ਪ੍ਰਧਾਨ ਮੰਤਰੀ ਦੇ ਭਾਸ਼ਣਾਂ ਤੋਂ ਨਜ਼ਰ ਆਉਂਦੀ ਭਾਜਪਾ ਦੀ ਹਾਰ ਬਠਿੰਡਾ/ਬਿਊਰੋ ਨਿਊਜ਼ : …