ਪੰਜ ਮੈਂਬਰੀ ਕਮੇਟੀ ਕਾਇਮ, ਸਿੱਖਾਂ ਦੀ ਬਹੁਗਿਣਤੀ ਵਾਲੀਆਂ ਸੀਟਾਂ ਦੀ ਹੋਵੇਗੀ ਨਿਸ਼ਾਨਦੇਹੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਪੱਖੋਂ ਭਾਰਤ ਦੇ ਸਭ ਤੋਂ ਮਹੱਤਵਪੂਰਨ ਸੂਬੇ ਉੱਤਰ ਪ੍ਰਦੇਸ਼ (ਯੂਪੀ) ਵਿੱਚ ਆਪਣਾ ਸੰਗਠਨਾਤਮਕ ਢਾਂਚਾ ਮਜ਼ਬੂਤ ਕਰਨ ਅਤੇ ਆਪਣਾ ਪ੍ਰਭਾਵ ਖੇਤਰ ਵਧਾਉਣ ਲਈ ਕਮਰ ਕਸ ਲਈ ਹੈ। ਦਲ 2017 ਦੀਆਂ ਯੂਪੀ ਅਸੈਂਬਲੀ ਚੋਣਾਂ ਹਮਖਿਆਲ ਪਾਰਟੀਆਂ ਨਾਲ ਮਿਲ ਕੇ ਲੜਨ ਦੀ ਤਿਆਰੀ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਉਪਰ ਦਬਾਅ ਪਾਈ ਰੱਖਣ ਲਈ ਅਕਾਲੀ ਇਹ ਰਣਨੀਤੀ ਆਪਣਾ ਰਹੇ ਹਨ। ਪਹਿਲਾਂ ਪਾਰਟੀ ਨੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਯੂਪੀ ਦਾ ਇੰਚਾਰਜ ਲਾਇਆ ਸੀ ਪਰ ਉਹ ਸਮਾਜਵਾਦੀ ਪਾਰਟੀ ਵਿੱਚ ਚਲੇ ਗਏ, ਜਿਸ ਕਰ ਕੇ ਹੁਣ ਕਮਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸੌਂਪੀ ਜਾਵੇਗੀ। ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਲ ਵੱਲੋਂ ਯੂਪੀ ਵਿੱਚ ਸਿਲਸਿਲੇਵਾਰ ਮੁਹਿੰਮ ਵਿੱਢੀ ਜਾਵੇਗੀ। ਇਸ ਮਕਸਦ ਲਈ ਉਥੇ ਮਜ਼ਬੂਤ ਸੰਗਠਨਾਤਮਕ ਢਾਂਚੇ ਦੀ ਲੋੜ ਨੂੰ ਛੇਤੀ ਪੂਰਾ ਕਰ ਦਿੱਤਾ ਜਾਵੇਗਾ। ਉਪ ਮੁੱਖ ਮੰਤਰੀ ਨੇ ਇਸ ਮੌਕੇ ਪੰਜ ਮੈਂਬਰੀ ਕਮੇਟੀ ਕਾਇਮ ਕੀਤੀ, ਜੋ ਯੂਪੀ ਵਿੱਚ ਦਲ ਨੂੰ ਸਿਆਸੀ ਤੌਰ ‘ਤੇ ਮਜ਼ਬੂਤ ਕਰਨ ਤੇ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ 40-45 ਅਜਿਹੀਆਂ ਸੀਟਾਂ ਦੀ ਭਾਲ ਕਰੇਗੀ, ਜਿੱਥੇ ਸਿੱਖਾਂ ਤੇ ਪੰਜਾਬੀਆਂ ਦੀ ਬਹੁਗਿਣਤੀ ਹੋਵੇ। ਕਮੇਟੀ ਵਿੱਚ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਅਕਾਲੀ ਦਲ ਦੀ ਦਿੱਲੀ ਇਕਾਈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ, ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਬਲਵਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਦੋ ਹਫ਼ਤਿਆਂ ਵਿੱਚ ਰਿਪੋਰਟ ਪੇਸ਼ ਕਰੇਗੀ। ਉਨ੍ਹਾਂ ਇਸ ਮੌਕੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਸਕੱਤਰ ਰਾਏ ਸਿੰਘ ਨੂੰ ਅਕਾਲੀ ਦਲ ਦੇ ਯੂਪੀ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਇੱਛਾ ਹੈ ਕਿ ਯੂਪੀ ਵਿੱਚ ਵਸਦੇ ਪੰਜਾਬੀਆਂ ਅਤੇ ਸਿੱਖਾਂ ਨੂੰ ਇਕ ਝੰਡੇ ਹੇਠ ਇਕੱਠਾ ਕੀਤਾ ਜਾਵੇ। ਇਸ ਮੌਕੇ ਬਾਦਲ ਨੇ ਯੂਪੀ ਕਾਂਗਰਸ ਦੇ ਆਗੂ ਤੇਜਵੰਤ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਹਰਜੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …