ਟਾਟਾ ਗਰੁੱਪ ਨੇ 18 ਹਜ਼ਾਰ ਕਰੋੜ ਰੁਪਏ ‘ਚ ਖਰੀਦਿਆ ਏਅਰ ਇੰਡੀਆ ਨੂੰ
ਨਵੀਂ ਦਿੱਲੀ : ਏਅਰ ਇੰਡੀਆ ਦੀ 68 ਸਾਲ ਬਾਅਦ ਘਰ ਵਾਪਸੀ ਹੋ ਗਈ ਹੈ। ਟਾਟਾ ਗਰੁੱਪ ਘਾਟੇ ‘ਚ ਚੱਲ ਰਹੀ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੂੰ 18000 ਹਜ਼ਾਰ ਕਰੋੜ ਰੁਪਏ ਵਿਚ ਖਰੀਦਣ ਜਾ ਰਿਹਾ ਹੈ। ਇਸ ਦਾ ਐਲਾਨ ਫਾਈਨਾਂਸ ਮਨਿਸਟਰੀ ਦੇ ਡਿਪਾਰਟਮੈਂਟ ਆਫ਼ ਇਨਵੈਸਟਮੈਂਟ ਐਂਡ ਪਬਲਿਕ ਅਸੈਟ ਮੈਨੇਜਮੈਂਟ ਨੇ ਕੀਤਾ ਹੈ। ਏਅਰ ਇੰਡੀਆ ਨੂੰ ਵੇਚਣ ਦੀ ਪਰਕਿਰਿਆ ਜਨਵਰੀ 2020 ਵਿਚ ਹੀ ਸ਼ੁਰੂ ਹੋ ਗਈ ਸੀ ਪ੍ਰੰਤੂ ਕਰੋਨਾ ਮਹਾਮਾਰੀ ਦੇ ਚਲਦਿਆਂ ਇਸ ‘ਚ ਦੇਰੀ ਹੋ ਗਈ। ਅਪ੍ਰੈਲ 2021 ‘ਚ ਸਰਕਾਰ ਨੇ ਇਕ ਵਾਰ ਫਿਰ ਯੋਗ ਕੰਪਨੀਆਂ ਨੂੰ ਬੋਲੀ ਲਗਾਉਣ ਲਈ ਕਿਹਾ ਸੀ। ਲੰਘੀ 15 ਸਤੰਬਰ ਨੂੰ ਬੋਲੀ ਲਗਾਉਣ ਦਾ ਆਖਰੀ ਦਿਨ ਸੀ। ਸਾਲ 2020 ‘ਚ ਵੀ ਟਾਟਾ ਗਰੁੱਪ ਨੇ ਏਅਰ ਇੰਡੀਆ ਨੂੰ ਖਰੀਦਣ ਲਈ ਆਪਣੀ ਰੁਚੀ ਦਿਖਾਈ। ਦਰਅਸਲ ਸਰਕਾਰ ਨੇ 2017 ‘ਚ ਹੀ ਏਅਰ ਇੰਡੀਆ ਦੀ ਨੀਲਾਮੀ ਦੇ ਯਤਨ ਸ਼ੁਰੂ ਕਰ ਦਿੱਤੇ ਸਨ ਪ੍ਰੰਤੂ ਉਦੋਂ ਕੰਪਨੀਆਂ ਨੇ ਰੁਚੀ ਨਹੀਂ ਦਿਖਾਈ ਸੀ। ਜਹਾਜ਼ ਕੰਪਨੀ ਦੀ 68 ਸਾਲ ਬਾਅਦ ਘਰ ਵਾਪਸੀ ਹੋਈ ਹੈ। ਟਾਟਾ ਗਰੁੱਪ ਨੇ ਅਕਤੂਬਰ 1932 ‘ਚ ਏਅਰਲਾਈਨਜ਼ ਦੇ ਨਾਮ ਨਾਲ ਏਅਰ ਇੰਡੀਆ ਦੀ ਸ਼ੁਰੂਆਤ ਕੀਤੀ ਸੀ। ਸਾਲ 1947 ‘ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਕ ਰਾਸ਼ਟਰੀ ਏਅਰਲਾਈਨਜ਼ ਦੀ ਜ਼ਰੂਰਤ ਮਹਿਸੂਸ ਹੋਈ ਅਜਿਹੇ ‘ਚ ਭਾਰਤ ਸਰਕਾਰ ਨੇ ਏਅਰ ਇੰਡੀਆ ‘ਚ 49 ਫੀਸਦੀ ਹਿੱਸੇਦਾਰੀ ਕਰ ਲਈ ਸੀ।