ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀਆਂ ਸੱਭ ਤੋਂ ਵੱਡੀਆਂ ਪੰਜ ਹੈਲਥ ਕੇਅਰ ਯੂਨੀਅਨਜ਼ ਦਾ ਕਹਿਣਾ ਹੈ ਕਿ ਪ੍ਰੀਮੀਅਰ ਦੇ ਅਮੈਰੀਕਨ ਸਟਾਈਲ ਪ੍ਰਾਈਵੇਟ ਫੌਰ ਪਰੌਫਿਟ ਹਸਪਤਾਲ ਤਿਆਰ ਕਰਨ ਦੀ ਯੋਜਨਾ ਨਾਲ ਉਨ੍ਹਾਂ ਦੇ ਮੈਂਬਰ ਤੇ ਜਿਨ੍ਹਾਂ ਦੀ ਉਹ ਸੰਭਾਲ ਕਰਦੇ ਹਨ ਉਨ੍ਹਾਂ ਲਈ ਖਤਰਾ ਖੜ੍ਹਾ ਹੋ ਗਿਆ ਹੈ। ਯੂਨੀਅਨਾਂ ਨੇ ਫੈਡਰਲ ਸਰਕਾਰ ਤੋਂ ਵੀ ਇਹ ਮੰਗ ਕੀਤੀ ਹੈ ਕਿ ਕੈਨੇਡਾ ਹੈਲਥ ਟਰਾਂਸਫਰਜ਼ ਸਬੰਧੀ ਗੱਲਬਾਤ ਕਰਦੇ ਸਮੇਂ ਇਸ ਗੱਲ ਨੂੰ ਉਚੇਚੇ ਤੌਰ ਉੱਤੇ ਧਿਆਨ ਵਿੱਚ ਰੱਖਿਆ ਜਾਵੇ।
ਕੂਪ, ਐਸਈਆਈਯੂ ਹੈਲਥਕੇਅਰ, ਓਪੀਐਸਈਯੂ/ਐਸਈਐਫਪੀਓ, ਓਐਨਏ ਤੇ ਯੂਨੀਫੌਰ ਦੇ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਲਿਖੇ ਖੁੱਲ੍ਹੇ ਪੱਤਰ ਵਿੱਚ ਇਸ ਮੁੱਦੇ ਨੂੰ ਪਹਿਲੇ ਦੇ ਅਧਾਰ ਉੱਤੇ ਵਿਚਾਰਨ ਦੀ ਬੇਨਤੀ ਕੀਤੀ ਗਈ। 295,000 ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀਆਂ ਇਨ੍ਹਾਂ ਯੂਨੀਅਨਾਂ ਨੇ ਆਖਿਆ ਕਿ ਡੱਗ ਫੋਰਡ ਵੱਲੋਂ ਪਹਿਲਾਂ ਹੀ ਉਨ੍ਹਾਂ ਦੇ ਮੈਂਬਰਾਂ ਨੂੰ ਕਈ ਤਰ੍ਹਾਂ ਨੁਕਸਾਨ ਪਹੁੰਚਾਇਆ ਜਾ ਚੁੱਕਿਆ ਹੈ। ਸਾਡੇ ਮੈਂਬਰ ਸਾਂਝੇ ਸਮਝੌਤੇ ਲਈ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਸਕਦੇ, ਫੈਡਰਲ ਫੰਡਾਂ, ਜਿਨ੍ਹਾਂ ਨੂੰ ਮਹਾਂਮਾਰੀ ਦੌਰਾਨ ਬਿਹਤਰ ਪਬਲਿਕ ਸੇਵਾਵਾਂ ਲਈ ਦਿੱਤਾ ਜਾਣਾ ਸੀ, ਦੀ ਮੁੜ ਟਰਾਂਸਫਰ ਦੇ ਨਾਂ ਉੱਤੇ ਹੈਲਥਕੇਅਰ ਸਿਸਟਮ ਨੂੰ ਫੋਰਡ ਸਰਕਾਰ ਵੱਲੋਂ ਘੱਟ ਫੰਡ ਦਿੱਤੇ ਜਾ ਰਹੇ ਹਨ।
ਇਸ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਕਿ ਪ੍ਰਾਈਵੇਟ ਕਲੀਨਿਕਸ ਨੂੰ ਫੰਡ ਮੁਹੱਈਆ ਕਰਵਾਏ ਜਾਣ ਨਾਲ ਓਨਟਾਰੀਓ ਦੇ ਪਬਲਿਕ ਹਸਪਤਾਲਾਂ ਦੀ ਹਾਈ ਕੁਆਲਿਟੀ ਕੇਅਰ ਮੁਹੱਈਆ ਕਰਵਾਉਣ ਦੀ ਸਮਰੱਥਾ ਘਟੇਗੀ ਤੇ ਫਰੰਟ ਲਾਈਨ ਸਟਾਫ ਲਈ ਚੁਣੌਤੀਆਂ ਹੋਰ ਵਧ ਜਾਣਗੀਆਂ। ਇਹ ਖਤਰਨਾਕ ਪਲੈਨ ਹੈ ਤੇ ਇਸ ਨਾਲ ਹਰ ਕਿਸੇ ਨੂੰ ਇੱਕੋ ਜਿਹੀ ਹੈਲਥਕੇਅਰ ਮੁਹੱਈਆ ਕਰਵਾਉਣ ਦਾ ਸੁਪਨਾ ਸਾਕਾਰ ਨਹੀਂ ਹੋ ਸਕੇਗਾ।