‘ਕੈਨੇਡੀਅਨਜ਼ ਨੂੰ ਬੈਨੀਫਿਟ ਜਾਰੀ ਰੱਖਣ ਬਾਰੇ ਕਰ ਰਹੇ ਹਾਂ ਵਿਚਾਰ’
ਟੋਰਾਂਟੋ : ਕੈਨੇਡਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਐਲਾਨ ਕੀਤਾ ਹੈ ਕਿ ਭਾਵੇਂ ਕਿ ਫੈਡਰਲ ਸਰਕਾਰ ਵੱਲੋਂ ਦਿੱਤੇ ਜਾ ਰਹੇ ਮੌਜੂਦਾ ਬੈਨੀਫਿਟ 25 ਸਤੰਬਰ ਤੱਕ ਜਾਰੀ ਰਹਿਣਗੇ। ਪ੍ਰੰਤੂ ਕੁੱਝ ਬੈਨੀਫਿਟ ਨਵੰਬਰ ਮਹੀਨੇ ਤੱਕ ਵਧਾਏ ਜਾ ਰਹੇ ਹਨ ਅਤੇ ਕਈਆਂ ਨੂੰ ਵਧਾਏ ਜਾਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਉਨ੍ਹਾਂ ਨੇ ਕੈਨੇਡਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਦੇ ਵਜੋਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ‘ਪਰਵਾਸੀ’ ਅਦਾਰਾ ਦੇ ਮੁਖੀ ਰਜਿੰਦਰ ਸੈਣੀ ਹੁਰਾਂ ਨੂੰ ਇਕ ਖਾਸ ਮੁਲਾਕਾਤ ਦੌਰਾਨ ਦੱਸਿਆ ਕਿ ਭਾਵੇਂ ਕਿ ਕੈਨੇਡਾ ਦੇ ਬਜਟ ਵਿਚ ਵੱਡਾ ਘਾਟਾ ਹੈ ਪ੍ਰੰਤੂ ਅੰਤਰਰਾਸ਼ਟਰੀ ਰੇਟਿੰਗ ਏਜੰਸੀਆਂ ਵੱਲੋਂ ਕੈਨੇਡਾ ਨੂੰ ਟ੍ਰਿਪਲ ਏ (ਜੋ ਸਭ ਤੋਂ ਵਧੀਆ ਰੇਟਿੰਗ ਮੰਨੀ ਜਾਂਦੀ ਹੈ) ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਕਈ ਕਾਰਨ ਹਨ, ਕਿਉਂਕਿ ਕੈਨੇਡਾ ਕੋਲ ਖਣਿਜ ਪਦਾਰਥਾਂ ਦਾ ਕਾਫ਼ੀ ਵੱਡਾ ਭੰਡਾਰ ਹੈ ਅਤੇ ਕੈਨੇਡਾ ਦੀ ਕਰਜ਼ਾ ਵਾਪਸ ਦੀ ਸਮਰਥਾ ਕਾਫ਼ੀ ਮਜ਼ਬੂਤ ਹੈ। ਇਸੇ ਤਰ੍ਹਾਂ ਹੀ ਔਸਤਨ ਕੈਨੇਡੀਅਨਜ਼ ਦੇ ਸਿਰਾਂ ਤੋਂ ਕਰਜ਼ੇ ਦੀ ਦਰ ਘਟੀ ਹੈ। ਪ੍ਰੰਤੂ ਉਨ੍ਹਾਂ ਨੇ ਮੰਨਿਆ ਕਿ ਇਕ ਪਾਸੇ ਜਨਸੰਸਾਧਨਾਂ ਦੀ ਉਸਾਰੀ ਲਈ ਵੱਧ ਤੋਂ ਵੱਧ ਖਰਚ ਕਰਕੇ ਨੌਕਰੀਆਂ ਪੈਦਾ ਕਰਨੀਆਂ ਜਿੱਥੇ ਸਰਕਾਰ ਦਾ ਉਦੇਸ਼ ਹੈ, ਉਥੇ ਹੀ ਬਜਟ ਵਿਚ ਲਗਾਤਾਰ ਵਧ ਰਹੇ ਘਾਟੇ ਤੋਂ ਵੀ ਸਰਕਾਰ ਚਿੰਤਤ ਹੈ। ਜਿਸ ਨੂੰ ਬੈਲੈਂਸ ਰੱਖ ਕੇ ਚੱਲਣਾ ਕਾਫ਼ੀ ਔਖਾ ਕੰਮ ਹੈ। ਜ਼ਿਕਰਯੋਗ ਹੈ ਕਿ ਕ੍ਰਿਸਟੀਆ ਫਰੀਲੈਂਡ ਕੈਨੇਡਾ ਸਰਕਾਰ ਵਿਚ ਕਈ ਮੰਤਰਾਲਿਆਂ ਦਾ ਕੰਮ ਕਾਜ ਦੇਖ ਚੁੱਕੇ ਹਨ। ਪ੍ਰੰਤੂ ਉਨ੍ਹਾਂ ਨੂੰ ਉਸ ਸਮੇਂ ਲੋਕਪ੍ਰਿਯਤਾ ਮਿਲੀ ਸੀ ਜਦੋਂ ਉਨ੍ਹਾਂ ਨੇ ਇੰਟਰਨੈਸ਼ਨਲ ਟਰੇਡ ਮੰਤਰੀ ਵਜੋਂ ‘ਨਾਫਟਾ’ ਦੇ ਸਮਝੌਤੇ ਦੌਰਾਨ ਦਿਨ-ਰਾਤ ਮਿਹਨਤ ਕਰਕੇ ਕੈਨੇਡਾ ਦੇ ਪੱਖ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ ਸੀ।
ਕ੍ਰਿਸਟੀਆ ਫਰੀਲੈਂਡ ਜੋ ਖੁਦ ਵੀ ਇਕ ਯੂਕਰੇਨੀਅਨ ਇਮੀਗ੍ਰੈਂਟ ਮਾਂ ਦੀ ਧੀ ਹੈ, ਨੇ ਕਿਹਾ ਕਿ ਅਸੀਂ ਬਹੁਤ ਹੀ ਖੁਸ਼ ਕਿਸਮਤ ਹਾਂ ਜੋ ਇਮੀਗ੍ਰੈਂਟ ਵਜੋਂ ਕੈਨੇਡਾ ਵਿਚ ਆਉਂਦੇ ਹਾਂ ਅਤੇ ਇਥੇ ਆ ਕੇ ਸਾਰੇ ਹੀ ਹੱਕ ਅਤੇ ਸੁਖ ਸਹੂਲਤਾਂ ਦਾ ਆਨੰਦ ਮਾਣਦੇ ਹਾਂ। ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮ ਨੂੰ ਕਿਸੇ ਵੀ ਕੈਨੇਡੀਅਨ ਵਰਕਰ ਦੇ ਕੰਮ ਤੋਂ ਹੇਠਾਂ ਮਹਿਸੂਸ ਕਰਦੇ ਹਨ ਕਿਉਂਕਿ ਉਨ੍ਹਾਂ ਤੋਂ ਵੱਧ ਮਿਹਨਤ ਕਰਨ ਵਾਲੇ ਲੱਖਾਂ ਕੈਨੇਡੀਅਨ ਕਿਤੇ ਜ਼ਿਆਦਾ ਮਹੱਤਵਪੂਰਨ ਹਨ। ਇਕ ਹਲਕੇ ਅੰਦਾਜ਼ ਵਿਚ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਰਾ ਦਿਨ ਕੰਮ ਕਰਕੇ ਘਰ ਆਉਣ ‘ਤੇ ਬਰਤਨ ਸਾਫ਼ ਕਰਨ ਤੋਂ ਲੈ ਕੇ ਖਾਣਾ ਬਣਾਉਣ ਅਤੇ ਘਰ ਦੇ ਹੋਰ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਹਨ ਅਤੇ ਉਹ ਇਸ ਵਿਚ ਖੁਸ਼ੀ ਵੀ ਮਹਿਸੂਸ ਕਰਦੇ ਹਨ। ਇਨ੍ਹੀਂ ਦਿਨੀਂ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਰੈਜੀਡੈਂਸ਼ੀਅਲ ਸਕੂਲਾਂ ਦੇ ਸਾਬਕਾ ਕੈਨੇਡੀਅਨ ਮੂਲ ਵਾਸੀ ਵਿਦਿਆਰਥੀਆਂ ਦੀਆਂ ਮਿਲ ਰਹੀਆਂ ਕਬਰਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਮੰਨਿਆ ਕਿ ਕੈਨੇਡਾ ਦਾ ਇਕ ਕਾਲਾ ਇਤਿਹਾਸ ਇਸ ਦੇ ਨਾਲ ਜੁੜਿਆ ਹੈ, ਜਿਸ ਤੋਂ ਸਾਡਾ ਮੁਲਕ ਕਦੇ ਵੀ ਮੁਕਤ ਨਹੀਂ ਹੋ ਸਕੇਗਾ। ਪ੍ਰੰਤੂ ਉਨ੍ਹਾਂ ਨੇ ਕੈਨੇਡਾ ਡੇਅ ਦੀ ਵਧਾਈ ਦਿੰਦਿਆਂ ਸਭ ਨੂੰ ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਭਵਿੱਖ ਵਿਚ ਸਭ ਦੇ ਬਰਾਬਰ ਹੱਕ ਲਈ ਗੱਲ ਵੀ ਕੀਤੀ। ਜ਼ਿਕਰਯੋਗ ਹੈ ਕਿ ਉਪ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਕਿਸੇ ਐਥੇਨਿਕ ਮੀਡੀਆ ਨਾਲ ਇਹ ਖਾਸ ਇੰਟਰਵਿਊ ਸੀ।