Breaking News
Home / ਸੰਪਾਦਕੀ / ਪੰਜਾਬ ‘ਚ ਕੈਂਸਰ ਦਾ ਕਹਿਰ

ਪੰਜਾਬ ‘ਚ ਕੈਂਸਰ ਦਾ ਕਹਿਰ

ਪੰਜਾਬ ‘ਚ ਕੈਂਸਰ ਦਾ ਕਹਿਰ ਵਰ੍ਹ ਰਿਹਾ ਹੈ। ਦੁਨੀਆ ‘ਚ ਹਰ ਇਕ ਲੱਖ ਪਿੱਛੇ ਇਕ ਵਿਅਕਤੀ ਕੈਂਸਰ ਦਾ ਮਰੀਜ਼ ਹੈ ਪਰ ਪੰਜਾਬ ‘ਚ ਇਕ ਲੱਖ ਪਿੱਛੇ ਇਕ ਸੌ ਵਿਅਕਤੀ ਕੈਂਸਰ ਦੀ ਲਪੇਟ ‘ਚ ਹਨ। ਸਿੱਧਾ ਭਾਵ ਹੈ ਕਿ ਪੰਜਾਬ ‘ਚ ਕੈਂਸਰ ਦੇ ਮਰੀਜ਼ ਪੂਰੀ ਦੁਨੀਆ ਨਾਲੋਂ 100 ਗੁਣਾਂ ਵੱਧ ਹਨ। ਪੰਜਾਬ ਵਿਚ ਮੌਜੂਦਾ ਸਮੇਂ ਰੋਜ਼ਾਨਾ ਔਸਤਨ 48 ਮਰੀਜ਼ ਕੈਂਸਰ ਨਾਲ ਮਰ ਰਹੇ ਹਨ ਜਦੋਂਕਿ ਹਰ ਰੋਜ਼ 96 ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਅੱਠ ਸਾਲ ਪਹਿਲਾਂ ਦੀ ਔਸਤ ਦੇਖੀਏ ਤਾਂ ਰੋਜ਼ਾਨਾ 28 ਮੌਤਾਂ ਕੈਂਸਰ ਕਾਰਨ ਹੁੰਦੀਆਂ ਸਨ ਜਦੋਂਕਿ 64 ਨਵੇਂ ਮਰੀਜ਼ ਕੈਂਸਰ ਦੀ ਗ੍ਰਿਫਤ ‘ਚ ਆਉਂਦੇ ਸਨ। ਪਹਿਲੀ ਜਨਵਰੀ 2011 ਤੋਂ 31 ਦਸੰਬਰ 2018 ਤੱਕ (ਅੱਠ ਸਾਲਾਂ ‘ਚ) 2.34 ਲੱਖ ਕੈਂਸਰ ਦੇ ਮਰੀਜ਼ ਪੰਜਾਬ ਭਰ ‘ਚੋਂ ਸਾਹਮਣੇ ਆਏ ਜਦੋਂਕਿ ਇਸ ਸਮੇਂ ਦੌਰਾਨ 1.09 ਲੱਖ ਕੈਂਸਰ ਮਰੀਜ਼ ਜ਼ਿੰਦਗੀ ਨੂੰ ਅਲਵਿਦਾ ਆਖ ਗਏ। ਮਤਲਬ ਕਿ ਅੱਠ ਵਰ੍ਹਿਆਂ ਦੌਰਾਨ ਔਸਤਨ ਰੋਜ਼ਾਨਾ 37 ਘਰਾਂ ‘ਚ ਸੱਥਰ ਵਿਛੇ।
ਹੁਣੇ-ਹੁਣੇ ਸਾਹਮਣੇ ਆਏ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2018 ਵਿਚ ਪੰਜਾਬ ਅੰਦਰ 35,137 ਕੈਂਸਰ ਦੇ ਨਵੇਂ ਮਰੀਜ਼ ਸਾਹਮਣੇ ਆਏ ਜਦੋਂਕਿ 17,771 ਮਰੀਜ਼ ਜਹਾਨੋਂ ਚਲੇ ਗਏ। ਸਾਲ 2017 ਵਿਚ 33,781 ਮਰੀਜ਼ ਕੈਂਸਰ ਦੇ ਲੱਭੇ ਸਨ ਅਤੇ 17,084 ਮਰੀਜ਼ ਮੌਤ ਦੇ ਮੂੰਹ ਜਾ ਪਏ। ਏਨਾ ਮਹਿੰਗਾ ਇਲਾਜ ਹੈ ਕਿ ਗਰੀਬ ਬੰਦੇ ਕੋਲ ਸਿਵਾਏ ਅਰਦਾਸ ਤੋਂ ਕੋਈ ਚਾਰਾ ਨਹੀਂ ਬਚਦਾ। ਪ੍ਰਤੀ ਮਰੀਜ਼ ਦਾ ਇਲਾਜ ‘ਤੇ ਖਰਚਾ ਘੱਟੋ-ਘੱਟ 1.50 ਲੱਖ ਰੁਪਏ ਵੀ ਮੰਨ ਲਈਏ ਤਾਂ ਲੰਘੇ ਅੱਠ ਵਰ੍ਹਿਆਂ ਵਿਚ ਇਕੱਲੇ ਇਲਾਜ ‘ਤੇ ਪੰਜਾਬ ਦੇ ਲੋਕ 3600 ਕਰੋੜ ਰੁਪਏ ਖਰਚ ਕਰ ਚੁੱਕੇ ਹਨ। ਰੋਜ਼ਾਨਾ ਸਵਾ ਕਰੋੜ ਰੁਪਏ ਕੈਂਸਰ ਦੇ ਇਲਾਜ ਖਰਚ ਹੋ ਰਿਹਾ ਹੈ।
ਕੁਝ ਸਾਲ ਪਹਿਲਾਂ ਤੱਕ ਪੰਜਾਬ ਵਿਚ ਕੈਂਸਰ ਦੀ ਬਿਮਾਰੀ ਮਾਲਵਾ ਖਿੱਤਾ ਵਿਚ ਹੀ ਜ਼ਿਆਦਾ ਮਾਰ ਕਰ ਰਹੀ ਸੀ ਪਰ ਹੁਣ ਮਾਝਾ ਅਤੇ ਦੁਆਬਾ ਵੀ ਇਸ ਦੀ ਜਕੜ ‘ਚ ਆ ਚੁੱਕਾ ਹੈ।
ਦੁਨੀਆ ਭਰ ਵਿਚ ਕੈਂਸਰ ਦੇ ਇਲਾਜ ਨੂੰ ਲੈ ਕੇ ਵੱਡੀ ਪੱਧਰ ‘ਤੇ ਵਿਗਿਆਨਕ ਖੋਜਾਂ ਚੱਲ ਰਹੀਆਂ ਹਨ ਪਰ ਫ਼ਿਲਹਾਲ ਇਸ ਬਿਮਾਰੀ ਦੇ ਇਲਾਜ ਦਾ ਕੋਈ ਪੱਕਾ ਤੋੜ ਨਹੀਂ ਲੱਭਿਆ ਜਾ ਸਕਿਆ। ਬੇਸ਼ੱਕ ਪੱਛਮੀ ਦੇਸ਼ਾਂ ਵਿਚ ਕੈਂਸਰ ਦੀ ਬਿਮਾਰੀ, ਭਾਰਤ ਵਰਗੇ ਮੁਲਕਾਂ ਨਾਲੋਂ 10 ਗੁਣਾਂ ਵਧੇਰੇ ਹੈ, ਪਰ ਜਾਗਰੂਕਤਾ ਅਤੇ ਇਲਾਜ ਦੀਆਂ ਸਹੂਲਤਾਂ ਕਾਰਨ ਕੈਂਸਰ ਕਾਰਨ ਮੌਤਾਂ ਦੀ ਗਿਣਤੀ ਪੱਛਮੀ ਮੁਲਕਾਂ ਵਿਚ, ਭਾਰਤ ਵਰਗੇ ਮੁਲਕਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ।
ਕੈਂਸਰ ਦੇ ਇਲਾਜ ਨਾਲੋਂ ਵੀ ਵਧੇਰੇ ਇਹ ਗੱਲ ਅਹਿਮੀਅਤ ਰੱਖਦੀ ਹੈ ਕਿ ਆਖ਼ਰਕਾਰ ਕੈਂਸਰ ਦੇ ਪੈਦਾ ਹੋਣ ਦੇ ਕੀ ਕਾਰਨ ਹਨ ਅਤੇ ਇਸ ਤੋਂ ਬਚਾਅ ਕਿਵੇਂ ਹੋ ਸਕਦਾ ਹੈ? ਅਜੋਕੀ ਮਨੁੱਖੀ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਵਿਚ ਤੇਜ਼ੀ ਨਾਲ ਆ ਰਹੇ ਬਦਲਾਓ ਅਤੇ ਆਲਮੀ ਪੱਧਰ ‘ਤੇ ਪ੍ਰਦੂਸ਼ਣ ਕਾਰਨ ਜਲਵਾਯੂ ‘ਚ ਆ ਰਹੇ ਭਾਰੀ ਵਿਗਾੜ ਕਾਰਨ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਮਨੁੱਖੀ ਜੀਵਨ ਵਿਚ ਵੱਧ ਰਹੀ ਭੱਜ-ਦੌੜ ਅਤੇ ਮਸ਼ੀਨੀਕਰਨ ਨੇ ਮਨੁੱਖੀ ਜੀਵਨ ਸ਼ੈਲੀ ਵਿਚ ਵੱਡੇ ਵਿਕਾਰ ਪੈਦਾ ਕੀਤੇ ਹਨ, ਜਿਨ੍ਹਾਂ ਦੇ ਫਲਸਰੂਪ ਹੀ ਭਿਆਨਕ ਤੇ ਜਾਨਲੇਵਾ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਕੈਂਸਰ ਦੇ ਪੈਦਾ ਹੋਣ ਅਤੇ ਵਧਣ-ਫੁਲਣ ਦੇ ਭਾਵੇਂ ਅਨੇਕਾਂ ਕਾਰਨ ਹਨ ਪਰ ਇਸ ਦਾ ਵੱਡਾ ਕਾਰਨ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਅਤੇ ਨਸ਼ਿਆਂ ਦੀ ਵੱਧ ਰਹੀ ਵਰਤੋਂ ਹੈ। ਤੰਬਾਕੂ-ਯੁਕਤ ਨਸ਼ੇ, ਮਾਸ ਅਤੇ ਸ਼ਰਾਬ ਦੀ ਵਰਤੋਂ ਮਨੁੱਖੀ ਸਰੀਰ ਅੰਦਰਲੇ ਸਿਹਤਮੰਦ ਸੈੱਲਾਂ ਨੂੰ ਕਮਜ਼ੋਰ ਕਰ ਦਿੰਦੀ ਹੈ ਜਿਸ ਨਾਲ ਕੈਂਸਰ ਅਤੇ ਹੋਰ ਬਿਮਾਰੀਆਂ ਦੇ ਸੈੱਲ ਭਾਰੂ ਹੋ ਜਾਂਦੇ ਹਨ ਅਤੇ ਸਾਡੇ ਸਰੀਰ ਨੂੰ ਰੋਗਾਂ ਵਿਚ ਜਕੜ ਲੈਂਦੇ ਹਨ। ਜਿਨ੍ਹਾਂ ਮੁਲਕਾਂ ਵਿਚ ਸ਼ਰਾਬ ਅਤੇ ਤੰਬਾਕੂ-ਯੁਕਤ ਨਸ਼ਿਆਂ ਦੀ ਮਨਾਹੀ ਹੈ, ਉੱਥੇ ਕੈਂਸਰ ਬਹੁਤ ਘੱਟ ਹੁੰਦਾ ਹੈ। ਪੰਜਾਬ ਦੇ ਸਿਰਕੱਢ ਅਤੇ ਬਹੁਗਿਣਤੀ ਸਿੱਖ ਭਾਈਚਾਰੇ ਵਿਚ ਸ਼ਰਾਬ ਦੀ ਵਰਤੋਂ ਵੱਧ ਕਰਨਾ ਵੀ ਕੈਂਸਰ ਦਾ ਇਕ ਕਾਰਨ ਬਣ ਰਿਹਾ ਹੈ।
ਪੰਜਾਬ ‘ਚ ਕੈਂਸਰ ਦੇ ਪੈਦਾ ਹੋਣ ਲਈ ਸਭ ਤੋਂ ਵੱਡਾ ਕਾਰਨ ਪਾਣੀ ਵਿਚ ਘੁਲ ਰਿਹਾ ਜ਼ਹਿਰ ਹੈ। ਭਾਰਤ ਦੇ ਕੇਂਦਰੀ ਪੀਣਯੋਗ ਪਾਣੀ ਅਤੇ ਸਫ਼ਾਈ ਮੰਤਰਾਲੇ ਦੀ ਇਕ ਰਿਪੋਰਟ ਅਨੁਸਾਰ ਪੰਜਾਬ ਦਾ ਪਾਣੀ ਬੁਰੀ ਤਰ੍ਹਾਂ ਜ਼ਹਿਰੀਲਾ ਹੋ ਚੁੱਕਿਆ ਹੈ ਅਤੇ ਇਸ ਨਾਲ ਬੱਚਿਆਂ, ਬਜ਼ੁਰਗਾਂ ‘ਤੇ ਸਭ ਤੋਂ ਵੱਧ ਮਾਰੂ ਅਸਰ ਹੋ ਰਿਹਾ ਹੈ। ਰਿਪੋਰਟ ਅਨੁਸਾਰ ਪੰਜਾਬ ਦੇ ਪਾਣੀ ਵਿਚ ਤਾਂਬਾ, ਲੋਹਾ, ਐਲਮੂਨੀਅਮ ਅਤੇ ਸੀਸਾ ਇੰਨੀ ਮਾਤਰਾ ਵਿਚ ਵੱਧ ਗਿਆ ਹੈ ਕਿ ਪ੍ਰਦੂਸ਼ਿਤ ਪਾਣੀ ਦਾ ਦਾਇਰਾ 350 ਗੁਣਾਂ ਵੱਧ ਗਿਆ ਹੈ। ਪੰਜਾਬ ਦੇ ਉਦਯੋਗਾਂ, ਕਾਰਖਾਨਿਆਂ ਅਤੇ ਰੰਗਾਈ ਵਾਲੀਆਂ ਫ਼ੈਕਟਰੀਆਂ ਵਿਚੋਂ ਨਿਕਲਣ ਵਾਲੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਟਰੀਟਮੈਂਟ ਪਲਾਂਟ ਲਗਾਉਣ ਦੇ ਖ਼ਰਚੇ ਬਚਾਉਣ ਲਈ ਇਨ੍ਹਾਂ ਕਾਰਖਾਨਿਆਂ ਦੇ ਮਾਲਕਾਂ ਵਲੋਂ ਡੂੰਘੇ ਬੋਰ ਕਰਕੇ ਗੰਦਾ ਪਾਣੀ ਸਿੱਧਾ ਧਰਤੀ ਹੇਠਲੀ ਸਤ੍ਹਾ ਵਿਚ ਸੁੱਟਿਆ ਜਾ ਰਿਹਾ ਹੈ। ਇਹ ਗੰਦਾ ਪਾਣੀ ਧਰਤੀ ਹੇਠਲੇ ਪਾਣੀ ਵਿਚ ਰਸਾਇਣਾਂ ਅਤੇ ਭਾਰੀ ਧਾਤੂਆਂ ਦੀ ਮੌਜੂਦਗੀ ਨੂੰ ਕਈ ਗੁਣਾ ਵਧਾ ਦਿੰਦਾ ਹੈ, ਜਿਸ ਕਾਰਨ ਮਨੁੱਖ ਦੇ ਪੀਣ ਵਾਲਾ ਸਮੁੱਚਾ ਪਾਣੀ ਗੰਧਲਾ ਅਤੇ ਜ਼ਹਿਰੀਲਾ ਹੋ ਰਿਹਾ ਹੈ। ਇਸ ਦੇ ਨਾਲ ਪੰਜਾਬ ਵਿਚ ਕਿਸਾਨਾਂ, ਵਪਾਰੀਆਂ, ਦੁਕਾਨਦਾਰਾਂ ਵਿਚ ਲੋਭ ਦੀ ਪ੍ਰਵਿਰਤੀ ਵੀ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਰੂਪੀ ਜ਼ਹਿਰ ਪਰੋਸ ਰਹੀ ਹੈ। ਫ਼ਸਲਾਂ ਵਿਚ ਭਾਰੀ ਕੀਟਨਾਸ਼ਕਾਂ ਅਤੇ ਵੱਧ ਝਾੜ ਲੈਣ ਲਈ ਖ਼ਤਰਨਾਕ ਮਾਤਰਾ ਵਿਚ ਰਸਾਇਣਕ ਖਾਦਾਂ ਦੀ ਵਰਤੋਂ ਨੇ ਵੀ ਪੰਜਾਬ ‘ਚ ਕੈਂਸਰ ਦੇ ਕਹਿਰ ਨੂੰ ਵਧਾਉਣ ‘ਚ ਯੋਗਦਾਨ ਪਾਇਆ ਹੈ। ਜਿਸ ਤਰ੍ਹਾਂ ਦੀ ਜੀਵਨ-ਜਾਚ, ਕੁਦਰਤ ਪ੍ਰਤੀ ਸੰਵੇਦਨਸ਼ੀਲਤਾ ਅਤੇ ਸਾਦਾ ਰਹਿਣ-ਸਹਿਣ ਅਤੇ ਖਾਣ-ਪੀਣ ਸਿੱਖ ਗੁਰੂ ਸਾਹਿਬਾਨ ਨੇ ਦਰਸਾਇਆ ਹੈ, ਜੇਕਰ ਉਸ ਮੁਤਾਬਕ ਪੰਜਾਬ ਦੇ ਲੋਕ ਜ਼ਿੰਦਗੀ ਜੀਅ ਰਹੇ ਹੁੰਦੇ ਤਾਂ ਪੰਜਾਬ ‘ਚ ਕੈਂਸਰ ਦੀ ਇੰਨੀ ਮਾਰ ਨਹੀਂ ਵਗਣੀ ਸੀ। ਕਿਉਂਕਿ ਪ੍ਰਦੂਸ਼ਣ-ਰਹਿਤ ਵਾਤਾਵਰਨ ਵਿਚ ਰਹਿਣ, ਸ਼ਰਾਬ, ਨਸ਼ਿਆਂ ਤੇ ਫ਼ਿਕਰਾਂ ਤੋਂ ਰਹਿਤ ਸਾਦਾ, ਸਾਫ਼ ਅਤੇ ਸ਼ੁੱਧ ਭੋਜਨ ਖਾਣ ਵਾਲੇ ਵਿਅਕਤੀ ਨੂੰ ਕੈਂਸਰ ਹੋ ਹੀ ਨਹੀਂ ਸਕਦਾ।
ਇਨ੍ਹਾਂ ਸਾਰੇ ਕਾਰਨਾਂ ਨੂੰ ਲੈ ਕੇ ਪੰਜਾਬ ‘ਚ ਕੈਂਸਰ ਵਰਗੀ ਬਿਮਾਰੀ ਦੇ ਪੈਰ ਤੇਜ਼ੀ ਨਾਲ ਪਸਰੇ ਹਨ। ਪਰ ਪੰਜਾਬ ਸਰਕਾਰ ਵਲੋਂ ਸਿਰਫ਼ ‘ਕੈਂਸਰ ਰਾਹਤ ਫ਼ੰਡਾਂ’ ਦੀ ਸਥਾਪਤੀ ਨਾਲ ਹੀ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋਣਾ ਕਾਫ਼ੀ ਨਹੀਂ ਹੈ। ਲੋੜ ਹੈ, ਇਸ ਵੇਲੇ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਦੀ ਤਬਾਹੀ ਕਰ ਰਹੇ ਕੈਂਸਰ ਰੋਗ ਦੀ ਰੋਕਥਾਮ ਲਈ ਵਿਗਿਆਨਕ ਖੋਜਾਂ ਕਰਵਾਈਆਂ ਜਾਣ ਅਤੇ ਪੌਣ-ਪਾਣੀ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣ ਲਈ ਸਰਕਾਰ ਸਖ਼ਤੀ ਵਰਤੇ। ਇਸ ਦੇ ਨਾਲ-ਨਾਲ ਸਮਾਜ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਵਰਗਾਂ ਦੀ ਸਾਂਝੀ ਸ਼ਮੂਲੀਅਤ ਜ਼ਰੀਏ ਲੋਕਾਂ ਨੂੰ ਸਾਦਗੀ ਭਰਪੂਰ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਅਤੇ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕਤਾ ਵੀ ਪੈਦਾ ਕੀਤੀ ਜਾਣੀ ਜ਼ਰੂਰੀ ਹੈ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …