0.9 C
Toronto
Tuesday, January 6, 2026
spot_img
Homeਸੰਪਾਦਕੀਕਿੱਧਰ ਨੂੰ ਜਾਵੇਗਾ ਪਾਕਿਸਤਾਨ ਦਾ ਸਿਆਸੀ ਸੰਕਟ

ਕਿੱਧਰ ਨੂੰ ਜਾਵੇਗਾ ਪਾਕਿਸਤਾਨ ਦਾ ਸਿਆਸੀ ਸੰਕਟ

ਅਖੀਰ ਪਾਕਿਸਤਾਨ ਵਿਚ ਨਵੀਂ ਸਰਕਾਰ ਬਣਨ ਦੀ ਗੱਲ ਸਿਰੇ ਲੱਗ ਗਈ ਹੈ। ਲਗਭਗ ਪਿਛਲੇ 2 ਸਾਲ ਤੋਂ ਪਾਕਿਸਤਾਨ ਵਿਚ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲਦੀ ਰਹੀ ਹੈ। ਇਸ ਵਿਚ ਸਿਆਸੀ ਸਥਿਰਤਾ ਦੀ ਘਾਟ ਰਹੀ ਹੈ। ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੂੰ ਕੁਝ ਹੋਰ ਪਾਰਟੀਆਂ ਨੇ ਕੌਮੀ ਅਸੈਂਬਲੀ ਵਿਚ ਸ਼ਿਕਸਤ ਦੇ ਦਿੱਤੀ ਸੀ। ਇਸ ਤਖ਼ਤ ਪਲਟੇ ਵਿਚ ਇਮਰਾਨ ਖ਼ਾਨ ਦੇ ਕਾਫ਼ੀ ਸਾਥੀ ਵੀ ਸ਼ਾਮਿਲ ਸਨ। ਇਮਰਾਨ ਆਪਣੇ ਸੁਭਾਅ ਅਨੁਸਾਰ ਇਸ ਗੱਲ ਨੂੰ ਪਚਾਅ ਨਹੀਂ ਸੀ ਸਕਿਆ। ਉਂਝ ਉਹ ਹਾਲੇ ਤਕ ਵੀ ਪਾਕਿਸਤਾਨੀ ਲੋਕਾਂ ਵਿਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਲਈ ਉਸ ਨੇ ਹਰ ਹੀਲੇ ਇਸ ਹਾਰ ਦਾ ਬਦਲਾ ਲੈਣ ਲਈ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਲੋਕਾਂ ਨੇ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਸ਼ਹਿ ‘ਤੇ ਭੜਕਾਹਟ ਵਿਚ ਆ ਕੇ ਦੇਸ਼ ਦੀਆਂ ਗਲੀਆਂ-ਬਾਜ਼ਾਰਾਂ ਵਿਚ ਹਰ ਢੰਗ ਤਰੀਕੇ ਨਾਲ ਆਪਣਾ ਗੁੱਸਾ ਜ਼ਾਹਿਰ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੇ ਸਰਕਾਰੀ ਇਮਾਰਤਾਂ, ਫ਼ੌਜ ਦੇ ਟਿਕਾਣਿਆਂ ਅਤੇ ਹੋਰ ਜਾਇਦਾਦਾਂ ‘ਤੇ ਵੀ ਹਮਲੇ ਕੀਤੇ ਸਨ।
ਪਾਕਿਸਤਾਨ ਵਿਚ ਫ਼ੌਜ ਹਮੇਸ਼ਾ ਹੀ ਸ਼ਕਤੀਸ਼ਾਲੀ ਬਣੀ ਰਹੀ ਹੈ, ਜਿਸ ਨੂੰ ਚੁਣੌਤੀ ਦੇਣਾ ਕਦੀ ਵੀ ਆਸਾਨ ਨਹੀਂ ਰਿਹਾ। ਇਹ ਵੀ ਇਕ ਵੱਡਾ ਕਾਰਨ ਸੀ ਕਿ ਅੱਜ ਇਮਰਾਨ ਖ਼ਾਨ ‘ਤੇ ਅਨੇਕਾਂ ਮੁਕੱਦਮੇ ਚੱਲ ਰਹੇ ਹਨ ਅਤੇ ਉਹ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹੈ। ਉਸ ਦੀ ਨਜ਼ਰਬੰਦੀ ਦੌਰਾਨ ਹੀ ਆਮ ਚੋਣਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਵੱਡੀ ਪੱਧਰ ‘ਤੇ ਧਾਂਦਲੀਆਂ ਹੋਣ ਦੀ ਵੀ ਚਰਚਾ ਹੈ। ਸਮੇਂ ਦੇ ਰੰਗ ਦੇਖਣ ਵਾਲੇ ਹੁੰਦੇ ਹਨ। ਕਦੀ ਫ਼ੌਜ ਇਮਰਾਨ ਦੀ ਮਦਦ ਕਰਦੀ ਸੀ ਅਤੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਨੂੰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਭੇਜ ਦਿੱਤਾ ਗਿਆ ਸੀ। ਅੱਜ ਇਮਰਾਨ ਖ਼ਾਨ ਸਲਾਖ਼ਾਂ ਪਿੱਛੇ ਹੈ ਅਤੇ ਨਵਾਜ਼ ਸ਼ਰੀਫ਼ ਦੀ ਪਾਰਟੀ ਹਕੂਮਤ ਸੰਭਾਲ ਰਹੀ ਹੈ। 8 ਫ਼ਰਵਰੀ ਨੂੰ ਪਾਕਿਸਤਾਨ ਵਿਚ ਆਮ ਚੋਣਾਂ ਕਰਵਾਈਆਂ ਗਈਆਂ ਸਨ, ਪਰ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਨੂੰ ਚੋਣ ਨਿਸ਼ਾਨ ਨਹੀਂ ਸੀ ਦਿੱਤਾ ਗਿਆ। ਚੋਣ ਕਮਿਸ਼ਨ ਨੇ ਬਹਾਨਾ ਇਹ ਲਾਇਆ ਸੀ, ਕਿ ਇਸ ਪਾਰਟੀ ਦੀਆਂ ਜਥੇਬੰਦਕ ਚੋਣਾਂ ਸਮੇਂ ਸਿਰ ਨਹੀਂ ਸੀ ਕਰਵਾਈਆਂ ਗਈਆਂ। ਇਸ ਕਾਰਨ ਇਸ ਪਾਰਟੀ ਦੇ ਉਮੀਦਵਾਰਾਂ ਨੇ ਆਜ਼ਾਦਾਨਾ ਤੌਰ ‘ਤੇ ਚੋਣਾਂ ਲੜੀਆਂ।
ਪਿਛਲੇ 16 ਮਹੀਨਿਆਂ ਵਿਚ ਇਮਰਾਨ ਖ਼ਾਨ ਦਾ ਤਖ਼ਤਾ ਪਲਟਣ ਤੋਂ ਬਾਅਦ ਬਣੀ ਸਰਕਾਰ ਵਿਚ ਸ਼ਹਿਬਾਜ ਸ਼ਰੀਫ਼ ਪ੍ਰਧਾਨ ਮੰਤਰੀ ਬਣੇ ਸਨ ਤੇ ਬਿਲਾਵਲ ਭੁੱਟੋ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਸੀ। ਨਵੀਆਂ ਹੋਈਆਂ ਚੋਣਾਂ ਵਿਚ ਵੱਡੀ ਪੱਧਰ ‘ਤੇ ਧਾਂਦਲੀਆਂ ਹੋਣ ਦੇ ਬਾਵਜੂਦ ਇਮਰਾਨ ਖ਼ਾਨ ਦੀ ਪਾਰਟੀ ਵਲੋਂ ਖੜ੍ਹੇ ਆਜ਼ਾਦ ਉਮੀਦਵਾਰਾਂ ਨੂੰ 93 ਸੀਟਾਂ ਪ੍ਰਾਪਤ ਹੋਈਆਂ ਸਨ, ਜਦੋਂ ਕਿ ਨਵਾਜ਼ ਸ਼ਰੀਫ਼ ਦੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਪਾਰਟੀ ਨੂੰ 75 ਸੀਟਾਂ ਮਿਲੀਆਂ ਸਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਤੀਸਰੇ ਨੰਬਰ ‘ਤੇ ਆਈ ਸੀ ਤੇ ਉਸ ਨੂੰ 54 ਸੀਟਾਂ ਮਿਲੀਆਂ ਸਨ। ਮੁਤਾਹਿਦਾ ਕੌਮੀ ਮੁਹਾਜ਼ ਚੌਥੀ ਧਿਰ ਵਜੋਂ ਉੱਭਰਿਆ ਸੀ, ਜਿਸ ਨੂੰ 17 ਸੀਟਾਂ ਮਿਲੀਆਂ ਸਨ। ਕੌਮੀ ਅਸੈਂਬਲੀ ਲਈ ਕੁੱਲ 266 ਵਿਚੋਂ 265 ਸੀਟਾਂ ‘ਤੇ ਚੋਣਾਂ ਹੋਈਆਂ ਸਨ। ਇਸ ਲਈ ਸਰਕਾਰ ਬਣਾਉਣ ਲਈ 133 ਦਾ ਅੰਕੜਾ ਹਾਸਿਲ ਕਰਨਾ ਜ਼ਰੂਰੀ ਸੀ। ਨਵਾਜ਼ ਸ਼ਰੀਫ਼ ਨੇ ਸਥਿਤੀ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਸ਼ਹਿਬਾਜ਼ ਸ਼ਰੀਫ਼, ਜੋ ਕਿ ਪਹਿਲਾਂ ਹੀ ਪ੍ਰਧਾਨ ਮੰਤਰੀ ਸਨ, ਦਾ ਨਾਂਅ ਪੇਸ਼ ਕੀਤਾ। ਦੋ ਹਫ਼ਤਿਆਂ ਦੇ ਲਗਭਗ ਗੱਲਬਾਤ ਤੋਂ ਬਾਅਦ ਸਰਕਾਰ ਬਣਨ ਸੰਬੰਧੀ ਹੁਣ ਸਥਿਤੀ ਸਪੱਸ਼ਟ ਹੋਈ ਹੈ।
ਨਵੇਂ ਪ੍ਰਬੰਧਾਂ ਵਿਚ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪਤੀ ਅਤੇ ਬਿਲਾਵਲ ਭੁੱਟੋ ਦੇ ਪਿਤਾ ਆਸਿਫ਼ ਅਲੀ ਜ਼ਰਦਾਰੀ ਨੂੰ ਰਾਸ਼ਟਰਪਤੀ ਬਣਾਉਣ ਦੇ ਨਾਲ-ਨਾਲ ਉੱਪਰਲੇ ਸਦਨ ਸੈਨੇਟ ਦਾ ਚੇਅਰਮੈਨ ਵੀ ਬਣਾਇਆ ਜਾਏਗਾ ਤੇ ਇਸ ਦੇ ਨਾਲ ਹੀ ਪੰਜਾਬ ਤੇ ਖ਼ੈਬਰ ਪਖ਼ਤੂਨਖਵਾ ਵਿਚ ਇਸ ਪਾਰਟੀ ਦੇ ਗਵਰਨਰ ਵੀ ਬਣਨਗੇ ਤੇ ਬਲੋਚਿਸਤਾਨ ‘ਚ ਵੀ ਪੀਪਲਜ਼ ਪਾਰਟੀ ਦਾ ਹੀ ਮੁੱਖ ਮੰਤਰੀ ਬਣਾਇਆ ਜਾਏਗਾ। ਬਣਨ ਵਾਲੀ ਨਵੀਂ ਸਰਕਾਰ ਦੇ ਸਾਹਮਣੇ ਅਨੇਕਾਂ ਗੰਭੀਰ ਚੁਣੌਤੀਆਂ ਵੀ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਡੀਆਂ ਚੁਣੌਤੀਆਂ ਦੇਸ਼ ਦੀ ਲੜਖੜਾਉਂਦੀ ਆਰਥਿਕਤਾ ਨੂੰ ਸੰਭਾਲਣਾ ਅਤੇ ਪਾਕਿਸਤਾਨ ਲਈ ਖ਼ਤਰਾ ਬਣੇ ਅੱਤਵਾਦੀ ਸੰਗਠਨਾਂ ਨਾਲ ਨਜਿੱਠਣਾ ਹੈ। ਹਾਲੇ ਵੀ ਉੱਥੇ ਫ਼ੌਜ ਦੀ ਤੂਤੀ ਬੋਲਦੀ ਹੈ, ਜੋ ਸਰਕਾਰ ਦੀਆਂ ਨੀਤੀਆਂ ਵਿਚ ਅਕਸਰ ਸਿੱਧਾ ਦਖ਼ਲ ਦਿੰਦੀ ਰਹੀ ਹੈ। ਨਵੀਂ ਸਰਕਾਰ ਵੱਡੇ ਲੋਕ ਫ਼ਤਵੇ ਨਾਲ ਹੋਂਦ ਵਿਚ ਨਹੀਂ ਆ ਰਹੀ, ਇਹ ਕਈ ਪਾਰਟੀਆਂ ਦੇ ਗੱਠਜੋੜ ਨਾਲ ਬਣੇਗੀ, ਜੋ ਕਿ ਇਸ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ। ਇਸੇ ਕਰਕੇ ਸਮੁੱਚੇ ਨਾਜ਼ੁਕ ਹਾਲਾਤ ਨਾਲ ਨਜਿੱਠਣ ਲਈ ਨਵੀਂ ਸਰਕਾਰ ਨੂੰ ਵੱਡੀਆਂ ਮੁਸ਼ਕਿਲਾਂ ਵਿਚੋਂ ਗੁਜ਼ਰਨਾ ਪੈ ਸਕਦਾ ਹੈ।

RELATED ARTICLES
POPULAR POSTS