Breaking News
Home / ਨਜ਼ਰੀਆ / ਹੱਕ-ਸੱਚ ਦੀ ਬੇਖੌਫ ਆਵਾਜ਼ ਜੋਗਿੰਦਰ ਸਿੰਘ ਗਰੇਵਾਲ

ਹੱਕ-ਸੱਚ ਦੀ ਬੇਖੌਫ ਆਵਾਜ਼ ਜੋਗਿੰਦਰ ਸਿੰਘ ਗਰੇਵਾਲ

ਸੰਨ 2013 ਗ਼ਦਰ ਸ਼ਤਾਬਦੀ ਦਾ ਵਰ੍ਹਾ । ਗਦਰ ਸ਼ਤਾਬਦੀ ਕਮੇਟੀ ਦਾ ਸਰਗਰਮ ਕਾਰਕੁੰਨ ਦੇਖਣ ਨੂੰ ਬਜੁਰਗ ਪਰ ਹਿੰਮਤ  ਅਤੇ ਗਤੀਸ਼ੀਲਤਾ ਬਾਕੀ ਕਮੇਟੀ ਮੈਂਬਰਾਂ ਨਾਲੋਂ ਕਿਤੇ ਵਧੇਰੇ। ਹਰ ਮੀਟਿੰਗ ਹਰ ਪਰੋਗਰਾਮ ਵਿੱਚ ਮੋਹਰੀ। ਸਭ ਤੋਂ ਵੱਧ ਜਿਹੜੀ ਗੱਲ ਨੇ ਪ੍ਰਭਾਵਿਤ ਕੀਤਾ ਉਹ ਸੀ ਉਸ ਦਾ ਨੇਤਾਗਿਰੀ ਨਾ ਦਿਖਾਉਣਾ। ਮੇਰੀ ਉਸ ਦੀ ਪਹਿਲੀ ਮੁਲਾਕਾਤ ਹੋਈ ਜਦ ਉਹ ਤੇ ਬਲਦੇਵ ਰਹਿਪਾ ਗ਼ਦਰ ਸ਼ਤਾਬਦੀ ਦੇ ਪ੍ਰੋਗਰਾਮਾਂ ਲਈ ਫੰਡ ਇਕੱਤਰ ਕਰਨ ਲਈ ਸਾਨੂੰ ਮਿਲੇ। ਉਸਦੀਆ ਐਨਕਾਂ ਵਿੱਚੋਂ ਦੇਖਦੀਆ ਜਗਿਆਸੂ ਅੱਖਾਂ , ਉਸਦੇ ਸਹਿਜ ਬੋਲ ਤੇ ਨਿਮਰਤਾ ਭਰੇ ਵਿਹਾਰ ਨੇ ਮੈਨੂੰ ਕੀਲ ਲਿਆ। ਉਸ ਗਦਰ ਸ਼ਤਾਬਦੀ ਵਰ੍ਹੇ ਦੌਰਾਨ ਮੈ ਉਸਦੇ ਨਾਂ ਤੋਂ ਜਾਣੂ ਹੋਣ ਦੇ ਨਾਲ ਨਾਲ ਉਸ ਬਾਰੇ ਕਾਫੀ ਕੁੱਝ ਜਾਣ ਗਿਆ । ਸਹਿਜ ਸੁਭਾਅ ਹੀ ਉਸ ਪ੍ਰਤੀ ਮੇਰਾ ਸਤਿਕਾਰ ਵਧਦਾ ਗਿਆ।
13 ਅਪਰੈਲ 1937 ਨੂੰ ਚੱਕ ਨੰ: 208 ਆਰ ਬੀ  ਜ਼ਿਲਾ ਲਾਇਲਪੁਰ (ਹੁਣ ਫੈਸਲਾਬਾਦ ਪਾਕਿਸਤਾਨ ) ਵਿੱਚ ਪੈਦਾ ਹੋਇਆ ਜੋਗਿੰਦਰ ਸਿੰਘ ਗਰੇਵਾਲ ਅਜੇ ਤਿੰਨ ਸਾਲ ਦਾ ਹੀ ਸੀ ਕਿ ਆਪਣੀ ਭੂਆ ਦੇ ਪਿੰਡ ਰਹਿਣ ਲੱਗ ਪਿਆ। ਜਿੱਥੇ ੳਹ ਮੱਝਾਂ ਚਾਰਨ ਤੋਂ ਡਰਦਾ ਭਾਈ ਸੁਰੈਣ ਸਿੰਘ ਦੀ ਉੰਗਲੀ ਫੜ੍ਹ ਕੇ ਸਕੂਲ ਜਾਣ ਲੱਗਾ। ਚੌਥੀ ਜਮਾਤ ਵਿੱਚ ਪੜ੍ਹਦਿਆਂ ਪਾਕਿਸਤਾਨ ਬਣਨ ਤੇ ਆਪਣੀ ਭੂਆ ਦੇ ਨਾਲ ਹੀ ਤਲਵਨ ਜ਼ਿਲਾ ਜਲੰਧਰ ਆ ਕੇ ਡਿਸਟਰਿਕਟ ਬੋਰਡ ਮਿੱਡਲ ਸਕੂਲ ਪਿਆਓ ਲਿਆਨੀ ਜੰਡਿਆਲਾ ਅਤੇ ਰਾਮਗੜ੍ਹੀਆ ਸਕੂਲ ਫਗਵਾੜਾ ਵਿੱਚ ਪੜ੍ਹਾਈ ਕੀਤੀ। ਜੋਗਿੰਦਰ ਗਰੇਵਾਲ ਉਰਦੂ ਪ੍ਰੀਤਲੜੀ ਦਾ 1947 ਦੇ ਸਮੇਂ ਤੋਂ ਪਾਠਕ ਬਣਿਆ। ਉਹ ਸਕੂਲ ਵਿੱਚ ਪੜ੍ਹਦਿਆਂ ਹੀ ਖੱਬੇ ਪੱਖੀ ਸੋਚ ਵੱਲ ਖਿਚਿਆ ਗਿਆ। ਸੰਨ 1952 ਦੇ ਇਲੈਕਸ਼ਨ ਸਮੇਂ ਬਾਲ ਉਮਰ ਵਿੱਚ ਹੀ ਕਾਮਰੇਡ ਹੰਸਰਾਜ ਤੇ ਹਰੀ ਸਿੰਘ ਧੂਤ ਦਾ ਸਮਰਥਨ ਕੀਤਾ। ਉਹਨਾਂ ਨੇ ਇਕੱਠੇ ਹੋ ਕੇ 1953 ਵਿੱਚ ਕਾ:ਸੁਰਜੀਤ ਨੂੰ ਆਪਣੇ ਪਿੰਡ ਸੱਦਿਆ। ਅੱਠਵੀਂ ਚ ਪੜ੍ਹਦਿਆ ਹੀ ਮੁਜਾਹਰੇ ਵਿੱਚ ਭਾਗ ਲਿਆ। ਜੋਗਿੰਦਰ ਗਰੇਵਾਲ ਦੇ ਦੱਸਣ ਮੁਤਾਬਕ ਭੁਪਿੰਦਰ ਸਿੰਘ ਸਾਇੰਸ ਮਾਸਟਰ ਨੇ ਉਸ ਨੂੰ ਕਮਿਊਨਿਸਟ ਵਿਚਾਰਧਾਰਾ ਦੀ ਪੁੱਠ ਚਾੜ੍ਹੀ। ਭੁਪਿੰਦਰ ਸਿੰਘ ਦਾ ਚਾਪਲੂਸ ਨਾ ਹੋਣਾ ਅਤੇ ਵਿਦਿਆਰਥੀਆਂ ਵਿੱਚ ਹਰਮਨ ਪਿਆਰਤਾ ਪ੍ਰਬੰਧਕਾਂ ਤੋਂ ਬਰਦਾਸਤ ਨਾ ਹੋਈ ਜਿਸ ਕਾਰਨ ਉਸ ਨੂੰ ਸਕੂਲ ਵਿੱਚੋਂ ਹਟਾ ਦਿੱਤਾ। ਇਸ ਤੇ ਜੋਗਿੰਦਰ ਸਿੰਘ ਅਤੇ ਉਸ ਦੇ ਸਾਥੀ ਵਿਦਿਆਰਥੀਆਂ ਨੇ ਆਪਣੇ ਪਿਆਰੇ ਅਧਿਆਪਕ ਦੀ ਬਹਾਲੀ ਲਈ ਹੜਤਾਲ ਕੀਤੀ। ਇਸ ਤਰ੍ਹਂਾ ਦੇ ਹਾਲਤਾਂ ਨੇ ਗਰੇਵਾਲ ਨੂੰ ਇੱਕ ਪਰਪੱਕ ਕਮਿਊਨਿਸਟ ਬਣਾ ਦਿੱਤਾ ਅਤੇ ਉਸ ਦੇ ਸੰਘਰਸ਼ਮਈ ਜੀਵਨ ਦਾ ਮੁੱਢ ਬੱਝਾ। ਕੈਰੋਂ ਰਾਜ ਸਮੇਂ ਪਿੰਡ ਪੰਡਵਾ ਤਹਿਸੀਲ ਫਗਵਾੜਾ ਵਿੱਚ 33 ਪਰਿਵਾਰਾਂ ਨੇ ਸਾਂਝੀ ਖੇਤੀ ਕੀਤੀ ਜਿਹਨਾਂ ਦਾ ਭੋਜਨ ਵੀ ਇੱਕੋ ਰਸੋਈ ਵਿੱਚ ਸਾਂਝਾਂ ਬਣਦਾ ਸੀ। ਇਹਨਾਂ ਵਿੱਚ ਜੋਗਿੰਦਰ ਸਿੰਘ ਗਰੇਵਾਲ ਦਾ ਪਰਿਵਾਰ ਵੀ ਸ਼ਾਮਲ ਸੀ। ਰਾਮਗੜ੍ਹੀਆ ਸਕੂਲ ਵਿੱਚੋਂ ਮੈਟਰਿਕ ਪਹਿਲਾ ਸਥਾਨ ਪ੍ਰਾਪਤ ਕਰ ਕੇ ਪਾਸ ਕੀਤੀ। ਉੱਥੋਂ ਹੀ ਐਫ ਐਸ ਸੀ ਨਾਨ ਮੈਡੀਕਲ ਤੇ ਰਾਮਗੜੀ੍ਹਆ ਪਾਲੀਟੈਕਨਿਕ ਤੋਂ ਇਲੈਕਟਰੀਕਲ ਇੰਜਨੀਅਰਿੰਗ ਦਾ ਡਿਪਲੋਮਾ ਕਰਨ ਤੋਂ ਬਾਅਦ 26 ਅਗਸਤ 1960 ਨੂੰ ਪੰਜਾਬ ਰਾਜ ਬਿਜਲੀ ਬੋਰਡ ਦੀ ਕੋਟਕਪੂਰਾ ਸਬ ਡਵੀਜਨ ਵਿੱਚ ਨੌਕਰੀ ਦੀ ਸ਼ੁਰੂਆਤ ਕੀਤੀ। ਸੰਨ 1961 ਵਿੱਚ ਗਰੇਵਾਲ ਦੀ ਸ਼ਾਦੀ ਜਗਰਾਓਂ ਨਿਵਾਸੀ ਸਕੂਲ ਟੀਚਰ ਰਣਜੀਤ ਕੌਰ ਨਾਲ ਹੋ ਗਈ। ਪੰਜਾਬ ਰਾਜ ਬਿਜਲੀ ਬੋਰਡ ਦੀ ਨੌਕਰੀ ਦੌਰਾਨ ਬਿਜਲੀ ਮੁਲਾਜਮਾਂ ਦੀ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਵਿੱਚ ਸਰਗਰਮ ਹੋ ਗਏ ਤੇ ਪੰਜਾਬ ਸਟੇਟ ਦੇ ਆਫਿਸ ਸੈਕਟਰੀ ਦੇ ਅਹੁਦੇ ਤੇ ਰਹਿ ਕੇ ਜਥੇਬੰਦੀ ਵਿੱਚ ਕੰਮ ਕੀਤਾ। ਜੋਗਿੰਦਰ ਗਰੇਵਾਲ 1968 ਵਿੱਚ ਲਾਈਨ ਸੁਪਰਡੈਂਟ ਦੇ ਤੌਰ ਤੇ ਗੁਰਾਇਆ ਆ ਗਿਆ ਅਤੇ ਉਸ ਤੋਂ ਬਾਦ ਜੇ ਈ -1 ਦੀ ਪਰੋਮੋਸ਼ਨ ਫਗਵਾੜੇ ਹੋ ਗਈ ਤੇ ਡੀਜ਼ਲ ਪਾਵਰ ਹਾਉਸ ਦਾ ਇੰਚਾਰਜ ਲੱਗ ਗਿਆ। ਸੰਨ 1974 ਵਿੱਚ ਰੇਲਵੇ ਦੀ ਦੇਸ਼-ਵਿਆਪੀ ਹੜਤਾਲ ਸਮੇਂ ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਵੀ ਹੜਤਾਲ ਦਾ ਸੱਦਾ ਦਿੱਤਾ। ਨਕੋਦਰ ਹੜਤਾਲ ਹੋਣ ਬਾਰੇ ਬੇਯਕੀਨੀ ਸੀ ਤੇ ਜਥੇਬੰਦੀ ਨੇ ਸਪੈਸ਼ਲ ਤੌਰ ਤੇ ਜੋਗਿੰਦਰ ਗਰੇਵਾਲ ਦੀ ਡਿਊਟੀ ਉੱਥੇ ਲਾ ਦਿੱਤੀ। ਇੱਥੇ ਆਪ ਨੇ ਰੂਪੋਸ਼ ਹੋ ਕੇ ਹੜਤਾਲ ਦੀ ਕਾਮਯਾਬੀ ਲਈ ਕੰਮ ਕੀਤਾ। ਪੁਲਿਸ ਵੀ ਹੱਥ ਧੋ ਕੇ ਪਿੱਛੇ ਪਈ ਹੋਈ ਸੀ ਤੇ ਪਕੜੇ ਗਏ। ਪੁਲਿਸ ਨੇ ਬੰਦ ਗੱਡੀ ਮੰਗਵਾ ਕੇ ਐਸ ਡੀ ਐਮ ਭੁਟਾਨੀ ਦੇ ਪੇਸ਼ ਕੀਤਾ। ਜਮਾਨਤ ਨਾ ਕਰਵਾਉਣ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਜਿੱਥੇ ਇਨਕਲਾਬੀ ਕਵੀ ਪਾਸ਼ ਨਾਲ ਮੁਲਾਕਾਤ ਦਾ ਸਬੱਬ ਬਣਿਆ। ਹੜਤਾਲ ਤਾਂ ਵਾਪਸ ਹੋ ਗਈ ਪਰ ਗਰੇਵਾਲ ਨੂੰ 1 ਸਾਲ ਦੇ ਲੱਗਪੱਗ ਮੁਅੱਤਲ ਰਹਿਣਾ ਪਿਆ।
ਬਤੌਰ ਐਸ ਡੀ ਓ  ਤਰੱਕੀ ਹੋਣ ਤੇ ਗੁਰਾਇਆ ਨਿਯੁਕਤੀ ਹੋਣ ਤੋਂ ਇੱਕ ਮਹੀਨਾ ਬਾਅਦ ਹੀ ਫਗਵਾੜੇ ਬਤੌਰ ਐਸ ਡੀ ਓ ਸਟੋਰ ਦੀ ਨਿਯੁਕਤੀ ਕਰ ਦਿੱਤੀ ਗਈ। ਇੱਥੇ ਜਦੋਂ ਉਸ ਨੇ ਸੁਰਿੰਦਰ ਕੈਰੋਂ ਦੀ ਫੈਕਟਰੀ ਦੇ ਤਿੜਕੇ ਹੋਏ  ਪੋਲ ਰਿਜੈਕਟ ਕਰ ਦਿੱਤੇ ਤਾਂ ਫੈਕਟਰੀ ਦਾ ਇੰਜਨੀਅਰ ਆਇਆ ਤੇ ਸੌਦੇਬਾਜ਼ੀ ਕਰਨ ਲਈ ਆਖਿਆ ਤਾਂ ਜੋਗਿੰਦਰ ਗਰੇਵਾਲ ਨੇ ਜੁਅਰਤ ਕਰ ਕੇ ਉਸ ਦੀ ਆਫਰ ਠੁਕਰਾ ਦਿੱਤੀ। ਉਸ ਤੋਂ ਬਾਅਦ ਹਸ਼ਿਆਰਪੁਰ ਜ਼ਿਲ੍ਹੇ ਵਿੱਚ ਅੱਤੋਵਾਲ ਸਬ-ਡਵੀਜਨ ਵਿੱਚ ਬਤੌਰ ਸਹਾਇਕ- ਐਕਸੀਸਨ  ਨਿਯੁਕਤੀ ਹੋ ਗਈ।
ਜੋਗਿੰਦਰ ਗਰੇਵਾਲ ਸੈਕੂਲਰ ਵਿਚਾਰਾਂ ਦਾ ਧਾਰਨੀ ਹੈ। ਉਹ ਕਹਿੰਦਾ ਹੈ ਕਿ ਇਹ ਗੱਲ ਉਸਨੇ ਆਪਣੇ ਵਿਰਸੇ ‘ਮਾਨੁਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਅਤੇ ਕਮਿਊਨਿਸਟ ਵਿਚਾਰਧਾਰਾ ਤੋਂ ਸਿੱਖੀ ਹੈ। ਉਹ ਜਾਤ-ਪਾਤ ਅਤੇ ਧਰਮ ਦੇ ਨਾਂ ਤੇ ਪਾਈਆਂ ਵੰਡੀਆਂ ਨੂੰ ਮਨੁੱਖਤਾ ਲਈ ਖਤਰਾ ਸਮਝਦਾ ਹੈ ਅਤੇ ਇਹ ਹੈ ਵੀ ਖਤਰਾ। ਸੰਸਾਰ ਪੱਧਰ ਤੇ ਇਸ ਕਾਰਣ ਹੀ ਮਨੁੱਖਤਾ ਦਾ ਘਾਣ ਹੋ ਰਿਹਾ ਹੈ। ਮਾਸੂਮ ਤੇ ਬੇਕਸੂਰ ਲੋਕਾਂ ਦੀਆਂ ਜਾਨਾਂ ਅਜਾਈਂ ਜਾ ਰਹੀਆਂ ਹਨ। ਹਿੰਦ ਸਮਾਚਾਰ ਦੇ ਰਮੇਸ਼ ਦੇ ਕਤਲ ਸਮੇਂ ਉਹ ਫਗਵਾੜਾ ਟਰੇਡ ਯੂਨੀਅਨ ਕੌਂਸਲ ਦਾ ਪਰਧਾਨ ਸੀ। ਬਿਜਲੀ ਮਹਿਕਮੇ ਵਾਲਿਆਂ ਨੇ ਮੁਜਾਹਰਾ ਕੀਤਾ ਜਿਸ ਵਿੱਚ ਉਨ੍ਹਾਂ ਵਲੋਂ ਘੜਿਆ ਨਾਹਰਾ ‘ਨਾ ਹਿੰਦੂ ਰਾਜ ਨਾ ਖਾਲਿਸਤਾਨ, ਯੁਗ ਯੁਗ ਜੀਵੇ ਹਿੰਦੁਸਤਾਨ’ ਸੜਕਾਂ ‘ਤੇ ਗੂੰਜਿਆ।
ਬੇਟੀ ਦੀ ਸ਼ਾਦੀ ਕਨੇਡਾ ਹੋਣ ਕਰ ਕੇ 2 ਜੂਨ 1986 ਨੂੰ ਇੰਮੀਗਰੈਂਟ ਦੇ ਤੌਰ ‘ਤੇ ਕੈਨੇਡਾ ਦਾ ਪਰਵਾਸ ਕਰ ਲਿਆ। ਪਰ ਵਾਪਸ ਇੰਡੀਆ ਜਾਣ ਤੇ ਆਨੰਦਪੁਰ ਸਾਹਿਬ ਦੀ ਪੋਸਟਿੰਗ ਹੋ ਗਈ। ਇੱਥੇ ਇਹਨਾਂ ਨੂੰ ਸ਼ਾਸ਼ਤਰੀ ਮਾਰਕੀਟ ਜਲੰਧਰ ਦੇ ਟਾਇਰ ਡੀਲਰਾਂ ਨਾਲ ਜਦੋ ਜਹਿਦ ਕਰਨੀ ਪਈ ਤੇ ਬਿਜਲੀ ਬੋਰਡ ਨੂੰ ਟਾਇਰਾਂ ਦਾ ਪੂਰਾ ਕੋਟਾ ਦਿਵਾਉਣ ਵਿੱਚ ਕਾਮਯਾਬ ਹੋ ਗਏ। ਕੁੱਝ ਸਮੇਂ ਬਾਦ ਫਿਰ ਪੱਕੇ ਹੀ ਕਨੇਡਾ ਨਿਵਾਸ ਕਰ ਲਿਆ।
ਹੋਰ ਆਮ ਲੋਕਾਂ ਵਾਂਗ ਹੀ ਕੈਨੇਡਾ ਆ ਕੇ ਪਹਿਲਾ ਸਕਿਊਰਿਟੀ ਦੀ ਜੌਬ ਕੀਤੀ ਤੇ ਫਿਰ ਟੈਕਸੀ ਚਲਾਉਣ ਲੱਗ ਪਏ। ਸਮੂਹਕ ਅਤੇ ਜਥੇਬੰਦਕ ਕੰਮਾ ਵਿੱਚ ਲਗਨ ਹੋਣ ਕਰ ਕੇ 1989-90 ਵਿੱਚ ਪਰਮਜੀਤ ਸਰਾਂ ਤੋਂ ਬਾਅਦ ਕਿਪਲਿੰਗ ਕੈਬ ਸੰਸਥਾ ਦੇ ਪਰਧਾਨ ਬਣਾਏ ਗਏ। ਇੱਥੇ ਇਨ੍ਹਾਂ ਨੇ ਡਰਾਈਵਰਾਂ ਨੂੰ ਵਧੀਆ ਡਰੈੱਸ , ਟਾਈ ਵਾਲੇ, ਡਸਿਪਲਨਡ ਪੂਰੇ ਪ੍ਰੋਫੈਸ਼ਨਲਾਂ ਦਾ ਰੂਪ ਧਾਰਨ ਕਰਵਾ ਦਿੱਤਾ। ਇਸ ਤੋਂ ਬਾਅਦ ਰੇਨਬੋਅ ਟੈਕਸੀ ਸੰਸਥਾ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਕੇ ਟੈਕਸੀ ਡਰਾਈਵਰਾਂ ਲਈ ਜਦੋ-ਜਹਿਦ ਕੀਤੀ। ਫਿਰ ਟੋਰਾਂਟੋ ਦੀ ਸਿਰ ਕੱਢਵੀਂ ਜਥੇਬੰਦੀ ਈਸਟ ਇੰਡੀਆ ਵਰਕਰਜ ਐਸੋਸੀਏਸ਼ਨ ਦੇ  ਸਪੋਕਸਪਰਸਨ ਦੇ ਅਹੁਦੇ ਕੰਮ ਕੀਤਾ। ਜੋਗਿੰਦਰ ਸਿੰਘ ਗਰੇਵਾਲ ਹਮੇਸ਼ਾਂ ਤੋਂ ਹੀ ਕਿਰਤੀਆਂ ਅਤੇ ਹੇਠਲੇ ਤਬਕੇ ਦੇ ਲੋਕਾਂ ਦਾ ਹਮਦਰਦ ਰਿਹਾ ਹੈ। ਕਨੇਡਾ ਵਿੱਚ ਰਫਿਊਜੀਆਂ ਦੇ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਇੰਮੀਗਰੇਸ਼ਨ ਦੁਆਉਣ ਲਈ ਬਹੁਤ ਜਦੋਜਹਿਦ ਕੀਤੀ ਫਲਸਰੂਪ 5000 ਦੇ ਲੱਗਪੱਗ ਦੇ ਇੰਮੀਗਰੇਸ਼ਨ ਦੇ ਆਰਡਰ ਹੋ ਗਏ ਪਰ ਪਾਸਪੋਰਟਾਂ ਦਾ ਅੜਿੱਕਾ ਪੈ ਗਿਆ। ਕੌਂਸਲੇਟ ਕੁਮਾਰ ਨੇ ਪਾਸਪੋਰਟ ਬਣਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਲਈ ਵੱਖ ਵੱਖ ਪਹਿਲੂਆਂ ਤੇ ਵਿਚਾਰ ਕਰਨ ਉਪਰੰਤ ( ਸੰਨ 1992 ਵਿੱਚ) ਬਲੂਰ-ਯੰਗ ਸਟਰੀਟ ਤੇ ਕੌਂਸਲੇਟ ਦਫਤਰ ਅੱਗੇ ਮੁਜਾਹਰਾ ਕੀਤਾ ਗਿਆ। ਇਸ ਮੁਜਾਹਰੇ ਸਮੇਂ ਮੁੱਖ ਧਾਰਾ ਮੀਡੀਏ ਦੇ ਸੰਨ ਅਖਬਾਰ ਵਲੋਂ ਗਰੇਵਾਲ ਸਾਹਿਬ ਦੀ ਇੰਟਰਵਿਊ ਲਈ। ਇਸ ਤੋਂ ਬਾਅਦ ਕੁਮਾਰ ਦੀ ਥਾਂ ‘ਤੇ ਮੈਨਨ ਆ ਗਿਆ। ਕੁੱਝ ਲੋਕ ਜਾਤੀ ਅਸਰ ਰਸੂਖ ਵਰਤ ਕੇ ਪਾਸਪੋਰਟ ਬਣਵਾਉਣਾ ਚਾਹੁੰਦੇ ਸਨ। ਪਰ ਜੋਗਿੰਦਰ ਗਰੇਵਾਲ ਦੀ ਜਥੇਬੰਦਕ ਪਹੁੰਚ ਹੋਣ ਕਰਕੇ ਇਨ੍ਹਾ ਦਾ ਇਹ ਸਪਸ਼ਟ ਕਹਿਣਾ ਸੀ ਕਿ ਮੈਂ ਕਿਸੇ ਦੀ ਜਾਤੀ ਸਿਫਾਰਸ਼ ਨਹੀਂ ਕਰਨੀ। ਜੋ ਵੀ ਹੁਕਮ ਲਾਗੂ ਹੋਵੇ ਸਭਨਾ ਤੇ ਹੋਵੇ।
ਜੋਗਿੰਦਰ ਗਰੇਵਾਲ ਨੇ ਮਸਲੇ ਨੂੰ ਬੜੇ ਵਧੀਆ ਢੰਗ ਨਾਲ ਨਜਿੱਠਿਆ। ਫਾਰਨ ਸੈਕਟਰੀ ਨੂੰ ਡੀ ਓ ਲੈਟਰ ਲਿਖੇ ਕਿ ਇਹ ਲੋਕ ਰਾਜਨੀਤਕ ਰਫਿਊਜੀ ਨਹੀਂ ਸਗੋਂ ਇਕਨਾਮਿਕ ਰਫਿਊਜੀ ਹਨ। ਇੰਡੀਆ ਦੇ ਸੰਵਿਧਾਨ ਨੂੰ ਮੰਨਦੇ ਹਨ ਅਤੇ ਆਪਣੇ ਦੇਸ਼ ਲਈ ਵਫਾਦਾਰ ਹਨ। ਇਸ ਲੰਬੀ ਜਦੋ ਜਹਿਦ ਤੋਂ ਬਾਅਦ ਪਾਸਪੋਰਟ ਬਣ ਗਏ ਤੇ ਨਾਲ ਦੀ ਨਾਲ ਹੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇੰਮੀਗਰੇਸ਼ਨ ਮਿਲ ਗਈ। ਇਹ ਜੋਗਿੰਦਰ ਸਿੰਘ ਗਰੇਵਾਲ ਤੇ ਸਾਥੀਆਂ ਦੀ ਸੂਝ ਬੂਝ ਦਾ ਨਤੀਜਾ ਸੀ ਕਿ ਸਮੂਹਿਕ ਤੌਰ ਤੇ ਇੱਕ ਵੱਡਾ ਮਸਲਾ ਹੱਲ ਹੋ ਗਿਆ।
ਜੋਗਿੰਦਰ ਗਰੇਵਾਲ ਸਿਰਫ ਹੱਕ ਸੱਚ ਤੇ ਪਹਿਰਾ ਦੇਣ ਵਾਲੀ ਸਖਸੀਅਤ ਹੀ ਨਹੀਂ ਉਹ ਸਾਹਿਤਕ ਰੁਚੀਆਂ ਦਾ ਮਾਲਕ ਅਤੇ ਪੱਤਰਕਾਰ ਵੀ ਹੈ। ਸੰਨ 1996 ਤੋਂ ਲੈ ਕੇ 2008 ਤੱਕ ਆਪਣੇ ਦਾਮਾਦ ਵਕੀਲ ਹਰਮਿੰਦਰ ਢਿੱਲੋਂ ਨਾਲ ਮਿਲ ਕੇ ਉਸ ਨੇ ਸੈਕੁਲਰ ਅਖਬਾਰ ‘ਪੰਜ ਪਾਣੀ’ ਚਲਾਇਆ। ਵਡੇਰੀ ਉਮਰ ਹੋਣ ਅਤੇ ਸਿਹਤ ਪੱਖੋਂ ਢਿੱਲਾ ਹੋਣ ਦੇ ਬਾਵਜੂਦ ਉਹ ਪੂਰੇ ਸਿਰੜ ਨਾਲ ਲੋਕ ਜਥੇਬੰਦੀਆਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਦੂਜਿਆਂ ਲਈ ਰਾਹ ਦਿਖਾਵਾ ਬਣਦਾ ਹੈ। ਹੱਕ ਅਤੇ ਸੱਚ ਤੇ ਉਹ ਪੂਰੇ ਤਾਣ ਨਾਲ ਪਹਿਰਾ ਦਿੰਦਾ ਹੈ। ‘ਕਾਮਾਗਾਟਾ ਸ਼ਤਾਬਦੀ’ ਸਮਾਗਮ ਸਮੇਂ ਜਦ ਕੁੱਝ ਲੋਕਾਂ ਵਲੋਂ ਤਰਕਸ਼ੀਲ ਸੁਸਾਇਟੀ ਦਾ ਵਿਰੋਧ ਹੋ ਰਿਹਾ ਸੀ ਤਾਂ ਇਹ ਜੋਗਿੰਦਰ ਸਿੰਘ ਗਰੇਵਾਲ ਹੀ ਸੀ ਜਿਸਨੇ ਹਿੱਕ ਠੋਕ ਕੇ ਕਿਹਾ ਸੀ ਜੇ ਅਸੀਂ ਕਾਮਾਗਾਟਾਮਾਰੂ ਸ਼ਤਾਬਦੀ ਹੀ ਨਹੀਂ ਮਨਾ ਸਕਦੇ ਤਾਂ ਸਾਡੀ ਜ਼ਿੰਦਗੀ ਦਾ ਕੀ ਮਕਸਦ ਹੈ। ਤਰਕਸ਼ੀਲ ਸੁਸਾਇਟੀ ਨੇ ਅਨੇਕਾਂ ਔਕੜਾਂ ਦੇ ਬਾਵਜੂਦ ਉਹ ਸਮਾਗਮ ਬੜੀ ਸਫਲਤਾ ਨਾਲ ਕੀਤਾ। ਅਜਿਹੇ ਗੁਣਾਂ ਕਾਰਨ ਲਈ ਕਮਿਊਨਿਟੀ ਵਿੱਚ ਉਸਦਾ ਸਥਾਨ ਬਹੁਤ ਉੱਚਾ ਹੈ।
ਗਰੇਵਾਲ ਸਾਹਿਬ ਦਾ ਲੋਕਾਂ ਵਿੱਚ ਬਹੁਤ ਮਾਣ ਸਨਮਾਨ ਹੈ। ਵਡੇਰੀ ਉਮਰ ਤੇ ਸਿਹਤ ਸਾਥ ਨਾ ਦੇਣ ਦੇ ਬਾਵਜੂਦ ਉਹ ਪ੍ਰਬੰਧਕਾਂ ਤੇ ਸੱਦੇ ਤੇ ਪ੍ਰੋਗਰਾਮਾਂ ਵਿੱਚ ਜਰੂਰ ਜਾ ਹਾਜ਼ਰ ਹੁੰਦੇ ਹਨ। ਗਦਰੀ ਬਾਬਿਆਂ, ਭਗਤ ਸਿੰਘ ਤੇ ਸਾਥੀ ਸ਼ਹੀਦਾਂ, ਊਧਮ ਸਿੰਘ ਅਤੇ ਲੋਕਾਂ ਦੀ ਖਾਤਰ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੇ ਪ੍ਰੋਗਰਾਮਾਂ ਵਿੱਚ ਜਾਣ ਤੋਂ ਵਾਹ ਲੱਗੀ ਨਹੀਂ ਖੁੰਝਦੇ। ਪਿਛਲੇ ਸਾਲ ਮਹਾਨ ਕਵੀਸ਼ਰ ਕਰਨੈਲ ਸਿੰਘ ਬਾਰੇ ਡਾਕੂਮੈਂਟਰੀ ਗਰੇਵਾਲ ਸਾਹਿਬ ਹੱਥੋਂ ਰਿਲੀਜ ਕਰਵਾਉਣਾ ਇਸ ਗੱਲ ਦਾ ਸਬੂਤ ਹੈ ਕਿ ਸਮਾਜ ਵਿੱਚ ਉਨ੍ਹਾਂ ਦਾ ਕਿੰਨਾ ਮਾਨ ਹੈ। ਪਿਛਲੇ ਸਮੇਂ ਵਿੱਚ ਉਨ੍ਹਾ ਦੀ ਜੀਵਣ ਸਾਥਣ ਰਣਜੀਤ ਕੌਰ ਦੀ ਮੌਤ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਫਿਰ ਵੀ ਸਿਦਕਦਿਲੀ ਨਾਲ ਆਪਣੇ ਰਾਹ ਤੇ ਚੱਲ ਰਹੇ ਹਨ। ਸਰੀਰਕ ਤੌਰ ਤੇ ਕਮਜ਼ੋਰ ਹੋਣ ਦੇ ਬਾਵਜੂਦ ਉਹ ਮਾਨਸਿਕ ਤੌਰ ਤੇ ਬੇਹੱਦ ਤਕੜਾ ਹੈ। ਸਮਗਮਾਂ ਵਿੱਚ ਉਸਦੀ ਜ਼ਬਾਨ ਵਿੱਚੋਂ ਸਹਿਜੇ ਸਹਿਜੇ ਨਿੱਕਲੇ ਬੋਲ ਹੋਰਨਾਂ ਲਈ ਮਾਰਗ ਦਰਸ਼ਕ ਬਣ ਜਾਂਦੇ ਹਨ।
-ਹਰਜੀਤ ਬੇਦੀ

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …