Breaking News
Home / ਰੈਗੂਲਰ ਕਾਲਮ / ਕਦੋਂ ਦਿਨ ਚੜੂ ਤੇ ਕਦੋਂ ਸੰਧੂ ਆਊ?

ਕਦੋਂ ਦਿਨ ਚੜੂ ਤੇ ਕਦੋਂ ਸੰਧੂ ਆਊ?

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਅੱਜ 23 ਜੁਲਾਈ 2017 ਦੇ ਐਤਵਾਰ ਦਾ ਦਿਨ ਮੇਰੇ ਵਾਸਤੇ ਬੜਾ ਅਹਿਮ ਦਿਨ ਹੈ। ਅੱਜ ਮੇਰੀ ਲਘੂ ਫਿਲਮ ‘ਜੱਜ ਮੈਡਮ’ ਦੀ ਸ਼ੂਟਿੰਗ ਮੁਕੰਮਲ ਹੋਈ ਹੈ। ਇਸ ਤੋਂ ਪਹਿਲਾਂ ਮੇਰੀ ਸਵੈ-ਜੀਵਨੀ ‘ਤੇ ਅਧਾਰਤ ਪੁਸਤਕ ‘ਜੱਜ ਦਾ ਅਰਦਲੀ’ ਉਤੇ 2005 ਵਿਚ ਫਿਲਮ ਬਣੀ ਸੀ ਤੇ ਉਸਨੂੰ ਮੇਰੀ ਆਸ ਤੋਂ ਵੀ ਵਧੇਰੇ ਹੁੰਗਾਰਾ ਮਿਲਿਆ ਸੀ। ਉਸ ਫਿਲਮ ਨੂੰ ਬਣਾਉਣ ਦਾ ਵਿਚਾਰ ਮੇਰੇ ਮਨ ਵਿਚ 2005 ਦੀ ਲੰਡਨ ਯਾਤਰਾ ਸਮੇਂ ਆਇਆ ਸੀ। ਸਾਊਥਾਲ ਦੇ ‘ਦੇਸੀ ਰੇਡੀਓ’ ਨੇ ‘ਜੱਜ ਦਾ ਅਰਦਲੀ’ ਉਤੇ ਮੇਰੇ ਪਾਸੋਂ ਇੱਕ ਲੜੀਵਾਰ ਰੇਡੀਓ ਰੂਪਾਂਤਰ ਤਿਆਰ ਕਰਵਾਇਆ।
ਇਸ ਵਿਚ ਮੁੱਖ ਕਿਰਦਾਰ ਮੇਰਾ ਹੀ ਸੀ ਅਰਦਲੀ ਵਾਲਾ ਤੇ ਜੱਜ ਦੇ ਕਿਰਦਾਰ ਵਿਚ ਸਾਊਥਾਲ ਰਹਿੰਦਾ ਉੱਘਾ ਅਦਾਕਾਰ ਚਰਨਜੀਤ ਸੰਧੂ ਹਾਜ਼ਰ ਨਾਜ਼ਰ ਸੀ। ਸੰਧੂ ਦਾ ਬਠਿੰਡਵੀ ਮਲਵਈ ਹੋਣ ਕਾਰਨ ਸਾਡੀ ਸੁਰ ਵਾਹਵਾ ਰਲੀ ਸੀ। ਅਸੀਂ ਸਾਰਾ ਦਿਨ ਰੇਡੀਓ ਲਈ ਕੰਮ ਕਰਦੇ ਤੇ ਮੈਂ ਦੇਰ ਰਾਤ ਜਦ ਰੇਡੀਓ ਦੇ ਉਪਰਲੇ ਹਿੱਸੇ ਵਿਚ ਜਾ ਕੇ ਸੌਂਦਾ ਤਾਂ ਫਿਰ ਵੀ ਨੀਂਦ ਨੇੜੇ ਨਾ ਢੁੱਕਦੀ। ਕਿਸੇ ਨਵੀਂ ਸਿਰਜਣਾ ਲਈ ਖਿਆਲ ਆਉਂਦੇ ਰਹਿੰਦੇ ਤੇ ਕੁਝ ਪਿੱਛੇ ਪੰਜਾਬ ਦੇ ਫਿਕਰ ਸਤਾਉਂਦੇ ਤੇ ਵੀ ਤੇ ਘਰ ਪਰਿਵਾਰ ਦੇ ਵੀ। ਇੱਕ ਰਾਤ ਮੇਰੇ ਖਿਆਲ ਨੇ ਲੰਬੀ ਉਡਾਰੀ ਭਰੀ ਕਿ ਜੇਕਰ ‘ਜੱਜ ਦਾ ਅਰਦਲੀ’ ਉਤੇ ਰੇਡੀਓ ਸੀਰੀਅਲ ਬਣ ਸਕਦਾ ਹੈ ਤਾਂ ਟੈਲੀਫਿਲਮ ਕਿਉਂ ਨਹੀਂ? ਆਪਣੇ ਆਪ ਨੂੰ ਸਵਾਲ ਕੀਤਾ ਸੀ। ਤੇ ਉਸੇ ਪਲ ਤੋਂ ਇਸ ਬਾਬਤ ਸੋਚ-ਸਿਰਜਣਾ ਸ਼ੁਰੂ ਹੋ ਗਈ ਸੀ। ਮਨ ਹੀ ਮਨ ਸੋਚਣ ਲੱਗਿਆ ਸਾਂ ਕਿ ਅੜਬ ਜੱਜ ਦਾ ਰੋਲ ਤਾਂ ਫਿਰ ਇਹੋ ਸੰਧੂ ਹੀ ਕਰ ਸਕਦੈ, ਜੋ ਹੁਣ ਰੇਡੀਓ ਲਈ ਵੀ ‘ਕਿਆ ਬਾਤ ਐ’ ਦਾ ਕਰੀ ਜਾ ਰਿਹਾ ਹੈ। ਬੜੀ ਕਹਾਣੀ ਫਿੱਟ ਬੈਠੂ! ਕਦੋਂ ਦਿਨ ਚੜੂ ਤੇ ਕਦੋਂ ਸੰਧੂ ਆਊ? ਮੈਂ ਆਪਣੀ ਸਕੀਮ-ਸੋਚ ਬਾਰੇ ਦੱਸਾਂ ਉਸਨੂੰ! ਮੈਂ ਬੇਸਬਰੀ ਨਾਲ ਸਮੇਂ ਦੀ ਉਡੀਕ ਕਰਨ ਲੱਗਿਆ ਤੇ ਘੜੀ ਉਤੇ ਕਈ ਵਾਰ ਵਕਤ ਵੇਖਿਆ। ਦੇਰ ਸਵੇਰੇ ਸੁੱਤਾ ਤੇ ਫਿਰ ਵੀ ਸਮੇਂ ਸਿਰ ਉੱਠਿਆ। ਸੰਧੂ ਪੇਸ਼ੇ ਵਜੋਂ ਅਦਾਕਾਰ ਨਹੀਂ। ਉਹ ਸ਼ੌਕੀਆ ਕਲਾਕਾਰ ਹੈ ਤੇ ਬੜਾ ਰਲੌਟਾ ਬੰਦਾ ਹੈ। ਅਦਾਕਾਰੀ ਉਹਦੇ ਰੋਮ-ਰੋਮ ਵਿਚ ਰਚੀ ਹੋਈ ਹੈ। ਲੰਬੇ ਸਮੇਂ ਤੋਂ ਲੰਡਨ ਨੂੰ ਰੰਗ-ਭਾਗ ਲਾ ਰਿਹਾ ਹੈ।
ਸੰਧੂ ਆਇਆ। ਅਸੀਂ ਚਾਹ ਪੀਣ ਲੱਗੇ ਵੱਡੇ ਲੰਡਨੀਂ ਕੱਪਾਂ ਵਿਚ। ਚਾਹ ਸਵੇਰੇ ਮੈਂ ਹੀ ਬਣਾਉਂਦਾ। ਬਣਾਉਣੀ ਕੀ ਹੁੰਦੀ ਸੀ ਕੱਪਾਂ ਵਿਚ ਤੱਤਾ ਪਾਣੀ ਭਰਦਾ ਤੇ ਚਾਹ ਦੀਆਂ ਪੁੜੀਆਂ ਸੁੱਟ੍ਹ ਕੇ ਚੁਲੀ-ਚੁਲੀ ਦੁੱਧ ਦੀ ਸੁੱਟ੍ਹ ਲੈਂਦਾ ਸਾਂ। ਨਾਲ ਗੋਲ ਵੱਡੇ ਬਿਸਕੁਟ ਦਾ ਇੱਕ ਇੱਕ ਪੀਸ। ਚਾਹ ਪੀਂਦਿਆਂ ਹੀ ਮੈਂ ਸੰਧੂ ਨੂੰ ਆਪਣੇ ‘ਦਿਲ ਦੀ ਚਾਹ’ ਦੱਸੀ ਤਾਂ ਉਹ ਸੁਣਦੇ ਸਾਰ ਚਹਿਕ ਪਿਆ, ”ਬੱਲੇ ਉਏ ਸ਼ੇਰਾ, ਅੱਜ ਕੀਤੀ ਕੰਮ ਦੀ ਗੱਲ, ਏਹ ਤਾਂ ਹੋਣਾ ਚਾਹੀਦੈ ਜਲਦੀ ਕੰਮ, ਜੱਜ ਤਾਂ ਫਿਰ ਮੈਂ ਹੀ ਬਣੂੰ ਤੇ ਤੂੰ ਅਰਦਲੀ, ਚੱਕ ਦਿਆਂਗੇ ਫੱਟੇ, ਪੈਸੇ ਵੀ ਸਾਰੇ ਮੈਂ ਈ ਲਾਊਂ ਫਿਲਮ ‘ਤੇ, ਦੱਸ ਕਦੋਂ ਸ਼ੂਟਿੰਗ ਕਰਨੀ ਐ, ਮੈਂ ਕਦੋਂ ਟਿਕਟ ਬੁੱਕ ਕਰਵਾਵਾਂ ਇੰਡੀਆ ਦੀ ਤੇ ਤੂੰ ਛੇਤੀ-ਛੇਤੀ ਇਸਦੀ ਸਕਰਿਪਟ ਲਿਖਦੇ ਨਾਲੇ।” ਸੰਧੂ ਮੇਰੇ ਨਾਲੋਂ ਵੀ ਬੇਸਬਰਾ ਹੋ ਗਿਆ ਸੀ ਮੇਰੀ ਹਿੱਕ ਹੋਰ ਠਰ ਗਈ ਸੀ, ਜਦੋਂ ਉਸ ਕਿਹਾ ਸੀ ਕਿ ਸਾਰੇ ਪੈਸੇ ਮੈਂ ਹੀ ਲਾਊਂ ਫਿਲਮ ‘ਤੇ…। ਖੈਰ!
ਰੇਡੀਓ ਦੇ ਕੰਮ ਤੋਂ ਬਾਅਦ ਵਿਹਲਾ ਹੋ ਕੇ ਜਦ ਮੈਂ ਕਮਰੇ ਵਿਚ ਜਾਂਦਾ ਤਾਂ ਸਾਰਾ ਧਿਆਨ ਫਿਲਮ ਬਣਾਉਣ ‘ਤੇ ਲੱਗਣ ਲਗਦਾ ਤੇ ਇੱਕ ਅੱਧ ਵਾਰ ਸੁਪਨਾ ਵੀ ਆਇਆ ਕਿ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ। ਮੈਂ ਲੰਡਨੋਂ ਵਾਪਸ ਆ ਗਿਆ।
ਸਕਰਿਪਟ ਲਿਖੀ ਆਪੇ। ਕਾਫੀ ਵੱਡੀ ਬਣ ਗਈ। ਸੰਧੂ ਇੰਡੀਆ ਨਾ ਆਇਆ ਉਸਦੀ ਕੋਈ ਮਜਬੂਰੀ ਬਣ ਗਈ ਤੇ ਉਸ ਹੱਥ ਖੜ੍ਹੇ ਕਰ ਦਿੱਤੇ ਕਿ ਮੈਂ ਇਹ ਕਾਰਜ ਨਹੀਂ ਕਰ ਸਕਦਾ। ਪਰ ਮੈਂ ਮਨ ਵਿਚ ਠਾਣ ਲਈ ਸੀ ਕਿ ਚਾਹੇ ਕੁਝ ਵੀ ਹੋਜੇ ਮੈਂ ਇਹ ਕੰਮ ਕਰ ਕੇ ਹੀ ਰਹੂੰਗਾ।
ਮਨ ਨੇ ਆਪੇ ਕਿਹਾ ਕਿ ਅੜਬ ਤੇ ਸ਼ਰਾਬੀ ਜੱਜ ਵਾਲਾ ਰੋਲ ਸਿਰਫ਼ ਹਰਭਜਨ ਜੱਬਲ ਹੀ ਕਰ ਸਕਦਾ ਹੈ। ਜੱਬਲ ਨੂੰ ਸਿਰਫ ਦੇਖਿਆ ਹੀ ਹੋਇਆ ਸੀ ਮੈਡਮ ਜਤਿੰਦਰ ਹੁਰਾਂ ਨਾਲ, ਮਿਲਿਆ ਕਦੇ ਨਹੀਂ ਸਾਂ। ਆਖਿਰ ਜੱਬਲ ਦਾ ਫੋਨ ਨੰਬਰ ਲੱਭਿਆ ਤੇ ਉਸ ਨਾਲ ਲੰਬੀ ਚੌੜੀ ਗੱਲ ਕੀਤੀ। ਸ਼ੂਟਿੰਗ ਦੀ ਤਾਰੀਕ ਮਿਥੀ ਗਈ। ਵਿੰਨੀਪੈਗ ਵਾਲੇ ਰਾਜ ਮਾਨ ਨੇ ਡੇਢ ਲੱਖ ਰੁਪਈਆ ਭੇਜ ਦਿੱਤਾ ਤੇ ਅੱਸੀ ਕੁ ਹਜ਼ਾਰ ਮੈਂ ਕੋਲੋਂ ਲਾਇਆ ਤੇ ਫਿਲਮ ਤਿਆਰ ਹੋ ਗਈ।
ਪਹਿਲਾਂ ਇਸਨੂੰ ਫਾਈਨਟੋਨ ਨੇ ਰਿਲੀਜ਼ ਕੀਤਾ ਤੇ ਫਿਰ ਟੀ.ਸੀਰੀਜ ਨੇ ਤੇ ਫਿਰ ਟੋਰਾਂਟੋ ਵਾਲੇ ਸਰਬਜੀਤ ਸਰੋਆ ਦੀ ਕੰਪਨੀ ਪਲੈਨਿਟ ਰੈਕਡ ਨੇ। ਹੱਦੋਂ ਵੱਧ ਹੁਗਾਰੇ ਨੇ ਮੇਰੇ ਹੌਸਲੇ ਵਧਾ ਦਿੱਤੇ ਸਨ। ਜੱਬਲ ਵੀ ਬਹੁਤ ਖੁਸ਼ ਸੀ ਕਿ ਉਸਨੂੰ ਕਿਸੇ ਫਿਲਮ ਵਿਚ ਏਨਾ ਲੰਬਾ ਰੋਲ ਮਿਲਿਆ ਹੈ। ਉਸਨੇ ਸ਼ਰਾਬੀ ਜੱਜ ਵਾਲਾ ਕਿਰਦਰ ਖੁੱਭ ਕੇ ਨਿਭਾਇਆ ਸੀ।
ੲੲੲ
2008 ਦੀ ਗੱਲ ਹੋਵੇਗੀ ਕਿ ਜੱਬਲ ਹੁਰਾਂ ਨਾਲ ਇੱਕ ਹੋਰ ਟੈਲੀਫਿਲਮ ‘ਟੱਬਰ ਸੇਖ ਚਿਲੀਆਂ ਦਾ’ ਕਰਨ ਦਾ ਮੌਕਾ ਮਿਲਿਆ, ਜੋ ਸ਼ੀਮਾਰੂ ਕੰਪਨੀ ਬੰਬਈ ਨੇ ਰਿਲੀਜ਼ ਕੀਤੀ। ਸ਼ੂਟਿੰਗ ਸਮੇਂ ਜਦ ਮੈਡਮ ਜਤਿੰਦਰ ਕੌਰ ਮਿਲੇ ਤਾਂ ਉਹਨਾਂ ਪਾਸੇ ਹੋ ਕੇ ਭਾਰਾ ਉਲਾਂਭਾ ਦਿੱਤਾ ਕਿ ਤੂੰ ‘ਜੱਜ ਦਾ ਅਰਦਲੀ’ ਫਿਲਮ ਕਰਨ ਵੇਲੇ ਮੈਨੂੰ ਕਿਉਂ ਭੁੱਲ ਗਿਆ ਸੀ? ਇਕੱਲੇ ਜੱਬਲ ਨੂੰ ਹੀ ਕਿਉਂ ਲਿਆ ਤੁੰ? ਮੈਂ ਕਿੱਥੈ ਗਈ ਸਾਂ? ਮੈਂ ਕੁਝ ਨਾ ਬੋਲਿਆ। ਫਿਰ ਜੱਬਲ ਸਾਹਬ ਚੜ੍ਹਾਈ ਕਰ ਗਏ ਤਾਂ ਉਹਨਾਂ ਦੇ ਪਰਿਵਾਰ ਤੇ ਚਹੇਤਿਆਂ ਵੱਲੋਂ ਹਰਭਜਨ ਜੱਬਲ ਪੁਰਸਕਾਰ ਨਾਲ ਮੇਰਾ ਸਨਮਾਨ ਕੀਤਾ ਗਿਆ। ਇਹ ਪੁਰਸਕਾਰ ਭੇਟ ਕਰਨ ਲਈ ਨਾਟ ਸ਼ਾਲਾ ਅੰਮਿਰਤਸਰ ਵਿਚ ਇੱਕ ਵੱਡਾ ਸਮਾਗਮ ਹੋਇਆ। ਮੈਡਮ ਜਤਿੰਦਰ ਕੌਰ, ਘੁੱਲੇ ਸ਼ਾਹ, ਸੁਖਬੀਰ, ਕੇਵਲ ਧਾਲੀਵਾਲ ਸਮੇਤ ਉੱਘੀਆਂ ਹਸਤੀਆਂ ਹੱਥੋਂ ਇਹ ਪੁਰਸਕਾਰ ਦਿਵਾਇਆ ਗਿਆ। ਮੈਡਮ ਜਤਿੰਦਰ ਕੌਰ ਦੀਆਂ ਅੱਖਾਂ ਵਿਚ ਹੰਝੂ ਸਨ। ਮੇਰੇ ਮੂੰਹੋਂ ਨਿਕਲਿਆ ਸੀ, ”ਮੈਡਮ ਆਪਾਂ ਕੋਈ ਫਿਲਮ ਇਕੱਠੇ ਕਰਾਂਗੇ ਜਲਦੀ, ਆਪ ਦਾ ਸੱਚਾ ਉਲਾਂਭਾ ਲਾਹਵਾਂਗੇ।” ਪਰ ਬਹੁਤ ਸਮਾਂ ਬੀਤ ਗਿਆ ਸੀ ਤੇ ਉਹ ਸਮਾਂ ਹੁਣ ਆਇਆ ਸੀ ਕਿ ਮੈਡਮ ਮੇਰੀ ਲਿਖੀ ਕਹਾਣੀ ਦੀ ਫਿਲਮ ਵਿਚ ਜੱਜਣੀ ਦਾ ਰੋਲ ਅਦਾ ਕਰ ਰਹੇ ਸਨ ਤੇ ਮੈਂ ਅਰਦਲੀ ਦਾ।
(ਬਾਕੀ ਅਗਲੇ ਹਫਤੇ)

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …