ਇੱਕ-ਇੱਕ ਸਾਹ ਦੀ ਕੀਮਤ ਭਾਰੀ।
ਅੱਜ ਤੇਰੀ, ਕੱਲ੍ਹ ਮੇਰੀ ਵਾਰੀ।
ਹੱਡ ਭੰਨ ਕੇ ‘ਕੱਠੀ ਕਰਦੈਂ,
ਰਹਿ ਜੂ ਪਿੱਛੇ ਦੌਲਤ ਸਾਰੀ।
ਮੋਢਾ ਤੇਰਾ, ਭਾਰ ਬੇਗਾਨਾ,
ਭੰਗ ਦੇ ਭਾੜੇ ਔਧ ਗੁਜਾਰੀ।
ਦੂਰ ਹੋਣਗੇ ਭਰਮ ਭੁਲੇਖੇ,
ਪਰਖੇਂਗਾ ਜਦ ਵਾਰੋ ਵਾਰੀ।
ਪਛਤਾਵਾ ਹੀ ਰਹਿ ਜੂ ਪੱਲੇ,
ਕਿਉਂ ਨਾ ਪਹਿਲਾਂ ਗੱਲ ਵਿਚਾਰੀ।
ਹੱਕ ਬੇਗਾਨਾ ਕਿਉਂ ਤੂੰ ਖਾਵੇਂ,
ਭੁਗਤੇਂਗਾ ਝੱਲ, ਬੁਰੀ ਬਿਮਾਰੀ।
ਪੱਕਾ ਨਾ ਕੋਈ ਰੈਣ ਬਸੇਰਾ,
ਦੇਹੀ ਵੀ ਇਹ ਮਿਲੀ ਉਧਾਰੀ।
ਕਰ ਨਾ ਮਾਣ ਤੂੰ ਰੁਤਬੇ ਵਾਲ਼ਾ,
ਰਹਿ ਜੂ ਗੀ ਇੱਥੇ ਸਰਦਾਰੀ।
ਖਾਲੀ ਆਇਓ, ਖਾਲੀ ਜਾਣਾ,
ਨਾਲ਼ ਨਾ ਜਾਣਾ ਕੁੱਝ ਸੰਸਾਰੀ।
ਹੀਰੇ ਵਰਗਾ ਜਨਮ ਸੀ ਮਿਲਿਆ,
ਕੌਡੀ ਬਦਲੇ ਬਾਜੀ ਹਾਰੀ।
ਰੰਗ ਜਾ ‘ਉਹਦੇ’ ਰੰਗ ‘ਚ ਬੰਦੇ,
ਭਵਜਲ ਵਿੱਚੋਂ ਲਾ ਲੈ ਤਾਰੀ।
ਛੱਡ ਮਜਾਜ਼ੀ ਇੱਸ਼ਕ ‘ਹਕੀਰ’,
ਨਾਲ ਹਕੀਕੀ ਪਾ ਲੈ ਯਾਰੀ।
ਸੁਲੱਖਣ ਸਿੰਘ
ਫੋਨ 647-786-6329