Breaking News
Home / ਰੈਗੂਲਰ ਕਾਲਮ / ਨਵਜੋਤ ਸਿੱਧੂ ਦਾ ਵਿਦੇਸ਼ਾਂ ਵਿਚ ਵੀ ਪੂਰਾ ਮਾਣ

ਨਵਜੋਤ ਸਿੱਧੂ ਦਾ ਵਿਦੇਸ਼ਾਂ ਵਿਚ ਵੀ ਪੂਰਾ ਮਾਣ

ਕੈਪਟਨ ਇਕਬਾਲ ਸਿੰਘ ਵਿਰਕ

ਡਾ. ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੋਏ ਹਨ ਜਿਨ੍ਹਾਂ ਦੀ ਕਾਬਲੀਅਤ ਅਤੇ ਇਮਾਨਦਾਰੀ ਉੱਪਰ ਕੋਈ ਉਂਗਲ ਨਹੀਂ ਉਠਾ ਸਕਦਾ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ ਕੇਂਦਰ ਸਰਕਾਰ ਵਿਚ ਵਿੱਤ-ਮੰਤਰੀ, ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ, ਕਈ ਯੂਨੀਵਰਸਿਟੀਆਂ ਵਿਚ ਪ੍ਰੋਫ਼ੈਸਰ ਅਤੇ ਸੰਯੁਕਤ ਰਾਸ਼ਟਰ ਸੰਘ ਦੀਆਂ ਉੱਚ-ਕੋਟੀ ਦੀਆਂ ਵਿੱਤੀ ਸੰਸਥਾਵਾਂ ਆਈ.ਐੱਮ.ਐੱਫ਼ ਤੇ ਵਰਲਡ ਬੈਂਕ ਵਿਚ ਅਹਿਮ ਅਹੁਦਿਆਂ ‘ਤੇ ਰਹੇ ਹਨ। ਇਨ੍ਹਾਂ ਅਹੁਦਿਆਂ ਉੱਪਰ ਕੰਮ ਕਰਨ ਬਦਲੇ ਉਨ੍ਹਾਂ ਨੂੰ ਕਈ ਪੈੱਨਸ਼ਨਾਂ ਮਿਲਦੀਆਂ ਹਨ ਅਤੇ ਉਹ ਇਨ੍ਹਾਂ ਦੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਦੇ ਕਹਿਣ ਅਨੁਸਾਰ ਉਨ੍ਹਾਂ ਦੇ ਬੈਂਕ ਵਿਚ ਤਿੰਨ ਕਰੋੜ ਰੁਪਏ ਜਮ੍ਹਾਂ ਹਨ ਅਤੇ ਉਹ ਇਨ੍ਹਾਂ ਦੇ ਵਿਆਜ਼ ਨਾਲ ਆਪਣਾ ਜੀਵਨ ਵਧੀਆ ਬਸਰ ਕਰ ਰਹੇ ਹਨ। ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਭਾਰਤ ਵਿਚ 10 ਸਾਲ ‘ਖਿਚੜੀ ਸਰਕਾਰ’ ਸਫਲਤਾ ਪੂਰਵਕ ਚਲਾਈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਹ ਜਿੰਨੀ ਵਾਰ ਵੀ ਪਾਰਲੀਮੈਂਟ ਵਿਚ ਐੱਮ.ਪੀ. ਬਣ ਕੇ ਆਏ, ਰਾਜ ਸਭਾ ਵੱਲੋਂ ਹੀ ਆਏ। ਮੈਂ ਨਹੀਂ ਸੁਣਿਆ ਕਿ ਕਿਸੇ ਵਿਅੱਕਤੀ ਨੇ ਉਨ੍ਹਾਂ ਦੇ ਬਾਰੇ ਕੋਈ ਮਾੜਾ ਜਾਂ ਗ਼ਲਤ ਸ਼ਬਦ ਬੋਲਿਆ ਹੋਵੇ। ਅਲਬੱਤਾ! ਉਨ੍ਹਾਂ ਦੇ ਘੱਟ ਬੋਲਣ ਬਾਰੇ ਕਈ ਲੋਕ ਵਿਅੰਗ ਨਾਲ ਉਨ੍ਹਾਂ ਨੂੰ ‘ਮੌਨ-ਮੋਹਨ ਸਿੰਘ’ ਜ਼ਰੂਰ ਕਹਿ ਦਿੰਦੇ ਸਨ।
ਮੈਨੂੰ ਯਾਦ ਹੈ, ਸਤਾਰਾਂ ਸਾਲ ਪਹਿਲਾਂ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਜਿੱਤ ਕੇ ਪਾਰਲੀਮੈਂਟ ਵਿਚ ਮੁੜ ਦਾਖ਼ਲ ਹੋਈ ਸੀ ਪਰ ਉਸ ਕੋਲ ਲੋੜੀਂਦਾ ਬਹੁ-ਮੱਤ ਨਾ ਹੋਣ ਕਾਰਨ ਉਹ ਸਰਕਾਰ ਬਨਾਉਣ ਦੇ ਸਮਰੱਥ ਨਹੀਂ ਸੀ। ਭਾਰਤੀ ਜਨਤਾ ਪਾਰਟੀ ਨੇ ਉਦੋਂ ਪੂਰਾ ਟਿੱਲ ਲਾਇਆ ਕਿ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਨਾ ਬਣ ਸਕੇ। ਉਸ ਨੇ ਉਸ ਨੂੰ ‘ਵਿਦੇਸ਼ੀ’ ਕਹਿ ਕੇ ਭੰਡਿਆ, ਹਾਲਾਂ ਕਿ ਉਹ ਉਸ ਸਮੇਂ ਭਾਰਤ ਦੀ ਨਾਗਰਿਕਤਾ ਲੈ ਚੁੱਕੀ ਸੀ। ਉਦੋਂ ਫਿਰ ਸੋਨੀਆ ਗਾਂਧੀ ਵੱਲੋਂ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੇ ਇਸ ਅਹੁਦੇ ਉੱਪਰ ਨੇਕ-ਨੀਅਤੀ ਨਾਲ ਕੰਮ ਕਰਦਿਆਂ ਹੋਇਆਂ ਪੂਰੇ 10 ਸਾਲ ਕਾਂਗਰਸ ਸਰਕਾਰ ਦੀ ਸੁਚੱਜੀ ਅਗਵਾਈ ਕੀਤੀ ਸੀ।
ਇਸ ਵੇਲੇ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਪੂਰਾ ਇੱਜ਼ਤ ਮਾਣ ਕੀਤਾ ਜਾਂਦਾ ਹੈ। ਲੋਕ ਉਸ ਦੀ ਇਮਾਨਦਾਰੀ ਦੀ ਕਦਰ ਕਰਦੇ ਹਨ। ਜੇਕਰ ਮੈਂ ਇਹ ਆਖਾਂ ਕਿ ਵਿਦੇਸ਼ਾਂ ਵਿਚ ਸਿੱਧੂ ਨੂੰ ਕੋਈ ਨਹੀਂ ਚਾਹੁੰਦਾ ਤਾਂ ਇਹ ਕਦਾਚਿੱਤ ਠੀਕ ਨਹੀਂ ਹੋਵੇਗਾ। ਰੇਡੀਓ ਅਤੇ ਟੀ.ਵੀ. ਦੇ ઑਟਾਕ-ਸ਼ੋਆਂ਼ ਵਿਚ ਕਈ ਲੋਕ ਉਸ ਦੀ ਆਲੋਚਨਾ ਵੀ ਕਰਦੇ ਹਨ ਪਰ ਇਨ੍ਹਾਂ ਵਿਚ ਉਸ ਦੀ ਸਿਫ਼ਤ ਕਰਨ ਵਾਲੇ ਬਹੁਤੇ ਹੁੰਦੇ ਹਨ। ਮੇਰੇ ਖ਼ਿਆਲ ਵਿਚ ਸਿੱਧੂ ਹੀ ਇਕੱਲਾ ਇਨਸਾਨ ਹੈ ਜੋ ਆਪਣੀ ਸਰਕਾਰ ਦੀਆਂ ਗ਼ਲਤੀਆਂ ਨੂੰ ਖੁੱਲ੍ਹ ਕੇ ਉਜਾਗਰ ਕਰਦਾ ਹੈ ਅਤੇ ਉਸ ਵੱਲੋਂ ਕੀਤੇ ਗਏ ਗਲਤ ਕੰਮਾਂ ਦੀ ਆਲੋਚਨਾ ਕਰਦਾ ਹੈ। ਜਦੋਂ ਸਿੱਧੂ ਨੂੰ ਨੀਵਾਂ ਵਿਖਾਉਣ ਲਈ ਸਥਾਨਕ ਸਰਕਾਰਾਂ ਦੇ ਮੰਤਰੀ ਤੋਂ ਹਟਾ ਕੇ ਬਿਜਲੀ ਮਹਿਕਮੇ ਦਾ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ਉਹ ਇਸ ਨੂੰ ਠੁਕਰਾਅ ਕੇ ਮੰਤਰੀ ਦੇ ਅਹੁਦੇ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਿਆ ਸੀ। ਮੇਰੇ ਖ਼ਿਆਲ ਅਨੁਸਾਰ ਚਮਚਾਗਿਰੀ ਕਰਨੀ ਉਸ ਨੂੰ ਆਉਂਦੀ ਨਹੀ ਅਤੇ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਵਿੱਚੋਂ ‘ਮਲਾਈ’ ਖਾਣ ਦੀ ਉਸ ਦੀ ਆਦਤ ਨਹੀਂ ਹੈ। ਇਸ ਵੇਲੇ ਉਹ ਪੰਜਾਬ ਦੇ 18 ਅਹਿਮ ਮੁੱਦੇ ਕੰਧਾੜੇ ਚੁੱਕੀ ਫਿਰਦਾ ਹੈ ਅਤੇ ਲੋਕਾਂ ਨੂੰ ਦੱਸ ਰਿਹਾ ਹੈ ਕਿ ਤੁਹਾਡੇ ਨਾਲ ‘ਆਹ-ਕੁਝ’ ਹੋ ਰਿਹਾ ਹੈ। ਅੱਜ ਤੱਕ ਨਵਜੋਤ ਸਿੰਘ ਸਿੱਧੂ ਲੋਕਾਂ ਦੀ ਨਜ਼ਰਾਂ ਵਿਚ ‘ਹੀਰੋ’ ਹੈ ਅਤੇ ਉਸ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਉਸ ਤੋਂ ਕਿਸੇ ਤਰ੍ਹਾਂ ਪਿੱਛੇ ਨਹੀਂ ਹੈ।
ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਚੱਲ ਰਹੀ ਅਕਾਲੀ ਸਰਕਾਰ ਵਿਚ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਸੁਰਜੀਤ ਕੁਮਾਰ ਜਿਆਣੀ ਸਿਹਤ ਮੰਤਰੀ ਸਨ। ਡਾ. ਨਵਜੋਤ ਕੌਰ ਸਿੱਧੂ ਉਨ੍ਹਾਂ ਦੇ ਨਾਲ ਇਸ ਮਹਿਕਮੇ ਦੀ ਪਾਰਲੀਮੈਂਟ ਸੈੱਕਟਰੀ ਸੀ।
ਸਰਕਾਰੀ ਹਸਪਤਾਲਾਂ ਵਿਚ ਨੌਕਰੀ ਕਰਦੇ ਕਈ ਡਾਕਟਰਾਂ ਨੇ ਪ੍ਰਾਈਵੇਟ ਹਸਪਤਾਲਾਂ ਵਿਚ ਜਾ ਕੇ ਕੰਮ ਕਰਨਾ ਆਪਣੀ ਕਮਾਈ ਦਾ ਵਾਧੂ ਸਾਧਨ ਬਣਾ ਰੱਖਿਆ ਸੀ। ਨਵਜੋਤ ਕੌਰ ਸਿੱਧੂ ਨੇ ਮਰੀਜ਼ ਦਾ ਭੇਸ ਬਣਾ ਕੇ ਉਨ੍ਹਾਂ ਵਿੱਚੋਂ ਦੋ ਡਾਕਟਰਾਂ ਨੂੰ ਰੰਗੇ ਹੱਥੀਂ ਜਾ ਪਕੜਿਆ। ਉਦੋਂ ਹੈੱਲਥ ਮਨਿਸਟਰ ਨੇ ਨਵਜੋਤ ਕੌਰ ਸਿੱਧੂ ਨੂੰ ਕਿਹਾ ਸੀ ਕਿ ਉਸ ਦੇ ਵੱਲੋਂ ਇਸ ਤਰ੍ਹਾਂ ਛਾਪਾ ਮਾਰਨਾ ਉਸ ਦੇ ‘ਅਧਿਕਾਰ-ਖ਼ੇਤਰ’ ਵਿਚ ਨਹੀਂ ਹੈ। ਕਿਸੇ ਜ਼ਿੰਮੇਵਾਰ ਪੁਜ਼ੀਸ਼ਨ ‘ਤੇ ਹੁੰਦਿਆਂ ਉਸ ਦਾ ਕੀ ਅਧਿਕਾਰ ਹੈ, ਕੀ ਭਲਾ ਡਾ. ਨਵਜੋਤ ਕੌਰ ਸਿੱਧੂ ਨਹੀਂ ਸੀ ਜਾਣਦੀ? ਸਿਹਤ ਮੰਤਰੀ ਵੱਲੋਂ ਇਹ ਸਾਰਾ ઑਡਰਾਮਾ਼ ਉਨ੍ਹਾਂ ਦੋ ਡਾਕਟਰਾਂ ਦੇ ਬਚਾਅ ਲਈ ਹੀ ਕੀਤਾ ਗਿਆ ਸੀ, ਕਿਉਕਿ ਉਹ ਦੋਵੇਂ ਡਾਕਟਰ ਸਿਹਤ ਮੰਤਰੀ ਦੇ ਖ਼ਾਸ ਬੰਦੇ ਸਨ। ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਜੋੜੀ ਦੇ ਬੇਟੇ ਨੂੰ ਸਰਕਾਰੀ ਵਕੀਲ ਦੀ ਨੌਕਰੀ ਦਿੱਤੀ। ਇਸ ઑਤੇ ਬੀਜੇਪੀ ਨੇ ਪੂਰਾ ਹੋ-ਹੱਲਾ ਮਚਾ ਦਿੱਤਾ। ਸਿੱਧੂ ਜੋੜੀ ਨੇ ਓਸੇ ਵੇਲੇ ਨੌਕਰੀ ਨੂੰ ਲੱਤ ਮਾਰ ਦਿੱਤੀ ਸੀ। ਇਸ ਨੂੰ ਕਹਿੰਦੇ ਨੇ, ਇਨਸਾਨੀਅਤ।
ਉਹ ਕਿਹੜਾ ਸਿਆਸੀ ਲੀਡਰ ਹੈ ਜਿਸ ਨੇ ਆਪਣੇ ਸਿਆਸੀ ਜੀਵਨ ਵਿਚ ਪਾਰਟੀ ਨਾ ਬਦਲੀ ਹੋਵੇ? ਸਿਆਸਤ ਵਿਚ ਤਾਂ ਇਹ ਆਮ ਜਿਹੀ ਗੱਲ ਸਮਝੀ ਜਾਂਦੀ ਹੈ। ਇਸ ਹਮਾਮ ਵਿਚ ਸਾਰੇ ਹੀ ਨੰਗੇ ਹਨ। ਦੋ ਸਾਲ ਪਹਿਲਾਂ ਜਦੋਂ ਦੁਸਹਿਰੇ ਵਾਲੇ ਦਿਨ ਰੇਲ-ਗੱਡੀ ਹੇਠ ਆ ਕੇ ਕੁਝ ਲੋਕ ਮਰ ਗਏ ਸਨ ਤਾਂ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਹੋਇਆਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਉਹ ਐਲਾਨ ਕਿੰਨਾ ਕੁ ਵਫ਼ਾ ਹੋਇਆ ਹੈ, ਇਸ ਦੇ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ, ਪਰ ਏਨਾ ਜ਼ਰੂਰ ਕਹਿ ਸਕਦਾ ਹਾਂ ਕਿ ਉਸ ਨੇ ਉਨ੍ਹਾਂ ਦੀ ਮਾਇਕ-ਸਹਾਇਤਾ ਜ਼ਰੂਰ ਕੀਤੀ ਸੀ। ਉਸ ਨੇ ਅੰਮ੍ਰਿਤਸਰ ਸ਼ਹਿਰ ਵਿਚ ਰੁੱਖ ਲਗਾਉਣ ਲਈ ਨਗਰ ਨਿਗਮ ਅੰਮ੍ਰਿਤਸਰ ਨੂੰ ਦੋ ਵਾਰੀ 50-50 ਲੱਖ ਕਰਕੇ ਇਕ ਕਰੋੜ ਰੁਪਏ ਦਿੱਤੇ ਸਨ ਅਤੇ ਇਹ ਰੁੱਖ ਕਾਫ਼ੀ ਗਿਣਤੀ ਵਿਚ ਲੱਗੇ ਵੀ ਸਨ। ਇਹ ਵੱਖਰੀ ਗੱਲ ਹੈ ਕਿ ਪਿੱਛੋਂ ਪੂਰੀ ਸਾਂਭ-ਸੰਭਾਲ ਨਾ ਹੋਣ ਕਾਰਨ ਉਨ੍ਹਾਂ ਵਿੱਚੋਂ ਕਈ ਸੜ ਸੁੱਕ ਗਏ ਸਨ। ਪਰ ਇਹ ਸਾਂਭ-ਸੰਭਾਲ ਸਿੱਧੂ ਨੇ ਥੋੜ੍ਹੀ ਕਰਨੀ ਸੀ? ਇਹ ਤਾਂ ਨਗਰ ਨਿਗਮ ਦੀ ਹੀ ਜ਼ਿੰਮੇਵਾਰੀ ਬਣਦੀ ਸੀ। ਰੁੱਖਾਂ ਲਈ ਇਹ ਰਕਮ ਉਸ ਨੇ ਆਪਣੀ ਨੇਕ ਕਮਾਈ ਵਿੱਚੋਂ ਦਿੱਤੀ ਸੀ। ਸਿੱਧੂ ਦੀ ਕਿਹੜੀ ਪੰਜਾਬ ਵਿਚ ਕੋਈ ਟਰਾਂਸਪੋਰਟ ਚੱਲਦੀ ਹੈ ਜਾਂ ਕਿਸੇ ਹੋਰ ਕੰਮ ਵਿਚ ਉਸ ਦੀ ઑਹਿੱਸਾ-ਪੱਤੀ਼ ਹੈ।
ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਕਰਨ ਵਾਲੇ ਕਈ ਇਹ ਕਹਿੰਦੇ ਹਨ ਕਿ ਉਹ ਕਿਸਾਨਾਂ ਦੇ ਸੰਘਰਸ਼ ਵਿਚ ਦਿੱਲੀ ਨਹੀਂ ਗਿਆ। ਇਹ ਠੀਕ ਹੈ ਕਿ ਉਹ ਉੱਥੇ ਨਹੀਂ ਗਿਆ ਪਰ ਉਸ ਨੇ ਕਿਸਾਨਾਂ ਦੇ ਇਸ ਸੰਘਰਸ਼ ਦੀ ਹਮਾਇਤ ਜ਼ਰੂਰ ਕੀਤੀ ਹੈ। ਕਿਸੇ ਹੋਰ ਸਿਆਸੀ ਪਾਰਟੀ ਦਾ ਕਿਹੜਾ ਨੇਤਾ ਉੱਥੇ ਪਹੁੰਚਿਆ ਹੈ? ਇੱਥੇ ਇਹ ਦੱਸਣਾ ਬਣਦਾ ਹੈ ਕਿ ਕਿਸਾਨ ਆਗੂਆਂ ਨੇ ਸੰਘਰਸ਼ ਦੇ ਆਰੰਭ ਵਿਚ ਹੀ ਇਹ ਸਾਫ਼ ਕਰ ਦਿੱਤਾ ਸੀ ਕਿ ਇਹ ਨਿਰੋਲ ਕਿਸਾਨੀ ਮੰਗਾਂ ਲਈ ਸੰਘਰਸ਼ ਹੈ ਉਹ ਕਿਸੇ ਵੀ ਸਿਆਸੀ ਨੇਤਾ ਨੂੰ ਇਸ ਵਿਚ ਆਪਣੀ ਸਟੇਜ ਤੋਂ ਨਹੀਂ ਬੋਲਣ ਦੇਣਗੇ। ਵੇਖਿਆ ਜਾਏ ਤਾਂ ਸਿੱਧੂ ਹੀ ਕੇਵਲ ਅਜਿਹਾ ਐੱਮ.ਐੱਲ.ਏ ਹੈ ਜਿਸ ਨੇ ਪੀੜਤ ਕਿਸਾਨਾਂ ਦੀ 30 ਲੱਖ ਰੁਪਏ ਦੀ ਮਦਦ ਕੀਤੀ ਹੈ ਜਿਨ੍ਹਾਂ ਦੀ ਕਣਕ ਦੀ ਫ਼ਸਲ ਸੜ ਕੇ ਸਵਾਹ ਹੋ ਗਈ ਸੀ ਅਤੇ ਇਹ ਮਦਦ ਉਸ ਨੇ ਉਨ੍ਹਾਂ ਕਿਸਾਨਾਂ ਦੀ ਵੀ ਕੀਤੀ ਜੋ ਕਿਸੇ ਦੂਸਰੇ ਐੱਮ.ਐੱਲ.ਏ. ਦੇ ਹਲਕੇ ਵਿਚ ਪੈਂਦੇ ਸਨ। ਇਸ ਨੂੰ ਕਹਿੰਦੇ ਹਨ, ਫ਼ਰਾਖ-ਦਿਲੀ। ਪੰਜ ਲੱਖ ਰੁਪਏ ਉਸ ਨੇ ਇਕ ਸਕੂਲ ਨੂੰ ਵੀ ਦਿੱਤੇ। ਸਿੱਧੂ ਹੀ ਇਕ ਅਜਿਹਾ ਲੀਡਰ ਹੈ ਜੋ ਸਿਆਸਤ ਵਿਚ ਕਮਾਈ ਕਰਨ ਲਈ ਨਹੀਂ ਆਇਆ। ਉਹ ਤਾਂ ਲੋਕਾਂ ਦੀ ਸੇਵਾ ਕਰਨ ਆਇਆ ਹੈ ਅਤੇ ਉਹ ਇਹ ਆਪਣੀ ਵਿੱਤ ਮੁਤਾਬਿਕ ਕਰੀ ਜਾ ਰਿਹਾਾ ਹੈ। ਕਪਿਲ ਸ਼ਰਮਾ ਦੇ ਟੀ.ਵੀ. ਸ਼ੌਅ ਵਿਚ ਸ਼ਾਮਲ ਹੋਣ ਲਈ ਉਹ ਹਫ਼ਤੇ ਵਿਚ ਇਕ ਵਾਰੀ ਮੁੰਬਈ ਜਾਂਦਾ ਸੀ ਅਤੇ 43 ਕਰੋੜ ਸਾਲ ਦੇ ਕਮਾਉਂਦਾ ਸੀ। ਕੰਮ ਵੀ ਉਸ ਦਾ ਕਿੰਨਾ ਕੁ ਮੁਸ਼ਕਲ ਹੁੰਦਾ ਸੀ, ਬੱਸ ਸੋਫ਼ੇ ‘ઑਤੇ ਬੈਠਣਾ, ਤਾੜੀਆਂ ਮਾਰਨੀਆਂ, ਠਹਾਕੇ ਮਾਰ-ਮਾਰ ਕੇ ਹੱਸਣਾ ਤੇ ਲੋਕਾਂ ਨੂੰ ਹਸਾਉਣਾ। ਪਰ ਇਹ ਕੰਮ ਵੀ ਤਾਂ ਕੋਈ ਸਿੱਧੂ ਵਰਗਾ ਹੀ ਕਰ ਸਕਦਾ ਹੈ।
ਸਿੱਧੂ ਨੇ ਕ੍ਰਿਕਟ ਵਿਚ ਭਾਰਤ ਦਾ ਨਾਂ ਉੱਚਾ ਕੀਤਾ ਅਤੇ ਕਮਾਈ ਵੀ ਕੀਤੀ। ਕ੍ਰਿਕਟ ਖੇਡਦਿਆਂ ਉਸ ਨੂੰ ਕਈ ਇਨਾਮ ਵੀ ਮਿਲੇ। ਉਸ ਨੇ ਕ੍ਰਿਕਟ ਮੈਚਾਂ ਦੀ ਕੁਮੈਂਟਰੀ ਕੀਤੀ ਅਤੇ ਇਸ ਵਿਚ ਵੀ ਚੋਖੀ ਕਮਾਈ ਕੀਤੀ।
ਕ੍ਰਿਕਟ ਵਿਚ ਪੈਸਾ ਬਹੁਤ ਹੈ ਅਤੇ ਸਿੱਧੂ ਕੋਲ ਵੀ ਪੈਸੇ ਦੀ ਕੋਈ ਕਮੀ ਨਹੀਂ ਹੈ। ਉਸ ਦੀ ਨੀਅਤ ਰੱਜੀ ਹੋਈ ਹੈ। ਗਵਾਂਢੀ ਦੇਸ਼ ਪਾਕਿਸਤਾਨ ਨਾਲ ਕਰਤਾਰਪੁਰ ਦਾ ઑਲਾਂਘਾ਼ ਖੁੱਲ੍ਹਵਾਉਣ ਵਿਚ ਵੀ ਨਵਜੋਤ ਸਿੰਘ ਸਿੱਧੂ ਦੀ ਮੁੱਖ ਭੂਮਿਕਾ ਹੈ। ਇਸ ਦੇ ਲਈ ਕਿਸੇ ਨੇ ਉਸ ਦਾ ਸਨਮਾਨ ਤਾਂ ਕੀ ਕਰਨਾ ਸੀ, ਪਾਰਲੀਮੈਂਟ ਵਿਚ ਇਕ ਐੱਮ.ਪੀ. ਬੀਬੀ ਸਿੱਧੂ ਦੇ ਖ਼ਿਲਾਫ਼ ਬੋਲ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੀ ਰਹੀ। ਬੀਜੇਪੀ ਦਾ ਨੇਤਾ ਤਰੁਣ ਚੁੱਘ ਰੇਡੀਓ ‘ઑਤੇ ਸਿੱਧੂ ਵਿਰੁੱਧ ਜ਼ਹਿਰ ਘੋਲਦਾ ਰਿਹਾ। ਅਖੇ, ਸਿੱਧੂ ਨੇ ਪਾਕਿਸਤਾਨ ਦੇ ਜਨਰਲ ਬਾਜਵਾ ਨਾਲ ਜੱਫੀ ਕਿਉਂ ਪਾਈ। ਚੁੱਘ ਨੂੰ ਕੋਈ ਪੁੱਛਣ ਵਾਲਾ ਹੋਵੇ, ਪਈ ਜਦੋਂ ਮੋਦੀ ਸਾਹਿਬ ਅਚਾਨਕ ਪਾਕਿਸਤਾਨ ਚਲੇ ਗਏ ਸੀ ਅਤੇ ਨਵਾਜ਼ ਸ਼ਰੀਫ਼ ਦੀ ਦੋਹਤਰੀ ਦੇ ਨਿਕਾਹ ਸਮੇਂ ਉਸ ਨੂੰ ઑਸ਼ਗਨ਼ ਦੇ ਕੇ ਆਏ ਸਨ ਤਾਂ ਉਦੋਂ ਉਸ ਨੇ ਕਿਉਂ ਆਪਣੇ ਮੂੰਹ ਵਿਚ ਘੁੰਗਣੀਆਂ ਪਾ ਲਈਆਂ ਸਨ।
ਬੀਬੀ ਨਵਜੋਤ ਕੌਰ ਖ਼ੁਦ ਡਾਕਟਰ ਹੈ। ਉਹ ਜਦੋਂ ਐੱਮ.ਐੱਲ.ਏ. ਜਾਂ ਕਿਸੇ ਹੋਰ ਅਹੁਦੇ ਦੀ ਚੋਣ ਲਈ ਕਾਗਜ਼ ਦਾਖ਼ਲ ਕਰਦੀ ਹੈ ਤਾਂ ਉਸ ਨੇ ਇਨ੍ਹਾਂ ਵਿਚ ਇਹ ਕਦੇ ਨਹੀਂ ਦੱਸਿਆ ਕਿ ਉਸ ਕੋਲ ਏਨੇ ਕਿਲੋ ਸੋਨਾ ਹੈ। ਇਕ ਹੋਰ ਬੀਬੀ ਹੈ ਜਿਹੜੀ ਆਪਣੇ ਨਾਮਜ਼ਦਗੀ ਫ਼ਾਰਮਾਂ ਵਿਚ ਪਹਿਲੀ ਵਾਰ ਤਾਂ ਇਨ੍ਹਾਂ ਫ਼ਾਰਮਾਂ ਵਿਚ ਸੱਤ ਕਿਲੋ ਸੋਨਾ ਭਰਦੀ ਹੈ ਅਤੇ ਪੰਜਾਂ ਸਾਲਾਂ ਬਾਅਦ ਦੋਬਾਰਾ ਕਾਗ਼ਜ਼ ਦਾਖ਼ਲ ਕਰਨ ਸਮੇਂ ਉਸ ਦਾ ਬੈਂਕ ਦੇ ਵੱਡੇ-ਵੱਡੇ ਲਾਕਰਾਂ ਵਿਚ ਰੱਖਿਆ ਹੋਇਆ ਇਹ ਸੋਨਾ ਵੀਹ ਕਿਲੋ ਤੱਕ ਪਹੁੰਚ ਜਾਂਦਾ ਹੈ।
ਅਸੀਂ ਇਹ ਤਾਂ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਬੈਂਕਾਂ ਵਿਚ ਜਮ੍ਹਾਂ ਪੈਸਾ ਵਿਆਜ ਲੱਗ ਕੇ ਕੁਝ ਵੱਧ ਜਾਂਦਾ ਹੈ ਪਰ ਸੋਨਾ ਇਸ ਤਰ੍ਹਾਂ ਵੱਧਦਾ ਕਦੇ ਨਹੀਂ ਵੇਖਿਆ। ਅੰਮ੍ਰਿਤਸਰ ਵਿਚ ਦੁਸਹਿਰੇ ਸਮੇਂ ਹੋਏ ਰੇਲ-ਹਾਦਸੇ ਵਿਚ ਬੀਬੀ ਨਵਜੋਤ ਕੌਰ ਦੀ ਤਾਂ ਕੋਈ ਗ਼ਲਤੀ ਨਹੀਂ ਸੀ। ਉਸ ਨੇ ਕਿਹੜਾ ਕਿਸੇ ਨੂੰ ਰੇਲ-ਪਟੜੀ ઑਤੇ ਫੜ੍ਹ ਕੇ ਬੈਠਾਇਆ ਸੀ। ਪ੍ਰੰਤੂ ਹਾਰ ਚੁੱਕੇ ਲੀਡਰ ਜਿਨ੍ਹਾਂ ਕੋਲ ਕੇਵਲ 15 ਸੀਟਾਂ ਰਹਿ ਗਈਆਂ ਸਨ, ਗੁੱਸਾ ਤਾਂ ਉਨ੍ਹਾਂ ਨੂੰ ਆਪਣੀ ਸ਼ਰਮਨਾਕ ਹਾਰ ਦਾ ਸੀ, ਲੇਕਿਨ ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਨੂੰ ਇਸ ਹਾਦਸੇ ਦੀ ਜ਼ਿੰਮੇਦਾਰ ਠਹਿਰਾਉਣ ਵਿਚ ਕੋਈ ਕਸਰ ਨਹੀਂ ਛੱਡੀ। ਪਰ ਪੱਲੇ ਉਨ੍ਹਾਂ ਦੇ ਵੀ ਕੁਝ ਨਹੀਂ ਪਿਆ। ਬਾਹਰਲੇ ਮੁਲਕਾਂ ਵਿਚ ਬੈਠੇ ਹੋਏ ਕਈ ਮੇਰੇ ਵਰਗੇ ਐਵੇਂ ਈ ਕਚੀਚੀਆਂ ਵੱਟੀ ਜਾਂਦੇ ਹਨ ਕਿ ਸਿੱਧੂ ਪਰਿਵਾਰ ਇਸ ਕੇਸ ਵਿਚ ਅਜੇ ਤੱਕ ਫਸਿਆ ਕਿਉਂ ਨਹੀਂ। ਪਰ ਸਿਆਣੇ ਠੀਕ ਹੀ ਕਹਿੰਦੇ ਹਨ, ”ਕਾਵਾਂ ਦੇ ਆਖਿਆਂ ਢੱਗੇ ਨਹੀਂ ਮਰਦ”। ਕਿਸੇ ਦੇ ਵੱਲੋਂ ਰੌਲ਼ਾ ਪਾਇਆਂ ਇਹ ਕੇਸ ਸਿੱਧੂ ਪਰਿਵਾਰ ਉੱਪਰ ਕਿਵੇਂ ਪਾਇਆ ਜਾ ਸਕਦਾ ਸੀ।
ਗ਼ਲਤ ਪ੍ਰਾਪੇਗੰਡਾ ਕਰਨਾ ਸਿੱਧੂ ਨੂੰ ਆਉਂਦਾ ਨਹੀਂ। ਨਾ ਹੀ ਉਸ ਨੂੰ ਕਿਸੇ ਅਹੁਦੇ ਦੀ ਭੁੱਖ ਹੈ ਅਤੇ ਨਾ ਹੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਥੱਲੇ ਲੱਗ ਕੇ ਕੰਮ ਕਰ ਸਕਦਾ ਹੈ। ਸਥਾਨਕ ਸਰਕਾਰਾਂ ਦੇ ਮੰਤਰੀ ਦਾ ਚਾਰਜ ਲੈਂਦਿਆਂ ਹੀ ਉਸ ਨੇ ਪੰਜਾਬ ਵਿਚ ਹੋਏ ਕੇਬਲ ਮਾਫ਼ੀਏ ਘੁਟਾਲੇ ਕਾਰਨ ਉਸ ਕੋਲੋਂ 600 ਕਰੋੜ ਵਸੂਲਣ ਲਈ ਕਿਹਾ ਸੀ ਪਰ ਸਾਰੇ ਹੀ ਜਾਣਦੇ ਹਨ ਕਿ ਕੈਪਟਨ ਸਾਹਿਬ ਇਸ ਦੇ ਲਈ ਨਹੀਂ ਮੰਨੇ ਸਨ। ਸਿੱਧੂ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹੈ ਪਰ ਪੰਜਾਬ ਸਰਕਾਰ ਉਸ ਦੀਆਂ ਸੇਵਾਵਾਂ ਲੈਣ ਲਈ ਤਿਆਰ ਨਹੀਂ। ਉਸ ਨੇ ਰਾਜ ਸਭਾ ਦੀ ਸੀਟ ਛੱਡੀ ਸੀ ਅਤੇ ਫਿਰ ਮੰਤਰੀ-ਪਦ ਛੱਡਿਆ। ਮੰਤਰੀ ਦੀ ਕੋਠੀ ਛੱਡ ਕੇ ਉਸ ਨੇ ઑਗੁਰੂ ਕੀ ਨਗਰੀ਼ ਅੰਮ੍ਰਿਤਸਰ ਆ ਡੇਰਾ ਲਾਇਆ। ਮੇਰਾ ਨਹੀਂ ਖ਼ਿਆਲ ਕਿ ਕਿਸੇ ਹੋਰ ਲੀਡਰ ਨੇ ਸਵੈਮਾਣ ਦੀ ਖ਼ਾਤਰ ਇਸ ਤਰ੍ਹਾਂ ਏਡੇ ਵੱਡੇ ਅਹੁਦਿਆਂ ਨੂੰ ਲੱਤ ਮਾਰੀ ਹੋਵੇ।
ਸਿੱਧੂ ਜੋੜੀ ਪੰਜਾਬ ਦੀ ਬੇਹਤਰੀ ਲਈ ਸੁਹਿਰਦ ਹੈ। ਉਹ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਹੈ।. ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਪੰਜਾਬ ਦੀ ਵਾਗ-ਡੋਰ ਕੈਪਟਨ ਅਮਰਿੰਦਰ ਸਿੰਘ ਦੋ ਹੱਥ ਵੀ ਦੋ ਵਾਰ ਆਈ ਹੈ ਪਰ ਇਹ ਦੋਵੇਂ ਹੀ ਪੰਜਾਬ ਦਾ ਕੁਝ ਨਹੀਂ ਸੰਵਾਰ ਸਕੇ। ਉਹ ਜੇਕਰ ਚਾਹੁੰਦੇ ਤਾਂ ਪੰਜਾਬ ਲਈ ਬਹੁਤ ਕੁਝ ਕਰ ਸਕਦੇ ਸੀ।
ਇੰਜ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੇ ਥੋੜ੍ਹੀ ਕੀਤਿਆਂ ਪੰਜਾਬ ਦੀ ਵਾਗਡੋਰ ਸਿੱਧੂ ਨੂੰ ਸੌਂਪਣੀ ਨਹੀਂ ਅਤੇ ਨਾ ਹੀ ਇਨ੍ਹਾਂ ਹਾਲਤਾਂ ਵਿਚ ਸਿੱਧੂ ਕੋਈ ਹੋਰ ਅਹੁਦਾ ਲੈ ਕੇ ਆਪਣੀ ਬੇਇਜ਼ਤੀ ਕਰਵਾਏਗਾ, ਕਿਉਂਕਿ ਪੰਜਾਬ ਵਿਚ ਚੱਲ ਰਹੇ ઑਮਾਫ਼ੀਏ਼ ਨੇ ਵੀ ਥੋੜ੍ਹੀ ਕੀਤਿਆਂ ਉਸ ਦੇ ਪੈਰ ਨਹੀਂ ਲੱਗਣ ਦੇਣੇ।
2022 ਦੀਆਂ ਪੰਜਾਬ ਅਸੈਂਬਲੀ ਚੋਣਾਂ ਵਿਚ ਅਜੇ ਕੁਝ ਮਹੀਨੇ ਬਾਕੀ ਹਨ। ਨਵਜੋਤ ਸਿੰਘ ਸਿੱਧੂ ਭਵਿੱਖ ਵਿਚ ਕੀ ਫ਼ੈਸਲਾ ਲੈਂਦਾ ਹੈ, ਇਹ ਤਾਂ ਓਹੀ ਦੱਸ ਸਕਦਾ ਹੈ। ਕਾਂਗਰਸੀ ਹਾਈ-ਕਮਾਂਡ ਵੱਲੋਂ ਨਿਰਾਸ਼ ਹੋ ਜਾਣ ઑਤੇ ਕਈ ਸਿਆਸੀ ਪੰਡਤ ਉਸ ਦੇ ਆਮ ਆਦਮੀ ਪਾਰਟੀ ਵਿਚ ਜਾਣ ਦੀਆਂ ਕਿਆਸ-ਅਰਾਈਆਂ ਵੀ ਲਗਾ ਰਹੇ ਹਨ। ਇਸ ਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।
(ਸਹਿਯੋਗ: ਡਾ. ਸੁਖਦੇਵ ਸਿੰਘ ਝੰਡ)

 

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …