ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
16 ਮਾਰਚ ਦਾ ਦੀ ਆਥਣ ਹੈ। ਅੱਜ ਸਵੇਰੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਵਜੋਂ ਦੂਜੀ ਵਾਰੀ ਸਹੁੰ ਚੁੱਕ ਹਟੇ ਹਨ ਤੇ ਪੰਜਾਬ ਸਰਕਾਰ ਆਪਣੀ ਤਰੋ-ਤਾਜ਼ਗੀ ਵਿਚ ਲਬਰੇਜ਼ ਹੋਈ ਉਤਸ਼ਾਹ ਵਿਚ ਦਿਖਾਈ ਦੇ ਰਹੀ ਹੈ। ਇਹ ਸੱਚ ਹੈ ਕਿ ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ-ਬਦੇਸ਼ ਵਿਚ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ 11 ਮਾਰਚ ਦੇ ਦਿਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਉਤੇ ਬੜੀ ਬੇਸਬਰੀ ਨਾਲ ਲੱਗੀਆਂ ਹੋਈਆਂ ਸਨ ਕਿ ਕਦੋਂ ਬਿੱਲੀ ਥੈਲੈ ਵਿਚੋਂ ਬਾਹਰ ਆਵੇਗੀ? ਵੰਨ-ਸੁਵੰਨੇ ਲੋਕ ਆਪਣੀਆਂ-ਆਪਣੀਆਂ ਕਿਆਸ-ਰਾਈਆਂ ਦਾ ਭੋਗ ਪਾਉਣ ਲਈ ਬੇਹੱਦ ਉਤਾਵਲੇ ਦਿਖਾਈ ਦੇ ਰਹੇ ਸਨ। ਕੋਈ ਲੱਖਾਂ ਦੀਆਂ ਸ਼ਰਤਾਂ ਜਿੱਤਣ ਤੇ ਕੋਈ ਹਾਰਨ ਵਿਚ ਲੱਗਿਆ ਹੋਇਆ ਸੀ। ਨਤੀਜੇ ਆ ਗਏ। ਕਿਸੇ ਦੇ ਘਰ ਢੋਲ ਵੱਜ ਰਹੇ ਨੇ, ਦੀਪਮਾਲਾ ਹੋ ਰਹੀ ਹੈ ਤੇ ਕਿਸੇ ਘਰ ਦੇ ਹਾਰ ਜਾਣ ਦਾ ਸੋਗੀ ਹਨੇਰਾ ਹੈ! ਮੂੰਹ ਲਟਕਾਈ ਵਰਕਰ ਬੈਠੇ ਹਨ ਤੇ ਆਪਣੇ ਲੀਡਰ ਸਾਹਮਣੇ ਆਪੋ-ਆਪਣੀਆਂ ਰਾਵਾਂ ਦੇ-ਦੇ ਕੇ ਹਾਰ ਜਾਣ ਦੇ ਕਾਰਨ ਢੂੰਡ ਰਹੇ ਹਨ। ਦੂਜੇ ਦਿਨ, ਜਦ ਪੰਜਾਬ ਦੇ ਮੁੱਖ-ਮੰਤਰੀ ਬਾਦਲ, ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਆਪਣੇ ਪਿੰਡ ਪੁੱਜੇ (ਇਹ ਗੱਲ 12 ਮਾਰਚ ਦੀ ਹੈ) ਤਾਂ ਅਣਗਿਣਤ ਲੋਕ ਉਹਨਾਂ ਨਾਲ ਹਾਰ ਜਾਣ ਦੀ ਹਮਦਰਦੀ ਪ੍ਰਗਟਾਉਣ ਲਈ ਵੱਡੇ ਗੇਟ ਮੂਹਰੇ ਪਹਿਲਾਂ ਹੀ ਖਲੋਤੇ ਹੋਏ ਸਨ। ਜਦ ਬਾਦਲਾਂ ਨੇ ਪੁੱਿਛਆ ਕਿ ਇਹ ਲੋਕ ਕੌਣ-ਕੌਣ ਹਨ ਤੇ ਕਿਥੋ-ਕਿਥੋਂ ਆਏ ਹਨ, ਤਾਂ ਪਤਾ ਲੱਗਣ ‘ਤੇ ਕੇਵਲ ਆਪਣੇ ਕੁਝ ਕੁ ਨੇੜਲੇ ਹੀ ਅੰਦਰ ਬੁਲਾਏ ਗਏ।
ਸੋ, ਪਤਾ ਲੱਗਿਐ ਕਿ ਜਿੱਥੇ ਕਿਤੇ ਕਿਸੇ ਦੀ ਜਿੱਤ ਹੋਈ, ਉਥੇ ਦੁਕਾਨਾਂ ‘ਤੇ ਲੱਡੂ ਥੁੜ ਗਏ। ਕਿਤੇ ਸ਼ਰਾਬ ਮੁੱਕ ਗਈ ਠੇਕਿਆਂ ਉਤੋਂ। ਕਿਤੇ ਮੀਟ ਮੁੱਕ ਗਿਆ ਖੋਖਿਆਂ ਵਿਚੋ ਤੇ ਕਿਤੇ ਡੀ.ਜੀ ਜੇ ਵਾਲਿਆਂ ਦੀ ਤੂਤੀ ਵੱਜ ਗਈ ਕਿ ਹੁਣ ਹੈਨੀ ਸਾਡੇ ਕੋਲ ਕੋਈ ਸਪੀਕਰ ਤੇ ਸਾਊਂਡ। ਵਾਹੋ-ਦਾਹੀ ਲੋਕ ਆਪਣੇ ਨੇੜੇ ਪੈਂਦੇ ਕਸਬਿਆਂ ਵੱਲ ਉਮੜੇ ਤੇ ਇਹੋ ਜਿਹਾ (ਜੋ ਕੁਝ ਮਿਲਿਆ) ਵਸਤਾਂ ਲੈ ਕੇ ਤੁਰਦੇ ਬਣੇ! ਜਿਹੋ ਜਿਹਾ ਹੋਇਆ ਮੰਨੋਰੰਜਨ ਕੀਤਾ। ਇਹ ਸਭ ਕੁਝ ਅੱਖੀਂ ਦੇਖਣ ਕੰਨੀਂ ਸੁਣਨ ਨੂੰ ਮਿਲਿਆ।
ਮੈਂ ਮਾਲਵੇ ਦੇ ਇੱਕ ਆਮ ਜਿਹੇ ਪਿੰਡ ਵਿਚ ਰਹਿ ਰਿਹਾ ਹਾਂ। ਨਤੀਜਿਆਂ ਵਾਲੀ ਆਥਣ ਜਦ ਮੈਂ ਪਿੰਡ ਪੁੱਜਿਆ ਤੇ ਆਵਾਜਾਂ ਪਿੰਡ ਦੇ ਚਾਰੋਂ ਪਾਸੋਂ ਤੋਂ ਗੀਤ-ਸੰਗੀਤ ਦੀਆਂ ਉੱਚੀ ਆ ਰਹੀਆਂ ਸਨ। ਪਤਾ ਲੱਗਿਆ ਕਿ ਸਾਡੇ ਪਿੰਡ ਵਿਚ ਇਕੋ ਸਮੇਂ ਚਾਰ ਡੀ.ਜੇ ਵੱਜ ਰਹੇ ਹਨ, ਤੇ ਕਿਸੇ ਗਾਣੇ-ਵਜਾਣੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਪੈ ਰਹੀ। ਸੋ, ਇਹ ਸਿਲਸਿਲਾ ਅੱਧੀ ਰਾਤ ਤੀਕ ਜਾਰੀ ਰਿਹਾ। ਡੀ. ਜੇ ਵੱਜਦੇ ਰਹੇ। ਲਲਕਾਰੇ ਵੀ ਖੂਬ ਵੱਜੇ। ਢੋਲ ਵੀ ਖੂਬ ਖੜਕੇ ਡਮ..ਡਮ..ਲੱਕ ਲੱਕ…ਲੱਕ..। ਤੇ ਇਹ ਗੀਤ ਵੀ ਉੱਚੀ ਸੁਰ ਵਿਚ ਗੂੰਜਿਆ-‘ਨੀ ਮਿੱਤਰਾਂ ਦੇ ਹੋਸਟਲ ਵਿਚ ਨਖਰੋ ਤੇਰੇ ਨਾਂ ‘ਤੇ ਵੱਜਣ ਲਲਕਾਰੇ।’ ਸੋਚਦਾ ਹਾਂ ਕਿ ਹੋਰ ਇਹੋ-ਜਿਹਾ ਕੁਝ ਕਿੰਨੇ ਪਿੰਡਾਂ ਜਾਂ ਕਸਬਿਆਂ ਵਿਚ ਹੋਇਆ ਹੋਵੇਗਾ?
ਮੈਂ ਕਿਸੇ ਰਾਜਨੀਤਕ ਪਾਰਟੀ ਨਾਲ ਸਬੰਧਤ ਨਹੀਂ ਹਾਂ। ਕਹਿੰਦੇ ਹਨ ਕਿ ਸ਼ਾਇਰ, ਕਵੀ, ਸੰਗੀਤਕਾਰ, ਲੇਖਕ ਤੇ ਕਲਾਕਾਰ ਸਰਕਾਰਾਂ ਜਾਂ ਸਿਆਸੀ ਪਾਰਟੀਆਂ ਦੇ ਮੁਥਾਜ ਨਹੀਂ ਰਿਹਾ ਕਰਦੇ। ਇਹਨਾਂ ਲੋਕਾਂ ਨੂੰ ਲੋੜ ਵੀ ਕੀ ਹੈ ਕਿਸੇ ਦੇ ਮੁਥਾਜ ਰਹਿਣ ਦੀ? ਸੋ, ਮੈਂ ਆਪਣੀ ਨਿਰੱਪਖ ਸੋਚ ਤੇ ਅੱਖੀਂ ਵੇਖੀ, ਕੰਨੀ ਸੁਣੀ ਕਹਾਣੀ ਹੀ ਹਮੇਸ਼ਾ ਬਿਆਨਦਾ ਆਇਆ ਹਾਂ ਆਪਣੀਆਂ ਲਿਖਤਾਂ ਵਿਚ।ਇਸ ਗੱਲ ਵਿਚ ਕੋਈ ਸੰਦੇਹ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਆਮ ਆਦਮੀ ਪਾਰਟੀ ਤੋਂ ਦਿੱਲੀ ਜਿਹੀਆਂ ਆਸਾਂ ਸਨ, ਹੈ ਸਨ ਆਸਾਂ। ਪਰ ਪੂਰੀਆਂ ਨਹੀਂ ਹੋਈਆਂ। ਸੋ, ਇਸ ਲਈ ਜ਼ਿੰਮੇਵਾਰ ਕੌਣ ਹੈ? ਪਾਰਟੀ ਵਾਲੇ ਹਨ, ਜਾਂ ਆਮ ਲੋਕ ਹਨ? ਇਹ ਹਵਾ ਵਿਚ ਲਟਕਦਾ ਇੱਕ ਸਵਾਲ ਹੈ ਤੇ ਲਟਕੀ ਜਾਣ ਦੇਣਾ ਚਾਹੀਦਾ ਹੈ। ਇਸ ਮੁੱਦੇ ਉਤੇ ਇਸ ਵੇਲੇ ਪਾਰਟੀ ਪੱਧਰ ਉਤੇ ਵੀ ਭਖਵੀਂ ਬਹਿਸ ਹੋ ਰਹੀ ਹੈ। ਸਮਾਂ ਆਪੇ ਦੱਸੇਗਾ ਕਿਸ ਨੇ ਕੀ ਕੀਤਾ?
ਇਹ ਦੇਖਣ ਵਿਚ ਆਮ ਹੀ ਆਇਆ ਹੈ, ਜੋ ਕੁਦਰਤੀ ਹੀ ਹੈ ਕਿ ਜੇਕਰ ਕੋਈ ਬੰਦਾ ਜਾਂ ਬੁੜ੍ਹੀ ਪੰਜ ਸਾਲ ਕਿਸੇ ਪਿੰਡ ਦਾ ਪੰਚ-ਸਰਪੰਚ ਰਹਿ ਜਾਂਦਾ ਹੈ ਤਾਂ ਏਨੇ ਵਿਚ ਹੀ ਪਿੰਡ ਦੇ ਲੋਕ ਉਸ ਤੋਂ ਬੁਰੀ ਤਰਾਂ ਅੱਕ-ਖਪ ਜਾਂਦੇ ਹਨ ਤੇ ਕੁਝ ਨਵਾਂ ਚਾਹੁੰਣ ਲਗਦੇ ਹਨ। ਫਿਰ ਜਦੋਂ ਚੋਣ ਹੁੰਦੀ ਹੈ ਤੇ ਕੋਈ ਨਵਾਂ ਸਰਪੰਚ ਬਣਦਾ ਹੈ ਤਾਂ ਲੋਕ ਬੜੇ ਉਤਸ਼ਾਹ ਨਾਲ ਉਸਦੇ ਘਰ ਵਧਾਈ ਦੇਣ, ਲੱਡੂ ਖਾਣ, ਪੈੱਗ ਲਾਉਣ,ਮੁਰਗਾ ਖਾਣ, ਢੋਲ ਵਜਾਣ ਤੇ ਨੱਚਣ-ਕੁੱਦਣ ਲਈ ਜਾਦੇ ਮੈਂ ਆਪ ਦੇਖੇ ਹਨ। ਇੰਝ ਹੀ ਜਦੋਂ ਹੇਠਲੇ ਪੱਧਰ ਉਤੇ ਇਹ ਸਭ ਕੁਝ ਹੁੰਦਾ ਹੈ ਤਾਂ ਉਤਲੇ ਪੱਧਰ ਉਤੇ ਹੋਣਾ ਵੀ ਕੁਦਰਤੀ ਹੈ। ਇਹ ਵੀ ਕੁਦਰਤੀ ਵਰਤਾਰਾ ਹੀ ਸਮਝੋ ਕਿ ਲੋਕ ਨਵੀਨਤਾ ਚਾਹੁੰਦੇ ਹਨ ਤੇ ਇਸੇ ਨਵੀਨਤਾ ਕਾਰਨ ਕੈਪਟਨ ਦੇ ਸੁੰਨੇ ਪਏ ਮਹੱਲਾਂ ਵਿਚ ਰੌਣਕਾਂ ਲੱਗ ਗਈਆਂ। ਮਹੱਲਾਂ ਵਿਚ ਇੱਕ ਦਹਾਕੇ ਤੋਂ ਬੰਦ ਪਏ ਦੀਵੇ-ਬੱਤੀਆਂ ਜਗਮਗਾ ਪਈਆਂ। ਪਰ ਕੈਪਟਨ ਸਾਹਬ ਨੂੰ ਉਹ ਵੇਲਾ ਵੀ ਚੇਤੇ ਹੋਣਾ ਕਿ ਜਦ ਪੰਜਾਬੀਆਂ ਨੇ ਉਹਨਾਂ ਦੀ ਸਰਕਾਰ ਨੂੰ ‘ਆਖਰੀ ਸਲਾਮ’ ਆਖੀ ਸੀ। ਇਸ ਸਮੇਂ ਕੈਪਟਨ ਸਾਹਬ ਤੇ ਉਹਨਾਂ ਦਾ ਖੇਮਾ ਬੜੇ ਡਾਹਢੇ ਉਤਸ਼ਾਹ ਵਿਚ ਹੈ ਤੇ ਉਹਨਾਂ ਦੇ ਉਤਸ਼ਾਹ ਤੋਂ ਅਸੀਂ ਦੁਖੀ ਰਤਾ ਵੀ ਨਹੀਂ ਹਾਂ ਪਰ ਸਾਡੀ ਚਾਹਤ ਹੈ ਕਿ ਕੈਪਟਨ ਦੀ ਸਰਕਾਰ ਲਗਭਗ ਇਕ ਦਹਾਕੇ ਤੋਂ ਲੋਕਾਂ ਦੇ ਮਨਾਂ ਉਤੇ ਜੰਮੀ ਦੁੱਖਾਂ-ਦਰਦਾਂ, ਹੰਝੂਆਂ ਤੇ ਹਟਕੋਰਿਆਂ ਦੀ ਮੈਲ ਨੂੰ ਹੇਠ ਤੋਂ ਸਿਰੇ ਤੀਕ ਹੂੰਝ ਸੁੱਟ੍ਹੇ! ਅੱਜ ਪੰਜਾਬ ਦੀ ਰਾਜਨੀਤੀ ਉਤੇ ਕੇਵਲ ਪੰਜਾਬ ਦੀ ਹੀ ਅੱਖ ਨਹੀਂ ਸਗੋਂ ਸਮੁੱਚਾ ਭਾਰਤ ਦੀ ਤੇ ਫਿਰ ਕੌਮਾਂਤਰੀ ਅੱਖ ਆਪਣੀ ਨਜ਼ਰ ਟਿਕਾਈ ਬੈਠੀ ਹੈ। ਫਿਲਹਾਲ ਤਾਂ ਜਾਪਦਾ ਇਹੋ ਹੀ ਹੈ ਕਿ ਕੈਪਟਨ-ਸਰਕਾਰ ਸਭ ਵਰਗਾਂ ਦੇ ਉਲਾਂਭੇ-ਸ਼ਿਕਵੇ ਦੂਰ ਕਰਨ ਵਿਚ ਮੋਹਰੀ ਹੋਵੇਗੀ ਪਰ ਜੇਕਰ ਇਸਦੇ ਸਲਾਹਕਾਰ ਚੰਗੇਰੇ ਹੋਏ ਤਾਂ ਹੀ ਅਜਿਹਾ ਹੋਵੇਗਾ! ਮਨਪ੍ਰੀਤ ਸਿੰਘ ਬਾਦਲ ਦੇ ਮਗਰੇ ਹੀ ਚਰਨਜੀਤ ਸਿੰਘ ਚੰਨੀ (ਦੋਵਾਂ ਕੈਬਨਿਟ ਮੰਤਰੀਆਂ ) ਨੇ ਸਰਕਾਰੀ ਗੱਡੀ ਤੇ ਗੰਨਮੈਨ ਵਾਪਸ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਸਰਕਾਰ ਦੇ ਖਜਾਨੇ ਉਤੇ ਪਿਆ ਭਾਰੀ ਬੋਝ ਘਟਾਇਆ ਜਾ ਸਕੇ। ਕੈਪਟਨ ਨੇ ਕਿਹਾ ਹੈ ਕਿ ਅਸੀਂ ਜਸ਼ਨ ਕਾਹਦੇ ਮਨਾਈਏ, ਪੰਜਾਬ ਤਾਂ ਸੋਗ ਵਿਚ ਡੁੱਬਾ ਹੋਇਆ ਹੈ, ਜਦ ਪੰਜਾਬ ਪੈਰਾਂ ਸਿਰ ਹੋ ਜਾਵੇਗਾ ਉਦੋਂ ਜਸ਼ਨ ਮਨਾ ਲਵਾਂਗੇ। ਸੋ, ਸਹੁੰ ਚੁੱਕ ਸਮਾਗਮ ਵੀ ਸਾਦਾ ਜਿਹਾ ਕੀਤਾ ਗਿਆ ਹੈ। ਮੰਤਰੀ ਮੰਡਲ ਵੀ ਅਧੂਰਾ ਹੈ। ਵੇਖਣਾ ਇਹ ਹੈ ਕਿ ਕੀ ਕੈਪਟਨ ਇਹ ਸਾਰੀਆਂ ਸੋਚਾਂ ਨੂੰ ਸਫਲ ਬਣਾਉਣ ਵਿਚ ਸਫਲ ਹੁੰਦੇ ਹਨ, ਜਾਂ ਨਹੀਂ?
ਪੰਜਾਬ ਦੇ ਕਿਸਾਨਾਂ ਦੀਆਂ ਲਗਾਤਾਰ ਹੋ ਰਹੀਆਂ ਖੁਦਕਸ਼ੀਆਂ, ਕਿਸਾਨਾਂ ਸਿਰ ਮਣਾਂ-ਮੂੰਹੀ ਕਰਜਾ ਤੇ ਪੰਜਾਬ ਦੀ ਜਵਾਨੀ ਦਾ ਉੱਚ-ਡਿਗਰੀਆਂ ਹਾਸਲ ਕਰ ਕੇ ਬਦੇਸ਼ਾਂ ਵੱਲ ਦੌੜੀ ਜਾਣਾ, ਪੰਜਾਬ ਨੂੰ ਬੇਰੁਜ਼ਗਾਰੀ, ਨਸ਼ਿਆਂ, (ਖਾਸ ਕਰ ਚਿੱਟਾ), ਹਜ਼ਾਰਾਂ ਪ੍ਰਕਾਰ ਦੇ ਕੈਂਸਰ, ਹਾਰਟ ਅਟੈਕ, ਕਾਲੇ ਪੀਲੀਏ ਤੇ ਅਣਗਿਣਤ ਸੜਕ ਹਾਦਸਿਆਂ ਸਮੇਤ ਅਨੇਕਾਂ ਅਜਿਹੀਆਂ ਹੋਰ ਬੁਰਅਿਾਂ ਅਲਾਮਤਾਂ ਤੋਂ ਬਚਾਉਣਾ ਹੀ ਕੈਪਟਨ ਸਰਕਾਰ ਦੀ ਪਹਿਲ ਹੋਵੇਗੀ ਤਾਂ ਬਾਤਾਂ ਹੀ ਨਿਰਾਲੀਆਂ ਹੋਣਗੀਆਂ! ਬਾਕੀ ਸਿਆਣੇ ਆਖਦੇ ਨੇ ਕਿ ‘ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ’!
[email protected]
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …