Breaking News
Home / ਨਜ਼ਰੀਆ / ਕੀ ਪਏ ਕਹਿਣ ਨਤੀਜੇ ਚੋਣਾਂ-2017 ਦੇ …

ਕੀ ਪਏ ਕਹਿਣ ਨਤੀਜੇ ਚੋਣਾਂ-2017 ਦੇ …

ਡਾ. ਸੁਖਦੇਵ ਸਿੰਘ ਝੰਡ
ਦੇਸ਼ ਦੇ ਪੰਜ ਰਾਜਾਂ ਪੰਜਾਬ, ਯੂ.ਪੀ., ਉੱਤਰਾ ਖੰਡ, ਗੋਆ ਤੇ ਮਨੀਪੁਰ ਵਿੱਚ ਹੋਈਆਂ ਇਨ੍ਹਾਂ ਚੋਣਾਂ ਨੂੰ ਬੜੀ ਅਹਿਮੀਅਤ ਦਿੱਤੀ ਜਾ ਰਹੀ ਹੈ। ਕਈ ਇਨ੍ਹਾਂ ਨੂੰ ਸੱਤਾਧਾਰੀ ਪਾਰਟੀਆਂ ਦੇ ਵਿਰੁੱਧ ਆਮ ਲੋਕਾਂ ਦਾ ‘ਫ਼ਤਵਾ’ ਅਤੇ ‘ਸਥਾਪਤੀ ਵਿਰੋਧੀ ਲੋਕ ਲਹਿਰ’ ਕਰਾਰ ਦੇ ਰਹੇ ਹਨ। ਕਈ ਟੀ.ਵੀ. ਚੈਨਲ ਯੂ.ਪੀ ਅਤੇ ਉੱਤਰਾ ਖੰਡ ਰਾਜਾਂ ਵਿੱਚ ਹੋਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਇਸ ਚੋਣ-ਪ੍ਰਚਾਰ ਦੌਰਾਨ ਉਨ੍ਹਾਂ ਦੇ ‘ਜੁਮਲਿਆਂ’ ਨੂੰ ਬੰਨ੍ਹ ਰਹੇ ਹਨ। ਕਈ ਸਿਆਸੀ ਪੰਡਤ ਤਾਂ ਇਨ੍ਹਾਂ ਚੋਣਾਂ ਨੂੰ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਲੋਕਾਂ ਵੱਲੋਂ ਦਿੱਤਾ ਗਿਆ ‘ਰੀਫ਼ਰੈਂਡਮ’ ਵੀ ਸਮਝ ਰਹੇ ਹਨ ਜੋ ਕਿ ਸਮੇਂ ਤੋਂ ਪਹਿਲਾਂ ਵਾਲੀ ਗੱਲ ਜਾਪਦੀ ਹੈ।
ਆਬਾਦੀ ਦੇ ਲਿਹਾਜ਼ ਨਾਲ ਭਾਰਤ ਦੇ ਸੱਭ ਤੋਂ ਵੱਡੇ ਸੂਬੇ ਯੂ.ਪੀ. ਵਿੱਚ ਭਾਜਪਾ 403 ਵਿੱਚੋਂ 325, ਭਾਵ ਤਿੰਨ-ਚੌਥਾਈ ਤੋਂ ਵੀ ਵਧੀਕ (80%) ਸੀਟਾਂ ਲੈ ਗਈ ਹੈ। ਵਿਰੋਧੀ ਪਾਰਟੀਆਂ ਸਮਾਜਵਾਦੀ ਪਾਰਟੀ/ਕਾਂਗਰਸ ਗੱਠਜੋੜ ਅਤੇ ਬਹੁਜਨ ਪਾਰਟੀ 52 ਅਤੇ 19 ਸੀਟਾਂ ਨਾਲ ਬਹੁਤ ਪਿੱਛੇ ਰਹਿ ਗਈਆਂ ਹਨ। ਉਹ ਤਾਂ ਹੁਣ ‘ਵਿਰੋਧੀ-ਧਿਰ’ ਦੀ ਭੂਮਿਕਾ ਵੀ ਚੱਜ ਨਾਲ ਨਹੀਂ ਨਿਭਾ ਸਕਣਗੀਆਂ। ਏਹੀ ਹਾਲ ਉੱਤਰਾ-ਖੰਡ ਵਿੱਚ ਹੋਇਆ ਹੈ ਜਿੱਥੇ 70 ਵਿੱਚੋਂ 57 ਸੀਟਾਂ ਲੈ ਕੇ ਭਾਜਪਾ ਵੱਡੀ ਜੇਤੂ ਪਾਰਟੀ ਬਣੀ ਹੈ। ਇੱਥੇ ਵਿਰੋਧੀ ਪਾਰਟੀ ਕਾਂਗਰਸ ਦੇ ਹੱਥ ਕੇਵਲ 11 ਸੀਟਾਂ ਹੀ ਆਈਆਂ ਹਨ ਅਤੇ ਹੋਰਨਾਂ ਨੂੰ 2 ਹੀ ਸੀਟਾਂ ਮਿਲੀਆਂ ਹਨ। ਮਨੀਪੁਰ ਵਿੱਚ 60 ਸੀਟਾਂ ਵਿੱਚੋਂ ਕਾਂਗਰਸ ਪਾਰਟੀ ਨੂੰ 28 ਅਤੇ ਭਾਜਪਾ ਨੂੰ 21 ਸੀਟਾਂ ਉੱਪਰ ਜਿੱਤ ਪ੍ਰਾਪਤ ਹੋਈ ਹੈ। ਗੋਆ ਵਿੱਚ ਕਾਂਗਰਸ ਨੂੰ 17, ਭਾਜਪਾ ਨੂੰ 13 ਅਤੇ ਅਤੇ ਆਜ਼ਾਦ ਉਮੀਦਵਾਰਾਂ ਨੂੰ 10 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ। ਇੱਥੇ ਆਜ਼ਾਦ ਉਮੀਦਵਾਰ ਨਵੀਂ ਸਰਕਾਰ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਪੰਜਾਬ ਵਿੱਚ ਕਾਂਗਰਸ 117 ਵਿੱਚੋਂ 77 ਅਸੈਂਬਲੀ ਸੀਟਾਂ ਲੈ ਕੇ ਭਾਰੀ ਬਹੁ-ਗਿਣਤੀ ਨਾਲ ਜਿੱਤੀ ਹੈ। ਇਸ ਤਰ੍ਹਾਂ ਭਾਜਪਾ ਨੂੰ ਪੰਜ ਰਾਜਾਂ ਵਿੱਚੋਂ ਦੋਹਾਂ ਰਾਜਾਂ ਵਿੱਚ ਅਤੇ ਇਸ ਦੇ ਮੁਕਾਬਲੇ ਕਾਂਗਰਸ ਨੂੰ ਤਿੰਨਾਂ ਰਾਜਾਂ ਵਿੱਚ ਬਹੁ-ਮੱਤ ਮਿਲਿਆ ਹੈ ਪਰ ਭਾਜਪਾ ਵਾਲੇ ਇਸ ਜਿੱਤ ਦੀਆਂ ਖੁਸ਼ੀਆਂ ਕੁਝ ਵਧੇਰੇ ਹੀ ਮਨਾ ਰਹੇ ਹਨ। ਉਨ੍ਹਾਂ ਵੱਲੋਂ ਯੂ.ਪੀ. ਅਤੇ ਉੱਤਰਾਖੰਡ ਵਿੱਚ ‘ਕੇਸਰੀਆ ਜਸ਼ਨ’ ਮਨਾਏ ਜਾ ਰਹੇ ਹਨ, 13 ਮਾਰਚ ਨੂੰ ਨਰਿੰਦਰ ਮੋਦੀ ਵੱਲੋਂ ਚੋਣ-ਪ੍ਰਚਾਰ ਦੌਰਾਨ ਐਲਾਨੀ ਗਈ ‘ਕੇਸਰੀਆ ਹੋਲੀ’ ਮਨਾਈ ਜਾ ਰਹੀ ਹੈ, ਢੋਲਾਂ ‘ਤੇ ਭੰਗੜੇ ਪਾਏ ਜਾ ਰਹੇ ਹਨ ਅਤੇ ਪਟਾਕੇ ਚਲਾ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਪੰਜਾਬ ਦਾ ਬਸ਼ਿੰਦਾ ਹੋਣ ਦੇ ਨਾਤੇ ਪੰਜਾਬ ਦੀ ਗੱਲ ਸੰਖੇਪ ਵਿੱਚ ਕਰਨੀ ਇਸ ਦੇ ਨਾਲ ਅਤੇ ਆਪਣੇ ਆਪ ਨਾਲ ਬੇ-ਇਨਸਾਫ਼ੀ ਵਾਲੀ ਗੱਲ ਹੈ। ਏਸੇ ਲਈ ਬਾਕੀ ਚਾਰ ਰਾਜਾਂ ਦੇ ਚੋਣ-ਨਤੀਜਿਆਂ ਨੂੰ ਇੱਕੇ ਪੈਰ੍ਹੇ ਵਿੱਚ ਹੀ ਸਮੇਟ ਦਿੱਤਾ ਗਿਆ ਹੈ।
ਆਓ, ਹੁਣ ਆਪਣੇ ਰਾਜ ਪੰਜਾਬ ਦੀ ਗੱਲ ਵਿਸਥਾਰ ਵਿੱਚ ਕਰੀਏ ਜਿੱਥੇ ਸੱਤਾਧਾਰੀ ਗੱਠਜੋੜ ਅਕਾਲੀ ਦਲ/ਭਾਜਪਾ ਨੂੰ ਕਾਂਗਰਸ ਪਾਰਟੀ ਨੇ ਭਾਰੀ ਬਹੁ-ਮੱਤ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇੱਥੇ ਕਾਂਗਰਸ ਨੂੰ 77 ਸੀਟਾਂ ਮਿਲੀਆਂ ਹਨ ਅਤੇ ਬੁਰੀ ਤਰ੍ਹਾਂ ਹਾਰਨ ਵਾਲੇ ਸੱਤਾਧਾਰੀ ਗੱਠਜੋੜ ਜਿਸ ਦੇ ਵੱਲੋਂ ਇਸ ਵਾਰ ‘ਹੈਟ-ਟਰਿੱਕ’ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ, ਨੂੰ ਕੇਵਲ 18 ਸੀਟਾਂ ਹੀ ਮਿਲ ਸਕੀਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇੱਥੇ ਇਸ ਵਾਰ ਤੀਸਰੀ ਧਿਰ ਵਜੋਂ ਚੋਣ-ਮੈਦਾਨ ਵਿੱਚ ਕੁੱਦੀ ਆਮ ਆਦਮੀ ਪਾਰਟੀ (‘ਆਪ’) ਜਿਹੜੀ ਇਸ ਵਾਰ ਆਪਣੀ ਸਰਕਾਰ ਬਨਾਉਣ ਦਾ ਦਾਅਵਾ ਕਰ ਰਹੀ ਸੀ, ਨੂੰ ਵੀ ਸਿਰਫ਼ 22 ਸੀਟਾਂ ਹੀ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚ 2 ਸੀਟਾਂ ਉਨ੍ਹਾਂ ਦੀ ਸਹਿਯੋਗੀ ‘ਲੋਕ ਇਨਸਾਫ਼ ਪਾਰਟੀ’ ਦੀਆਂ ਸ਼ਾਮਲ ਹਨ। ਇਸ ਦੇ ਸਿਰਕੱਢ ਨੇਤਾ ਮੌਜੂਦਾ ਐੱਮ.ਪੀ. ਭਗਵੰਤ ਮਾਨ, ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਉਰਫ਼ ‘ਘੁੱਗੀ’, ਦਿੱਲੀ ਦੇ ਐੱਮ.ਐੱਲ.ਏ. ਜਰਨੈਲ ਸਿੰਘ ਅਤੇ ਕਾਨੂੰਨੀ-ਮਾਹਿਰ ਹਿੰਮਤ ਸਿੰਘ ਸ਼ੇਰਗਿੱਲ ਆਦਿ ਆਪਣੇ ਵਿਰੋਧੀ ‘ਮਹਾਂ-ਬਲੀਆਂ’ ਤੋਂ ਹਾਰ ਗਏ ਹਨ। ਇਹ ਵੱਖਰੀ ਗੱਲ ਹੈ ਕਿ ਇਸ ਪਾਰਟੀ ਦੇ ਕਈ ਅਹਿਮ ਨੇਤਾਵਾਂ ਵਿੱਚ ਸ਼ਾਮਲ ਸੁਪਰੀਮ ਕੋਰਟ ਦੇ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ, ਉੱਚ-ਕੋਟੀ ਦੇ ਚਰਚਿਤ ਪੱਤਰਕਾਰ ਕੰਵਰ ਸੰਧੂ ਅਤੇ ਕਾਂਗਰਸ ਤੋਂ ‘ਆਪ’ ਵਿੱਚ ਸ਼ਾਮਲ ਹੋਏ ਸੁਖਪਾਲ ਸਿੰਘ ਖਹਿਰਾ ਅਤੇ ਪ੍ਰੋ. ਬਲਜਿੰਦਰ ਕੌਰ ਆਦਿ ਨੇ ਸ਼ਾਨਦਾਰ ਜਿੱਤ ਵੀ ਪ੍ਰਾਪਤ ਕੀਤੀ ਹੈ।
ਇਹ ਵੇਖਣ ਵਾਲੀ ਗੱਲ ਹੈ ਕਿ ਜਿੱਥੇ ਹਾਰਨ ਵਾਲੀ ਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ, ਮਾਝੇ ਦੇ ਕਥਿਤ ‘ਜਰਨੈਲ’ ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਉਪਿੰਦਰਜੀਤ ਕੌਰ ਅਤੇ ਕਈ ਹੋਰ ਆਪਣੀਆਂ ਸੀਟਾਂ ਬਚਾਉਣ ਵਿੱਚ ਸਫ਼ਲ ਹੋ ਗਏ ਹਨ, ਉੱਥੇ ਉਨ੍ਹਾਂ ਦੇ ਨੇੜਲੇ ਸਾਥੀ, ਵੱਡੇ ਲੀਡਰ ਤੇ ਸਾਬਕਾ-ਮੰਤਰੀ ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰੱਖੜਾ, ਜਨਮੇਜਾ ਸਿੰਘ ਸੇਖੋਂ, ਗਲੁਜ਼ਾਰ ਸਿੰਘ ਰਣੀਕੇ, ਗੁਰਬਚਨ ਸਿੰਘ ਬੱਬੇਹਾਲੀ, ਆਦਿ ਬੁਰੀ ਤਰ੍ਹਾਂ ਹਾਰੇ ਹਨ। ਓਧਰ, ਕਾਂਗਰਸ ਦੀ ਇਸ ‘ਸ਼ਾਨਦਾਰ ਜਿੱਤ’ ਦੇ ਬਾਵਜੂਦ ਇਸ ਦੀਆਂ ‘ਵੱਡੀਆਂ ਤੋਪਾਂ’ ਸਾਬਕਾ ਮੁੱਖ-ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਵਿਰੋਧੀ ਨੇਤਾ ਸੁਨੀਲ ਜਾਖੜ ਆਦਿ ਵੀ ਇਨ੍ਹਾਂ ਚੋਣਾਂ ਵਿੱਚ ਬੁਰੀ ਮੂਧੇ-ਮੂੰਹ ਡਿੱਗੀਆਂ ਹਨ।
ਇੱਥੇ ਇਨ੍ਹਾਂ ਚੋਣ-ਨਤੀਜਿਆਂ ਅਤੇ ਜਿੱਤਾਂ-ਹਾਰਾਂ ਨਾਲ ਜੁੜੀਆਂ ਪ੍ਰਸਥਿਤੀਆਂ ਅਤੇ ਇਨ੍ਹਾਂ ਦੇ ਕਾਰਨਾਂ ਬਾਰੇ ਵੀ ਗੱਲ ਕਰਨੀ ਉਚਿਤ ਹੋਵੇਗੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਪੰਜਾਂ ਰਾਜਾਂ ਵਿੱਚ ਸਥਾਪਤੀ-ਵਿਰੋਧੀ ਲਹਿਰ ਨੇ ਆਪਣਾ ਵੱਡਮੁੱਲਾ-ਹਿੱਸਾ ਪਾਇਆ ਹੈ। ਯੂ.ਪੀ. ਵਿੱਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਕਥਿਤ ‘ਕਾਰਗ਼ੁਜ਼ਾਰੀ’, ਉਸ ਦੀ ਕਾਂਗਰਸ ਦੇ ਉੱਪ-ਪ੍ਰਧਾਨ ਰਾਹੁਲ ਗਾਂਧੀ ਨਾਲ ਪਾਈ ‘ਸਾਂਝ-ਭਿਆਲੀ’ ਅਤੇ ਪਰਿਵਾਰ ਦੀ ‘ਅੰਦਰੂਨੀ ਲੜਾਈ’ ਨੇ ਵੀ ਆਪਣਾ ‘ਪੂਰਾ ਯੋਗਦਾਨ’ ਪਾਇਆ ਹੈ। ਏਸੇ ਤਰ੍ਹਾਂ ਉੱਤਰਾ ਖੰਡ, ਗੋਆ ਅਤੇ ਮਨੀਪੁਰ ਵਿੱਚ ਵੀ ਰਾਜਨੀਤਕ ਹਾਲਤਾਂ ਅਤੇ ਸਥਾਨਕ ਮੁੱਦੇ ਵੋਟਰਾਂ ਉੱਪਰ ਭਾਰੂ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਮਰਜ਼ੀ ਦੀਆਂ ਪਾਰਟੀਆਂ ਨੂੰ ਰਾਜਸੀ ਸੱਤਾ ਸੌਂਪੀ ਹੈ। ਉੱਤਰਾ ਖੰਡ ਵਿੱਚ ਇਹ ਭਾਜਪਾ ਦੇ ਅਤੇ ਗੋਆ ਤੇ ਮਨੀਪੁਰ ਵਿੱਚ ਕਾਂਗਰਸ ਦੇ ਹਿੱਸੇ ਆਈ ਹੈ।
ਪੰਜਾਬ ਵਿੱਚ ਵੀ ਇਨ੍ਹਾਂ ਰਾਜਨੀਤਕ ਹਾਲਤਾਂ ਨੇ ਕਰਵੱਟ ਲਈ ਹੈ ਅਤੇ ਪਿਛਲੇ 10 ਸਾਲਾਂ ਤੋਂ ਰਾਜ ਕਰ ਰਹੇ ਅਕਾਲੀ ਦਲ/ਭਾਜਪਾ ਦੇ ਗੱਠਜੋੜ ਨੂੰ ਰਾਜਸੀ ਸੱਤਾ ਤੋਂ ਲਾਂਭੇ ਕਰਕੇ ਲੋਕਾਂ ਨੇ ਹੁਣ ਕਾਂਗਰਸ ਨੂੰ ਭਾਰੀ ਬਹੁ-ਮੱਤ ਨਾਲ ਜਿਤਾ ਕੇ ਰਾਜਸੀ ਵਾਗਡੋਰ ਉਸ ਦੇ ਹੱਥ ਸੌਂਪ ਦਿੱਤੀ ਹੈ। ਪੰਜਾਬ ਦੇ ਇਤਿਹਾਸਕ ਪਰਿਪੇਖ ਵਿੱਚ ਵੇਖਿਆ ਜਾਵੇ ਤਾਂ ਇੱਥੇ ਪਿਛਲੇ 60-70 ਸਾਲਾਂ ਤੋਂ ਚੱਲ ਰਹੀ ‘ਉੱਤਰ ਕਾਂਟੋ ਮੈਂ ਚੜ੍ਹਾਂ’ ਵਾਲੀ ਹੀ ਗੱਲ ਹੋਈ ਹੈ। ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਲੰਘੇ ਸਾਲਾਂ ਵਾਂਗ ਆਪਸੀ ‘ਸੱਤਾ-ਵਟਾਂਦਰਾ’ ਹੀ ਹੋਇਆ ਹੈ। ਤੀਸਰੀ ਧਿਰ ‘ਆਪ’ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਵਿੱਚ ਰਾਜਨੀਤਕ ਹਾਲਾਤ ਬਦਲਣ ਦੇ ਆਸਾਰ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਇੱਥੇ ਪ੍ਰਚੱਲਤ ਕੁਰੱਪਟ ਰਾਜਸੀ-ਨਿਜ਼ਾਮ ਨੂੰ ਬਦਲਣ ਲਈ ਇਸ ਦੇ ਵੱਲ ਬੜੀਆਂ ਆਸ ਭਰੀਆਂ ਨਿਗਾਹਾਂ ਨਾਲ ਵੇਖ ਰਹੇ ਸਨ। ਪਰ ਉਨ੍ਹਾਂ ਦੀਆਂ ਆਸਾਂ ਨੂੰ ‘ਬੂਰ’ ਨਹੀਂ ਪਿਆ। ਆਪਣੀ ਸਰਕਾਰ ਬਨਾਉਣ ਲਈ ਆਸਵੰਦ ‘ਆਪ’ ਨੂੰ 22 ਸੀਟਾਂ ‘ਤੇ ਹੀ ਸਬਰ ਕਰਨਾ ਪਿਆ ਹੈ ਜਿਸ ਵਿੱਚ ਇਸ ਦੇ ਸਹਿਯੋਗੀ ਲੁਧਿਆਣੇ ਦੇ ‘ਬੈਂਸ ਭਰਾਵਾਂ’ ਦੀਆਂ ਦੋ ਸੀਟਾਂ ਸ਼ਾਮਲ ਹਨ।
ਪੰਜਾਂ ਰਾਜਾਂ ਵਿੱਚ ਹੋਈਆਂ ਇਨ੍ਹਾਂ ਚੋਣਾਂ ਵਿੱਚ ਹੇਠ ਲਿਖੇ ਤੱਥ ਸਾਹਮਣੇ ਆਏ ਹਨ:
ਸਥਾਪਤੀ ਵਿਰੋਧੀ ਲਹਿਰ ਨੇ ਇਨ੍ਹਾਂ ਚੋਣਾਂ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ ਅਤੇ ਇਨ੍ਹਾਂ ਰਾਜਾਂ ਵਿੱਚ ਸਰਕਾਰਾਂ ਚਲਾ ਰਹੀਆਂ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਹੈ।
ਯੂ.ਪੀ. ਅਤੇ ਉੱਤਰਾ ਖੰਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜਸੀ ਵਿਰੋਧੀਆਂ ਦੇ ਖ਼ਿਲਾਫ਼ ਧੂੰਆਂ-ਧਾਰ ਭਾਸ਼ਨਾਂ ਨੇ ਆਪਣਾ ਅਸਰ ਵਿਖਾਇਆ ਹੈ।
ਯੂ.ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਕਾਂਗਰਸ ਦੇ ਉੱਪ-ਪ੍ਰਧਾਨ ਰਾਹੁਲ ਗਾਂਧੀ ਦੀ ‘ਜੋਟੀਦਾਰੀ’ ਨੂੰ ਲੋਕਾਂ ਵੱਲੋਂ ਬੁਰੀ ਤਰ੍ਹਾਂ ਨਕਾਰਿਆ ਗਿਆ ਹੈ।
ਅੱਠ ਨਵੰਬਰ 2016 ਨੂੰ ਹੋਈ ‘ਨੋਟ-ਬੰਦੀ’ ਦਾ ਕੋਈ ਖ਼ਾਸ ਅਸਰ ਵੇਖਣ ਨੂੰ ਨਹੀਂ ਮਿਲਿਆ ਅਤੇ ਨਾ ਹੀ ਇਨ੍ਹਾਂ ਚੋਣਾਂ ਵਿੱਚ ਇਹ ਕੋਈ ਮੁੱਦਾ ਬਣ ਕੇ ਸਾਹਮਣੇ ਆ ਸਕਿਆ ਹੈ। ਮਾਇਆਵਤੀ ਦੀ ਬਹੁਜਨ ਸਮਾਜਵਾਦੀ ਪਾਰਟੀ ਦੇ ਦਲਿਤ ‘ਜਾਤੀਵਾਦੀ-ਬਾਣ’ ਦੇ ਨਾਲ ਨਾਲ ਦਾਗਿਆ ਗਿਆ ‘ਮੁਸਲਿਮ-ਤੀਰ’ ਕੋਈ ਮਾਰ ਨਹੀਂ ਕਰ ਸਕਿਆ। ਇਸ ਦੇ ਵਿਰੋਧ ਵਿੱਚ ਮੋਦੀ ਵੱਲੋਂ ਛੱਡਿਆ ਗਿਆ ‘ਹਿੰਦੂਤਵ ਰਾਮ-ਬਾਣ’ ਵਧੇਰੇ ਕਾਰਗਰ ਲੱਗਦਾ ਹੈ।
ਪੰਜਾਬ ਵਿੱਚ ਫਿਰ ‘ਉੱਤਰ ਕਾਂਟੋ ਮੈਂ ਚੜ੍ਹਾਂ’ ਵਾਲੀ ਕਹਾਵਤ ਸੱਚ ਸਾਬਤ ਹੋਈ ਹੈ ਅਤੇ ਲੋਕਾਂ ਨੇ ਨਵੀਂ ਰਾਜਨੀਤਕ ਪਾਰਟੀ ‘ਆਪ’ ਨੂੰ ਓਨੀ ਅਹਿਮੀਅਤ ਨਹੀਂ ਮਿਲੀ ਜਿਸ ਦੀ ਉਸ ਨੂੰ ਆਸ ਸੀ।
ਪੰਜਾਬ ਸਰਕਾਰ ਵੱਲੋਂ ਕੀਤੇ ਗਏ ‘ਸੰਗਤ-ਦਰਸ਼ਨਾਂ’ ਦਾ ਅਸਰ ਉਨ੍ਹਾਂ ਅਸੈਂਬਲੀ-ਹਲਕਿਆਂ ਵਿੱਚ ਹੀ ਵੇਖਣ ਨੂੰ ਮਿਲਿਆ ਹੈ ਜਿਨ੍ਹਾਂ ਵਿੱਚ ਇਹ ਵਧੇਰੇ ਗਿਣਤੀ ਵਿੱਚ ਹੋਏ।
ਸਿਰਸੇ ਵਾਲੇ ‘ਸੌਦਾ-ਸਾਧ’ ਵੱਲੋਂ ਅਕਾਲੀ/ਭਾਜਪਾ ਗੱਠ-ਜੋੜ ਨੂੰ ਦਿੱਤੀ ਹਮਾਇਤ ਵੀ ਕੋਈ ਅਸਰ ਨਹੀਂ ਵਿਖਾ ਸਕੀ ਅਤੇ ਇਸ ਦੀ ਹਮਾਇਤ ਪ੍ਰਾਪਤ ਕਰਨ ਵਾਲੇ ਅਕਾਲੀ ਨੇਤਾ ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ ਆਦਿ ਬੁਰੀ ਤਰ੍ਹਾਂ ਮੂਧੇ-ਮੂੰਹ ਡਿੱਗੇ ਹਨ।
‘ਪਿਓ-ਪੁੱਤਰ’ ਅਤੇ ‘ਸਾਲੇ-ਭਣਵੱਈਏ’ ਦੀ ‘ਤਿੱਕੜੀ’ ਤਾਂ ਮੁੜ ਸਫ਼ਲ ਹੋ ਗਈ ਹੈ ਪਰ ਇੱਕ ਹੋਰ ‘ਭਣਵੱਈਆ’ ਇਸ ਵਿੱਚ ਸ਼ਾਮਲ ਨਹੀਂ ਹੋ ਸਕਿਆ।
ਅਕਾਲੀ ਦਲ/ਭਾਜਪਾ ਗੱਠ-ਜੋੜ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਇਸ ਵਾਰ ਛੋਟੇ ਸ਼ਹਿਰਾਂ ਫਗਵਾੜਾ, ਅਬੋਹਰ ਅਤੇ ਸੁਜਾਨਪੁਰ ਤੋਂ ਕੇਵਲ ਤਿੰਨ ਸੀਟਾਂ ਹੀ ਲਿਜਾ ਸਕੀ ਹੈ ਅਤੇ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਆਦਿ ਵਿੱਚੋਂ ਉਸ ਨੂੰ ਕੋਈ ਵੀ ਸੀਟ ਨਹੀਂ ਮਿਲ ਸਕੀ। ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰਾਂ ਵਿੱਚ ਇਸ ਵਾਰ ਬਹੁਤ ਸਾਰੇ ਨੌਜੁਆਨ ਚਿਹਰੇ ਸ਼ਾਮਲ ਹੋਏ ਹਨ ਜਿਨ੍ਹਾਂ ਦੀ ਸੋਚ ਪ੍ਰੰਪਰਾਵਾਦੀ ਕਾਂਗਰਸੀ-ਸੋਚ ਨਾਲੋਂ ਕੁਝ ਵੱਖਰੀ ਹੋ ਸਕਦੀ ਹੈ। ਖ਼ੈਰ ਇਸ ਦੇ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਹੁਣ ਨਵੀਂ ਕਾਂਗਰਸ ਸਰਕਾਰ ਨੂੰ ਆਉਂਦੇ ਸਮੇਂ ਵਿੱਚ ਬਹੁਤ ਸਾਰੀਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸੱਭ ਤੋਂ ਪਹਿਲਾਂ ਤਾਂ ਸੁਪਰੀਮ ਕੋਰਟ ਵੱਲੋਂ ‘ਐੱਸ. ਵਾਈ. ਐੱਲ’ ਦੀ ਉਸਾਰੀ ਸਬੰਧੀ ਪਿਛਲੇ ਦਿਨੀਂ ਦਿੱਤੇ ਗਏ ਫ਼ੈਸਲੇ ਨੂੰ ਲਾਗੂ ਕਰਨ ਜਾਂ ਨਾ ਕਰਨ ਬਾਰੇ ਆਪਣੀ ਪਾਰਟੀ-ਰਾਇ ਬਨਾਉਣੀ ਹੋਵੇਗੀ। ਪਾਠਕਾਂ ਨੂੰ ਭਲੀ-ਭਾਂਤ ਯਾਦ ਹੋਵੇਗਾ ਕਿ ਸਾਲ 2004 ਵਿੱਚ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਬੜਾ ਅਹਿਮ ਦਲੇਰੀ ਭਰਿਆ ਫ਼ੈਸਲਾ ਲੈਦਿਆਂ ਹੋਇਆਂ ਪਿਛਲੇ ਸਾਰੇ ਹੀ ਅੰਤਰ-ਰਾਜੀ ਪਾਣੀ ਸਮਝੌਤਿਆਂ ਨੂੰ ਰੱਦ ਕਰਨ ਬਾਰੇ ਬਿੱਲ ਪੰਜਾਬ ਅਸੈਂਬਲੀ ਵਿੱਚੋਂ ਪਾਸ ਕਰਵਾ ਕੇ ਸਾਰੇ ਪੰਜਾਬ-ਵਾਸੀਆਂ ਨੂੰ ਹੈਰਾਨ ਅਤੇ ਖੁਸ਼ ਕਰ ਦਿੱਤਾ ਸੀ। ਲੋਕਾਂ ਵੱਲੋਂ ਹੁਣ ਵੀ ਕੈਪਟਨ ਸਾਹਿਬ ਕੋਲੋਂ ਅਜਿਹੇ ਹੀ ਦਲੇਰਾਨਾ ਕਦਮ ਦੀ ਆਸ ਪ੍ਰਗਟਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਿਰ ਚੜ੍ਹੀ ਕਈ ਲੱਖ-ਕਰੋੜ ਦੇ ਭਾਰੀ ‘ਕਰਜ਼ੇ ਦੀ ਪੰਡ’ ਦੇ ਹੁੰਦਿਆਂ ਹੋਇਆਂ ਇਸ ਦੇ ਵਿਕਾਸ ਬਾਰੇ ਸੋਚਣਾ, ਖ਼ੁਦਕਸ਼ੀਆਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੇ ਕਰਜ਼ਿਆਂ ਨੂੰ ਘਟਾਉਣ/ਮੁਆਫ਼ ਕਰਾਉਣ ਲਈ ਰਾਹਤ ਦੇਣ, ਲੱਗਭੱਗ ਖ਼ਾਲੀ ਪਏ ਸੂਬੇ ਦੇ ਖ਼ਜ਼ਾਨੇ ਨੂੰ ਮੁੜ ਲੀਹ ‘ਤੇ ਲਿਆਉਣਾ ਅਤੇ ਆਪਣੇ ਚੋਣ-ਮੈਨੀਫੈਸਟੋ ਵਿੱਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਏਨਾ ਆਸਾਨ ਨਹੀਂ ਹੋਵੇਗਾ। ਇਨ੍ਹਾਂ ਨੂੰ ਸਿਰੇ ਚੜ੍ਹਾਉਣ ਲਈ ਆਉਂਦੇ ਨਵੀਂ ਸਰਕਾਰ ਨੂੰ ਸਿਰਤੋੜ ਯਤਨ ਕਰਨੇ ਪੈਣਗੇ, ਨਹੀਂ ਤਾਂ ਪੰਜਾਂ ਸਾਲਾਂ ਬਾਦ ਫਿਰ ਕਿਧਰੇ ‘ਉੱਤਰ ਕਾਂਟੋ ਮੈਂ ਚੜ੍ਹਾਂ’ ਵਾਲੀ ਹੀ ਸਥਿਤੀ ਨਾ ਬਣ ਜਾਵੇ ਜਾਂ ਫਿਰ ਉੱਸਲਵੱਟੇ ਲੈ ਰਹੀ ਨਵੀਂ ਪਾਰਟੀ ‘ਆਪ’ ਸੱਤਾ ਹਥਿਆਉਣ ਦੀ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਹੋ ਜਾਵੇ। ਫ਼ਿਲਹਾਲ, ਅਸੀਂ ਇਸ ਨਵੀਂ ਸਰਕਾਰ ਨੂੰ ਸ਼ੁਭ-ਇੱਛਾਵਾਂ ਹੀ ਦੇ ਸਕਦੇ ਹਾਂ। – ਫ਼ੋਨ: 73409-07966

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਲਿਵਿੰਗ ਵਿੱਦ ਵੈਲਨੈਸ 2024 ਵਿਖੇ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਉਤਸ਼ਾਹਿਤ ਕੀਤਾ

ਮਿਸੀਸਾਗਾ : ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕੁਏਅਰ ਵਿਚ ਲਿਵਿੰਗ ਵਿੱਦ ਵੈਲਨੈਸ 2024 …