Breaking News
Home / Uncategorized / ਵਿਗੜਦਾ ਵਾਤਾਵਰਣ ਤੇ ਵਧਦਾ ਤਾਪਮਾਨ

ਵਿਗੜਦਾ ਵਾਤਾਵਰਣ ਤੇ ਵਧਦਾ ਤਾਪਮਾਨ

ਡਾ. ਸੁਖਦੇਵ ਸਿੰਘ ਝੰਡ
ਦੁਨੀਆ ਦੇ ਲੱਗਭੱਗ ਸਾਰੇ ਹੀ ਦੇਸ਼ਾਂ ਵਿਚ ਵਾਤਾਵਰਣ ਵਿਗੜ ਰਿਹਾ ਹੈ ਅਤੇ ਇਸ ਦੇ ਕਾਰਨ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੂੰ ‘ਗਲੋਬਲ ਵਾਰਮਿੰਗ’ ਦਾ ਨਾਂ ਦਿੱਤਾ ਗਿਆ ਹੈ। ਇਹ ਧਰਤੀ ਦੇ ਧਰਾਤਲ ਉੱਪਰ ਵਾਤਾਵਰਣ ਵਿਚ ਹੌਲੀ-ਹੌਲੀ ਹੋ ਰਿਹਾ ਔਸਤਨ ਵਾਧਾ ਹੈ ਜਿਸ ਦੇ ਦੂਰ-ਗਾਮੀ ਬੁਰੇ ਪ੍ਰਭਾਵ ਬੜੀ ਦੇਰ ਨਾਲ ਸਾਹਮਣੇ ਆਉਂਦੇ ਹਨ। ਮੌਸਮ ਦੇ ਮਾਹਿਰ-ਵਿਗਿਆਨੀਆਂ ਅਨੁਸਾਰ ਪਿਛਲੀ ਸਦੀ ਵਿਚ ਇਹ ਤਾਪਮਾਨ 1 ਤੋਂ 1.5 ਡਿਗਰੀ ਸੈਂਟੀਗਰੇਡ ਤੱਕ ਵਧਿਆ ਹੈ ਅਤੇ ਜੇਕਰ ਇਹ ਸਿਲਸਿਲਾ ਇੰਜ ਹੀ ਚੱਲਦਾ ਰਿਹਾ ਤਾਂ ਇਸ ਸਦੀ ਦੇ ਅਖ਼ੀਰ ਤੱਕ ਇਹ ਵਾਧਾ 2 ਤੋਂ ਲੈ ਕੇ 6 ਡਿਗਰੀ ਸੈਂਟੀਗਰੇਡ ਤੱਕ ਹੋ ਸਕਦਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ 1905 ਤੋਂ 2005 ਦੇ ਵਿਚਕਾਰ ਇਹ ਵਾਧਾ ਕੇਵਲ 0.6 ਤੋਂ 0.9 ਡਿਗਰੀ ਸੈਂਟੀਗਰੇਡ, ਭਾਵ 1.1 ਤੋਂ 1.6 ਡਿਗਰੀ ਫ਼ਾਰਨਹੀਟ ਦੇ ਵਿਚਕਾਰ ਸੀ ਅਤੇ ਇਸ ਤੋਂ ਉੱਪਰਲਾ ਦੁੱਗਣਾ ਵਾਧਾ 2005 ਤੋਂ ਬਾਅਦ ਹੋਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ઑਬਰਫ਼ ਦੇ ਯੁੱਗ਼ ਵਿਚ ਧਰਤੀ ਦਾ ਔਸਤ ਤਾਪਮਾਨ ਅੱਜ ਦੇ ਔਸਤ ਤਾਪਮਾਨ ਨਾਲੋਂ 6 ਡਿਗਰੀ ਸੈਂਟੀਗਰੇਡ ਘੱਟ ਸੀ। ਇਸ ਤੋਂ ਅਗਲੇ ઑਡਾਇਨੋਸਾਰਸ ਯੁੱਗ਼ ਵਿਚ ਇਹ ਅੱਜ ਨਾਲੋਂ 4 ਡਿਗਰੀ ਸੈਂਟੀਗਰੇਡ ਵੱਧ ਹੋ ਗਿਆ ਜਿਸ ਕਰਕੇ ਲੱਗਭੱਗ ਸੱਤ ਕਰੋੜ ਸਾਲ ਪਹਿਲਾਂ ਧਰਤੀ ‘ઑਤੇ ਬੜੀ ਉਥਲ-ਪੁਥਲ ਹੋਈ ਸੀ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਤਾਪਮਾਨ ਦੇ ਅਜੋਕੇ ਵਾਧੇ ਲਈ ਮਨੁੱਖ ਹੀ ਜ਼ਿੰਮੇਵਾਰ ਹੈ। ਉਸ ਦੁਆਰਾ ਕੀਤੀ ਗਈਆਂ ਨਵੀਆਂ ਨਵੀਆਂ ਖੋਜਾਂ ਅਤੇ ਕਾਢਾਂ ਹੀ ਤਾਪਮਾਨ ਦੇ ਇਸ ਵਾਧੇ ਨੂੰ ਜਨਮ ਦੇ ਰਹੀਆਂ ਹਨ। ਅਜੋਕੇ ਸਮੇਂ ਵਿਚ ਮਨੁੱਖ ‘ਫ਼ੌਸਿਲ ਫ਼ਿਊਲ’ ਦੀ ਵਰਤੋਂ ਧੜਾਧੜ ਕਰ ਰਿਹਾ ਹੈ ਜਿਸ ਵਿਚ ਕੋਇਲਾ, ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਕੁਦਰਤੀ ਗੈਸ, ਆਦਿ ਸੱਭ ਆ ਜਾਂਦੇ ਹਨ ਅਤੇ ਇਹ ਸਾਰੇ ਹੀ ਬਲਣ ਸਮੇਂ ਵੱਡੀ ਮਾਤਰਾ ਵਿਚ ਗਰੀਨ ਹਾਊਸ ਗੈਸਾਂ ਨੂੰ ਜਨਮ ਦਿੰਦੇ ਹਨ। ਤਾਪ-ਬਿਜਲੀ ਘਰਾਂ ਵਿਚ ਬਿਜਲੀ ਬਨਾਉਣ ਲਈ ਕੋਇਲੇ ਦੀ ਭਾਰੀ ਵਰਤੋਂ ਹੋ ਰਹੀ ਹੈ। ਇਸ ਸਮੇਂ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਕੁਲ ਗਰੀਨ ਹਾਊਸ ਗੈਸਾਂ ਦਾ 25 ਫ਼ੀਸਦੀ ਹਿੱਸਾ ਵਾਯੂਮੰਡਲ ਵਿਚ ਭੇਜ ਰਿਹਾ ਹੈ ਅਤੇ ਚੀਨ ਵੀ ਇਸ ਦੌੜ ਵਿਚ ਉਸ ਤੋਂ ਪਿੱਛੇ ਨਹੀਂ ਹੈ, ਸਗੋਂ ਚਾਰ ਕਦਮ ਅੱਗੇ ਹੀ ਹੈ। ਭਾਰਤ ਸਮੇਤ ਤੀਸਰੀ ਦੁਨੀਆ ਦੇ ਦੇਸ਼ਾਂ ਲਈ ਵਾਤਾਵਰਣ ਡੂੰਘੀ ਅਤੇ ਗੁੰਝਲਦਾਰ ਸਮੱਸਿਆ ਬਣਦੀ ਜਾ ਰਹੀ ਹੈ। ਕੁਦਰਤੀ ਪ੍ਰਕਿਰਿਆਵਾਂ ਵਿਚ ਵਿਗਾੜ ਪਾ ਕੇ ਮਨੁੱਖ ਆਪਣੇ ਲਈ ਕੁਦਰਤੀ ਕਰੋਪੀਆਂ ਸਹੇੜ ਰਿਹਾ ਹੈ ਅਤੇ ਆਪਣੇ ਜੀਵਨ ਨੂੰ ਖਤਰੇ ਵਿਚ ਪਾ ਰਿਹਾ ਹੈ।
ਸੰਸਾਰਕ ਪੱਧਰ ‘ਤੇ ਵਧੇ ਹੋਏ ਤਾਪਮਾਨ ਨਾਲ ਵਾਤਾਵਰਣ ਵਿਚ ਬਹੁਤ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ। ਵੱਡੇ-ਵੱਡੇ ਗਲੇਸ਼ੀਅਰ ਹੌਲੀ-ਹੌਲੀ ਪਿਘਲ ਰਹੇ ਹਨ ਅਤੇ ਜਦੋਂ ਇਹ ਵੱਡੇ ਪੱਧਰ ‘ઑਤੇ ਪਿਘਲਣਗੇ ਤਾਂ ਨਦੀਆਂ ਅਤੇ ਦਰਿਆਵਾਂ ਵਿਚ ਹੜ੍ਹ ਆ ਸਕਦੇ ਹਨ। ਹਿਮਾਲੀਆ ਪਰਬਤ ਦੀ ਲੰਮੀ ਲੜੀ ਵਿਚ ਲੱਗਭੱਗ ਦੋ ਲੱਖ ਵਰਗ ਕਿਲੋਮੀਟਰ ਦੇ ਖ਼ੇਤਰਫਲ ਵਿਚ ਗਲੇਸ਼ੀਅਰ ਹਨ ਅਤੇ ਇਨ੍ਹਾਂ ਦੇ ਪਿਘਲਣ ਨਾਲ ਭਾਰਤ ਦੇ ਦਰਿਆਵਾਂ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਦਰਿਆਵਾਂ ਦੇ ਇਸ ਵਾਧੂ ਪਾਣੀ ਦੇ ਨਾਲ ਸਮੁੰਦਰ ਦੀ ਸਤਹ ਹੌਲੀ-ਹੌਲੀ ਉੱਚੀ ਹੁੰਦੀ ਜਾਏਗੀ ਅਤੇ ਨੇੜ-ਭਵਿੱਖ ਵਿਚ ਵੱਖ-ਵੱਖ ਸਮੁੰਦਰਾਂ ਦੇ ਕੰਢਿਆਂ ‘ਤੇ ਵੱਸੇ ਸ਼ਹਿਰਾਂ ਤੇ ਹੋਰ ਇਲਾਕਿਆਂ ਦੇ ਸਮੁੰਦਰ ਵਿਚ ਡੁੱਬਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਇਨ੍ਹਾਂ ਵਿਚ ਭਾਰਤ ਦੇ ਗਵਾਂਢੀ ਬੰਗਲਾ ਦੇਸ਼ ਤੇ ਕਈ ਹੋਰ ਦੇਸ਼ਾਂ ਦੇ ਡੁੱਬਣ ਦੀ ਵੀ ਗੱਲ ਕੀਤੀ ਜਾ ਰਹੀ ਹੈ। ਅਮਰੀਕਾ ਵਿਚ ਸੈਲਾਨੀਆਂ ਦਾ ਬੇਹੱਦ ਮਨਪਸੰਦ ਸ਼ਹਿਰ ਮਿਆਮੀ ਦੀ ਹੋਂਦ ਵੀ ਖ਼ਤਰੇ ਵਿਚ ਦੱਸੀ ਜਾ ਰਹੀ ਹੈ।
ਮੌਸਮ ਦੇ ਵਿਗਿਆਨੀਆਂ ਦੀ ਧਾਰਨਾ ਹੈ ਕਿ 1850 ਤੋਂ ਆਰੰਭ ਹੋਈ ‘ਉਦਯੋਗਿਕ-ਕ੍ਰਾਂਤੀ’ ਦੌਰਾਨ ਹੋਏ ਮਸ਼ੀਨੀਕਰਨ ਨਾਲ ਵਾਤਾਵਰਣ ਵਿਚ ‘ਗਰੀਨ ਹਾਊਸ ਗੈਸਾਂ’ ਦੀ ਮਿਕਦਾਰ ਵੱਧਣੀ ਸ਼ੁਰੂ ਹੋ ਗਈ, ਕਿਉਂਕਿ ਮਸ਼ੀਨਾਂ ਨੂੰ ਚਲਾਉਣ ਲਈ ਵਧੇਰੇ ਕਰਕੇ ઑਫ਼ੌਸਿਲ ਫ਼ਿਊਲ਼ ਦੀ ਹੀ ਵਰਤੋਂ ਕੀਤੀ ਗਈ। ਗਰੀਨ ਹਾਊਸ ਗੈਸ਼ਾਂ ਵਿਚ ਸ਼ਾਮਲ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਹਵਾ ਵਿਚ ਗਰਮੀ ਛੱਡਦੀਆਂ ਹਨ। ਇਨ੍ਹਾਂ ਵਿੱਚੋਂ ਕਾਰਬਨ ਡਾਈਆਕਸਾਈਡ ਦੀ ਮਾਤਰਾ 2009 ਤੱਕ 38 ਫੀਸਦੀ ਵਧੀ, ਜਦ ਕਿ ਮੀਥੇਨ ਦੀ ਮਾਤਰਾ ਵਿਚ 148 ਫ਼ੀਸਦੀ ਵਾਧਾ ਹੋਇਆ ਜੋ ਕਾਰਬਨ ਡਾਈਆਕਸਾਈਡ ਨਾਲੋਂ ਚਾਰ ਗੁਣਾ ਵੱਧ ਹੈ ਅਤੇ ਇਹ ਗਰਮੀ ਵੀ ਹਵਾ ਵਿਚ ਕਾਰਬਨ ਡਾਈਆਕਸਾਈਡ ਨਾਲੋਂ 300 ਗੁਣਾਂ ਵਧੇਰੇ ਛੱਡਦੀ ਹੈ। ਇਨ੍ਹਾਂ ਗਰੀਨ ਹਾਊਸ ਗੈਸਾਂ ਵਿਚ ਸ਼ਾਮਲ ઑਲਾਫ਼ਿੰਗ ਗੈਸ਼ (ਨਾਈਟਰੱਸ ਆਕਸਾਈਡ) ਵੀ ਇਸ ਗਰਮੀ ਵਿਚ ਆਪਣਾ ਪੂਰਾ ਯੋਗਦਾਨ ਪਾਉਂਦੀ ਹੈ। ਇਤਿਹਾਸਕ ਤੱਥ ਬਿਆਨ ਕਰ ਰਹੇ ਹਨ ਕਿ ਪਿਛਲੇ 5000 ਸਾਲਾਂ ਵਿਚ ਧਰਤੀ ਦੇ ਔਸਤ ਤਾਪਮਾਨ ਵਿਚ 5 ਡਿਗਰੀ ਸੈਂਟੀਗਰੇਡ ਵਾਧਾ ਹੋਇਆ ਹੈ ਅਤੇ ਅਗਲੀ ਸਦੀ ਵਿਚ ਤਾਪਮਾਨ ਦਾ ਇਹ ਵਾਧਾ 20 ਗੁਣਾਂ ਹੋਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਦੁਨੀਆ ਦੇ 195 ਦੇਸ਼ਾਂ ਦੀ ਸਮੂਹਿਕ ਜੱਥੇਬੰਦੀ ઑਸੰਯੁਕਤ ਰਾਸ਼ਟਰ ਸੰਘ਼ (ਯੂ.ਐੱਨ.ਓ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸੰਸਾਰ ਵਿਚ ਹਰ ਸਾਲ ਲੱਗਭੱਗ 9 ਲੱਖ ਮਿਲੀਅਨ ਹੈਕਟੇਅਰ ਰਕਬੇ ਵਿੱਚੋਂ ਹਰ ਸਾਲ ਜੰਗਲ ਅਲੋਪ ਹੋ ਰਹੇ ਹਨ ਅਤੇ ਇਸ ਨਾਲ ਵਾਤਾਵਰਣ ਵਿਚ ਵੱਡੀ ਪੱਧਰ ‘ઑਤੇ ਗੜਬੜ ਹੋ ਰਹੀ ਹੈ। ਆਸਟ੍ਰੇਲੀਆ, ਅਮਰੀਕਾ ਦੇ ਸੂਬੇ ਕੈਲੇਫ਼ੋਰਨੀਆ, ਕੈਨੇਡਾ ਦੇ ਸੂਬੇ ਅਲਬਰਟਾ ਅਤੇ ਕਈ ਹੋਰ ਥਾਵਾਂ ઑਤੇ ਜੰਗਲਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਏਕੜ ਰਕਬਾ ਜੰਗਲ ਤੋਂ ਵਿਹਲਾ ਹੋ ਗਿਆ ਹੈ। ਜੰਗਲਾਂ ਦੇ ਇਸ ਤਰ੍ਹਾਂ ਖ਼ਤਮ ਹੋਣ ਨਾਲ ਇਨ੍ਹਾਂ ਵਿਚ ਰਹਿਣ ਵਾਲੇ ਜੀਵ-ਜੰਤੂਆਂ ਅਤੇ ਜਾਨਵਰਾਂ ਦਾ ਵੀ ਖਾਤਮਾ ਹੋ ਰਿਹਾ ਹੈ। ਇਨ੍ਹਾਂ ਦੀਆਂ ਕਈ ਪ੍ਰਜਾਤੀਆਂ ਹੌਲੀ-ਹੌਲੀ ਅਲੋਪ ਹੁੰਦੀਆਂ ਜਾ ਰਹੀਆਂ ਹਨ। ਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਵਾਤਾਵਰਣ ਵਿਚ ਸਮਤੋਲ ਰੱਖਣ ਲਈ ਰੁੱਖਾਂ ਦੀ ਅਹਿਮ ਭੂਮਿਕਾ ਹੈ। ਉਹ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਲੈ ਕੇ ਆਸਾਨੀ ਨਾਲ ਸਾਹ ਲੈਣ ਲਈ ਸਾਨੂੰ ਆਕਸੀਜਨ ਦਿੰਦੇ ਹਨ। ਪੌਦਾ-ਵਿਗਿਆਨੀਆਂ ਦਾ ਵਿਚਾਰ ਹੈ ਇਕ ਵੱਡੇ ਰੁੱਖ ਵਿਚ 22 ਤੋਂ 25 ਕਿਲੋ ਗ੍ਰਾਮ ਕਾਰਬਨ ਡਾਈਆਕਸਾਈਡ ਹਵਾ ਵਿੱਚੋਂ ਜਜ਼ਬ ਕਰਨ ਦੀ ਸਮਰੱਥਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਰਬਨ ਮੌਨੋਆਕਸਾਈਡ, ਸਲਫ਼ਰ ਡਾਈਆਕਸਾਈਡ ਅਤੇ ਨਾਈਟਰੋਜਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਨੂੰ ਆਪਣੇ ਅੰਦਰ ਲਿਜਾਣ ਦਾ ਵੀ ਵਰਦਾਨ ਪ੍ਰਾਪਤ ਹੈ।
ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 2007 ਵਿਚ 46 ਦੇਸ਼ਾਂ ਦੀ ਵਾਤਾਵਰਣ ਸਬੰਧੀ ਹੋਈ ਕਾਨਫ਼ਰੰਸ ਵਿਚ ਵਿਗਿਆਨੀਆਂ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਲੋਕਾਂ ਨੂੰ ਹੁਣ ਵੀ ਗਰੀਨ ਹਾਊਸ ਗੈਸਾਂ ਤੋਂ ਮੁਕਤ ਨਾ ਕਰਵਾਇਆ ਗਿਆ ਤਾਂ ਫਿਰ ਸਾਡੇ ਲਈ ਪਛਤਾਉਣ ਦਾ ਸਮਾਂ ਵੀ ਨਹੀਂ ਬਚੇਗਾ। ਵਿਗਿਆਨੀਆਂ ਦੀ ਇਸ ਚਿਤਾਵਨੀ ਨੂੰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਅਤੇ 2015 ਵਿਚ ਪੈਰਿਸ ਵਿਚ ਹੀ ਹੋਈ ਮੁੜ ਹੋਈ ਕਾਨਫਰੰਸ ਵਿਚ 200 ਦੇਸ਼ਾਂ ਦੇ ਪ੍ਰਤੀਨਿਧੀਆਂ ਵੱਲੋਂ ਇਸ ਉੱਪਰ ਦਸਤਖ਼ਤ ਕੀਤੇ ਗਏ ਜਿਸ ਨੂੰ ઑਪੈਰਿਸ ਵਾਤਾਵਰਣ ਸਮਝੌਤੇ਼ ਦਾ ਨਾਂ ਦਿੱਤਾ ਗਿਆ। ਇਹ ਸਮਝੌਤਾ ਅਗਲੇ ਸਾਲ 2016 ਨੂੰ ਲਾਗੂ ਕੀਤਾ ਗਿਆ। ਇਸ ਸਮਝੌਤੇ ਦਾ ਮੁੱਖ-ਉਦੇਸ਼ ਸੰਸਾਰਕ ਪੱਧਰ ‘ઑਤੇ ਤਾਪਮਾਨ ਵਿਚ ਵਾਧੇ ਨੂੰ ਹਰ ਹਾਲਤ ਵਿਚ 2 ਡਿਗਰੀ ਸੈਂਟੀਗਰੇਡ ਤੋਂ ਹੇਠਾਂ ਰੱਖਣਾ ਹੈ ਅਤੇ ਬਿਹਤਰ ਹੈ ਜੇਕਰ ਇਹ 1.5 ਡਿਗਰੀ ਦੇ ਆਸ-ਪਾਸ ਹੀ ਰਹੇ। ਇਸ ਸਮਝੌਤੇ ਅਨੁਸਾਰ ਗਰੀਨ ਹਾਊਸ ਗੈਸਾਂ ਦੀ ਹਵਾ ਵਿਚ ਮਾਤਰਾ ਓਨੀ ਕੁ ਹੀ ਰਹਿਣੀ ਚਾਹੀਦੀ ਹੈ ਜਿੰਨੀ ਰੁੱਖ, ਧਰਤੀ ਅਤੇ ਸਮੁੰਦਰ ਆਪਣੇ ਵਿਚ ਆਸਾਨੀ ਨਾਲ ਸਮਾਅ ਸਕਣ। ਇਸ ਦੇ ਲਈ ਹਰੇਕ ਮੈਂਬਰ ਦੇਸ਼ ਇਨ੍ਹਾਂ ਗੈਸਾਂ ਨੂੰ ਘਟਾਉਣ ਦਾ ਆਪਣਾ ઑਨਿਸ਼ਾਨਾ (ਟਾਰਗੈੱਟ) ਤੈਅ ਕਰਦਾ ਹੈ ਜਿਸ ਨੂੰ ઑਐੱਨ.ਡੀ.ਸੀ.ઑ (National Determined Contribution) ਦਾ ਨਾਂ ਦਿੱਤਾ ਗਿਆ ਹੈ ਅਤੇ ਉਹ ਉਸ ਨੂੰ ਪੂਰਿਆਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਵਾਤਾਵਰਣ ਦੀ ਤਬਦੀਲੀ ਅਤੇ ਨਵਿਆਉਣਯੋਗ-ਊਰਜਾ ਵਰਗੇ ਪ੍ਰਾਜੈੱਕਟਾਂ ਨੂੰ ਅਪਨਾਉਣ ਲਈ ਅਮੀਰ ਦੇਸ਼ਾਂ ਵੱਲੋਂ ਗ਼ਰੀਬ ਦੇਸ਼ਾਂ ਦੀ ਮਾਇਕ-ਸਹਾਇਤਾ ਵੀ ਕੀਤੀ ਜਾਂਦੀ ਹੈ। ਇਸ ਦੇ ਵੱਲੋਂ ਮਿਥੇ ਗਏ ਨਿਸ਼ਾਨੇ ਅਨੁਸਾਰ ਦੁਨੀਆਂ ਦੇ ਸਾਰੇ ਦੇਸ 2050 ਤੱਕ ਵਾਤਾਵਰਣ ਪੱਖੋਂ ઑਨਿਊਟਰਲ਼ ਹੋ ਜਾਣਗੇ। ਇਸ ਤੋਂ ਭਾਵ ਹੈ ਕਿ ਵਾਤਾਵਰਣ ਗਰੀਨਗੈਸਾਂ ਦੇ ਵਾਧੂ ਰਿਸਾਅ ਤੋਂ ਮੁਕਤ ਹੋ ਜਾਏਗਾ ਅਤੇ ਹਵਾ ਵਿਚ ਇਹ ਗੈਸਾਂ ਓਨੀ ਹੀ ਮਾਤਰਾ ਵਿਚ ਹੋਣਗੀਆਂ ਜਿੰਨੀਆਂ ਰੁੱਖ, ਧਰਤੀ ਅਤੇ ਸਮੁੰਦਰਾਂ ਦੇ ਪਾਣੀਆ ਆਪਣੇ ਵਿਚ ਸਮਾਅ ਲੈਣਗੇ।
ਦੁਨੀਆਂ ਦੇ ਸੱਭ ਤੋਂ ਅਮੀਰ ਮਨੁੱਖ ਅਤੇ ਵਾਤਾਵਰਣ ਪ੍ਰਤੀ ਗੰਭੀਰ ਚਿੰਤਕ ਬਿੱਲ ਗੇਟਸ ਨੇ ਮਾਰਚ 2021 ਵਿਚ ਛਪੀ ਆਪਣੀ ਪੁਸਤਕ How to avoid a Climate Disaster ਵਿਚ ਸਾਰੀ ਦੁਨੀਆ ਨੂੰ ਵਾਤਾਵਰਣ ਦੇ ਗੰਭੀਰ ਖ਼ਤਰੇ ਤੋਂ ਬਚਣ ਲਈ ਗਰੀਨ ਹਾਊਸ ਗੈਸਾਂ ਵਿਚ ਸ਼ਾਮਲ ਕਾਰਬਨ ਡਾਈਆਕਸਾਈਡ ਅਤੇ ਹੋਰ ਹਾਨੀਕਾਰਕ ਗੈਸਾਂ ਦੀ ਹਵਾ ਵਿਚ ਮਾਤਰਾ ਨੂੰ 2030 ਤੀਕ ਅੱਧਾ ਕਰਨ, ਅਤੇ 2050 ਤੱਕ ਇਨ੍ਹਾਂ ਨੂੰ ઑਜ਼ੀਰੋ਼ ਪੱਧਰ ਤੱਕ ਲਿਜਾਣ ਦੀ ਗੱਲ ਕੀਤੀ ਹੈ। ਲੇਖਕ ਵੱਲੋਂ ਇਨ੍ਹਾਂ ਗੈਸਾਂ ਨੂੰ ઑਜ਼ੀਰੋ਼ ਤੱਕ ਲਿਜਾਣਾ ਭਾਵੇਂ ઑਆਦਰਸ਼ਕ਼ (Ideal) ਹੀ ਜਾਪਦਾ ਹੈ ਪਰ ਇਸ ਤੋਂ ਉਸ ਦਾ ਭਾਵ ਇਨ੍ਹਾਂ ਦੇ ਹਵਾ ਵਿਚ ਰਿਸਾਅ ਨੂੰ ਘੱਟ ਤੋਂ ਘੱਟ ਕਰਨਾ ਹੈ। ਇਸ ਦੇ ਲਈ ਸਾਰਿਆਂ ਨੂੰ ઑਫ਼ੌਸਿਲ ਫ਼ਿਊਲ਼ ਦੀ ਵਰਤੋਂ ਘੱਟ ਕਰਨ ਅਤੇ ਬਿਜਲੀ ਦੇ ਉਤਪਾਦਨ ਲਈ ਤੇਜ਼ ਹਵਾਵਾਂ, ਸੂਰਜੀ ਊਰਜਾ, ਐਟਮੀ ਊਰਜਾ, ਆਦਿ ਸਾਧਨਾਂ ਉੱਪਰ ਵਧੇਰੇ ਨਿਰਭਰ ਹੋਣ ਲਈ ਕਿਹਾ ਗਿਆ ਹੈ, ਅਤੇ ਇਸ ਦੇ ਲਈ ਕਈ ਢੰਗ-ਤਰੀਕੇ ਵੀ ਸੁਝਾਏ ਗਏ ਹਨ। ਗੱਡੀਆਂ, ਮੋਟਰਾਂ, ਕਾਰਾਂ ਤੇ ਆਵਾਜਾਈ ਦੇ ਹੋਰ ਸਾਧਨਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਬਨਾਉਣ ਦੀ ਜ਼ਰੂਰਤ ਹੈ। ਉਂਜ, ਵੇਖਣ-ਸੁਣਨ ਨੂੰ ਇਹ ਸੱਭ ਬਹੁਤ ਸੋਹਣਾ, ਸੁਚਾਰੂ ਅਤੇ ਆਦਰਸ਼ਕ ਲੱਗਦਾ ਹੈ ਪਰ ਅਮਲੀ ਤੌਰ ‘ઑਤੇ ਕੀ ਇਹ ਸੱਭ ਸੰਭਵ ਹੋ ਸਕੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ઑਪੈਰਿਸ ਸਮਝੌਤੇ਼ ਦੇ ਮੁੱਖ-ਹਸਤਾਖ਼ਰੀ ਅਮਰੀਕਾ ਵੱਲੋਂ 2017 ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜ ਸਮੇਂ ਉਨ੍ਹਾਂ ਵੱਲੋਂ ਇਸ ਸਮਝੌਤੇ ਤੋਂ ਵੱਖ ਹੋਣ ਦੀ ਗੱਲ ਕਰਦਿਆਂ ਕਿਹਾ ਗਿਆ ਸੀ ਕਿ ਭਾਰਤ ਤੇ ਚੀਨ ਵਰਗੇ ਵੱਡੇ ਦੇਸ਼ ਫ਼ੌਸਿਲ ਫ਼ਿਊਲ ਦੀ ਧੜਾਧੜ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਉੱਪਰ ਇਸ ਦੇ ਬਾਰੇ ਕੋਈ ਜ਼ੋਰ ਨਹੀਂ ਪਾਇਆ ਜਾ ਰਿਹਾ। ਪਾਠਕਾਂ ਨੂੰ ਯਾਦ ਹੋਵੇਗਾ ਕਿ ਅਮਰੀਕਾ ਨੇ ਨਵੰਬਰ 2020 ਵਿਚ ਪੈਰਿਸ ਸਮਝੌਤੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਇਸ ਦੀ ਉਦੋਂ ਦੂਸਰੇ ਦੇਸ਼ਾਂ ਵੱਲੋਂ ਕਾਫ਼ੀ ਨੁਕਤਾਚੀਨੀ ਵੀ ਹੋਈ ਸੀ। ਏਸੇ ਮਹੀਨੇ ਹੋਈ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਹੋਰ ਕਈ ਮੁੱਦਿਆਂ ਸਮੇਤ ਇਸ ਅਹਿਮ ਮਸਲੇ ਦੇ ਕਾਰਨ ਵੀ ਟਰੰਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਇਹ ਵੱਖਰੀ ਗੱਲ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਿਡੇਨ ਵੱਲੋਂ ਇਸ ਸਮਝੌਤੇ ਵਿਚ ਮੁੜ ਸ਼ਾਮਲ ਹੋ ਕੇ ਅਮਰੀਕਾ ਦੀ ਇਸ ਗ਼ਲਤੀ ਨੂੰ ਸੁਧਾਰ ਲਿਆ ਗਿਆ ਹੈ। ਦੁਨੀਆਂ ਦਾ ਮੋਹਰੀ ਕਹਾਉਣ ਵਾਲਾ ਦੇਸ਼ ਹੀ ਜੇਕਰ ਮਨੁੱਖਤਾ ਨਾਲ ਜੁੜੇ ਇਸ ਤਰ੍ਹਾਂ ਦੇ ਅਗਾਂਹ-ਵਧੂ ਸਮਝੌਤਿਆਂ ਤੋਂ ਆਪਣਾ ਹੱਥ ਪਿੱਛੇ ਖਿੱਚੇਗਾ ਤਾਂ ਫਿਰ ਤੀਸਰੀ ਦੁਨੀਆਂ ਦੇ ਗ਼ਰੀਬ ਦੇਸ਼ਾਂ ਦਾ ਕੀ ਬਣੇਗਾ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਔਸਤ ਤਾਪਮਾਨ ਹੁਣ ਤੱਕ ਪਹਿਲਾਂ ਹੀ 1 ਡਿਗਰੀ ਸੈਂਟੀਗਰੇਡ ਵੱਧ ਚੁੱਕਾ ਹੈ ਅਤੇ ਇਹ ਕਿਸੇ ਵੀ ਹਾਲਤ ਵਿਚ 1.5 ਡਿਗਰੀ ਤੋਂ ਅੱਗੇ ਨਹੀਂ ਵਧਣਾ ਚਾਹੀਦਾ। ਅਜਿਹਾ ਨਾ ਹੋਣ ਦੀ ਹਾਲਤ ਵਿਚ ਵਾਤਾਵਾਰਣ ਵਿਚ ਭਾਰੀ ਵਿਗਾੜ ਪੈਦਾ ਹੋ ਸਕਦੇ ਹਨ ਜਿਨ੍ਹਾਂ ਵਿਚ ਨਿੱਕੇ-ਵੱਡੇ ਟਾਪੂਆਂ ਦਾ ਸਮੁੰਦਰੀ ਲਹਿਰਾਂ ਦੇ ਹੇਠ ਦੱਬੇ ਜਾਣਾ, ਬਰਫ਼-ਰਹਿਤ ਆਰਕਟਿਕ ਗਰਮੀਆਂ ਦੇ ਸੀਜ਼ਨ ਅਤੇ ਮੌਸਮ ਵਿਚ ਭਾਰੀ ਉਤਰਾਅ-ਚੜ੍ਹਾਅ ਸ਼ਾਮਲ ਹੋ ਸਕਦੇ ਹਨ। ਬੀਤੇ ਦਿਨੀਂ ਉੱਤਰੀ-ਅਮਰੀਕਨ ਖਿੱਤੇ ਦੇ ਕਈ ਸ਼ਹਿਰਾਂ ਵਿਚ ਤਾਪਮਾਨ 49-50 ਡਿਗਰੀ ਸੈਂਟੀਗਰੇਡ ਦੇ ਨੇੜੇ ਹੋ ਚੁੱਕਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਜਿੱਥੇ ਗਰਮੀਆਂ ਵਿਚ ਇਹ ਤਾਪਮਾਨ ਆਮ ਤੌਰ ‘ઑਤੇ 25-30 ਡਿਗਰੀ ਤੱਕ ਹੀ ਰਹਿੰਦਾ ਸੀ, ਵਿਚ ਪਿਛਲੇ ਦਿਨੀਂ ਇਹ 49.5 ਡਿਗਰੀ ਹੋ ਗਿਆ ਸੀ ਅਤੇ ਗਰਮੀ ਨਾਲ ਉੱਥੇ 134 ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ ਦੀਆਂ ਦੱਖਣ-ਪੱਛਮੀ ਸਟੇਟਾਂ ਵਿਚ ਭਾਰੀ ਗਰਮੀ ਵੇਖਣ ਨੂੰ ਮਿਲ ਰਹੀ ਹੈ। ਕਈਆਂ ਵਿਚ ਤਾਂ ਗਰਮੀ ਨਾਲ ਸੋਕੇ ਵਾਲੀ ਸਥਿਤੀ ਵੀ ਪੈਦਾ ਹੋ ਰਹੀ ਹੈ। ਭਾਰਤ ਦੇ ਕਈ ਹਿੱਸਿਆਂ ਵਿਚ ਇਹ ਤਾਪਮਾਨ 50 ਡਿਗਰੀ ਤੋਂ ਵੀ ਉੱਪਰ ਹੋ ਗਿਆ ਹੈ। ਦੂਸਰੇ ਪਾਸੇ ਨਿਊਜ਼ੀਲੈਂਡ ਵਿਚ ਤਾਪਮਾਨ ਮਨਫ਼ੀ ਚਾਰ ਡਿਗਰੀ ਸੈਂਟੀਗਰੇਡ ਵੀ ਹੋ ਗਿਆ ਹੈ ਅਤੇ ਉੱਥੇ ਬਰਫ਼ ਪੈਣੀ ਆਰੰਭ ਹੋ ਚੁੱਕੀ ਹੈ।
ਦੁਨੀਆਂ ਦੇ ਲੱਗਭੱਗ ਸਾਰੇ ਹੀ ਦੇਸ਼ਾਂ ਵਿਚ ਹੀ ਆਬਾਦੀ ਵਿਚ ਧੜਾਧੜ ਵਾਧਾ ਹੋ ਰਿਹਾ ਹੈ ਅਤੇ ਇਸ ਸਦੀ ਦੇ ਅਖ਼ੀਰ ਵਿਚ ਇਸ ਦੇ 10 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ। ਭਾਰਤ, ਚੀਨ, ਨਾਈਜੀਰੀਆਂ ਆਦਿ ਦੇਸ਼ਾਂ ਵਿਚ ਤਾਂ ਇਸ ਦੇ ਵਾਧੇ ਦੀ ਦਰ ਹੋਰ ਵੀ ਵਧੇਰੇ ਹੋਵੇਗੀ ਅਤੇ ਇਹ ਬਹੁਤਾ ਕਰਕੇ ਸ਼ਹਿਰੀ ਆਬਾਦੀ ਦੀ ਹੋਵੇਗੀ। ਇਹ ਖ਼ਿਆਲ ਕੀਤਾ ਜਾ ਰਿਹਾ ਹੈ ਕਿ 2060 ਤੱਕ ਸ਼ਹਿਰਾਂ ਵਿਚ ਘਰਾਂ ਅਤੇ ਹੋਰ ਲੋੜੀਂਦੀਆਂ ਏਅਰ-ਕੰਡੀਸ਼ਨਿੰਗ ਤੇ ਹੀਟਿੰਗ ਵਰਗੀਆਂ ਸੁੱਖ-ਸਹੂਲਤਾਂ ਦੀ ਮੰਗ ਲੱਗਭੱਗ ਦੁੱਗਣੀ ਹੋ ਜਾਏਗੀ। ਇਨ੍ਹਾਂ ਵਿੱਚੋਂ ਬਿਜਲੀ ਦੀ ਮੰਗ 2050 ਤੱਕ 50 ਫ਼ੀਸਦੀ ਵੱਧ ਜਾਏਗੀ ਅਤੇ ਇਸ ਨੂੰ ਪੈਦਾ ਕਰਨ ਲਈ ਇਸ ਸਮੇਂ ਮੌਜੂਦਾ ਢੰਗਾਂ-ਤਰੀਕਿਆਂ ਤੋਂ ਇਲਾਵਾ ਜੇਕਰ ਹੋਰ ਸੁਚਾਰੂ ਸਾਧਨਾਂ ਦੀ ਵਰਤੋਂ ਨਾ ਕੀਤੀ ਗਈ ਤਾਂ ਹਵਾ ਵਿਚ ਕਾਰਬਨ ਡਾਈਆਕਸਾਈਡ ਅਤੇ ਹੋਰ ਗਰੀਨ ਹਾਊਸ ਗੈਸਾਂ ਦੀ ਮਾਤਰਾ ਵੀ 50 ਫ਼ੀਸਦੀ ਵੱਧ ਜਾਣ ਦੀ ਸੰਭਾਵਨਾ ਹੈ ਜਿਸ ਨੂੰ ਹਰ ਹਾਲਤ ਵਿਚ ਘੱਟ ਕਰਨ ਦੀ ਸਖ਼ਤ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਉਤਪਾਦਨ ਸੈੱਕਟਰ ਵਿਚ ਸੱਭ ਤੋਂ ਵੱਧ ਪ੍ਰਦੂਸ਼ਣ ਪੈਦਾ ਹੁੰਦਾ ਹੈ। ਕੇਵਲ ਸਟੀਲ ਅਤੇ ਸੀਮੈਂਟ ਬਨਾਉਣ ਵਿਚ ਹੀ ਹਵਾ-ਪ੍ਰਦੂਸ਼ਣ ਵਿਚ 10 ਫ਼ੀਸਦੀ ਵਾਧਾ ਹੋ ਰਿਹਾ ਹੈ ਅਤੇ ਪਲਾਸਟਿਕ ਤੇ ਹੋਰ ਕਈ ਕਿਸਮ ਦੀ ਇੰਡਸਟਰੀ ਇਸ ਪ੍ਰਦੂਸ਼ਣ ਵਿਚ ਹੋਰ ਵਾਧਾ ਕਰਦੀ ਹੈ। ਇਨ੍ਹਾਂ ਨੂੰ ਬਿਜਲੀ ਦੀ ਜ਼ਰੂਰਤ ਹੈ ਜਿਸ ਨੂੰ ਬਨਾਉਣ ਲਈ ਕੋਇਲੇ, ਤੇਲ, ਕੁਦਰਤੀ ਗੈਸ, ਹਾਈਡਰੋ ਪਾਵਰ, ਐਟਮੀ ਊਰਜਾ, ਆਦਿ ਦੀ ਲੋੜ ਹੈ। ਮਾਹਿਰਾਂ ਦੁਆਰਾ ਇਹ ਮੰਨਿਆਂ ਗਿਆ ਹੈ ਕਿ ਇਕ ਟਨ ਸਟੀਲ ਬਣਾਉਣ ਵਿਚ 1.8 ਟਨ ਕਾਰਬਨ ਡਾਈਆਕਸਾਈਡ ਹਵਾਈ ਪ੍ਰਦੂਸ਼ਣ ਪੈਦਾ ਹੁੰਦਾ ਹੈ। ਵੱਖ-ਵੱਖ ਕਿਸਮ ਦੀਆਂ ਖ਼ਾਦਾਂ ਬਨਾਉਣ ਲਈ 2010 ਤੱਕ 1.3 ਮਿਲੀਅਨ ਟਨ ਗਰੀਨ ਹਾਊਸ ਗੈਸਾਂ ਹਵਾ ਵਿਚ ਦਾਖ਼ਲ ਹੋਈਆਂ ਹਨ ਅਤੇ ਇਸ ਸਦੀ ਦੇ ਅੱਧ ਤੱਕ, ਭਾਵ 2050 ਤੀਕ ਇਹ ਪ੍ਰਦੂਸ਼ਣ 1.7 ਬਿਲੀਅਨ ਟਨ ਤੱਕ ਪਹੁੰਚ ਸਕਦਾ ਹੈ।
ਵਾਤਾਵਰਣ ਦੇ ਵਿਗਾੜ ਦੀ ਗੱਲ ਕਰਦਿਆਂ ਜੇਕਰ ਪਾਣੀ ਦੇ ਪ੍ਰਦੂਸ਼ਣ ਦੀ ਵੀ ਥੋੜ੍ਹੀ ਜਿਹੀ ਗੱਲ ਕਰ ਲਈ ਜਾਏ ਤਾਂ ਇਹ ਕੁਥਾਂ ਨਹੀਂ ਹੋਵੇਗੀ। ਅਮਰੀਕਾ, ਕੈਨੇਡਾ ਤੇ ਹੋਰ ਵਿਕਸਿਤ ਦੇਸ਼ਾਂ ਨੂੰ ਛੱਡ ਕੇ ਜੇ ਅਸੀਂ ਤੀਸਰੀ ਦੁਨੀਆਂ ਦੇ ਦੇਸ਼ਾਂ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਸਾਰੇ ਥਾਵਾਂ ‘ઑਤੇ ਇਸ ਸਮੇਂ ਪੀਣ ਦੇ ਪਾਣੀ ਦੀ ਵੀ ਬੜੀ ਸਮੱਸਿਆ ਹੈ। ਭਾਰਤ ਦੇ ਕਈ ਸੂਬਿਆਂ ਵਿਚ ਵਿਚ ਕਈ ਅਜਿਹੇ ਪਿੰਡ ਹਨ ਜਿੱਥੇ ਪੀਣ ਦੇ ਪਾਣੀ ਲਈ ਲੋਕਾਂ ਨੂੰ ਕਈ ਕਈ ਮੀਲ ਦੂਰ ਜਾਣਾ ਪੈਂਦਾ ਹੈ। ਇਸ ਦੇ ਨਾਲ਼ ਹੀ ਜੇਕਰ ਪੰਜਾਬ ਦੀ ਗੱਲ ਨਾ ਕੀਤੀ ਜਾਏ ਤਾਂ ਇਹ ਚਰਚਾ ਅਧੂਰੀ ਹੋਵੇਗੀ। ਪੰਜਾਂ ਦਰਿਆਵਾਂ ਦੀ ਧਰਤੀ ઑਪੰਜਾਬ਼ (ਹੁਣ ਇਸ ਸਮੇਂ ਢਾਈ ਦਰਿਆਵਾਂ ਦੀ) ਦੇ ਬਹੁਤ ਸਾਰੇ ਜ਼ਿਲਿਆਂ ਵਿਚ ਪਾਣੀ ਦੀ ਥੁੜ ਪੈਦਾ ਹੋ ਗਈ ਹੈ। ਮਾਲਵੇ ਦੇ ਇਲਾਕੇ ਵਿਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਅਤੇ ਇਹ ਕੈਂਸਰ ਦਾ ਮੁੱਖ ਕਾਰਨ ਬਣਿਆ ਹੋਇਆ ਹੈ। ਹੁਣ ਤਾਂ ਮਾਝੇ ਅਤੇ ਦੁਆਬੇ ਵਿਚ ਵੀ ਪਾਣੀ ਤਿੰਨ-ਚਾਰ ਸੌ ਫੁੱਟ ਤੱਕ ਡੂੰਘਾ ਚਲਾ ਗਿਆ ਹੈ। ਪੰਜਾਬ ਵਿਚ ਝੋਨੇ ਦੀ ਲਗਾਤਾਰ ਬਿਜਾਈ ਨੇ ਪਾਣੀ ਡੂੰਘੇ ਕਰ ਦਿੱਤੇ ਹਨ ਅਤੇ ਖ਼ਾਦਾਂ ਤੇ ਕੀੜੇ-ਮਾਰ ਦਵਾਈਆਂ ਦੀ ਅੰਧਾਧੁੰਦ ਵਰਤੋਂ ਨੇ ਪਾਣੀ ਦੇ ਧਰਾਤਲ ਨੂੰ ਜ਼ਹਿਰੀਲਾ ਕਰ ਛੱਡਿਆ ਹੈ। ਪੀਣ ਵਾਲਾ ਪਾਣੀ 300-400 ਫੁੱਟ ਡੂੰਘਾਈ ‘ઑਤੇ ਜਾ ਕੇ ਮਸਾਂ ਹੀ ਥਿਆਉਂਦਾ ਹੈ। ਫ਼ੈਕਟਰੀਆਂ ਵਾਲਿਆਂ ਨੇ ਆਪਣੇ ਜ਼ਹਿਰੀਲੀ ઑਇੰਡਸਟ੍ਰੀਅਲ rihMdKUMd ਨੂੰ ਬਿਨਾਂ ਸੋਧਿਆਂ 200-300 ਡੂੰਘੇ ਬੋਰ ਕਰਕੇ ਧਰਤੀ ਹੇਠਲੇ ਪਾਣੀ ਵਿਚ ਮਿਲਾ ਛੱਡਿਆ ਹੈ ਅਤੇ ਉਹ ਪੀਣ ਵਾਲੇ ਪਾਣੀ ਤੋਂ ਇਲਾਵਾ ਫ਼ਸਲਾਂ ਲਈ ਵੀ ਹਾਨੀਕਾਰਕ ਸਾਬਤ ਹੋ ਰਹੇ ਹਨ। ਪਿਛਲੇ ਦਿਨੀਂ ਭਵਾਨੀਗੜ੍ਹ ਦੇ ਨੇੜੇ ਇਕ ਪਿੰਡ ਦੇ ਟਿਊਬਵੈੱਲ ਵਿੱਚੋਂ ਨਿਕਲਿਆ ਲਾਲ ਰੰਗ ਦਾ ਪਾਣੀ ਇਸ ਦੀ ਤਾਜ਼ਾ ਮਿਸਾਲ ਹੈ। ਲੁਧਿਆਣੇ ਦਾ ઑਬੁੱਢਾ ਨਾਲ਼ਾ਼ ਕਿਸੇ ਵੀ ਪੰਜਾਬੀ ਨੂੰ ਭੁੱਲਿਆ ਨਹੀਂ।
ਅਖੀਰ ਵਿਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਹਵਾਈ ਪ੍ਰਦੂਸ਼ਣ ਅਤੇ ਪਾਣੀ ਦਾ ਪ੍ਰਦੂਸ਼ਣ ਇਸ ਸਮੇਂ ਲੱਗਭੱਗ ਸਾਰੀ ਦੁਨੀਆਂ ਲਈ ਹੀ ਚੁਣੌਤੀ ਬਣੇ ਹੋਏ ਹਨ ਅਤੇ ਇਨ੍ਹਾਂ ਦੇ ਯੋਗ ਹੱਲ ਤਲਾਸ਼ ਕਰਨੇ ਸਮੇਂ ਦੀ ਮੁੱਖ ਲੋੜ ਹੈ। ਜੇਕਰ ਇੰਜ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਮਨੁੱਖਤਾ ਦੇ ਵਿਨਾਸ਼ ਦਾ ਮੁੱਖ ਕਾਰਨ ਬਣ ਜਾਣਗੇ। ਸੰਸਾਰਕ ਪੱਧਰ ‘ઑਤੇ ਸਾਨੂੰ ਸਾਰਿਆਂ ਨੂੰ ਇਸ ਸਬੰਧੀ ਸੁਚੇਤ ਹੋਣ ਦੀ ਜ਼ਰੂਰਤ ਹੈ।

Check Also

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ

18 ਸਾਲ ਦੀ ਉਮਰ ਵਾਲੇ ਹਰੇਕ ਨੌਜਵਾਨ ਦੀ ਬਣਾਈ ਜਾਵੇਗੀ ਵੋਟ : ਕਰੁਣਾ ਰਾਜੂ ਚੰਡੀਗੜ੍ਹ/ਬਿਊਰੋ …