Breaking News
Home / Uncategorized / ‘ਗੁਰੂ ਨਾਨਕ ਚਿੰਤਨ ਤੇ ਫਲਸਫੇ ਦੀ ਸਮਕਾਲੀ ਪ੍ਰਸੰਗਕਿਗਤਾ’ ਵਿਸ਼ੇ ਉਤੇ ਬਰੈਂਪਟਨ ਵਿਚ ਸਫਲ ਵਿਸ਼ਵ ਪੰਜਾਬੀ ਕਾਨਫਰੰਸ

‘ਗੁਰੂ ਨਾਨਕ ਚਿੰਤਨ ਤੇ ਫਲਸਫੇ ਦੀ ਸਮਕਾਲੀ ਪ੍ਰਸੰਗਕਿਗਤਾ’ ਵਿਸ਼ੇ ਉਤੇ ਬਰੈਂਪਟਨ ਵਿਚ ਸਫਲ ਵਿਸ਼ਵ ਪੰਜਾਬੀ ਕਾਨਫਰੰਸ

ਭਾਰਤ, ਅਮਰੀਕਾ ਤੇ ਆਸਟ੍ਰੇਲੀਆ ਤੋਂ ਵਿਦਵਾਨਾਂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ
ਕੈਨੇਡਾ ਦੇ ਨੌਵੇਂ ਵੱਡੇ ਸ਼ਹਿਰ ਬਰੈਂਪਟਨ ਵਿਚ 22 ਅਤੇ 23 ਜੂਨ ਨੂੰ ઑਗੁਰੂ ਨਾਨਕ ਚਿੰਤਨ ਅਤੇ ਫਲ਼ਸਫ਼ੇ ਦੀ ਸਮਕਾਲੀ ਪ੍ਰਸੰਗਕਿਗਤਾ਼ ਵਿਸ਼ੇ ਉੱਪਰ ਆਯੋਜਿਤ ਕੀਤੀ ਗਈ ਦੋ-ਦਿਨਾਂ ਵਿਸ਼ਵ ਪੰਜਾਬੀ ਕਾਨਫ਼ਰੰਸ ਵਿਚ ਕੈਨੇਡਾ ਤੋਂ ਇਲਾਵਾ ਭਾਰਤ, ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਏ ਵਿਦਵਾਨਾਂ ਅਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ਸਦਕਾ ਬੇਹੱਦ ਸਫ਼ਲ ਹੋ ਨਿਬੜੀ। ਬਰੈਂਪਟਨ ਦੇ ਖੁੱਲ੍ਹੇ-ਡੁੱਲ੍ਹੇ ਸਪਰੈਂਜ਼ਾ ਬੈਂਕੁਇਟ ਹਾਲ ਵਿਚ ਹੋਈ ਇਸ ਕਾਨਫ਼ਰੰਸ ਵਿਚ 400 ਤੋਂ ਵਧੇਰੇ ਵਿਅੱਕਤੀਆਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਮੁੱਖ-ਮਹਿਮਾਨਾਂ ਵੱਲੋਂ ਮੋਮਬੱਤੀਆਂ ਰੌਸ਼ਨ ਕਰਨ ਅਤੇ ਐੱਫ਼ ਬੀ.ਆਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ‘ઑਦੇਹਿ ਸ਼ਿਵਾ ਬਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋਂ਼’ ਦੇ ਮਧੁਰ ਗਾਇਨ ਅਤੇ ઑ’ਓ ਕੈਨੇਡਾ’਼ ਦੇ ਉਚਾਰਨ ਉਪਰੰਤ ਉਦਘਾਟਨੀ ਸੈਸ਼ਨ ਦੀ ਸ਼ੁਭ-ਸ਼ੁਰੂਆਤ ਕੀਤੀ ਗਈ। ਪ੍ਰੋਗਰਾਮ ਦੇ ਆਰੰਭ ਵਿਚ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਆਪਣੇ ਸੰਦੇਸ਼ ਵਿਚ ਕਾਨਫ਼ਰੰਸ ਦੇ ਆਯੋਜਕਾਂ ਨੂੰ ਇਸ ਦੀ ਸਫ਼ਲਤਾ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਗਈਆਂ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਾਪਿਤ ਕਰਤਾਰ ਸਿੰਘ ਸਰਾਭਾ ਚੇਅਰ ਦੇ ਇੰਚਾਰਜ ਪ੍ਰੋਫ਼ੈਸਰ ਤੇ ਮੁਖੀ ਡਾ.ਭੀਮ ਇੰਦਰ ਸਿੰਘ ਨੇ ਆਪਣੇ ਕੁੰਜੀਵਤ-ਭਾਸ਼ਨ ਵਿਚ ਗੁਰੂ ਨਾਨਕ ਦੇਵ ਜੀ ਵੱਲੋਂ ਦੇਸ਼-ਵਿਦੇਸ਼ ਵਿਚ ਕੀਤੀਆਂ ਗਈਆਂ ਚਾਰ ਉਦਾਸੀਆਂ ਦੌਰਾਨ ਵੱਖ-ਵੱਖ ਵਿਅੱਕਤੀਆਂ ਤੇ ਧਾਰਮਿਕ ਆਗੂਆਂ ਨਾਲ ਰਚਾਏ ਗਏ ਸੰਵਾਦ ਅਤੇ ਸਿੱਖਿਆਵਾਂ ਨੂੰ ਆਪਣੇ ਸੰਬੋਧਨ ਦਾ ਵਿਸ਼ਾ ਬਣਾਇਆ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਫ਼ਲਸਫ਼ੇ ਦੀ ਪ੍ਰਸੰਗਕਿਗਤਾ ਉਨ੍ਹਾਂ ਵੱਲੋਂ ਦਿੱਤੇ ਗਏ ਸਿੱਖੀ ਦੇ ਤਿੰਨ ਮਹਾਨ ਅਸੂਲਾਂ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੀ ਅਜੋਕੇ ਕਾਲ ਵਿਚ ਨਿਰੰਤਰ ਚੱਲਦੇ ਰਹਿਣ ਵਿਚ ਭਲੀ-ਭਾਂਤ ਮਹਿਸੂਸ ਕੀਤੀ ਜਾ ਸਕਦੀ ਹੈ।
ਇਸ ਮੌਕੇ ਫ਼ਿਲਾਸਫ਼ਰ ਕਵੀ ਜਸਵੰਤ ਜ਼ਫ਼ਰ ਨੇ ਕਿਹਾ ਕਿ ਗੁਰੂ ਸਾਹਿਬ ਨੇ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਲਈ ਉਨ੍ਹਾਂ ਨਾਲ ਮੁਹੱਬਤੀ ਸਬੰਧ ਕਾਇਮ ਕੀਤੇ ਅਤੇ ਕਿਸੇ ਨਾਲ ਵੀ ਤਕਰਾਰ ਨਹੀਂ ਕੀਤਾ। ਉਨ੍ਹਾਂ ਨੇ ਆਪਣੀ ਵਿਚਾਰਧਾਰਾ ”ਨਾ ਕੋ ਵੈਰੀ ਨਾਹਿ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ” ਦਾ ਬੜੈ ਸੁਚੱਜੇ ਢੰਗ ਨਾਲ ਪ੍ਰਚਾਰ ਕੀਤਾ। ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਗੋਸ਼ਟ ਦੀ ਪ੍ਰਥਾ ਨੂੰ ਅਹਿਮੀਅਤ ਦਿੰਦਿਆਂ ਹੋਇਆਂ ਮਨੁੱਖਤਾ ਨੂੰ ਆਰਥਿਕ ਤੇ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੱਤਾ ਅਤੇ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਵਿਚ ਹੱਥੀ ਖੇਤੀ ਕਰਕੇ ਕਿਰਤ ਦੇ ਆਪਣੇ ਸੰਦੇਸ਼ ਨੂੰ ਅਮਲੀ ਤੌਰ ઑ’ਤੇ ਲੋਕਾਈ ਦੇ ਸਾਹਮਣੇ ਪੇਸ਼ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਗੁਰੂ ਜੀ ਦੇ ਸੰਗਤ, ਪੰਗਤ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ਾਂ ਦੀ ਸੰਖੇਪ ਚਰਚਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਵਿਚ ਸੱਚ ਜੀਵਿਆ ਤੇ ਸੱਚ ਫੈਲਾਇਆ। ਇਸ ਦੌਰਾਨ ਉੱਘੇ ਵਾਤਾਵਰਣ-ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਸੀ ਕਿ ਗੁਰੂ ਨਾਨਕ ਦੇਵ ਜੀ ਸਾਰੀ ਲੋਕਾਈ ਦੇ ਰਾਹ-ਦਸੇਰੇ ਹਨ ਅਤੇ ਮਨੁੱਖਤਾ ਉਨ੍ਹਾਂ ਦੀਆਂ ਸਿੱਖਿਆਵਾਂ ‘ઑਤੇ ਚੱਲਦਿਆਂ ਹੋਇਆਂ ਸੱਚਾ ਤੇ ਸੁੱਚਾ ਜੀਵਨ ਬਤੀਤ ਕਰ ਸਕਦੀ ਹੈ।
ਨਾਮਧਾਰੀ ਸੰਪਰਦਾਇ ਦੇ ਮੁਖੀ ਠਾਕਰ ਦਲੀਪ ਸਿੰਘ ਨੇ ਕਿਹਾ ਕਿ ਗੁਰੂ ਜੀ ਦਾ ਪਹਿਲਾ ਸਿੱਖ ਰਾਏ ਬੁਲਾਰ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਕਈ ਧਰਮਾਂ ਤੇ ਫਿਰਕਿਆਂ ਵਿਚ ਵੰਡੇ ਹੋਏ ਹਾਂ ਜੋ ਗੁਰੂ-ਆਸ਼ੇ ਦੇ ਅਨੁਕੂਲ ਨਹੀਂ ਹੈ। ਚੇਅਰਮੈਨ ਗਿਆਨ ਸਿੰਘ ਕੰਗ ਅਤੇ ਪ੍ਰਧਾਨ ਕੰਵਲਜੀਤ ਸਿੰਘ ਲਾਲੀਕਿੰਗ ਵੱਲੋਂ ਆਏ ਸਮੂਹ ਮਹਿਮਾਨਾਂ ਨੂੰ ઑਜੀ ਆਇਆਂ਼ ਕਹਿੰਦਿਆਂ ਹੋਇਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਪ੍ਰਧਾਨਗੀ ਭਾਸ਼ਨ ਦੌਰਾਨ ਡਾ. ਵਰਿਆਮ ਸਿੰਘ ਨੇ ਕਿਹਾ ਕਿ ਕਾਲੀ-ਵੇਈ ਵਿਚ ਲਗਾਈ ਗਈ ਆਤਮ-ਗਿਆਨ ਦੀ ઑਚੁੱਭੀ਼ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ઑਨਾ ਹਿੰਦੂ ਨਾ ਮੁਸਲਮਾਨ਼ ਉਚਾਰ ਕੇ ਦੱਸਿਆ ਕਿ ਉਹ ਇਨਸਾਨ ਹਨ ਅਤੇ ਸਾਨੂੰ ਸਾਰਿਆਂ ਨੂੰ ਵੀ ਚੰਗੇ ਇਨਸਾਨ ਬਣਨ ਦੀ ਲੋੜ ਹੈ। ਡਾ. ਸੰਧੂ ਨੇ ਕਿਹਾ ਕਿ ਅੱਜ ਅਸੀਂ ਸੰਵਾਦ ਤੋਂ ਬਹੁਤ ਦੂਰ ਚਲੇ ਗਏ ਹਾਂ ਅਤੇ ਛੋਟੀਆਂ-ਛੋਟੀਆਂ ਗੱਲਾਂ ઑਤੇ ਕਿਰਪਾਨਾਂ ਕੱਢ ਲੈਂਦੇ ਹਾਂ। ਇਸ ਉਦਘਾਟਨੀ ਸੈਸ਼ਨ ਦਾ ਸੰਚਾਲਨ ਕਾਨਫ਼ਰੰਸ ਦੇ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ।
ਕਾਨਫ਼ਰੰਸ ਦੇ ਪਹਿਲੇ ਵਿੱਦਿਅਕ ਸੈਸ਼ਨ ਵਿਚ ਉੱਘੇ ਵਿਦਵਾਨ ਤੇ ਗੁਰਬਾਣੀ ਸੰਗੀਤ ਦੇ ਮਾਹਿਰ ਪੂਰਨ ਸਿੰਘ ਪਾਂਧੀ ਨੇ ਆਪਣੇ ਪੇਪਰ ઑਗੁਰੂ ਨਾਨਕ ਬਾਣੀ ਦੀ ਕਾਵਿਕ, ਸੰਗੀਤਕ ਅਤੇ ਭਾਸ਼ਾਈ ਮਹਾਨਤਾ਼ ਵਿਚ ਗੁਰੂ ਜੀ ਦੀ ਬਾਣੀ ਦੇ ਰਾਗ ਪ੍ਰਬੰਧ ਬਾਰੇ ਗੱਲ ਕਰਦਿਆਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਸਾਹਿਬਾਨ ਤੇ 35 ਭਗਤਾਂ ਦੀ 31 ਰਾਗਾਂ ਵਿਚ ਰਚੀ ਗਈ ਬਾਣੀ ਵਿੱਚ ਗੁਰੂ ਨਾਨਕ ਦੀ ਬਾਣੀ 19 ਰਾਗਾਂ ਵਿਚ ਹੈ। ਆਪਣੇ ਸੰਬੋਧਨ ਵਿਚ ਉਨ੍ਹਾਂ ਗੁਰਬਾਣੀ-ਸੰਗੀਤ ਵਿਚਲੀਆਂ ਸੰਗੀਤਕ ਬਾਰੀਕੀਆਂ ਪੜਤਾਲ, ਤਰਾਨਾ, ਆਦਿ ਦੀ ਚਰਚਾ ਕੀਤੀ ਅਤੇ ਕਿਹਾ ਕਿ ਅੱਜਕੱਲ੍ਹ ਬਹੁਤ ਸਾਰੇ ਗੁਰਦੁਆਰਿਆਂ ਵਿਚ ઑਆਸਾ ਦੀ ਵਾਰ਼ ਦਾ ਕੀਰਤਨ ਬੰਦ ਕਰ ਦਿੱਤਾ ਗਿਆ ਹੈ ਅਤੇ ਗ੍ਰੰਥੀ ਸਾਹਿਬਾਨ ਸਵੇਰ ਸਮੇਂ ਸੁਖਮਨੀ ਸਾਹਿਬ ਦਾ ਹੀ ਪਾਠ ਕਰਦੇ ਹਨ।
ਕਾਨਫ਼ਰੰਸ ਦੇ ਆਖ਼ਰੀ ਸੈਸ਼ਨ ਕਵੀ-ਦਰਬਾਰ ਵਿਚ ਬਹੁਤ ਸਾਰੇ ਕਵੀਆਂ ਤੇ ਕਵਿੱਤਰੀਆਂ ਨੇ ਭਾਗ ਲਿਆ ਜਿਸ ਦਾ ਆਗਾਜ਼ ਰਿੰਟੂ ਭਾਟੀਆਂ ਵਲੋਂ ਗਾਈ ਗਈ ਗ਼ਜ਼ਲ ਨਾਲ ਹੋਇਆ। ਹੋਰ ਕਵੀਆਂ ਵਿਚ ਹਰਜਿੰਦਰ ਸਿੰਘ ਪੱਤੜ, ਪ੍ਰੋ ਹਰਵਿੰਦਰ ਸਿੰਘ ਸਿਰਸਾ, ਹਰਦਿਆਲ ਸਿੰਘ ਝੀਤਾ, ਸੁਰਜੀਤ, ਜਗੀਰ ਕਾਹਲੋਂ, ਕੁਲਵਿੰਦਰ ਕੰਵਲ, ਪਰਮ ਸਰਾਂ, ਬਲਰਾਜ ਧਾਲੀਵਾਲ, ਸੋਨੀਆ ਸ਼ਰਮਾ, ਜਸਪਾਲ ਦੇਸੂਵੀ, ਕੁਲਜੀਤ ਜੰਜੂਆ, ਅਨੂਪ ਬਾਬਰਾ, ਪਰਮਜੀਤ ਵਿਰਦੀ, ਸੁਰਿੰਦਰਜੀਤ ਕੌਰ, ਹੀਰਾ ਧਾਲੀਵਾਲ, ਹੀਰਾ ਰੰਧਾਵਾ, ਬਲਜੀਤ ਰੈਣਾ, ਸੁਰਿੰਦਰ ਨੀਰ, ਪ੍ਰਿੰਸੀਪਲ ਗਿਆਨ ਸਿੰਘ ਘਈ, ਦਿਲ ਨਿੱਝਰ, ਭੁਪਿੰਦਰ ਦੂਲੇ, ਪ੍ਰਤੀਕ ਆਰਟਿਸਟ, ਮਨਜੀਤ ਕੌਰ ਗਿੱਲ, ਗੁਰ ਪ੍ਰਕਾਸ਼ ਸਿੰਘ, ਗੁਰਮੇਲ ਸਿੰਘ ਢਿੱਲੋਂ, ਵੀਨਾਕਸ਼ੀ ਸ਼ਰਮਾ, ਪ੍ਰੋ ਆਸ਼ਿਕ ਰਹੀਲ, ਰਾਣਾ, ਹਰਪਾਲ ਸਿੰਘ ਰਾਮਦਿਵਾਲੀ, ਰਾਜਵੰਤ ਬਾਜਵਾ, ਦੀਪ ਪੱਡਾ ਆਦਿ ਪ੍ਰਮੁੱਖ ਸਨ।

Check Also

ਕੇਂਦਰ ਸਰਕਾਰ ਵੱਲੋਂ ਆਈਏਐੱਸ ਪਰਮਪਾਲ ਕੌਰ ਦਾ ਅਸਤੀਫਾ ਮਨਜ਼ੂਰ

ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਹਨ ਪਰਮਪਾਲ ਕੌਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਲੋਕ ਸਭਾ …