ਗੁਰਦਾਸਪੁਰ : ਤਿੰਨ ਸਾਲਾਂ ਬਾਅਦ ‘ਇਕ-ਸਦੀ’ ਪੁਰਾਣੀ ਪਾਰਟੀ ਬਣਨ ਜਾ ਰਹੀ ‘ਸ਼੍ਰੋਮਣੀ ਅਕਾਲੀ ਦਲ’ ਲਈ ‘ਸਾਲ-2017’ ਬੇਹੱਦ ਚੁਣੌਤੀਆਂ ਭਰਿਆ ਅਤੇ ਮੰਦਭਾਗਾ ਸਿੱਧ ਹੋਇਆ ਹੈ। ਇਸ ਸਾਲ ਦੌਰਾਨ ਨਾ ਸਿਰਫ਼ ਅਕਾਲੀ ਦਲ ਦੇ ਜੇਤੂ ਵਿਧਾਇਕਾਂ ਅਤੇ ਵੋਟ ਫ਼ੀਸਦੀ ਵਿਚ ਵੱਡੀ ਗਿਰਾਵਟ ਆਈ ਹੈ ਸਗੋਂ ਇਸ ਵਰ੍ਹੇ ਅਕਾਲੀ ਦਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਰੁਤਬਾ ਵੀ ਗਵਾ ਬੈਠਾ। ਏਨਾ ਹੀ ਨਹੀਂ ਇਸ ਪਾਰਟੀ ਦੇ ਕਈ ਸੀਨੀਅਰ ਆਗੂਆਂ ‘ਤੇ ਵੀ ਇਹ ਸਾਲ ਪਹਾੜ ਵਾਂਗ ਡਿੱਗਿਆ ਹੈ, ਜਿਸ ਤਹਿਤ ਕਈ ਵੱਡੇ ਮਹਾਰਥੀਆਂ ਨੂੰ ਚੋਣਾਂ ਦੌਰਾਨ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਆਗੂ ਗੰਭੀਰ ਮਾਮਲਿਆਂ ਵਿਚ ਉਲਝ ਕੇ ਰਹਿ ਗਏ। 2017 ਦੌਰਾਨ ਵਿਰੋਧੀ ਧਿਰ ਦਾ ਰੁਤਬਾ ਵੀ ਖੁੱਸਿਆ : ਅਕਾਲੀ ਦਲ ਦੀ ਹਾਲਤ ਏਨੀ ਪਤਲੀ ਹੋ ਗਈ ਕਿ ਪੰਜਾਬ ਅੰਦਰ ਇਸ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਸਿਰਫ਼ 15 ਤੱਕ ਸਿਮਟ ਕੇ ਰਹਿ ਗਈ ਜਦੋਂ ਕਿ ਇਸ ਦੀ ਭਾਈਵਾਲ ਨੂੰ ਮਿਲੀਆਂ ਸੀਟਾਂ ਮਿਲਾਉਣ ਦੇ ਬਾਵਜੂਦ ਵੀ ਇਹ ਗੱਠਜੋੜ ਪੰਜਾਬ ਵਿਚ ਤੀਸਰੇ ਨੰਬਰ ‘ਤੇ ਰਿਹਾ। ਇਸ ਕਾਰਨ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਅੰਦਰ ਇਹ ਵੱਡੀ ਪਾਰਟੀ ਨਾ ਤਾਂ ਸੱਤਾ ਵਿਚ ਰਹੀ ਅਤੇ ਨਾ ਹੀ ਵਿਰੋਧੀ ਧਿਰ ਦਾ ਰੁਤਬਾ ਹਾਸਿਲ ਕਰ ਸਕੀ।
ਅਕਾਲੀ ਦਲ ਦੇ ਮਹਾਂਰਥੀਆਂ ਲਈ ਭਾਰੀ ਰਿਹਾ ਇਹ ਸਾਲ
ਇਸ ਸਾਲ ਦੌਰਾਨ ਅਕਾਲੀ ਦਲ ਦੇ ਸੀਨੀਅਰ ਮੰਤਰੀ ਅਤੇ ਵਿਧਾਇਕਾਂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਇੱਥੋਂ ਤੱਕ ਕਿ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਗੁਲਜ਼ਾਰ ਸਿੰਘ ਰਣੀਕੇ, ਤੋਤਾ ਸਿੰਘ, ਸੁਰਜੀਤ ਸਿੰਘ ਰੱਖੜਾ, ਜਨਮੇਜਾ ਸਿੰਘ ਸੇਖੋਂ, ਸੋਹਣ ਸਿੰਘ ਠੰਡਲ ਵਰਗੇ ਆਗੂ ਵੀ ਚੋਣ ਹਾਰ ਗਏ। ਹੋਰ ਤੇ ਹੋਰ ਮਾਝੇ ਅੰਦਰ ਪਾਰਟੀ ਦੇ ਜਰਨੈਲ ਸੁੱਚਾ ਸਿੰਘ ਲੰਗਾਹ ਲਈ ਤਾਂ ਇਹ ਸਾਲ ਵੱਡਾ ਸੰਕਟ ਲੈ ਕੇ ਆਇਆ, ਜਿਸ ਖ਼ਿਲਾਫ਼ ਲੱਗੇ ਦੋਸ਼ਾਂ ਕਾਰਨ ਉਸ ਨੂੰ ਪਾਰਟੀ ਵਿਚੋਂ ਕੱਢਣ ਅਤੇ ਜੇਲ੍ਹ ਭੇਜੇ ਜਾਣ ਦੀ ਨੌਬਤ ਆ ਗਈ। ਇਸ ਦੇ ਇਲਾਵਾ ਹੋਰ ਵੱਖ-ਵੱਖ ਹਲਕਿਆਂ ਅੰਦਰ ਵੀ ਪਾਰਟੀ ਦੇ ਅਨੇਕਾਂ ਦਿੱਗਜ ਆਗੂ ਚੋਣ ਹਾਰ ਗਏ, ਜਦੋਂ ਕਿ ਕਈ ਆਗੂ ਵਿਵਾਦਾਂ, ਸੰਕਟਾਂ ਅਤੇ ਪੁਲਿਸ ਮੁਕੱਦਮਿਆਂ ਵਿਚ ਘਿਰੇ ਰਹੇ। ਚਰਨਜੀਤ ਚੱਢਾ ਦੇ ਮਾਮਲੇ ਨੇ ਵੀ ਅਕਾਲੀ ਦਲ ਨੂੰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਲੈ ਆਂਦਾ।
ਸੁਖਬੀਰ ਦੀਆਂ ਕੋਸ਼ਿਸ਼ਾਂ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਤਿਹਾਸਕ ਹਾਰ ਤੋਂ ਬਾਅਦ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੀ ਰਣਨੀਤੀ ਅਖ਼ਤਿਆਰ ਕੀਤੀ ਹੈ। ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਮੌਕੇ ਵੱਡਾ ਫੇਰਬਦਲ ਕਰਦਿਆਂ ਪੁਰਾਣੇ, ਟਕਸਾਲੀ ਅਤੇ ਸਾਫ਼-ਸੁਥਰੇ ਆਗੂਆਂ ਨੂੰ ਅੱਗੇ ਲਿਆ ਕੇ ਸਿੱਖਾਂ ਅੰਦਰ ਪਾਰਟੀ ਦੀ ਸਾਖ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਨਗਰ ਨਿਗਮ ਚੋਣਾਂ ਦੌਰਾਨ ਪੂਰੀ ਰਾਤ ਧਰਨਾ ਦੇ ਕੇ ਵੀ ਸੁਖਬੀਰ ਵੱਲੋਂ ਵਰਕਰਾਂ ਦਾ ਮਨੋਬਲ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਏਨਾ ਹੀ ਨਹੀਂ ਕੁਝ ਹਲਕਿਆਂ ਵਿਚ ਨਵੇਂ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣ ਦੇ ਦਿੱਤੇ ਜਾ ਰਹੇ ਪ੍ਰਭਾਵ ਦੇ ਇਲਾਵਾ ਕਈ ਜ਼ਿਲ੍ਹਿਆਂ ਅੰਦਰ ਪਾਰਟੀ ਦੇ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨੂੰ ਬਦਲਣ ਵਰਗੇ ਸਖ਼ਤ ਕਦਮ ਚੁੱਕੇ ਹਨ।
ਅਕਾਲੀ ਦਲ ਦੀ ਸਥਿਤੀ ਅਜੇ ਵੀ ਬਿਹਤਰ : ਡਾ. ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਾਵੇਂ ਅਕਾਲੀ ਦਲ ਪ੍ਰਮੁੱਖ ਵਿਰੋਧੀ ਧਿਰ ਨਹੀਂ ਹੈ ਪਰ ਫਿਰ ਵੀ ਇਸ ਮੌਕੇ ਪੰਜਾਬ ਅਤੇ ਪੰਜਾਬੀਆਂ ਦੀ ਲੜਾਈ ਸਿਰਫ਼ ਅਕਾਲੀ ਦਲ ਹੀ ਲੜ ਰਿਹਾ ਹੈ। ‘ਆਪ’ ਦਾ ਪੰਜਾਬ ਅੰਦਰ ਕੋਈ ਵਜੂਦ ਨਹੀਂ ਰਿਹਾ ਅਤੇ ਲੋਕ ਕਾਂਗਰਸ ਦਾ ਅਸਲ ਚਿਹਰਾ ਵੀ ਪਛਾਣ ਚੁੱਕੇ ਹਨ। ਇਸ ਕਾਰਨ ਲੋਕ ਮੁੜ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ। ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ‘ਚ ਮੁੜ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣੇਗੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …