ਨਿਊਯਾਰਕ : ਨਿਊਯਾਰਕ ਦੇ ਬ੍ਰੋਂਕਸ ਚਿੜੀਅਘਰ ਵਿਚ ਇਕ ਸ਼ੇਰਨੀ ਨੂੰ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਪਤਾ ਲੱਗਾ ਹੈ। ਅਮਰੀਕਾ ਵਿਚ ਕਿਸੇ ਜਾਨਵਰ ਦੇ ਕਰੋਨਾ ਪੀੜਤ ਹੋਣ ਦਾ ਇਹ ਪਹਿਲਾ ਮਾਮਲਾ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ੇਰਨੀ ਨੂੰ ਇਹ ਇਨਫੈਕਸ਼ਨ ਚਿੜੀਆਘਰ ਦੇ ਕਿਸੇ ਮੁਲਾਜ਼ਮ ਤੋਂ ਹੋਇਆ ਜੋ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਤਾਂ ਹੈ ਪ੍ਰੰਤੂ ਉਸ ਵਿਚ ਲੱਛਣ ਨਹੀਂ ਦਿਖਾਈ ਦੇ ਰਹੇ। ਕਰੋਨਾ ਮਹਾਂਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਨਿਊਯਾਰਕ ਦੇ ਸਾਰੇ ਚਿੜੀਆਘਰ ਅਤੇ ਇਕਵੇਰੀਅਮ 16 ਮਾਰਚ ਤੋਂ ਆਮ ਜਨਤਾ ਲਈ ਬੰਦ ਹਨ। ਚਿੜੀਆਘਰ ਦੇ ਪ੍ਰਬੰਧ ਸੰਭਾਲਣ ਵਾਲੀ ਵਾਈਲਡ ਲਾਈਫ ਕੰਜ਼ਰਵੇਸ਼ਨ ਸੁਸਾਇਟੀ ਨੇ ਦੱਸਿਆ ਕਿ ਚਾਰ ਸਾਲ ਦੀ ਸ਼ੇਰਨੀ ਨਾਦੀਆ ਦੇ ਇਲਾਵਾ ਇਕ ਹੋਰ ਸ਼ੇਰਨੀ, ਦੋ ਸ਼ੇਰ ਅਤੇ ਤਿੰਨ ਅਫਰੀਕੀ ਸ਼ੇਰ ਵੀ ਕੁਝ ਦਿਨਾਂ ਤੋਂ ਬਿਮਾਰ ਸਨ। ਇਨ੍ਹਾਂ ਸਾਰਿਆਂ ਨੂੰ ਸੁੱਕੀ ਖੰਘ ਦੀ ਸ਼ਿਕਾਇਤ ਸੀ। ਚਿੜੀਆਘਰ ‘ਚ ਪਸ਼ੂਆਂ ਦੇ ਮੁੱਖ ਡਾਕਟਰ ਪਾਲ ਕੈਲੇ ਅਨੁਸਾਰ ਨਾਦੀਆ ਜ਼ਿਆਦਾ ਬਿਮਾਰ ਸੀ। ਉਸ ਨੂੰ ਭੁੱਖ ਵੀ ਘੱਟ ਲੱਗ ਰਹੀ ਸੀ। ਇਸ ਲਈ ਉਸ ਦਾ 2 ਅਪ੍ਰੈਲ ਨੂੰ ਟੈਸਟ ਕੀਤਾ ਗਿਆ ਜੋ ਪਾਜਿਟਿਵ ਆਇਆ। 27 ਮਾਰਚ ਨੂੰ ਬਿਮਾਰੀ ਦੇ ਲੱਛਣ ਦਿਸਣ ਪਿੱਛੋਂ ਖੂਨ ਦੇ ਨਮੂਨੇ ਲੈਣ ਦੇ ਨਾਲ ਹੀ ਉਸ ਦਾ ਐਕਸਰੇ ਅਤੇ ਅਲਟਰਾਸਾਊਂਡ ਵੀ ਕਰਵਾਇਆ ਗਿਆ ਸੀ। ਕੈਲੇ ਨੇ ਕਿਹਾ ਕਿ ਜਾਨਵਰਾਂ ਵਿਚ ਇਨਫੈਕਸ਼ਨ ਦੇ ਬਾਰੇ ਵਿਚ ਬਿਹਤਰ ਜਾਣਕਾਰੀ ਹਾਸਲ ਕਰਨ ਲਈ ਉਹ ਨਾਦੀਆ ਦੀ ਰਿਪੋਰਟ ਹੋਰ ਮਾਹਿਰਾਂ ਨਾਲ ਵੀ ਸਾਂਝੀ ਕਰਨਗੇ। ਇਸ ਤੋਂ ਪਹਿਲਾਂ ਬੈਲਜੀਅਮ ਵਿਚ ਇਕ ਬਿੱਲੀ ਅਤੇ ਹਾਂਗਕਾਂਗ ਦੇ ਦੋ ਕੁੱਤਿਆਂ ਵਿਚ ਵੀ ਕਰੋਨਾ ਦਾ ਇਨਫੈਕਸ਼ਨ ਦੇਖਿਆ ਗਿਆ ਸੀ। ਇਨ੍ਹਾਂ ਸਾਰੇ ਜਾਨਵਰਾਂ ਵਿਚ ਇਨਫੈਕਸ਼ਨ ਉਨ੍ਹਾਂ ਦੇ ਮਾਲਕਾਂ ਤੋਂ ਆਇਆ ਸੀ।
ਭਾਰਤ ‘ਚ ਚਿੜੀਆ ਘਰ ਕੀਤੇ ਅਲਰਟ : ਨਵੀਂ ਦਿੱਲੀ : ਕਰੋਨਾ ਦਾ ਖਤਰਾ ਹੁਣ ਜੀਵ-ਜੰਤੂਆਂ ‘ਤੇ ਵੀ ਮੰਡਰਾਉਣ ਲੱਗਾ ਹੈ। ਖਾਸ ਕਰਕੇ ਅਮਰੀਕਾ ਦੇ ਚਿੜੀਆਘਰ ‘ਚ ਇਕ ਸ਼ੇਰਨੀ ਦੇ ਕਰੋਨਾ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਪੂਰੀ ਦੁਨੀਆ ‘ਚ ਇਸ ਨੂੰ ਲੈ ਕੇ ਖਲਬਲੀ ਮਚ ਗਈ ਹੈ। ਇਸ ਵਿਚਾਲੇ ਕੇਂਦਰ ਸਰਕਾਰ ਨੇ ਪੂਰੇ ਦੇਸ਼ ਦੇ ਸਾਰੇ ਚਿੜੀਆਘਰਾਂ ਤੇ ਰੱਖਾਂ ਨੂੰ ਇਸ ਨੂੰ ਲੈ ਕੇ ਚੌਕਸ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਉਹ ਪਸ਼ੂਆਂ ਦੇ ਡਾਕਟਰਾਂ ਦੀ ਮਦਦ ਨਾਲ ਜੀਵ-ਜੰਤੂਆਂ ਦੀ ਸਿਹਤ ‘ਤੇ ਨਿਰੰਤਰ ਨਜ਼ਰ ਰੱਖਣ। ਉਥੇ ਆਮ ਲੋਕਾਂ ਦੀ ਆਵਾਜਾਈ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ। ਵਣ ਤੇ ਵਾਤਾਵਰਣ ਮੰਤਰਾਲਾ ਤੇ ਸੈਂਟਰਲ ਜ਼ੂ ਅਥਾਰਿਟੀ ਨੇ ਵੱਖ-ਵੱਖ ਜਾਰੀ ਨਿਰਦੇਸ਼ਾਂ ‘ਚ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਖੇਤਰਾਂ ਨੂੰ ਇਸ ਨੂੰ ਲੈ ਕੇ ਵਿਸ਼ੇਸ਼ ਸਾਵਧਾਨੀ ਵਰਤਣ ਨੂੰ ਕਿਹਾ ਹੈ। ਮੰਤਰਾਲੇ ਨੇ ਆਪਣੀ ਐਡਵਾਈਜ਼ਰੀ ‘ਚ ਸਾਰੇ ਚਿੜੀਆਘਰਾਂ ਤੇ ਰੱਖਾਂ ਦੇ ਪ੍ਰਬੰਧਕਾਂ ਨੂੰ ਜਾਨਵਰਾਂ ਨੂੰ 24 ਘੰਟੇ ਸੀਸੀਟੀਵੀ ਦੀ ਨਿਗਰਾਨੀ ‘ਚ ਰੱਖਣ ਲਈ ਕਿਹਾ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …