Breaking News
Home / ਭਾਰਤ / ਜਲ੍ਹਿਆਂਵਾਲਾ ਬਾਗ ਸਾਕੇ ਦੀ ਥੀਮ ‘ਤੇ ਬਣੀ ਪੰਜਾਬ ਦੀ ਝਾਕੀ ਨੂੰ ਮਿਲਿਆ ਤੀਜਾ ਸਥਾਨ

ਜਲ੍ਹਿਆਂਵਾਲਾ ਬਾਗ ਸਾਕੇ ਦੀ ਥੀਮ ‘ਤੇ ਬਣੀ ਪੰਜਾਬ ਦੀ ਝਾਕੀ ਨੂੰ ਮਿਲਿਆ ਤੀਜਾ ਸਥਾਨ

ਚੰਡੀਗੜ੍ਹ : ਗਣਤੰਤਰ ਦਿਵਸ ‘ਤੇ ਦਿੱਲੀ ਵਿਚ ਹੋਏ ਰਾਸ਼ਟਰੀ ਸਮਾਗਮ ਵਿਚ 36 ਸਾਲਾਂ ਬਾਅਦ ਇਕ ਵਾਰ ਫਿਰ ਤੋਂ ਪੰਜਾਬ ਦੀ ਝਾਕੀ ਨੂੰ ਤੀਜਾ ਸਥਾਨ ਮਿਲਿਆ ਹੈ। ਇਸ ਵਾਰ ਦੀ ਪੰਜਾਬ ਦੀ ਝਾਕੀ ਦਾ ਥੀਮ 1919 ਵਿਚ ਹੋਏ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਸੀ। ਰਾਸ਼ਟਰੀ ਸਮਾਗਮ ਵਿਚ ਦੇਸ਼ ਭਰ ਤੋਂ ਇਸ ਵਾਰ 22 ਝਾਕੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਤ੍ਰਿਪੁਰਾ ਦੀ ਝਾਕੀ ਨੂੰ ਪਹਿਲਾ ਅਤੇ ਜੰਮੂ ਕਸ਼ਮੀਰ ਦੀ ਝਾਕੀ ਨੂੰ ਦੂਜਾ ਸਥਾਨ ਮਿਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਾਪਤੀ ਲਈ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵਧਾਈ ਦਿੱਤੀ ਹੈ। ਨਵੀਂ ਦਿੱਲੀ ਵਿਚ ਵਿਸ਼ੇਸ਼ ਸਮਾਗਮ ਦੌਰਾਨ ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਗਣਤੰਤਰ ਦਿਵਸ ਦੀ ਝਾਕੀ ਲਈ ਦਿੱਤੇ ਇਸ ਐਵਾਰਡ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੇ ਡਾਇਰੈਕਟਰ ਸ੍ਰੀਮਤੀ ਅਨੰਦਿਤਾ ਮਿੱਤਰਾ ਨਾਲ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਸੂਬੇ ਵੱਲੋਂ ਵੱਖ-ਵੱਖ ਵਿਸ਼ਿਆਂ ਨੂੰ ਦਰਸਾਉਂਦੀਆਂ ਗਣਤੰਤਰ ਦਿਵਸ ਦੀਆਂ ਝਾਕੀਆਂ 1967 ਅਤੇ 1982 ਵਿੱਚ ਤੀਜਾ ਸਥਾਨ ਹਾਸਲ ਕਰ ਚੁੱਕੀਆਂ ਹਨ। ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੇ ਇਤਿਹਾਸਕ ਸਾਕੇ ਨੂੰ ਪੰਜਾਬ ਦੀ ਝਾਕੀ ਜ਼ਰੀਏ ਪੁਖ਼ਤਗੀ ਨਾਲ ਦਰਸਾਉਣ ਲਈ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਟੀਮ ਵੱਲੋਂ ਅਣਥੱਕ ਯਤਨ ਕੀਤੇ ਗਏ। ਝਾਕੀ ਵਲੋਂ ਤੀਜਾ ਸਥਾਨ ਹਾਸਲ ਕਰਨਾ ਸਮੁੱਚੇ ਸੂਬੇ ਅਤੇ ਭਾਰਤ ਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਝਾਕੀ ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਅਪਰੈਲ, 2019 ਵਿੱਚ ਆ ਰਹੀ ਸ਼ਤਾਬਦੀ ਪ੍ਰਤੀ ਸ਼ਰਧਾਂਜਲੀ ਹੈ ਅਤੇ ਸੂਬੇ ਦੀ ਝਾਕੀ ਨੂੰ ਹਾਸਲ ਹੋਇਆ ਇਹ ਇਨਾਮ ਇੱਥੋਂ ਦੀ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਦੀ ਭਾਵਨਾ ਹੋਰ ਮਜ਼ਬੂਤ ਕਰੇਗਾ।

ਜਲ੍ਹਿਆਂਵਾਲਾ ਬਾਗ ਦੇ ਸ਼ਤਾਬਦੀ ਦਿਵਸ ਦਾ ‘ਲੋਗੋ’ ਮੁਕਾਬਲੇ ਨਾਲ ਚੁਣਨ ਦਾ ਫੈਸਲਾ
ਚੰਡੀਗੜ੍ਹ : ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਸ਼ਤਾਬਦੀ ਦਾ ‘ਲੋਗੋ’ ਆਮ ਲੋਕਾਂ ਦੀ ਭਾਗੀਦਾਰੀ ਨਾਲ ਚੁਣਿਆ ਜਾਵੇਗਾ। ਲੋਗੋ ਮੁਕਾਬਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਵਾਏਗੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦਿਵਸ ਨੂੰ ਹੋਰ ਮਹੱਤਵਪੂਰਨ ਬਣਾਉਣ ਲਈ ਪੰਜਾਬ ਵਿਚ ਫੋਟੋ ਪ੍ਰਦਰਸ਼ਨੀ, ਪੇਂਟਿੰਗ, ਨਾਟਕ, ਭਾਸ਼ਣ ਅਤੇ ਕਵਿਤਾ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵਿਦਿਆਰਥੀ ਅਤੇ ਹੋਰ ਲੋਕ ਲੋਗੋ ਡਿਜ਼ਾਈਨ ਕਰਕੇ 7 ਫਰਵਰੀ ਤੱਕ ਗੁਰੂ ਨਾਨਕ ਦੋਵ ਯੂਨੀਵਰਸਿਟੀ ਦੇ ਵਿਦਿਆਰਥੀ ਕਲਿਆਣ ਵਿਭਾਗ ਦੇ ਡੀਨ ਐਸ ਐਸ ਬਹਿਲ ਦੀ ਈਮੇਲ ‘ਤੇ ਭੇਜ ਸਕਦੇ ਹਨ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …