ਸੱਤਾ ‘ਚ ਆਏ ਤਾਂ ਘੱਟੋ-ਘੱਟ ਆਮਦਨ ਦੀ ਦਿਆਂਗੇ ਗਰੰਟੀ
ਰਾਏਪੁਰ/ਬਿਊਰੋ ਨਿਊਜ਼
ਛੱਤੀਸ਼ਗੜ੍ਹ ਦੇ ਰਾਏਪੁਰ ਵਿਚ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਮਗਰੋਂ ਸੱਤਾ ਵਿਚ ਆਈ ਤਾਂ ਮੁਲਕ ‘ਚ ਹਰੇਕ ਗ਼ਰੀਬ ਨੂੰ ਘੱਟੋ-ਘੱਟ ਆਮਦਨ ਦੇਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੁਕਮਰਾਨ ਭਾਜਪਾ ‘ਤੇ ਦੋਸ਼ ਲਾਇਆ ਕਿ ਉਹ ਦੋ ਭਾਰਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ‘ਕਿਸਾਨ ਆਭਾਰ ਸੰਮੇਲਨ’ ਦੌਰਾਨ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਰਾਫ਼ਾਲ ਘੁਟਾਲੇ, ਅਨਿਲ ਅੰਬਾਨੀ, ਨੀਰਵ ਮੋਦੀ, ਵਿਜੈ ਮਾਲਿਆ, ਮੇਹੁਲ ਚੋਕਸੀ ‘ਤੇ ਆਧਾਰਿਤ ਇਕ ਭਾਰਤ ਬਣਾਉਣਾ ਚਾਹੁੰਦੇ ਹਨ ਅਤੇ ਦੂਜਾ ਭਾਰਤ ਗ਼ਰੀਬ ਕਿਸਾਨਾਂ ਦਾ ਹੋਵੇਗਾ।
ਕਾਂਗਰਸ ਨੂੰ 15 ਸਾਲਾਂ ਮਗਰੋਂ ਛੱਤੀਸਗੜ੍ਹ ਵਿਚ ਸੱਤਾ ‘ਚ ਲਿਆਉਣ ਲਈ ਕਿਸਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਗੱਦੀ ‘ਤੇ ਬੈਠਦਿਆਂ ਹੀ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ, ”ਕਾਂਗਰਸ ਇਤਿਹਾਸਕ ਫ਼ੈਸਲਾ ਲੈਣ ਜਾ ਰਹੀ ਹੈ। ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਘੱਟੋ ਘੱਟ ਆਮਦਨ ਦੀ ਗਾਰੰਟੀ ਦੇਣ ਜਾ ਰਹੀ ਹੈ। ਇਸ ਦਾ ਅਰਥ ਹੈ ਕਿ ਮੁਲਕ ਵਿਚ ਹਰੇਕ ਗ਼ਰੀਬ ਵਿਅਕਤੀ ਨੂੰ ਘੱਟੋ-ਘੱਟ ਆਮਦਨ ਜ਼ਰੂਰ ਮਿਲੇਗੀ। ਇਸ ਨਾਲ ਮੁਲਕ ਵਿਚ ਕੋਈ ਵੀ ਭੁੱਖਾ ਅਤੇ ਗ਼ਰੀਬ ਵਿਅਕਤੀ ਨਹੀਂ ਰਹੇਗਾ।” ਸਮਾਗਮ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਵੀ ਵੰਡੇ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗਾਂਧੀ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੂਬੇ ਦੀ ਸੱਤਾ ਵਿਚ ਆਈ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ। ਕਾਂਗਰਸ ਨੂੰ ਛੱਤੀਸਗੜ੍ਹ ਦੀਆਂ 90 ਸੀਟਾਂ ‘ਚੋਂ 68 ‘ਤੇ ਜਿੱਤ ਹਾਸਲ ਹੋਈ ਸੀ।
ਪਰੀਕਰ ਕੋਲ ਰਾਫ਼ਾਲ ਬਾਰੇ ਧਮਾਕਾਖੇਜ਼ ਭੇਤ ਹੋਣ ਦਾ ਦਾਅਵਾ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਰਾਫ਼ਾਲ ਮੁੱਦੇ ਸਬੰਧੀ ‘ਗੋਆ ਆਡੀਓ ਟੇਪ’ ਅਸਲੀ ਹਨ ਅਤੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਕੋਲ ‘ਧਮਾਕਾਖੇਜ਼ ਭੇਤ’ ਹਨ ਜਿਸ ਨਾਲ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਵੱਧ ਤਾਕਤਵਰ ਹੋ ਗਏ ਹਨ। ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਰਾਫ਼ਾਲ ਸਬੰਧੀ ਗੋਆ ਆਡੀਓ ਟੇਪ ਜਾਰੀ ਕੀਤੇ ਜਾਣ ਦੇ 30 ਦਿਨਾਂ ਮਗਰੋਂ ਵੀ ਨਾ ਕੋਈ ਐਫਆਈਆਰ ਦਰਜ ਹੋਈ, ਨਾ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਨਾ ਹੀ ਮੰਤਰੀ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ।
ਕਾਂਗਰਸ ਦਾ ਓਆਰਓਪੀ ‘ਓਨਲੀ ਰਾਹੁਲ, ਓਨਲੀ ਪ੍ਰਿਯੰਕਾ’: ਅਮਿਤ ਸ਼ਾਹ
ਸ਼ਿਮਲਾ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ‘ਤੇ ਸ਼ਬਦੀ ਹਮਲਾ ਬੋਲਦਿਆਂ ‘ਇਕ ਰੈਂਕ, ਇਕ ਪੈਨਸ਼ਨ’ (ਓਆਰਓਪੀ) ਯੋਜਨਾ ਦਾ ਨਿਵੇਕਲਾ ਮਤਲਬ ਕੱਢਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਓਆਰਓਪੀ ਤੋਂ ਭਾਵ ‘ਸਿਰਫ਼ ਰਾਹੁਲ, ਸਿਰਫ਼ ਪ੍ਰਿਯੰਕਾ’ ਹੈ। ਹਮੀਰਪੁਰ ਵਿਚ ਭਾਜਪਾ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਬਕਾ ਸੈਨਿਕਾਂ ਲਈ ਓਆਰਓਪੀ ਲਾਗੂ ਕੀਤੀ ਜਦਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਫ਼ੌਜੀਆਂ ਦੀ ਸਾਰ ਨਹੀਂ ਲਈ ਸੀ। ਸ਼ਾਹ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਭੈਣ ਪ੍ਰਿਯੰਕਾ ਗਾਂਧੀ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਉਂਦਿਆਂ ਪੂਰਬੀ ਉੱਤਰ ਪ੍ਰਦੇਸ਼ ਦਾ ਜ਼ਿੰਮਾ ਸੌਂਪਿਆ ਹੈ। ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਰਾਜਾ, ਰਾਣੀ ਤੇ ਰਾਜਕੁਮਾਰ ਨੂੰ ਛੱਡ ਕੇ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਦੌਰਾਨ ਕਿਸੇ ਨੂੰ ਵੀ ਅਹਿਮੀਅਤ ਨਹੀਂ ਮਿਲੀ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …