ਵਾਸ਼ਿੰਗਟਨ/ਬਿਊਰੋ ਨਿਊਜ਼ : ਈਕੋਸਿੱਖ ਨੇ ਅਮਰੀਕੀ ਸਟੇਟ ਡਿਪਾਰਟਮੈਂਟ ਦੇ ਬਾਹਰ ਇਸ ਮਹੀਨੇ ਸ਼ੁਰੂ ਹੋਣ ਜਾ ਰਹੀ ਵਿਸ਼ਵ ਵਾਤਾਵਰਨ ਕਾਨਫਰੰਸ ਮੌਕੇ ਵਾਤਾਵਰਨ ਸੰਭਾਲ ਲਈ ਵੱਖ-ਵੱਖ ਧਰਮਾਂ ਵਲੋਂ ਸਾਂਝੇ ਤੌਰ ‘ਤੇ ਉਲੀਕੇ ਗਏ ਸਮਾਗਮ ਵਿੱਚ ਸਿੱਖ ਧਰਮ ਦੀ ਨੁਮਾਇੰਦਗੀ ਕੀਤੀ।
ਇਹ ਰੈਲੀ ਪੋਪ ਫਰਾਂਸਿਸ ਵਲੋਂ ਬੀਤੇ ਦਿਨੀਂ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਵਲੋਂ ਵਾਤਾਵਰਨ ਸੰਭਾਲ ਲਈ ਵੈਟੀਕਨ ਕਰਵਾਏ ਗਏ ਇਕੱਠ ਦੇ ਸੰਦੇਸ਼ ਨੂੰ ਅੱਗੇ ਤੋਰਦੀ ਹੈ। ਜੈਸੀ ਯੌਂਗ, ਜੋਹਨ ਕੈਰੀ ਦੇ ਮੁੱਖ ਸਲਾਹਕਾਰ ਨੇ ਇਸ ਮੌਕੇ ਸਟੇਟ ਡਿਪਾਰਟਮੈਂਟ ਦੇ ਨੁਮਾਇੰਦੇ ਵਜੋਂ ਆਏ।
ਜੋਹਨ ਕੈਰੀ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਵਾਤਾਵਰਨ ਲਈ ਖਾਸ ਦੂਤ ਨਿਯੁਕਤ ਕੀਤਾ ਗਿਆ ਹੈ। ਯੂ.ਐਨ ਵਾਤਾਰਵਨ ਕਾਨਫਰੰਸ ਜਿਹੜੀ ਕਿ 31 ਅਕਤੂਬਰ ਤੋਂ 12 ਨਵੰਬਰ ਤੱਕ ਸਕਾਟਲੈਂਡ ਦੇ ਗਲਾਸਗੋਅ ਸ਼ਹਿਰ ਵਿੱਚ ਹੋਵੇਗੀ ਇਹ ਧਰਤੀ ਦੇ ਵੱਧਦੇ ਜਾਂਦੇ ਤਾਪਮਾਨ ਨੂੰ ਢੱਲ੍ਹ ਪਾਉਣ ਲਈ ਆਖਰੀ ਆਸ ਦੀ ਕਿਰਨ ਹੈ।
ਇਸ ਮੌਕੇ ਈਕੋਸਿੱਖ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਮੌਜੂਦਾ ਸੰਕਟ ਦੇ ਹੱਲ ਲਈ ਕਾਰਜ ਕਰੀਏ, ਇਹ ਜਰੂਰੀ ਹੈ ਕਿ ਅਸੀਂ ਸਿਆਸੀ ਆਗੂਆਂ ਦੀ ਵਾਤਾਵਰਨ ਦੇ ਮਸਲੇ ਨੂੰ ਲੈ ਕੇ ਜਵਾਬਦੇਹੀ ਯਕੀਨੀ ਬਣਾਈਏ। ਡਾ. ਸਿੰਘ ਜੋ ਕਿ ਪੋਪ ਫਰਾਂਸਿਸ ਵਲੋਂ ਜਾਰੀ ਕੀਤੀ ਗਈ ਅਪੀਲ ਵਿੱਚ ਸ਼ਾਮਲ ਸਨ ਨੇ ਅੱਗੇ ਕਿਹਾ ਕਿ ਸੰਸਾਰ ਦੇ ਧਰਮਾਂ ਨੂੰ ਹਾਲੇ ਆਪਣੀ ਸਮਰੱਥਾ ਦਾ ਅਹਿਸਾਸ ਨਹੀਂ ਹੈ, ਇਹ ਸਮਾਗਮ ਇਸ ਪ੍ਰਤੀ ਇੱਕ ਚੰਗੀ ਪਹਿਲ ਹੈ। ਇਸ ਰੈਲੀ ਵਿੱਚ ਵੱਖ-ਵੱਖ ਧਰਮਾਂ ਦੇ ਦੋ ਦਰਜਨ ਤੋਂ ਵੱਧ ਧਾਰਮਿਕ ਆਗੂਆਂ ਅਤੇ 40 ਜਥੇਬੰਦੀਆਂ ਨੇ ਹਿੱਸਾ ਲਿਆ। ਧਿਆਨ ਰਹੇ ਕਿ ਈਕੋਸਿੱਖ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵਾਈਟ ਹਾਊਸ, ਯੂਨਾਈਟਿਡ ਨੇਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵਧ ਰਹੇ ਤਾਪਮਾਨ ਦੇ ਮੁੱਦੇ ਤੇ ਯਤਨਸ਼ੀਲ ਹੈ। ਜ਼ਿਕਰਯੋਗ ਹੈ ਕਿ ਈਕੋਸਿੱਖ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਉੱਤੇ 10 ਲੱਖ ਰੁੱਖ ਲਾਉਣ ਦਾ ਅਹਿਦ ਪੂਰਾ ਕਰਨ ਲਈ ਪੰਜਾਬ ਅਤੇ ਹੋਰ ਰਾਜਾਂ ‘ਚ ਰੁੱਖ ਲਗਾਏ ਜਾ ਰਹੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …