ਬੋਲ ਬਾਵਾ ਬੋਲ
ਸਾਹਬ ਦੀ ਪਤਨੀ ਆਪਣੇ ਆਪ ਨੂੰ ‘ਕੈਦਣ’ ਮਹਿਸੂਸ ਕਰਨ ਲੱਗੀ
ਨਿੰਦਰ ਘੁਗਿਆਣਵੀ
94174-21700
ਅੱਜ ਪਤਾ ਨਹੀਂ ਕਿਉਂ ਜੱਜ ਜੈਦੀਪ ਸਿੰਘ ਦੀ ਯਾਦ ਵਾਰ-ਵਾਰ ਆ ਰਹੀ ਹੈ। ਉਸਦੀ ਇੱਥੇ ਹਾਲੇ ਇਹ ਪ੍ਰਥਮ ਨਿਯੁਕਤੀ ਸੀ, ਮੈਨੂੰ ਉਸ ਪਾਸ ਅਰਦਲੀ ਲਾਇਆ ਗਿਆ। ਮੈਨੂੰ ਇਉਂ ਲੱਗਣ ਲੱਗਿਆ ਸਾਹਬ ਛੇਤੀ ਹੀ ਵਹਿਮੀ ਜਿਹਾ ਹੋਣ ਲੱਗ ਪਿਆ ਹੈ।
”ਕੋਈ ਮਿਲਣ ਨਾ ਆਵੇ।” ਇਹ ਗੱਲ ਉਹ ਮੈਨੂੰ ਤੇ ਗੰਨਮੈਨ ਨੂੰ ਦਿਨ ਵਿੱਚ ਘੱਟੋ-ਘੱਟ ਚਾਰ-ਪੰਜ ਵਾਰੀ ਆਖਦਾ ਸੀ। ਮੈਂ ਮਹਿਸੂਸ ਕਰਦਾ ਕਿ ਇਹੋ ਬੋਲ ਸਾਹਬ ਦਾ ਤਕੀਆ ਕਲਾਮ ਬਣ ਜਾਣਾ…’ਕੋਈ ਮਿਲਣ ਨਾ ਆਵੇ’। ਮਿਲਣ ਉਹਨੂੰ ਭਲਾ ਕਿਸ ਮੋਏ ਨੇ ਆਉਣਾ ਸੀ? ਮੈਨੂੰ ਯਾਦ ਆਇਆ, ਇੱਕ ਵਾਰ ਪੰਡਤ ਜੀ ਨੇ ਹੀ ਗੱਲ ਸੁਣਾਈ ਸੀ ਕਿ ਐਡੀਸ਼ਨਲ ਸੈਸ਼ਨ ਜੱਜ ਹੁੰਦੇ ਸਨ ਸ੍ਰ ਹਰਨਾਮ ਸਿੰਘ। ਇਮਾਨਦਾਰ ਅੰਤਾਂ ਦੇ। ਸਿਫਾਰਸ਼ਾਂ ਮੰਨਣੀਆਂ, ਵੱਢੀ ਖਾਣਾ, ਤੇ ਲੋਕਾਂ ਨੂੰ ਮਿਲਣਾ-ਗਿਲਣਾ ਤਾਂ ਉਹ ਸੁਫ਼ਨੇ ਵਿੱਚ ਵੀ ਨਹੀਂ ਸੋਚ ਸਕਦੇ ਸਨ। ਉਹ ਗੱਲ ਗੱਲ ‘ਤੇ ਆਖਦੇ ਸਨ, ”ਮੈਂ ਨੀ ਮਿਲਣਾ, ਮੈਂ ਨੀ ਮਿਲਣਾ।” ਉਹਨਾਂ ਦਾ ਇਹੋ ਤਕੀਆ ਕਲਾਮ ਬਣ ਗਿਆ ਸੀ। ਉਹਨਾਂ ਦਾ ਕੁੜਮ ਮਿਲਣ ਆਇਆ। ਉਹ ਆਪਣੇ ਬੈੱਡਰੂਮ ਵਿੱਚ ਸਨ। ਬੇਟੇ ਨੇ ਜਾ ਕੇ ਆਖਿਆ ਕਿ ਪਾਪਾ ਆਓ ਮਿਲ ਲਓ। ਸ੍ਰ ਹਰਨਾਮ ਸਿੰਘ ਨੇ ਸਹਿਜ-ਸੁਭਾਅ ਕਿਹਾ, ”ਮੈਂ ਨੀ ਮਿਲਣਾ।” ਬੇਟਾ ਬੋਲਿਆ, ”ਪਾਪਾ, ਹੁਣ ਤਾਂ ਤੁਸੀਂ ਸੇਵਾਮੁਕਤ ਹੋ ਚੁੱਕੇ ਹੋ ਤੇ ਹਾਲੇ ਵੀ ਮੈਂ ਨੀ ਮਿਲਣਾ, ਮੈਂ ਨੀ ਮਿਲਣਾ ਕਰਦੇ ਰਹਿੰਦੇ ਓ, ਤੁਸੀਂ ਸੇਵਾਮੁਕਤ ਓ ਹੁਣ ਪਾਪਾ।” ਸ੍ਰ ਹਰਨਾਮ ਸਿੰਘ ਆਪਣੇ ਕੁੜਮ ਨੂੰ ਪੰਜ ਮਿੰਟ ਮਿਲੇ ਤੇ ਫਿਰ ਆਪਣੇ ਬੈਡਰੂਮ ਵਿੱਚ ਆ ਗਏ।
ਆਪਣੇ ਇਸ ਜੱਜ ਨੂੰ ਦੇਖਦੇ ਮੈਨੂੰ ਸ੍ਰ ਹਰਨਾਮ ਸਿੰਘ ਜੱਜ ਦੀ ਗੱਲ ਯਾਦ ਆ ਜਾਂਦੀ। ਇਹ ਸੱਚ ਹੈ ਕਿ ਮੇਰੇ ਸਾਹਬ ਨੂੰ ਹਮੇਸ਼ਾ ਇਸੇ ਗੱਲ ਦਾ ਧੁੜਕੂ ਵੱਢ-ਵੱਢ ਖਾਈ ਜਾਂਦਾ ਕਿ ਕਿਧਰੇ ਕੋਈ ਉਸਦਾ ਦੂਰ-ਨੇੜ ਦਾ ਰਿਸ਼ਤੇਦਾਰ ਜਾਂ ਮਿੱਤਰ-ਬੇਲੀ ਉਹਨੂੰ ਮਿਲਣ ਲਈ ਹੀ ਨਾ ਆ ਟਪਕੇ! ਉਸਦਾ ਵਿਆਹ ਵੀ ਹਾਲੇ ਨਵਾਂ-ਨਵਾਂ ਹੀ ਹੋਇਆ ਸੀ, ਉਸਦੇ ਸਹੁਰੇ ਵੀ ਇਸ ਗੱਲੋਂ ਹੈਰਾਨ-ਪ੍ਰੇਸ਼ਾਨ ਹੋਏ ਸਨ ਕਿ ਉਹ ਆਪਣੇ ਧੀ-ਜਵਾਈ ਨੂੰ ਹੀ ਮਿਲਣ-ਮਿਲਾਣ ਨਹੀਂ ਜਾ ਸਕਦੇ! ਤਾਂ ਇਹ ਕੈਸਾ ਰਿਸ਼ਤਾ ਹੋਇਆ! ਸਾਹਬ ਦੀ ਪਤਨੀ ਆਪਣੇ ਆਪ ਨੂੰ ‘ਕੈਦਣ’ ਮਹਿਸੂਸ ਕਰਨ ਲੱਗੀ। ਜਦੋਂ ਵੀ ਥੋੜਾ-ਬਹੁਤਾ ਵਕਤ ਮਿਲਦਾ ਸਾਹਬ ਤੇ ਬੀਬੀ ਉਨ੍ਹਾਂ ਨੂੰ ਮਿਲ ਆਉਂਦੇ ਸਨ। ਜੱਜ ਜੈਦੀਪ ਆਪਣੇ ਪਿੰਡ ਵੀ ਘੱਟ ਹੀ ਗੇੜਾ ਮਾਰਦਾ ਸੀ। ਉਸਦੇ ਪਿਤਾ ਨੇ ਇਕ ਦਿਨ ਉਸਨੂੰ ਦੱਸਿਆ ਸੀ ਕਿ ਪਿੰਡ ਦੇ ਲੋਕ ਉਸਨੂੰ ਘੇਰ-ਘੇਰ ਕੇ ਪੁੱਛਦੇ ਨੇ ਕਿ ਜੈਦੀਪ ਸਿੰਘ ਕਿੱਥੇ ਲੱਗਿਆ ਹੋਇਆ,ਉਸਦਾ ਫ਼ੋਨ ਨੰਬਰ ਕਿੰਨਾ ਹੈ,ਕੋਠੀ ਨੰਬਰ ਕਿੰਨਾ ਐ। ਪਿਤਾ ਨੇ ਦੱਸਿਆ ਸੀ ਕਿ ਮੈਂ ਕਿਸੇ ਨੂੰ ਕੁਝ ਨਹੀਂ ਦੱਸਦਾ ਤੇ ਟਾਲ-ਮਟੋਲ ਕਰ ਦਿੰਦਾ ਹਾਂ। ਸੋ, ਚੰਗਾ ਹੈ ਪਿੰਡ ਘੱਟ ਗੇੜਾ ਮਾਰੋ, ਅਣਸਰਦੇ ਨੂੰ। ਮਾਂ-ਪਿਓ ਕਦੀ ਮਿਲ ਆਉਂਦੇ, ਸ਼ਾਮ ਨੂੰ ਜਾ ਕੇ ਸਵੇਰੇ ਬਹੁਤ ਸਾਝਰੇ ਮੁੜ ਪੈਂਦੇ।
ਜੈਦੀਪ ਨੂੰ ਧੁੜਕੂ ਲੱਗੇ ਰਹਿਣ ਵਾਲੀ ਅਸਲ ਗੱਲ ਇਹ ਸੀ ਕਿ ਜਿਸ ਦਿਨ ਉਸਦੇ ਜੱਜ ਚੁਣੇ ਜਾਣ ਦੀ ਖ਼ਬਰ ਮੀਡੀਆ ਵਿਚ ਆਈ ਸੀ ਤਾਂ ਉਸਨੂੰ ਜਾਣ-ਪਛਾਣ ਵਾਲਿਆਂ ਸਮੇਤ ਮਿੱਤਰਾਂ-ਦੋਸਤਾਂ ਤੇ ਦੂਰ-ਦੁਰਾਡੇ ਦੇ ਰਿਸ਼ਤੇਦਾਰਾਂ ਵੱਲੋਂ ਅਣਗਿਣਤ ਫ਼ੋਨ ਆਏ ਸਨ ਤੇ ਸਭ ਹੀ ਉਸਨੂੰ ਮਿਲਣ ਤੇ ਵਧਾਈ ਦੇਣ ਲਈ ਬੇਹੱਦ ਉਤਾਵਲੇ ਸਨ। ਫ਼ੋਨ ਉਤੇ ਪੁੱਛਦੇ, ”ਕਦੋਂ ਮਿਲੇਂਗਾ ਤੇ ਕਿੱਥੇ ਮਿਲੇਂਗਾ…?” ਜੈਦੀਪ ਦੇ ਕਾਲਜ, ਯੂਨੀਵਰਸਿਟੀ ਤੇ ਕੋਚਿੰਗ ਸੈਂਟਰਾਂ ਦੇ ਵੀ ਬਥੇਰੇ ਦੋਸਤ ਸਨ। ਰਿਸ਼ਤਿਆਂ ‘ਚੋਂ ਮਾਮੇ, ਭੂਆ, ਤਾਏ, ਚਾਚੇ ਤੇ ਉਨ੍ਹਾਂ ਦੇ ਮੁੰਡੇ-ਕੁੜੀਆਂ ਦੀ ਵੱਡੀ ਗਿਣਤੀ ਵੱਖਰੀ ਸੀ। ਜੈਦੀਪ ਆਪਣੇ ਨਿਵੇਕਲੇ ਤੇ ਨਿਮਰ ਸੁਭਾਅ ਕਾਰਨ ਉਨ੍ਹਾਂ ਸਭਨਾਂ ਵਿਚ ਹੀ ਹਰਮਨ-ਪਿਆਰਾ ਸੀ। ਪਰੰਤੂ ਹੁਣ ਉਹ ਅਜਿਹੀ ਜਗ੍ਹਾ ਤੇ ਅਜਿਹੀ ਪਦਵੀ ਉਤੇ ਆ ਪੁੱਜਾ ਸੀ ਕਿ ਛੇਤੀ ਹੀ ਉਹ ਬਹੁਤੇ ਆਪਣਿਆਂ ਲਈ ‘ਓਪਰਾ’ ਤੇ ‘ਨਫ਼ਰਤ ਦਾ ਪਾਤਰ’ ਬਣਦਾ ਜਾ ਰਿਹਾ ਸੀ। ਭਾਵੇਂ ਇਸ ਵਿਚ ਉਸਦਾ ਕਸੂਰ ਰਤਾ ਵੀ ਨਹੀਂ ਸੀ ਪਰ ਰਿਸ਼ਤੇਦਾਰਾਂ ਤੇ ਬੇਲੀਆਂ-ਮਿੱਤਰਾਂ ਨੂੰ ਕੌਣ ਘਰ-ਘਰ ਜਾ ਸਮਝਾਵੇ?
ਇਹ ਸੱਚ ਹੈ ਕਿ ਜਦੋਂ ਜੈਦੀਪ ਜੁਡੀਸ਼ੀਅਲ ਅਕੈਡਮੀ ਚੰਡੀਗੜ੍ਹ ਵਿਚ ਇਕ ਸਾਲ ਦੀ ਟ੍ਰੇਨਿੰਗ ਲਈ ਗਿਆ ਸੀ ਤਾਂ ਉੱਥੇ ਸਮੇਂ-ਸਮੇਂ ਕਾਨੂੰਨੀ-ਮਾਹਰਾਂ, ਸਾਬਕਾ ਤੇ ਮੌਜੂਦਾ ਜੱਜਾਂ ਵਲੋਂ ਦਿੱਤੇ ਗਏ ਲੈਕਚਰਾਂ ਦਾ ਇਕ-ਇਕ ਬੋਲ ਉਸਨੇ ਆਪਣੇ ਮਨ ਵਿਚ ਡੂੰਘਾ ਵਸਾ ਲਿਆ ਹੋਇਆ ਸੀ। ਪ੍ਰੋਟੋਕੋਲ ਬਾਰੇ ਦਿੱਤੇ ਲੈਕਚਰਾਂ ਨੇ ਤਾਂ ਜੈਦੀਪ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਸੀ। ਟਰੇਨਿੰਗ ਦੇ ਇਕ ਦਿਨ ਆਪਣੇ ਲੈਕਚਰ ਵਿਚ ਇਕ ਸਾਬਕਾ ਜੱਜ ਨੇ ਕੁਝ ਫਿਕਰੇ ਇਉਂ ਬੋਲੇ ਸਨ, ”ਧਿਆਨ ਨਾਲ ਸੁਣੋ,ਤੁਹਾਡਾ ਇਸ ਨੌਕਰੀ ਸਮੇਂ ਕੋਈ ਵੀ ਆਪਣਾ ‘ਆਪਣਾ’ ਨਹੀਂ, ਤੇ ਬਿਗਾਨੇ ਤਾਂ ਪਹਿਲਾਂ ਹੀ ‘ਬਿਗਾਨੇ’ ਹਨ। ਤੁਸੀਂ ਜਦ ਹੁਣ ‘ਆਪਣਿਆਂ’ ਤੋਂ ‘ਬਿਗਾਨੇ’ ਹੋਵੋਗੇ, ਤਦੇ ਹੀ ਤੁਸੀਂ ਇਕ ਸੁਚਾਰੂ-ਨਿਆਂ ਪਾਰਖੂ ਬਣ ਸਕੋਗੇ, ਜੇਕਰ ਰਿਸ਼ਤਿਆਂ ਤੇ ਲਿਹਾਜਾਂ ਵਿਚ ਫਸੇ ਰਹੋਗੇ ਤੇ ਭਾਵੁਕਤਾ ਨੇ ਤੁਹਾਡਾ ਖਹਿੜਾ ਨਾ ਛੱਡਿਆ ਤਾਂ ਤੁਸੀਂ ਕਿਸੇ ਪਾਸੇ ਜੋਗੇ ਵੀ ਨਹੀਂ ਰਹਿਣਾ, ਫਿਰ ਤੁਸੀਂ ਵੰਨ-ਸੁਵੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਰਹੋਗੇ।
ਤੁਹਾਡੇ ਲਈ ‘ਸਭ ਏਕ’ ਹਨ, ਚਾਹੇ ਕੋਈ ਆਮ ਮਨੁੱਖ ਹੋਵੇ, ਚਾਹੇ ਕੋਈ ‘ਖਾਸ’ ਹੋਵੇ, ਸਮਝੋ ਕਿ ਤੁਹਾਡੀਆਂ ਅੱਖਾਂ ਉਤੇ ਪੱਟੀ ਬੱਧੀ ਹੋਈ ਹੈ, ਇਸ ਪੱਟੀ ਦੀ ਕਦਰ ਕਦੀ ਨਾ ਘਟਾਉਣਾ।”
ਜੈਦੀਪ ਕਈ ਦਿਨ ਇਨ੍ਹਾਂ ਗੱਲਾਂ ਬਾਬਤ ਬੜੀ ਡੂੰਘਾਈ ਨਾਲ ਸੋਚਦਾ ਰਿਹਾ ਸੀ। ਉਸਦੇ ਮਨ ਵਿਚ ਇਕ ਸਵਾਲ ਆ ਖਲੋਤਾ, ”ਕੀ ਸਾਰੇ ਜੱਜ ਇੰਝ ਹੀ ਕਰਦੇ ਨੇ, ਨਹੀਂ… ਮੈਨੂੰ ਨਹੀਂ ਲਗਦਾ, ਪਰ ਮੈਂ ਤਾਂ ਇੰਝ ਹੀ ਕਰਾਂਗਾ, ਕੋਈ ਕਰੇ, ਨਾ ਕਰੇ।” ਉਸਨੇ ਆਪਣੇ ਮਨ ਨਾਲ ਇਹ ਪੱਕਾ ਫ਼ੈਸਲਾ ਕਰ ਲਿਆ ਸੀ। ਸੋ, ਛੇਤੀ ਹੀ ਜੈਦੀਪ ਦੇ ਬਹੁਤੇ ਰਿਸ਼ਤੇਦਾਰਾਂ ਦੇ ਮੂੰਹ ਸੁੱਜ ਗਏ। ਪਾਰਟੀਆਂ-ਮਹਿਫ਼ਲਾਂ ਤੇ ਆਪਣੇ ਸਮਾਜਿਕ ਸਮਾਗਮਾਂ ਵਿਚ ਉਹ ਉਸ ਨੂੰ ਭੰਡਣ ਵੀ ਲੱਗੇ ਸਨ। ਉਸਦੇ ਮਾਮੇ ਦਾ ਮੁੰਡਾ ਤਾਂ ਹਰੇਕ ਕੋਲ ਕਹਿੰਦਾ ਫਿਰਦਾ ਸੀ, ”ਸਾਡਾ ਜੈਦੀਪ ਐਡਾ ਕੀ ਸੁਪਰੀਮ ਕੋਰਟ ਦਾ ਜਸਟਿਸ ਬਣ ਗਿਆ ਐ ਕਿ ਫ਼ੋਨ ਈ ਨੀ ਚੁੱਕਦਾ, ਮਿਲਣਾ ਤਾਂ ਕੀ ਐ ਉਹਨੇ, ਫਤੂਰ ਆ ਗਿਐ ਜੈ ਵਿਚ ਜਲਦੀ ਈ।”
(ਚਲਦਾ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …