Breaking News
Home / ਕੈਨੇਡਾ / ਅਮਰੀਕਾ ਨੇ ਜਾਸੂਸੀ ਦੇ ਆਰੋਪ ‘ਚ 12 ਰੂਸੀ ਡਿਪਲੋਮੈਂਟਾਂ ਨੂੰ ਕੱਢਣ ਦਾ ਐਲਾਨ ਕੀਤਾ

ਅਮਰੀਕਾ ਨੇ ਜਾਸੂਸੀ ਦੇ ਆਰੋਪ ‘ਚ 12 ਰੂਸੀ ਡਿਪਲੋਮੈਂਟਾਂ ਨੂੰ ਕੱਢਣ ਦਾ ਐਲਾਨ ਕੀਤਾ

ਵਾਸ਼ਿੰਗਟਨ : ਅਮਰੀਕਾ ਨੇ ਯੂ ਐੱਨ ਓ ਵਿੱਚ ਰੂਸੀ ਮਿਸ਼ਨ ਦੇ 12 ਮੈਂਬਰਾਂ ਨੂੰ ਜਾਸੂਸੀ ਵਿੱਚ ਸ਼ਾਮਲ ‘ਖੁਫੀਆ ਅਧਿਕਾਰੀ’ ਹੋਣ ਦੇ ਦੋਸ਼ ਵਿੱਚ ਦੇਸ਼ ‘ਚੋਂ ਕੱਢਣ ਦਾ ਐਲਾਨ ਕੀਤਾ ਹੈ। ਯੂਕਰੇਨ ਉੱਤੇ ਰੂਸ ਦੇ ਹਮਲਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਅਮਰੀਕਾ ਤੇ ਹੋਰ ਕਈ ਦੇਸ਼ਾਂ ਨੇ ਰੂਸੀ ਹਮਲੇ ਦੀ ਨਿੰਦਾ ਕੀਤੀ ਹੈ। ਯੂ ਐੱਨ ਵਿੱਚ ਅਮਰੀਕੀ ਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਰੂਸੀ ਡਿਪਲੋਮੈਂਟਾਂ ਨੇ ‘ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਅਮਰੀਕਾ ਵਿੱਚ ਰਹਿਣ ਦੇ ਆਪਣੇ ਅਧਿਕਾਰ ਦੀ ਦੁਰਵਰਤੋਂ ਕੀਤੀ ਹੈ, ਜੋ ਸਾਡੀ ਸੁਰੱਖਿਆ ਲਈ ਨੁਕਸਾਨਦੇਹ ਹਨ।’ ਮਿਸ਼ਨ ਨੇ ਕਿਹਾ ਕਿ ਕੱਢਣ ਦੀ ਪ੍ਰਕਿਰਿਆ ‘ਕਈ ਮਹੀਨਿਆਂ ਤੋਂ ਜਾਰੀ’ ਸੀ ਅਤੇ 193 ਮੈਂਬਰੀ ਯੂ ਐੱਨ ਦੇ ਮੇਜ਼ਬਾਨ ਵਜੋਂ ਇਹ ਅਮਲ ਯੂ ਐੱਨ ਓ ਨਾਲ ਅਮਰੀਕਾ ਦੇ ਸਮਝੌਤੇ ਮੁਤਾਬਕ ਹੈ। ਇਸ ਮਾਮਲੇ ਵਿੱਚ ਰੂਸੀ ਰਾਜਦੂਤ ਵੈਸੀਲੀ ਨੇਬੇਨਜੀਆ ਤੋਂ ਉਸ ਦੀ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਦੱਸਿਆ ਕਿ ਰੂਸੀ ਅਧਿਕਾਰੀ ਜਾਸੂਸੀ ਵਿੱਚ ਸ਼ਾਮਲ ਨਹੀਂ ਸਨ। ਉਨ੍ਹਾਂ ਕਿਹਾ, ”ਜਦੋਂ ਉਹ ਕਿਸੇ ਵਿਅਕਤੀ ਨੂੰ ਅਣਚਾਹਾ ਐਲਾਨ ਕਰਦੇ ਹਨ, ਤਾਂ ਇਹੀ ਬਹਾਨਾ ਬਣਾਉਂਦੇ ਹਨ। ਇਹੀ ਉਹ ਸਪੱਸ਼ਟੀਕਰਨ ਹੈ, ਜੋ ਉਹ ਦਿੰਦੇ ਹਨ।” ਇਹ ਪੁੱਛੇ ਜਾਣ ਉੱਤੇ ਕੀ ਰੂਸ ਵੀ ਜਵਾਬੀ ਕਾਰਵਾਈ ਕਰੇਗਾ, ਉਨ੍ਹਾਂ ਕਿਹਾ, ”ਇਹ ਫ਼ੈਸਲਾ ਮੈਂ ਨਹੀਂ ਕਰਨਾ, ਪਰ ਕੂਟਨੀਤਕ ਪ੍ਰਕਿਰਿਆ ਵਿੱਚ ਇਹ ਆਮ ਗੱਲ ਹੈ।” ਨੇਬੇਨਜੀਆ ਨੇ ਕੌਂਸਲ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਰੂਸੀ ਮਿਸ਼ਨ ਦੇ ਵਿਰੁੱਧ ਮੇਜ਼ਬਾਨ ਦੇਸ਼ ਦੀ ‘ਇੱਕ ਹੋਰ ਦੁਸ਼ਮਣੀ ਵਾਲੀ ਹਰਕਤ’ ਦੀ ਜਾਣਕਾਰੀ ਮਿਲੀ ਹੈ। ਉਸ ਨੇ ਇਸ ਕਦਮ ਨੂੰ ਅਮਰੀਕਾ ਤੇ ਯੂ ਐੱਨ ਵਿਚਾਲੇ ਸਮਝੌਤੇ ਤੇ ਕੂਟਨੀਤਕ ਸੰਬੰਧਾਂ ਨੂੰ ਕੰਟਰੋਲ ਕਰਨ ਵਾਲੇ ਵਿਏਨਾ ਕਨਵੈਨਸ਼ਨ ਦਾ ‘ਗੰਭੀਰ ਉਲੰਘਣ’ ਦੱਸਿਆ। ਨੇਬੇਨਜੀਆ ਦੇ ਇਸ ਬਿਆਨ ਮਗਰੋਂ ਅਮਰੀਕਾ ਦੇ ਉਪ ਰਾਜਦੂਤ ਰਿਚਰਡ ਮਿਲਜ ਨੇ ਕੱਢਣ ਦੇ ਫ਼ੈਸਲੇ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਜਾਇਜ਼ ਠਹਿਰਾਇਆ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …