ਤਲਵਿੰਦਰ ਸਿੰਘ ਬੁੱਟਰ
ਪਿਛਲੇ ਦਿਨੀਂ ਕਰਨਾਟਕ ਹਾਈਕੋਰਟ ਦੁਆਰਾ ਹਿਜਾਬ ਵਿਵਾਦ ਬਾਰੇ ਦਿੱਤੇ ਅੰਤਰਿਮ ਹੁਕਮਾਂ ਤੋਂ ਬਾਅਦ ਬੈਂਗਲੁਰੂ ਦੇ ਇਕ ਕਾਲਜ ਪ੍ਰਬੰਧਕਾਂ ਵਲੋਂ ਇਕ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਨੂੰ ਦਸਤਾਰ ਉਤਾਰ ਕੇ ਆਉਣ ਲਈ ਕਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਸਿੱਖ ਸੰਸਥਾਵਾਂ ਅੰਦਰ ਤਿੱਖਾ ਪ੍ਰਤੀਕਰਮ ਹੋਇਆ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਦਸਤਾਰ ਨੂੰ ਸਿੱਖਾਂ ਦੀ ਧਾਰਮਿਕ ਪਛਾਣ ਤੇ ਸਵੈਮਾਣ ਦਾ ਪ੍ਰਤੀਕ ਕਰਾਰ ਦਿੰਦਿਆਂ ਇਸ ਪਾਬੰਦੀ ਦਾ ਜ਼ਬਰਦਸਤ ਵਿਰੋਧ ਕੀਤਾ ਹੈ। ਇਸ ਵਿਵਾਦ ਦਰਮਿਆਨ ਇਹ ਜਗਿਆਸਾ ਵੀ ਉਭਰਨੀ ਸਹਿਵਨ ਹੈ ਕਿ ਸਿੱਖ ਔਰਤਾਂ ਲਈ ਦਸਤਾਰ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਕੀ ਹੈ?
ਦਰ-ਹਕੀਕਤ ਸਿੱਖ ਧਰਮ ਇਕੋ-ਇਕ ਅਜਿਹਾ ਧਰਮ ਹੈ ਜਿਸ ਵਿਚ ਔਰਤ ਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਤੇ ਬਰਾਬਰ ਦੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ। ਕੋਈ ਐਸਾ ਸਿੱਖੀ ਨਾਲ ਸਬੰਧਿਤ ਅਧਿਕਾਰ ਅਤੇ ਫ਼ਰਜ਼ ਨਹੀਂ, ਜੋ ਮਰਦ ਕਰ ਸਕਦੇ ਹੋਣ ਤੇ ਔਰਤਾਂ ਨੂੰ ਉਸ ਦੀ ਮਨਾਹੀ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਔਰਤਾਂ ਦੀ ਹਾਲਤ ਸਮਾਜਿਕ ਅਤੇ ਧਾਰਮਿਕ ਤੌਰ ‘ਤੇ ਬਹੁਤ ਬਦਤਰ ਸੀ। ਹਿੰਦੁਸਤਾਨ ਦੇ ਉਸ ਵੇਲੇ ਦੇ ਪ੍ਰਮੁੱਖ ਧਰਮਾਂ ਵਲੋਂ ਔਰਤ ਨੂੰ ਬਰਾਬਰ ਦਾ ਦਰਜਾ ਪ੍ਰਾਪਤ ਨਹੀਂ ਸੀ। ਉਸ ਵੇਲੇ ਸਤਿਗੁਰਾਂ ਨੇ ਜੋ ਇਨਕਲਾਬੀ ਮਹਾਂਵਾਕ ਉਚਾਰੇ, ਉਨ੍ਹਾਂ ਦੀ ਗੂੰਜ ਅੱਜ ਤੱਕ ਕੋਟਿ ਬ੍ਰਹਿਮੰਡਾਂ ਵਿਚ ਗੂੰਜ ਰਹੀ ਹੈ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਮ. ੧, ਅੰਗ: ੪੭੩)
ਭਾਵ ਜਿਸ ਔਰਤ ਨੇ ਮਹਾਨ ਰਾਜੇ ਆਦਿ ਜੰਮੇ ਹਨ, ਉਸ ਨੂੰ ਮੰਦਾ ਕਿਉਂ ਆਖਿਆ ਜਾਵੇ?
ਇਸੇ ਤਰ੍ਹਾਂ ਦਸ ਗੁਰੂ ਸਾਹਿਬਾਨ ਨੇ 239 ਸਾਲਾਂ ਦੇ ਆਪਣੇ ਸੰਸਾਰੀ ਜਾਮੇ ਅੰਦਰ ਵਿਚਰਦਿਆਂ ਸਿੱਖ ਬੀਬੀਆਂ ਨੂੰ ਸੇਵਾ ਅਤੇ ਧਰਮ ਪ੍ਰਚਾਰ ਵਿਚ ਮਰਦਾਂ ਦੇ ਬਰਾਬਰ ਹਿੱਸੇਦਾਰ ਬਣਾ ਕੇ, ਸਤੀ ਪ੍ਰਥਾ ਦਾ ਵਿਰੋਧ ਕਰਕੇ, ਪੁਨਰ ਵਿਆਹ ਦੀ ਰੀਤ ਚਲਾ ਕੇ ਅਤੇ ਇਸ ਤਰ੍ਹਾਂ ਦੀਆਂ ਹੋਰ ਬੇਅੰਤ ਉਸਾਰੂ ਤੇ ਵਿਸ਼ਵਾਸ ਕਾਇਮ ਕਰਨ ਵਾਲੀਆਂ ਮਿਸਾਲਾਂ ਕਾਇਮ ਕਰਕੇ ਸਿੱਖ ਔਰਤਾਂ ਨੂੰ ਸਵੈਮਾਣ ਨਾਲ ਭਰਪੂਰ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਬੀਬੀਆਂ ਨੂੰ ਖ਼ਾਲਸਾ ਪੰਥ ਵਿਚ ਸ਼ਾਮਲ ਕਰਕੇ ਸਭ ਭੇਦ-ਭਾਵ ਹੀ ਮਿਟਾ ਦਿੱਤੇ। ਸਤਿਗੁਰਾਂ ਵਲੋਂ ਜਿਥੇ ਬੀਬੀਆਂ ਨੂੰ ਖ਼ਾਲਸੇ ਬਣਾ ਕੇ ਬਰਾਬਰ ਦੇ ਅਧਿਕਾਰ ਦਿੱਤੇ ਗਏ ਉੱਥੇ ਉਨ੍ਹਾਂ ਨੂੰ ਕਮਜ਼ੋਰ ਨਾ ਜਾਣ ਕੇ ਸਿੰਘਾਂ ਦੇ ਬਰਾਬਰ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ। ਇਸੇ ਕਰਕੇ ਹੀ ਸਤਿਗੁਰਾਂ ਵਲੋਂ ਮਰਦਾਂ ਤੇ ਔਰਤਾਂ ਵਾਸਤੇ ਇਕੋ ਹੀ ਗੁਰਮੰਤ੍ਰ, ਇਕੋ ਹੀ ਮੂਲਮੰਤ੍ਰ ਤੇ ਇਕੋ ਹੀ ਗੁਰਬਾਣੀ ਦਾ ਨਿਤਨੇਮ ਤਜਵੀਜ਼ ਕੀਤਾ ਗਿਆ। ਜਿਨ੍ਹਾਂ ਬੱਜਰ ਕੁਰਹਿਤਾਂ ਤੋਂ ਮਰਦਾਂ ਨੂੰ ਪ੍ਰਹੇਜ਼ ਕਰਨ ਲਈ ਹੁਕਮ ਦਿੱਤਾ ਗਿਆ ਹੈ ਉਹ ਔਰਤਾਂ ਨੂੰ ਵੀ ਮਨ੍ਹਾਂ ਕੀਤੀਆਂ ਗਈਆਂ ਹਨ। ਜਦ ਸਾਰੀ ਰਹਿਤ ਇਕ ਹੈ ਤਾਂ ਫਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਿੱਖ ਮਰਦ ਨੂੰ ਤਾਂ ਦਸਤਾਰ ਦੇ ਕੇ ਸਤਿਕਾਰਿਆ ਗਿਆ ਹੋਵੇ ਤੇ ਹੋਰ ਮਨੁੱਖਤਾ ਤੋਂ ਨਿਰਾਲਾ ਕਰ ਦਿੱਤਾ ਗਿਆ ਹੋਵੇ ਪਰ ਸਿੱਖ ਔਰਤਾਂ ਨੂੰ ਦਸਤਾਰ ਸਜਾਉਣ ਦੀ ਆਗਿਆ ਨਾ ਹੋਵੇ? ਕਿਉਂਕਿ ਕੇਸ ਸਿੱਖੀ ਦੀ ਮੋਹਰ ਹਨ ਤੇ ਦਸਤਾਰ ਕੇਸਾਂ ਦੀ ਸੰਭਾਲ ਲਈ ਸਿੱਖ ਲਈ ਲਾਜ਼ਮੀ ਹੈ। ਸਤਿਗੁਰਾਂ ਨੇ ‘ਕਾਬੁਲ’ ਦੀ ਸੰਗਤ ਨੂੰ ਹੁਕਮਨਾਮੇ ਵਿਚ ਸਾਫ਼ ਲਿਖਿਆ ਕਿ ‘ਕੇਸ ਰੱਖਣੇ, ਇਹ ਅਸਾਡੀ ਮੋਹਰ ਹੈ’। ਕੇਸਾਂ ਵਿਚ ਅੰਮ੍ਰਿਤ ਪੈਣ ਕਰਕੇ ਅਤੇ ਇਹ ਗੁਰਾਂ ਦੀ ਮੋਹਰ ਹੋਣ ਕਰਕੇ ਗੁਰਸਿੱਖਾਂ ਵਲੋਂ ਗੁਰਮਤਿ ਮਰਿਯਾਦਾ ਅਨੁਸਾਰ ਕੇਸ ਬਹੁਤ ਸਤਿਕਾਰੇ ਜਾਂਦੇ ਹਨ।
ਕੇਸਾਂ ਦੀ ਸੰਭਾਲ ਲਈ ਦਸਮ ਪਾਤਸ਼ਾਹ ਦੇ ਹੇਠ ਲਿਖੇ ਹੁਕਮ ਹਨ:
ਅੰਮ੍ਰਿਤ ਛਕਨੇ ਵਾਲੇ ਨੂੰ ਪਹਿਲੇ ਕਛ ਪਹਿਰਾਨੀ। ਕੇਸ ਇਕਠੇ ਕਰ ਜੂੜਾ ਦਸਤਾਰ ਸਜਾਵਨੀ। ਗਾਤ੍ਰੇ ਸ੍ਰੀ ਸਾਹਿਬ ਹਾਥ ਜੋੜ ਖੜਾ ਰਹੈ। (ਰਹਿਤਨਾਮਾ ਭਾਈ ਦਯਾ ਸਿੰਘ)
ਜੂੜਾ ਸੀਸ ਕੇ ਮਧ ਭਾਡ ਮੇ ਰਾਖੈ ਔਰ ਪਾਗ ਬੜੀ ਬਾਂਧੈ, ਕੇਸ ਢਾਂਪ ਰਖੈ, ਕੰਘਾ ਦਵੈ ਕਾਲ ਕਰੈ, ਪਾਗ ਚੁਨ ਕਰ ਬਾਧੇ।(ਰਹਿਤਨਾਮਾ ਭਾਈ ਦਯਾ ਸਿੰਘ)
ਇਸਤ੍ਰੀਓਂ ਕਾ ਸੀਸ ਜੂੜੇ ਵਤ ਕਰਾਵੇ, ਲੰਬਾ ਨ ਕਰਾਵੈ। (ਰਹਿਤਨਾਮਾ ਭਾਈ ਦਯਾ ਸਿੰਘ)
ਜੋ ਅੰਮ੍ਰਿਤ ਛਕਿਆ ਚਾਹੈ, ਕਛ ਪਹਿਰਾਵੈ। ਕੇਸ ਇਕਠੇ ਕਰ ਜੂੜਾ ਕਰੇ, ਦਸਤਾਰ ਸਜਾਵੈ। (ਸੁਧਰਮ ਮਾਰਗ ਗ੍ਰੰਥ)
ਕੰਘਾ ਦੋਨੋ ਵਕਤ ਕਰ, ਪਾਗ ਚੁਨੇ ਕਰ ਬਾਂਧਈ। ਦਾਤਨ ਨੀਤ ਕਰੇਇ, ਨ ਦੁਖ ਪਾਵੈ ਲਾਲ ਜੀ। (ਤਨਖਾਹਨਾਮਾ ਭਾਈ ਨੰਦ ਲਾਲ ਜੀ)
ਪ੍ਰਾਤ ਇਸਨਾਨ ਜਤਨ ਸੇ ਸਾਧੇ। ਕੰਘਾ ਕਰਦ ਦਸਤਾਰਹਿ ਬਾਧੇ। (ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਉਪਰ ਦਰਜ ਇਤਿਹਾਸਕ ਪ੍ਰਮਾਣਾਂ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਦਸਤਾਰ ਸਜਾਉਣ ਦਾ ਇਕ ਸਿੱਖ ਲਈ ਕੀ ਮਹੱਤਵ ਹੈ ਅਤੇ ਜੋ ਮਹੱਤਵ ਸਿੱਖ ਮਰਦ ਲਈ ਹੈ, ਉਹੀ ਸਿੱਖ ਇਸਤਰੀ ਵਾਸਤੇ ਵੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫ਼ੁਰਮਾਨ ਹੈ ਕਿ ਜਦੋਂ ਤੱਕ ਖ਼ਾਲਸਾ ਆਪਣੀ ਵੱਖਰੀ ਪਛਾਣ ਬਣਾਈ ਰੱਖੇਗਾ, ਉਦੋਂ ਤੱਕ ਸਤਿਗੁਰ ਜੀ ਆਪਣੀ ਸਾਰੀ ਤਾਕਤ ਖ਼ਾਲਸੇ ਨੂੰ ਮੁਹੱਈਆ ਕਰਨਗੇ :
ਜਬ ਲਗ ਖਾਲਸਾ ਰਹੈ ਨਿਆਰਾ॥
ਤਬ ਲਗ ਤੇਜ ਦੀਓ ਮੈ ਸਾਰਾ॥
ਖ਼ਾਲਸੇ ਦਾ ਵਿਲੱਖਣ ਬਾਣਾ, ਜਿਸ ਵਿਚ ਪੰਜ ਕਕਾਰ ਤੇ ਸੁੰਦਰ ਦਸਤਾਰਾ ਸ਼ਾਮਲ ਹਨ, ਇਸੇ ਕਰਕੇ ਹੀ ਸਤਿਗੁਰਾਂ ਵਲੋਂ ਖ਼ਾਲਸਾ ਜੀ ਨੂੰ ਬਖ਼ਸ਼ਿਆ ਗਿਆ ਹੈ ਕਿ ਖ਼ਾਲਸਾ ਸੰਸਾਰ ਤੋਂ ਨਿਆਰਾ ਰਹੇ। ਖ਼ਾਲਸਾ ਜੀ ਦਾ ਸਰੂਪ ਐਸਾ ਹੈ ਕਿ ਹਜ਼ਾਰਾਂ ਵਿਚੋਂ ਵੀ ਪਛਾਣਿਆ ਜਾਂਦਾ ਹੈ।
ਸਿੱਖ ਇਤਿਹਾਸ ਵਿਚ ਜ਼ਿਕਰ ਮਿਲਦਾ ਹੈ ਕਿ ਅਠ੍ਹਾਰਵੀਂ ਸਦੀ ਵਿਚ, ਜਦੋਂ ਬਹੁਗਿਣਤੀ ਸਿੱਖ ਮਰਦ, ਮੁਗ਼ਲ ਤਸ਼ੱਦਦ ਤੋਂ ਤੰਗ ਆ ਕੇ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਹਿੱਤ ਸ਼ਹਿਰਾਂ ਤੇ ਕਸਬਿਆਂ ਨੂੰ ਛੱਡ ਕੇ ਜੰਗਲਾਂ ਤੇ ਪਹਾੜਾਂ ਵਿਚ ਚਲੇ ਗਏ ਸਨ। ਉਨ੍ਹਾਂ ਦਿਨਾਂ ਵਿਚ ਮੁਗ਼ਲ ਹਕੂਮਤ ਨੇ ਸਿੰਘਾਂ ਦਾ ਖੁਰਾ-ਖੋਜ ਮਿਟਾਉਣ ਲਈ ਲੱਕ ਬੰਨ੍ਹਿਆ ਹੋਇਆ ਸੀ ਤੇ ਇਸ ਕਰਕੇ ਸਿੰਘਾਂ ਦੇ ਸਿਰਾਂ ਲਈ ਇਨਾਮਾਂ ਦਾ ਐਲਾਨ ਕੀਤਾ ਸੀ। ਭਾਈ ਰਤਨ ਸਿੰਘ ਭੰਗੂ ਰਚਿਤ ‘ਪੁਰਾਤਨ ਪੰਥ ਪ੍ਰਕਾਸ਼’ ਵਿਚ ਇਸ ਘਟਨਾ ਬਾਰੇ ਜ਼ਿਕਰ ਕੀਤਾ ਹੈ।
‘੩ਫਿਰ ਕੀ ਸੀ, ਲਾਲਚ ਵੱਸ ਪੈ ਕੇ ਧੜਾ-ਧੜ੍ਹ ਸਿੰਘਾਂ ਦੇ ਖਿਲਾਫ਼ ਮੁਖ਼ਬਰੀਆਂ ਹੋਣ ਲੱਗ ਪਈਆਂ। ਸਿੰਘ ਹੋਰ ਸੁਚੇਤ ਹੋ ਗਏ ਤਾਂ ਲਾਲਚੀ ਮੁਖ਼ਬਰਾਂ ਨੇ ਸਿੰਘਾਂ ਦੀ ਬਜਾਏ ਸਿੱਖ ਔਰਤਾਂ ਦੇ ਸੀਸ ਕੱਟ ਕੇ ਜਰਵਾਣਿਆਂ ਕੋਲ ਜਾ ਕੇ ਇਹ ਕਹਿ ਕੇ, ਕਿ ਇਹ ਸੀਸ ਸਿੱਖ ਭੁਜੰਗੀਆਂ ਦੇ ਹਨ, ਇਨਾਮ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ ਸਨ। ਉਹ ਸਿੱਖ ਔਰਤਾਂ ਜੋ ਕਿ ਅਜੇ ਸਿੱਖ ਭਾਈਆਂ ਵਾਂਗ ਜੰਗਲ ਦੀਆਂ ਵਾਸੀ ਨਹੀਂ ਸਨ ਬਣੀਆਂ, ਐਸੇ ਬੇਰਹਿਮ ਮੁਖ਼ਬਰਾਂ ਦਾ ਸ਼ਿਕਾਰ ਹੋਣ ਲੱਗ ਪਈਆਂ।’
ਅਠ੍ਹਾਰਵੀਂ ਸਦੀ ਦੇ ਅੰਗਰੇਜ਼ ਇਤਿਹਾਸਕਾਰ ਕਨਿੰਘਮ ਨੇ ਸਿੱਖ ਬੀਬੀਆਂ ਦੀ ਪਛਾਣ ਬਾਬਤ ਲਿਖਿਆ ਹੈ :
The Sikh women are distinguished from Hindus of their sex by some variety of dress, chiefly by a higher top knot of hair. (History of the Sikhs by Mr. Cunningham)
‘ਸਿਖ ਇਸਤ੍ਰੀਆਂ ਹਿੰਦੂ ਇਸਤ੍ਰੀਆਂ ਤੋਂ ਕੁਝ ਤਾਂ ਪਹਿਰਾਵੇ ਤੋਂ, ਤੇ ਖ਼ਾਸ ਤੌਰ ‘ਤੇ ਸਿਰ ਉਪਰ ਜੂੜਾ ਕਰਨ ਕਰਕੇ ਅਲੱਗ ਲੱਗਦੀਆਂ ਹਨ।’
ਭਾਵੇਂਕਿ ਅੱਜਕੱਲ੍ਹ ਸਿੱਖ ਸਮਾਜ ਅੰਦਰ ਕਾਫ਼ੀ ਗਿਣਤੀ ਔਰਤਾਂ ਦਸਤਾਰ ਸਜਾਉਣ ਲੱਗ ਪਈਆਂ ਹਨ, ਪਰ ਬਹੁਗਿਣਤੀ ਲੋਕ ਇਹ ਸਮਝਦੇ ਹਨ ਕਿ ਸਿੱਖ ਬੀਬੀਆਂ ਅੰਦਰ ਦਸਤਾਰ ਸਜਾਉਣ ਦਾ ਰਿਵਾਜ਼ ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਰਾਂ ਨੇ ਕੀਤਾ ਸੀ। ਜਦਕਿ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਅੰਦਰ ਪੁਰਾਤਨ ਸਮੇਂ ਤੋਂ ਦਸਤਾਰ ਸਿੱਖ ਬੀਬੀਆਂ ਦੇ ਪਹਿਰਾਵੇ ਦਾ ਹਿੱਸਾ ਰਹੀ ਹੈ। ਮਾਝਾ ਖ਼ਾਲਸਾ ਦੀਵਾਨ, ਪੰਚ ਖ਼ਾਲਸਾ ਦੀਵਾਨ ਭਸੌੜ, ਸੰਤ ਅਤਰ ਸਿੰਘ ਮਸਤੂਆਣੇ ਵਾਲਿਆ ਦਾ ਜਥਾ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਜਥਾ ਤੇ ਹੋਰ ਬੇਅੰਤ ਸੰਪਰਦਾਈ ਸੰਤ-ਮਹਾਂਪੁਰਖਾਂ ਦੇ ਜਥਿਆਂ ਅੰਦਰ ਬੀਬੀਆਂ ਦਸਤਾਰ ਸਜਾਉਂਦੀਆਂ ਰਹੀਆਂ ਹਨ। ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰ ਦੀਆਂ ਸਭ ਔਰਤਾਂ ਛੋਟੀ ਦਸਤਾਰ (ਕੇਸਕੀ) ਦੀਆਂ ਧਾਰਨੀ ਸਨ। ਕੈਰੋਂ ਤੇ ਫ਼ਿਰੋਜ਼ਪੁਰ ਦੇ ਕੰਨਿਆ ਵਿਦਿਆਲਿਆਂ ਦੀਆਂ ਭੁਜੰਗਣਾਂ ਸਭ ਦਸਤਾਰਧਾਰੀ ਹੁੰਦੀਆਂ ਸਨ।
ਅੱਜ ਵੀ ਅਖੰਡ ਕੀਰਤਨੀ ਜਥੇ ਅੰਦਰ ਸਭ ਬੀਬੀਆਂ ਦਸਤਾਰ ਦੀਆਂ ਧਾਰਨੀ ਹਨ ਤੇ ਇਸ ਜਥੇ ਵਿਚ ਕੇਸਕੀ (ਛੋਟੀ ਦਸਤਾਰ) ਨੂੰ ਪੰਜਵਾਂ ਕਕਾਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨਾਲ ਸਬੰਧਤ ਅਕਾਲ ਅਕੈਡਮੀ ਦੀਆਂ ਸਭ ਵਿਦਿਆਰਥਣਾਂ ਦਸਤਾਰ ਸਜਾਉਂਦੀਆਂ ਹਨ। ਬਾਬਾ ਦਰਸ਼ਨ ਸਿੰਘ ਢੱਕੀ ਵਾਲਿਆਂ ਦੇ ਜਥੇ ਵਿਚ ਵੀ ਬੀਬੀਆਂ ਲਈ ਦਸਤਾਰ ਸਜਾਉਣ ਦੀ ਮਰਯਾਦਾ ਹੈ।
ਹਾਲਾਂਕਿ ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਸੁਰੱਖਿਅਤ ਰੱਖਦਿਆਂ ਪੰਜ ਕਕਾਰਾਂ ਵਿਚੋਂ ਕਿਰਪਾਨ ਨੂੰ, ਇਕ ਸ਼ਸਤਰ ਹੋਣ ਕਾਰਨ, ਕਾਨੂੰਨੀ ਮਾਨਤਾ ਦਿੰਦੀ ਹੈ ਪਰ ਸਮੇਂ ਦੇ ਨਾਲ ਅੱਜ ਲੋੜ ਬਣ ਗਈ ਹੈ ਕਿ ਪੰਜੇ ਕਕਾਰਾਂ ਅਤੇ ਦਸਤਾਰ ਨੂੰ ਵੀ ਕਾਨੂੰਨੀ ਤੌਰ ‘ਤੇ ਮਾਨਤਾ ਦਿੱਤੀ ਜਾਵੇ, ਕਿਉਂਕਿ ਅਮਰੀਕਾ, ਕੈਨੇਡਾ ਅਤੇ ਯੂਰਪ ਆਦਿ ਦੇਸ਼ਾਂ ਅੰਦਰ ਬੇਅੰਤ ਸਿੱਖ ਬੀਬੀਆਂ ਦਸਤਾਰ ਸਜਾ ਕੇ ਫ਼ੌਜ, ਪੁਲਿਸ, ਅਦਾਲਤਾਂ ਅਤੇ ਹਵਾਈ ਸੇਵਾਵਾਂ ‘ਤੇ ਉੱਚ ਅਹੁਦਿਆਂ ‘ਤੇ ਬੈਠੀਆਂ ਹਨ, ਤੇ ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ 80 ਫ਼ੀਸਦੀ ਕੁਰਬਾਨੀਆਂ ਦਿੱਤੀਆਂ ਹੋਣ, ਅਜਿਹੇ ਸਮੇਂ ਵਿਚ ਉੱਥੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਲਈ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਚਿੰਤਾਜਨਕ ਅਤੇ ਦੁਖਦਾਈ ਹਨ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …