Home / Special Story / ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਖ਼ਾਲਸਾ ਰਾਜ

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਖ਼ਾਲਸਾ ਰਾਜ

ਡਾ. ਗੁਰਵਿੰਦਰ ਸਿੰਘ
001-604-825-1550
ਖਾਲਸਾ ਰਾਜ ਦੇ ਸੰਘਰਸ਼ ਦਾ ਮੁੱਢ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਇਨਕਲਾਬ ਨਾਲ ਬੱਝਦਾ ਹੈ, ਜਿਹਨਾਂ ਜਗੀਰਦਾਰੀ, ਰਜਵਾੜਾਸ਼ਾਹੀ ਦਾ ਬਰਜੂਆ ਢਾਂਚਾ ਤਬਾਹ ਕਰਕੇ, ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਇਹ ਇਤਿਹਾਸਕ ਤੱਥ ਹੈ ਕਿ ਫਰਾਂਸ ਦੇ ਇਨਕਲਾਬ ਤੋਂ ਸੱਤ ਦਹਾਕੇ ਪਹਿਲਾਂ ਅਤੇ ਰੂਸ ਦੀ ਕ੍ਰਾਂਤੀ ਤੋਂ ਕਰੀਬ ਦੋ ਸਦੀਆਂ ਪਹਿਲਾਂ, ਖਾਲਸਾ ਰਾਜ ਦੀ ਕਾਇਮੀ ਨਿਤਾਣਿਆਂ ਅਤੇ ਨਿਆਸਰਿਆਂ ਲਈ ਮਾਣ-ਤਾਣ ਅਤੇ ਓਟ-ਆਸਰਾ ਬਣੀ। ਵਿਸ਼ਵ ਦੇ ਇਤਿਹਾਸ ਵਿੱਚ ਖਾਲਸਾ ਰਾਜ ਪਹਿਲਾ ਚਾਨਣ-ਮੁਨਾਰਾ ਹੈ, ਜਿਸ ਨੇ ਕਿਰਤੀਆਂ- ਕਿਸਾਨਾਂ ਨੂੰ ਜ਼ਮੀਨਾਂ ਦੀ ਮਲਕੀਅਤ ਬਖਸ਼ ਕੇ, ਗੁਲਾਮੀ ਦੀ ਜੜ੍ਹ ਪੁੱਟੀ ਅਤੇ ਵਰਣ- ਆਸ਼ਰਮ ਅਤੇ ਜਾਤੀ ਵਿਵਸਥਾ ਖਤਮ ਕਰਕੇ ਸਾਂਝੀਵਾਲਤਾ ਦਾ ਸਮਾਜ ਗੁਰੂ ਸਿਧਾਂਤ ਅਨੁਸਾਰ ਸਿਰਜਿਆ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਿਰਜੇ ਰਾਜ ਦਾ ਮੁਖ ਆਧਾਰ ਸੱਚੀ ਪਾਤਸ਼ਾਹੀ ਹੈ, ਜਿਸ ਨੂੰ ‘ਬੇਗਮਪੁਰਾ ਤੇ ਹਲੇਮੀ ਰਾਜ’ ਦਾ ਸਰੂਪ ਕਿਹਾ ਜਾ ਸਕਦਾ ਹੈ। ਪ੍ਰੋ. ਬਲਵਿੰਦਰ ਪਾਲ ਸਿੰਘ ਨੇ ‘ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ’ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਤਿਹਾਸਕਾਰਾਂ ਵਲੋਂ ਪਾਏ ਭੁਲੇਖਿਆਂ ਨੂੰ ਖਤਮ ਕਰਨ ਦਾ, ਇਤਿਹਾਸਕ ਤੱਥਾਂ ਰਾਹੀਂ ਸ਼ਲਾਘਾਯੋਗ ਕਾਰਜ ਕੀਤਾ ਹੈ। ਦਰਅਸਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਰਦਾਰਕੁਸ਼ੀ ਕਰਨ ਵਿਚ ਨਾ ਤਾਂ ਮੁਗਲੀਆ ਕਾਲ ਦੇ ਲੇਖਕਾਂ, ਨਾ ਅੰਗਰੇਜ਼ ਇਤਿਹਾਸਕਾਰਾਂ, ਨਾ ਹਿੰਦੂਤਵੀ ਸੋਚ ਦੇ ਧਾਰਨੀ ਲੇਖਕਾਂ ਅਤੇ ਨਾ ਹੀ ਕੁਝ ਸਿੱਖ ਲਿਖਾਰੀਆਂ ਨੇ ਕੋਈ ਕਸਰ ਬਾਕੀ ਛੱਡੀ ਹੈ। ਮਨੂੰਵਾਦੀ ਸੋਚ ਦੇ ਧਾਰਨੀ ਲੇਖਕ ਪਰਮਾਨੰਦ ਨੇ ਹਿੰਦੀ ਲਿਖਤ ‘ਬੀਰ ਵੈਰਾਗੀ’ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਿੰਦੂ ਵੈਰਾਗੀ ਕਰਾਰ ਦੇ ਕੇ, ਖਾਲਸਈ ਸਿਧਾਂਤਾਂ ਦੇ ਮੂਲ ਨਾਲੋਂ ਹੀ ਤੋੜਨ ਦੀ ਗਹਿਰੀ ਸਾਜ਼ਿਸ਼ ਰਚੀ। ਅੱਜ ਵੀ ਮਨੂੰਵਾਦੀਆਂ ਦਾ ਜ਼ੋਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦਾ ਵੈਰਾਗੀ ਬਣਾਉਣ ਉੱਤੇ ਲੱਗਿਆ ਹੋਇਆ ਹੈ, ਜਦ ਕਿ ਅਸਲੀਅਤ ਵਿੱਚ ਉਹ ਮੀਰੀ ਤੇ ਪੀਰੀ ਦੇ ਸੁਮੇਲ ਵਿਚੋਂ, ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜਿਆ ਗਿਆ ਮੁਕੰਮਲ ਬੰਦਾ ਸੀ, ਜਿਸ ਨੂੰ ਖਾਲਸਾ ਰਾਜ ਦੇ ਉਸਰੱਈਏ ਦਾ ਰੁਤਬਾ ਦਿੱਤਾ ਜਾਂਦਾ ਹੈ। ਦੂਸਰੇ ਪਾਸੇ ਖਾਲਸਾ ਰਾਜ ਦੇ ਦੋਖੀਆਂ ਵਿੱਚ ਮੁਗਲ ਸਾਮਰਾਜ ਦਾ ਸਾਥ ਦੇ ਕੇ ਖੈਰਾਤਾਂ ਲੈਣ ਵਾਲੇ ਗੁਲਾਮਾਂ ਵਿੱਚ ਮਨੂੰਵਾਦੀ ਰਾਜਿਆਂ ਦੀ ਕਤਾਰ ਵੀ ਬਹੁਤ ਲੰਮੀ ਹੈ।
ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜਪੂਤ ਰਾਜਿਆਂ ਨੂੰ ਮੁਗਲ ਹਕੂਮਤ ਖਿਲਾਫ਼ ਗੱਠਜੋੜ ਲਈ ਸੱਦਾ ਦਿੱਤਾ ਸੀ, ਪਰ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਗੱਦਾਰੀ ਕਰਕੇ ਅਤੇ ਮੁਗਲ ਸਾਮਰਾਜ ਦਾ ਸਾਥ ਦੇ ਕੇ ਉਹੀ ਇਤਿਹਾਸ ਦੁਹਰਾਇਆ, ਜੋ ਗੁਰੂ ਗੋਬਿੰਦ ਸਿੰਘ ਜੀ ਸਮੇਂ ਪਹਾੜੀ ਰਾਜਿਆਂ ਨੇ ਮੱਕਾਰੀ ਤੇ ਗੱਦਾਰੀ ਕਰਦਿਆਂ, ਮੁਗਲਾਂ ਨਾਲ ਮਿਲ ਕੇ, ਗੁਰੂ ਸਾਹਿਬ ਖਿਲਾਫ਼ ਜੰਗਾਂ ਲੜੀਆਂ ਸਨ। ਅੱਜ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਨੇ ਮੁਗਲਾਂ ਖਿਲਾਫ਼ 14 ਜੰਗਾਂ ਲੜੀਆਂ, ਇਹ ਤੱਥਹੀਣ ਅਤੇ ਬੇਬੁਨਿਆਦ ਹੈ। ਅਸਲੀਅਤ ਵਿੱਚ ਦਸਵੇਂ ਪਾਤਸ਼ਾਹ ਦੀਆਂ ਵਧੇਰੇ ਜੰਗਾਂ ਪਹਾੜੀ ਰਾਜਿਆਂ ਖਿਲਾਫ਼ ਸਨ, ਜਦ ਕਿ ਆਖਰੀ ਵੱਡੀ ਜੰਗ ਵਿੱਚ ਵੀ ਮੁਗਲਾਂ ਨਾਲ ਪਹਾੜੀ ਰਾਜੇ ਸ਼ਾਮਿਲ ਸਨ। ਬਾਬਾ ਬੰਦਾ ਸਿੰਘ ਬਹਾਦਰ ਖਿਲਾਫ਼ ਦਿੱਲੀ ਤਖ਼ਤ ਨਾਲ ਮਿਲ ਕੇ ਸਾਜ਼ਿਸਾਂ ਗੁੰਦਣ ਵਾਲਿਆਂ ਵਿੱਚ ਜੈਪੁਰ ਦਾ ਰਾਜਾ ਅਜੀਤ ਸਿਹੁੰ, ਜੋਧਪੁਰ ਦਾ ਰਾਜਾ ਜੈ ਸਿਹੁੰ, ਗੜ੍ਹਵਾਲ ਦਾ ਰਾਜਾ ਫਤਹਿ ਸਿਹੁੰ, ਉਦੈਪੁਰ ਦਾ ਰਾਜਾ ਅਮਰ ਸਿਹੁੰ, ਜੰਮੂ ਦਾ ਜਗੀਰਦਾਰ ਧਰੁਵ ਦੇਵ, ਕਮਾਉਂ ਦਾ ਰਾਜਾ ਬਾਜ ਬਹਾਦਰ ਚੰਦ, ਛਤਰਵਾਲ ਦਾ ਰਾਜਾ ਉਦਿਤ ਸਿਹੁੰ ਬੁਦੇਲਾ ਆਦਿ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਇਸ ਤੋਂ ਵੱਧ ਸਿਤਮਜ਼ਰੀਫੀ ਕੀ ਹੋਵੇਗੀ ਕਿ ਮੁਗਲ ਬਾਦਸ਼ਾਹ ਫਰੁਖਸ਼ੀਅਰ ਤੋਂ ਖਿੱਲਤਾਂ ਤੇ ਜਗੀਰਾਂ ਲੈਣ ਲਈ ਕਮਾਉਂ ਦੇ ਹਿੰਦੂ ਰਾਜੇ ਬਾਜ ਬਹਾਦਰ ਚੰਦ ਨੇ ਸੈਂਕੜੇ ਸਿੰਘਾਂ ਦੇ ਸਿਰ ਕਤਲ ਕਰਕੇ, ਦਿੱਲੀ ਦਰਬਾਰ ਵਿੱਚ ਭੇਂਟ ਕੀਤੇ। ਰਾਜੇ ਉਦਿਤ ਸਿਹੁੰ ਬੁੰਦੇਲਾ ਨੇ ਸਿੰਘਾਂ ਦੇ ਸਿਰ ਕੱਟ ਕੇ ਤੋਹਫ਼ੇ ਵਜੋਂ ਮੁਗਲ ਬਾਦਸ਼ਾਹ ਨੂੰ ਦਿੱਤੇ। ਰਾਜੇ ਧਰੁਵ ਦੇਵ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ।
ਬਾਬਾ ਬੰਦਾ ਸਿੰਘ ਬਹਾਦਰ ਦਾ ਯੁੱਧ ਇਸਲਾਮ ਖਿਲਾਫ਼ ਨਹੀਂ ਸੀ, ਸਗੋਂ ਦਿੱਲੀ ਤਖ਼ਤ ਅਤੇ ਰਜਵਾੜਿਆਂ-ਜਗੀਰਦਾਰਾਂ ਖਿਲਾਫ਼ ਸੀ। ਇਹ ਸੱਚ ਹੈ ਕਿ ਮੁਗਲ ਵਜ਼ੀਰ ਖਾਨ, ਜੋ ਕਿ ਸਰਹਿੰਦ ਦਾ ਸੂਬੇਦਾਰ ਸੀ, ਨੂੰ ਸਜ਼ਾ ਦੇ ਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਸੀ, ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਇਨਕਲਾਬ ਦਾ ਮਕਸਦ ਕੇਵਲ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲੈਣਾ ਨਹੀਂ ਸੀ, ਸਗੋਂ ਜ਼ਾਲਮ ਮੁਗਲ ਸਾਮਰਾਜ ਦੀਆਂ ਜੜ੍ਹਾਂ ਪੁੱਟ ਕੇ ਲੋਕ-ਪੱਖੀ ਬਾਦਸ਼ਾਹਤ ਕਾਇਮ ਕਰਨਾ ਸੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜ ਹਜ਼ਾਰ ਤੋਂ ਵੱਧ ਮੁਸਲਮਾਨ ਖ਼ਾਲਸਾ ਰਾਜ ਵਿੱਚ ਭਰਤੀ ਹੋਏ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਜ਼ੁਲਮ ਦੇ ਟਾਕਰੇ ਦੀ ਅਦੁੱਤੀ ਮਿਸਾਲ ਹੈ, ਜਿੱਥੇ ਉਹਨਾਂ ਹਜ਼ਾਰਾਂ ਜੁਝਾਰੂ ਸਿੱਖਾਂ, ਸਪੁਤਨੀ ਤੇ ਬਾਲ -ਸਪੁੱਤਰ ਸਮੇਤ, ਖਿੜੇ-ਮੱਥੇ ਸ਼ਹੀਦੀ ਪਾਈ। ਸਿੱਖ ਇਤਿਹਾਸ ਦੇ ਪੰਨਿਆਂ ‘ਤੇ ਹਜ਼ਾਰਾਂ ਸਿੰਘ-ਸਿੰਘਣੀਆਂ ਦੇ ਸ਼ਹੀਦੀ ਜਲੂਸ ਦੀ ਇਹ ਸ਼ਾਨਾਮਤੀ ਮਿਸਾਲ ਸ਼ਹੀਦੀ ਘੱਲੂਘਾਰਾ ਹੀ ਤਾਂ ਹੈ, ਜਿੱਥੇ ਹਜ਼ਾਰਾਂ ਸਿੱਖਾਂ ਦੇ ਸਿਰਾਂ ਨਾਲ ਲੱਦੇ ਸੈਂਕੜੇ ਗੱਡੇ, ਦਿੱਲੀ ਦੇ ਬਜ਼ਾਰਾਂ ਵਿੱਚੋਂ ਗੁਜ਼ਰ ਰਹੇ ਸਨ ਅਤੇ ਪਿੱਛੇ ਬੇੜੀਆਂ ਜਕੜੇ ਸੈਂਕੜੇ ਸਿੰਘਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦਾ ਪਰਿਵਾਰ ਲਿਜਾਇਆ ਜਾ ਰਿਹਾ ਸੀ। ਇਹ ਮਹਾਨ ਸਮੂਹਿਕ ਸ਼ਹਾਦਤ, ਸਿੱਖ ਤਵਾਰੀਖ਼ ਦਾ ਗੌਰਵਮਈ ਵਿਰਸਾ ਹੈ। ਦੁਖਦਾਈ ਗੱਲ ਇਹ ਹੈ ਕਿ ਕੁਝ ਪੁਰਾਤਨ ਸਿੱਖ ਲਿਖਾਰੀਆਂ ਦੀ ਗਲਤ-ਬਿਆਨੀ ਤੋਂ ਗ਼ਲਤ ਸੇਧ ਲੈਂਦਿਆਂ, ਵਰਤਮਾਨ ਸਮੇਂ ਦੇ ਕਈ ਇਤਿਹਾਸਕਾਰਾਂ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਛੁਟਿਆਉਣ ਦੀ ਇਤਿਹਾਸਕ ਗਲਤੀ ਕੀਤੀ ਹੈ। ਅਜਿਹੇ ਲੇਖਕਾਂ ਦੇ ਬੇਬੁਨਿਆਦ ਦਾਅਵਿਆਂ ਨੂੰ ਪ੍ਰਮਾਣਾਂ ਤੇ ਹਵਾਲਿਆਂ ਨਾਲ ਰੱਦ ਕਰਕੇ ਪ੍ਰੋ. ਬਲਵਿੰਦਰ ਪਾਲ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਹਾਦਤ ਨਾਲ ਇਨਸਾਫ਼ ਕਰਕੇ, ਆਪਣਾ ਨਾਂ ਪੰਥ-ਦਰਦੀ ਖੋਜਕਾਰਾਂ ਵਿੱਚ ਸ਼ਾਮਿਲ ਕਰ ਲਿਆ ਹੈ।
ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਰਾਜ ਅਜਿਹਾ ਹਲੇਮੀ ਰਾਜ ਹੈ, ਜਿਸਦੀ ਲੋੜ ਅੱਜ ਦੁਨੀਆਂ ਦੇ ਹਰ ਖਿੱਤੇ ਵਿੱਚ ਭਾਸਦੀ ਹੈ। ਖਾਲਸਾ ਰਾਜ ਦੀਆਂ ਬਰਕਤਾਂ ਦਾ ਸੱਚਾ-ਸੁੱਚਾ ਇਤਿਹਾਸ ਜਿਉਂ-ਜਿਉਂ ਸਹੀ ਸਰੂਪ ਵਿੱਚ ਸੰਸਾਰ ਸਾਹਮਣੇ ਉਜਾਗਰ ਹੋਵੇਗਾ, ਤਿਉਂ ਤਿਉਂ ਦੁਨੀਆਂ ਨੂੰ ਗਿਆਨ ਤੇ ਸੇਧ ਮਿਲੇਗੀ ਕਿ ਰੰਗ, ਨਸਲ, ਲਿੰਗ, ਫ਼ਿਰਕੇ, ਵਰਣ-ਵੰਡ ਅਤੇ ਅਮੀਰ-ਗਰੀਬ ਦੇ ਪਾੜੇ ਤੋਂ ਮੁਕਤ, ਬੇਗਮਪੁਰੇ ਦੇ ਵਾਸੀ ਬਣਨ ਲਈ ਹਰ ਥਾਂ ਖ਼ਾਲਸਾ ਰਾਜ ਦੀ ਜ਼ਰੂਰਤ ਹੈ।

Check Also

ਪੰਜਾਬ ਯੂਨੀਵਰਸਿਟੀ ਚੌਰਾਹੇ ‘ਚ ਕਿਉਂ?

ਡਾ. ਕੁਲਦੀਪ ਸਿੰਘ ਯੂਨੀਵਰਸਿਟੀ ਦਾ ਵਿਚਾਰ ਪ੍ਰਸਿੱਧ ਵਿਦਵਾਨ ਐੱਚਡਬਲਿਊ ਨਿਊਮੈਨ ਨੇ ਪੁਸਤਕ ‘ਆਈਡੀਆ ਆਫ ਯੂਨੀਵਰਸਿਟੀ’ …