ਚਾਰ ਚਸ਼ਮਦੀਦਾਂ?ਨੇ ਮੀਡੀਆ ਕੋਲ ਕੀਤੀ ਪਹੁੰਚ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿੱਚ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਕੌਮੀ ਸ਼ਾਹਰਾਹ ਨੰਬਰ ਇਕ ਉਤੇ ਹੋਈ ਗੁੰਡਾਗਰਦੀ ਦੌਰਾਨ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਲੋਕ ਹੁਣ ਸਦਮੇ ਤੋਂ ਬਾਹਰ ਨਿਕਲ ਕੇ ਵੱਡੀ ਗਿਣਤੀ ਵਿੱਚ ਸਾਹਮਣੇ ਆਉਂਦੇ ਹੋਏ ਮੀਡੀਆ ਨੂੰ ਉਸ ਮੌਕੇ ਵਾਪਰੀਆਂ ਹੌਲਨਾਕ ਘਟਨਾਵਾਂ ਦੀ ਜਾਣਕਾਰੀ ਦੇ ਰਹੇ ਹਨ। ਇਸ ਦਿਲ-ਕੰਬਾਊ ਵਰਤਾਰੇ ਦੇ ਚਾਰ ਚਸ਼ਮਦੀਦਾਂ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਚਾਰ ਔਰਤਾਂ ਨੂੰ ਗੁੰਡਿਆਂ ਵੱਲੋਂ ਧੂਹ ਕਿ ਲਿਜਾਏ ਜਾਂਦੇ ਆਪਣੇ ਅੱਖੀਂ ਦੇਖਿਆ ਸੀ, ਜਿਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ ਸਨ। ਚਸ਼ਮਦੀਦਾਂ ਮੁਤਾਬਕ ਉਨ੍ਹਾਂ ਨੇ ਖੇਤਾਂ ਵਿੱਚ ਇਨ੍ਹਾਂ ਔਰਤਾਂ ਨਾਲ ਕਥਿਤ ਬਲਾਤਕਾਰ ਕੀਤੇ ਜਾਣ ਸਮੇਂ ਉਨ੍ਹਾਂ ਦੀ ਉੱਚੀ-ਉੱਚੀ ਚੀਕ-ਪੁਕਾਰ ਵੀ ਸੁਣੀ ਸੀ।
ਇਸ ਘਟਨਾ ਦੀ ਸੱਚਾਈ ਜ਼ਾਹਰ ਹੋਣੋਂ ਰੋਕਣ ਦੀ ਮੁਹਿੰਮ ਦੇ ਬਾਵਜੂਦ ਹੁਣ ਗੰਨੌਰ ਤੇ ਮੁਰਥਲ ਇਲਾਕੇ ਵਿਚਕਾਰ ਵੱਡੀ ਗਿਣਤੀ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ, ਜਿਥੇ ਇਹ ਕਥਿਤ ਸਮੂਹਿਕ ਬਲਾਤਕਾਰ ਹੋਏ। ਉਂਜ ਹਰਿਆਣਾ ਪੁਲਿਸ ਹਾਲੇ ਵੀ ਐਫ਼ਆਈਆਰ ਦਰਜ ਕਰਨ ਲਈ ਤਿਆਰ ਨਹੀਂ ਹੈ ਤੇ ਚਾਹੁੰਦੀ ਹੈ ਕਿ ਕਿਸੇ ‘ਬਲਾਤਕਾਰ ਪੀੜਤਾ’ ਵੱਲੋਂ ਹੀ ਸ਼ਿਕਾਇਤ ਦਰਜ ਕਰਵਾਈ ਜਾਵੇ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਔਰਤ ਪੁਲਿਸ ਅਫ਼ਸਰਾਂ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਈ ਜਾ ਚੁੱਕੀ ਹੈ, ਜੋ ਉਨ੍ਹਾਂ ਦੇ ਖ਼ਿਆਲ ਵਿਚ ਹਾਲ ਦੀ ਘੜੀ ਕਾਫ਼ੀ ਹੈ। ਇਸ ਦੌਰਾਨ ਡੀਆਈਜੀ ਡਾ. ਰਾਜਸ੍ਰੀ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਮਹਿਲਾ ਟੀਮ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰ ਕੇ ਮੁਕਾਮੀ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਨੂੰ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸ਼ਿਕਾਇਤ ਦਰਜ ਕਰਾਉਣ। ਇਸ ਮੌਕੇ ਟੀਮ ਮੈਂਬਰਾਂ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਦੇ ਫੋਨ ਨੰਬਰ ਨਸ਼ਰ ਕੀਤੇ ਗਏ ਹਨ, ਉਨ੍ਹਾਂ ਨੂੰ ਧਮਕੀ ਭਰੀਆਂ ਤੇ ਇਤਰਾਜ਼ਯੋਗ ਕਾਲਾਂ ਆ ਰਹੀਆਂ ਹਨ। ਟੀਮ ਅੱਗੇ ਚਸ਼ਮਦੀਦਾਂ ਨੇ ਲਗਪਗ ਇਕੋ ਜਿਹੇ ਬਿਆਨ ਦਿੱਤੇ ਹਨ ਕਿ ਉਨ੍ਹਾਂ ਨੇ ਗੁੰਡਿਆਂ ਨੂੰ ਔਰਤਾਂ ਨੂੰ ਧੂਹ ਕੇ ਲਿਜਾਂਦੇ ਦੇਖਿਆ, ਜਿਨ੍ਹਾਂ ਵਿੱਚੋਂ ਬਹੁਤੀਆਂ ਦੇ ਕੱਪੜੇ ਫਟੇ ਸਨ ਤੇ ਨੰਗੇ ਪੈਰੀਂ ਸਨ। ਉਨ੍ਹਾਂ ਕਿਹਾ, ”ਉਹ ਮੱਦਦ ਲਈ ਪੁਕਾਰ ਰਹੀਆਂ ਸਨ ਪਰ ਕੋਈ ਵੀ ਪੁਲਿਸ ਮੁਲਾਜ਼ਮ ਮੱਦਦ ਲਈ ਮੌਜੂਦ ਨਹੀਂ ਸੀ। ਇਸ ਮੌਕੇ 100 ਨੰਬਰ ‘ਤੇ ਕੀਤੀਆਂ ਕਾਲਾਂ ਦਾ ਕਿਸੇ ਨੇ ਜਵਾਬ ਨਹੀਂ ਦਿੱਤਾ।” ਰਾਜਪੁਰਾ ਨਾਲ ਸਬੰਧਤ ਇਕ ਟਰੱਕ ਡਰਾਈਵਰ ਯਾਦਵਿੰਦਰ ਨੇ ਦੱਸਿਆ, ”ਸੜਕ ਬੰਦ ਹੋਣ ਕਾਰਨ ਮੈਂ 22 ਫਰਵਰੀ ਨੂੰ ਤੜਕੇ ਕੌਮੀ ਸ਼ਾਹਰਾਹ ਉਤੇ ਅਪੋਲੋ ਹਸਪਤਾਲ ਦੇ ਨਜ਼ਦੀਕ ਫਸਿਆ ਹੋਇਆ ਸਾਂ। ਮੈਂ ਦੇਖਿਆ ਕਿ ਕੁਝ ਨੌਜਵਾਨ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਅੱਗ ਲਾ ਰਹੇ ਸਨ।” ਉਹ ਬਚਣ ਲਈ ਭੱਜ ਕੇ ਖੇਤਾਂ ਵਿੱਚ ਗਿਆ ਤਾਂ ਦੇਖਿਆ ਕਿ ਕੁਝ ਗੁੰਡੇ ਔਰਤਾਂ ਨਾਲ ਛੇੜ-ਛਾੜ ਕਰ ਰਹੇ ਸਨ। ਔਰਤਾਂ ਦੇ ਕੱਪੜੇ ਫਟੇ ਹੋਏ ਸਨ। ਸਕੂਲ ਪਿੱਛੇ ਵੀ ਔਰਤਾਂ ਨੂੰ ਬੇਪੱਤ ਕੀਤਾ ਜਾ ਰਿਹਾ ਸੀ। ਪਠਾਨਕੋਟ ਵਾਸੀ ਨਿਰੰਜਣ ਨੇ ਦੱਸਿਆ ਕਿ ਉਹ ਸੋਮਵਾਰ ਤੜਕੇ ਇਕ ਸਕੂਲ ਦੇ ਸਾਹਮਣੇ ਫਸਿਆ ਹੋਇਆ ਸੀ। ਉਸ ਮੁਤਾਬਕ ਗੁੰਡੇ ਵਾਹਨਾਂ ਨੂੰ ਅੱਗ ਲਾ ਰਹੇ ਸਨ। ਕੁਝ ਨੌਜਵਾਨਾਂ ਨੇ ਔਰਤਾਂ ਨੂੰ ਬਚਣ ਲਈ ਪਿੰਡ ਵੱਲ ਜਾਣ ਲਈ ਕਿਹਾ, ਪਰ ਅਸਲ ਵਿੱਚ ਇਨ੍ਹਾਂ ਔਰਤਾਂ ਨੂੰ ਫਸਾਇਆ ਗਿਆ ਸੀ, ਜਿਨ੍ਹਾਂ ਨੂੰ ਬੇਪੱਤ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਸ ਨੇ ਬਲਾਤਕਾਰ ਹੁੰਦੇ ਤਾਂ ਨਹੀਂ ਦੇਖੇ ਪਰ ਔਰਤਾਂ ਦੀ ਚੀਕ-ਪੁਕਾਰ ਤੋਂ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਜਾਪਦੀ। ਸੁਖਵਿੰਦਰ ਸਿੰਘ ਨਾਮੀ ਵਿਅਕਤੀ ਨੇ ਕਿਹਾ, ”ਕੋਈ ਵੀ ਦੇਖ ਸਕਦਾ ਸੀ ਕਿ ਅਨੇਕਾਂ ਔਰਤਾਂ ਨਾਲ ਜਬਰ ਜਨਾਹ ਕੀਤੇ ਗਏ। ਪਿੱਪਲੀ ਖੇੜਾ ਪਿੰਡ (ਨੇੜੇ ਗੰਨੌਰ) ਲਾਗੇ ਮੁਟਿਆਰਾਂ ਤੋਂ ਉਨ੍ਹਾਂ ਦੇ ਬੱਚੇ ਖੋਹ ਲਏ ਗਏ। ਮੈਂ ਦੇਖਿਆ ਕਿ ਗੁੰਡੇ ਉਨ੍ਹਾਂ ਨੂੰ ਧੂਹ ਕੇ ਲਾਗਲੇ ਖੇਤਾਂ ਵਿੱਚ ਲਿਜਾ ਰਹੇ ਸਨ।” ਆਦਮਪੁਰ ਦੇ ਸਤਬੀਰ ਸੱਤੀ, ਜਿਸ ਦੀ ਅਰਟਿਗਾ ਕਾਰ ਸਾੜ ਦਿੱਤੀ ਗਈ, ਨੇ ਦੱਸਿਆ ਕਿ ਉਸ ਨੇ ਦੋ ਔਰਤਾਂ ਨੂੰ ਆਬਰੂ ਬਚਾਉਣ ਲਈ ਨੰਗੇ ਪੈਰੀਂ ਤੇ ਫਟੇ ਕੱਪੜਿਆਂ ਵਿੱਚ ਭੱਜਦਿਆਂ ਦੇਖਿਆ। ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹ ਐਨਆਰਆਈਜ਼ ਸਨ। ਉਸ ਮੁਤਾਬਕ, ”ਇਕ ਔਰਤ ਕੈਲਗਰੀ ਤੇ ਦੂਜੀ ਐਡਮਿੰਟਨ (ਕੈਨੇਡਾ) ਤੋਂ ਸੀ। ਮੈਂ ਸੁਣਿਆ ਕਿ ਚਾਰ-ਪੰਜ ਬੰਦੇ ਉਨ੍ਹਾਂ ਨੂੰ ਖੇਤਾਂ ਵਿੱਚ ਲੈ ਗਏ ਸਨ।” ਉਸ ਨੇ ਜਜ਼ਬਾਤੀ ਹੁੰਦਿਆਂ ਦੱਸਿਆ, ”ਮੈਂ ਆਪਣੀ ਆਂਟੀ ਨੂੰ ਜਹਾਜ਼ ਚੜ੍ਹਾਉਣ ਜਾ ਰਿਹਾ ਸਾਂ ਜਿਸ ਨੇ ਇਕ ਢਾਬੇ ਵਿੱਚ ਲੁਕ ਕੇ ਆਪਣੀ ਇੱਜ਼ਤ ਬਚਾਈ। ਉਹ ਇੰਨੀ ਸਦਮੇ ਵਿੱਚ ਹੈ ਕਿ ਕੈਲੀਫੋਰਨੀਆ ਪੁੱਜਣ ਪਿੱਛੋਂ ਇਸ ਸਬੰਧੀ ਗਵਾਹੀ ਦੇਣ ਲਈ ਤਿਆਰ ਨਹੀਂ ਹੈ।” ਸਿੱਟ ਦੀਆਂ ਮੈਂਬਰ ਅਫ਼ਸਰਾਂ ਨੇ ਖ਼ਬਰ ਵਿੱਚ ਦੱਸੇ ਗਏ ਲੋਕਾਂ ਨਾਲ ਸੁਖਦੇਵ ਢਾਬੇ ਵਿੱਚ ਬੰਦ ਕਮਰਾ ਗੱਲਬਾਤ ਵੀ ਕੀਤੀ। ਡਾ. ਰਾਜਸ੍ਰੀ ਨੇ ਬਾਅਦ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ, ”ਮੈਂ ਅਨੇਕਾਂ ਲੋਕਾਂ ਨਾਲ ਗੱਲ ਕੀਤੀ ਹੈ, ਪਰ ਹਾਲੇ ਕੋਈ ਅਜਿਹੀ ਠੋਸ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ, ਜੋ ਮੀਡੀਆ ਨੂੰ ਦੱਸੀ ਜਾ ਸਕੇ।” ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਥਾਵਾਂ ਤੋਂ ਔਰਤਾਂ ਦੇ ਕੱਪੜੇ ਬਰਾਮਦ ਕੀਤੇ ਹਨ, ਜਿਥੇ ਬਲਾਤਕਾਰ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਨ੍ਹਾਂ ਨੂੰ ਫੌਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
’84 ਕਤਲੇਲਾਮ ਤੋਂ ਵੀ ਭੈੜੀ ਸੀ ਹਰਿਆਣਾ ਦੀ ਹਾਲਤ
ਮੂਰਥਲ ਜਬਰ ਜਨਾਹ ਦੇ ਚਸ਼ਮਦੀਦ ਨਿਰੰਜਨ ਸਿੰਘ ਦਾ ਖੁਲਾਸਾ
ਨਵੀਂ ਦਿੱਲੀ : ਹਰਿਆਣਾ ਦੇ ਮੂਰਥਲ ਵਿਚ ਹੋਏ ਸਮੂਹਿਕ ਜਬਰ ਜਨਾਹ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਘਟਨਾ ਵਾਲੇ ਦਿਨ ਮੂਰਥਲ ਵਿਚ ਮੌਜੂਦ ਇਕ ਟਰੱਕ ਚਾਲਕ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਮੰਨਿਆ ਹੈ ਕਿ ਉਸ ਦੇ ਸਾਹਮਣੇ ਔਰਤਾਂ ਨਾਲ ਗ਼ਲਤ ਹਰਕਤਾਂ ਹੋਈਆਂ ਸਨ।
ਟਰੱਕ ਡਰਾਈਵਰ ਨਿਰੰਜਨ ਸਿੰਘ ਨੇ ਆਖਿਆ ਕਿ ਉਸ ਦੇ ਸਾਹਮਣੇ ਔਰਤਾਂ ਦੇઠ ਕੱਪੜੇ ਪਾੜੇ ਗਏ। ਉਨ੍ਹਾਂ ਕਿਹਾ ਹਰਿਆਣਾ ਵਿਚ 1984 ਦੇ ਸਿੱਖ ਵਿਰੋਧੀ ਕਤਲੇਆਮ ਤੋਂ ਵੀ ਭਿਆਨਕ ਸਥਿਤੀ ਸੀ। ਇਸ ਪੂਰੇ ਮੁੱਦੇ ਲਈ ਉਹ ਪੁਲਿਸ ਨੂੰ ਬਿਆਨ ਦੇਣ ਲਈ ਵੀ ਤਿਆਰ ਹਨ। ਉਹ 22 ਫਰਵਰੀ ਨੂੰ ਜਾਮ ਵਿਚ ਫਸ ਗਿਆ ਸੀ। ਇਸ ਦੌਰਾਨ ਅੰਦੋਲਨਕਾਰੀਆਂ ਨੇ ਉਸ ਦੇ ਟਰੱਕ ਨੂੰ ਵੀ ਅੱਗ ਲਗਾ ਦਿੱਤੀ। ਨਿਰੰਜਨ ਸਿੰਘ ਨੇ ਦੱਸਿਆ ਕਿ ਉਸ ਨੇ ’84 ਦੇ ਕਤਲੇਆਮ ਵੀ ਦੇਖੇ ਸਨ ਪਰ ਇੰਨੀ ਜ਼ਿਆਦਾ ਭਿਆਨਕ ਸਥਿਤੀ ਉਨ੍ਹਾਂ ਕਦੇ ਨਹੀਂ ਦੇਖੀ। ਉਨ੍ਹਾਂ ਅਨੁਸਾਰ ਔਰਤਾਂ ਡਰ ਦੇ ਕਾਰਨ ਇੱਧਰ ਉੱਧਰ ਭੱਜ ਰਹੀਆਂ ਸਨ। ਔਰਤਾਂ ਨਾਲ ਪੁਰਸ਼ ਵੀ ਸਨ ਪਰ ਅਪਰਾਧੀ ਇੰਨੀ ਜ਼ਿਆਦਾ ਗਿਣਤੀ ਵਿਚ ਸਨ ਕਿ ਉੱਥੇ ਮੌਜੂਦ ਪੁਰਸ਼ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕੇ। ਅੰਦੋਲਨਕਾਰੀ ਔਰਤਾਂ ਨੂੰ ਜ਼ਬਰਦਸਤੀ ਖੇਤਾਂ ਵਿਚ ਲੈ ਕੇ ਜਾ ਰਹੇ ਸਨ ਤੇ ਉਸ ਦੀਆਂ ਅੱਖਾਂ ਸਾਹਮਣੇ ਔਰਤਾਂ ਦੇ ਕੱਪੜੇ ਪਾੜੇ ਗਏ ਤੇ ਉਹ ਵੀ ਕੁਝ ਨਹੀਂ ਕਰ ਸਕੇ ਕਿਉਂਕਿ ਅੰਦੋਲਨਕਾਰੀਆਂ ਦੇ ਹੱਥਾਂ ਵਿਚ ਹਥਿਆਰ ਸਨ।
ਜਾਟ ਅੰਦੋਲਨ: ਭੀੜ ਨੇ ਅਕਾਲੀ ਆਗੂ ਦੀ ਕਾਰ ਵੀ ਸਾੜੀ
ਹਰਿਆਣਾ ਪੁਲਿਸ ਮੁਲਾਜ਼ਮਾਂ ਦੇ ਮੁੰਡਿਆਂ ‘ਤੇ ਲੁੱਟ ਦਾ ਮਾਲ ਸਟੋਰ ਕਰਨ ਦੇ ਦੋਸ਼ ‘ਚ ਕੇਸ ਦਰਜ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜਦ ਮੈਂਬਰ ਹਰਮਨਜੀਤ ਸਿੰਘ ਦੀ ਕਾਰ ਵੀ ਹਰਿਆਣਾ ਦੇ ਜਾਟ ਰਾਖਵੇਂਕਰਨ ਅੰਦੋਲਨ ਦੀ ਅੱਗ ਦੀ ਭੇਟ ਚੜ੍ਹ ਗਈ। ਉਨ੍ਹਾਂ ਦੀ ਕਾਰ ਨੂੰ ਮੂਰਥਲ ਦੇ ਇੱਕ ਢਾਬੇ ‘ਤੇ ਭੀੜ ਨੇ ਫੂਕ ਦਿੱਤਾ ਪਰ ਖੁਸ਼ਕਿਸਮਤੀ ਨਾਲ ਹਰਮਨਜੀਤ ਸਿੰਘ ਆਪਣੇ ਦੋ ਸਾਥੀਆਂ ਸਮੇਤ ਕਾਰ ਵਿੱਚੋਂ ਨਿਕਲਣ ਵਿੱਚ ਕਾਮਯਾਬ ਰਿਹਾ। ਹਰਮਨਜੀਤ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਨੂੰ ਆ ਰਹੇ ਸਨ ਅਤੇ ਕਾਰ ਵਿੱਚ ਕੱਪੜੇ, ਦੋ ਮਹਿੰਗੇ ਮੋਬਾਈਲ ਫੋਨ ਅਤੇ ਹੋਰ ਕੀਮਤੀ ਸਾਮਾਨ ਸੀ। ਉਨ੍ਹਾਂ ਮੁਤਾਬਕ ਭੀੜ ਨੇ ਪਹਿਲਾਂ ਕਾਰ ਦੀ ਭੰਨ-ਤੋੜ ਕੀਤੀ ਅਤੇ ਫਿਰ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੀ ਕਾਰ ਨਾਲ ਹੀ ਤਿੰਨ ਹੋਰ ਕਾਰਾਂ ਖੜ੍ਹੀਆਂ ਸਨ, ਜਿਨ੍ਹਾਂ ਨੂੰ ਭੀੜ ਨੇ ਅੱਗ ਲਾ ਦਿੱਤੀ। ਉਨ੍ਹਾਂ ਦੱਸਿਆ ਕਿ ਸਾਰੀਆਂ ਕਾਰਾਂ ਸੜ ਕੇ ਸੁਆਹ ਹੋ ਗਈਆਂ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕੇਸ ਦਰਜ ਕਰਾਉਣ ਲਈ ਪੁਲਿਸ ਕੋਲ ਗੇੜੇ ਮਾਰਨੇ ਪੈ ਰਹੇ ਹਨ। ਦੱਸਣਯੋਗ ਹੈ ਕਿ ਹਰਮਨਜੀਤ ਸਿੰਘ ਦਾ ਦਿੱਲੀ ਵਿੱਚ ਅਮੀਰ ਇਲਾਕੇ ਵਿੱਚ ਹੋਟਲ ਤੇ ਰੇਸਤਰਾਂ ਹੈ। ਉਨ੍ਹਾਂ ਦਾ ਕੱਪੜੇ ਦਾ ਕਾਰੋਬਾਰ ਵੀ ਹੈ। ਉਸ ਦਿਨ ਕਾਰ ਦੇ ਨਾਲ ਕੱਪੜਿਆਂ ਦੇ ਮਹਿੰਗੇ ਨਮੂਨੇ ਵੀ ਸੁਆਹ ਹੋ ਗਏ। ਰੋਹਤਕ: ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ ਲੁੱਟ ਦਾ ਮਾਲ ਕਥਿਤ ਤੌਰ ‘ਤੇ ‘ਸਟੋਰ’ ਕਰਨ ਦੇ ਦੋਸ਼ ਵਿੱਚ ਹਰਿਆਣਾ ਪੁਲਿਸ ਦੇ ਦੋ ਮੁਲਾਜ਼ਮਾਂ ਦੇ ਪੁੱਤਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਲੁੱਟ ਦਾ ਸਾਮਾਨ ਬਰਾਮਦ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਦੱਸਣਯੋਗ ਹੈ ਕਿ ਰੋਹਤਕ ਦੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੇ ਦਾਅਵਾ ਕੀਤਾ ਸੀ ਕਿ ਜਾਟ ਅੰਦੋਲਨ ਦੌਰਾਨ ਉਨ੍ਹਾਂ ਦਾ ਤਕਰੀਬਨ ਇਕ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਐਸਪੀ ਨੇ ਜਾਟਾਂ ਦੀ ਬਹੁਗਿਣਤੀ ਵਾਲੇ ਇਸ ਜ਼ਿਲ੍ਹੇ ਵਿੱਚ ਹਾਲਾਤ ਆਮ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਹੁਣ ਤਕ 300 ਤੋਂ ਵੱਧ ਕੇਸ ਦਰਜ ਕੀਤੇ ਜਾ ਚੁੱਕੇ ਹਨ। ਪੁਲਿਸ ਵੱਲੋਂ ਲੁੱਟ-ਮਾਰ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਖੱਟਰ ਸਰਕਾਰ ਕਿਵੇਂ ਧੋਵੇਗੀ ‘ਕਲੰਕ’
ਚੰਡੀਗੜ੍ਹ : ਹਰਿਆਣਾ ਦੀ ਖੱਟਰ ਸਰਕਾਰ ‘ਤੇ ਅਜਿਹਾ ਸ਼ਰਮਨਾਕ ਧੱਬਾ ਲੱਗਾ ਹੈ ਜਿਸ ਨੂੰ ਕਦੇ ਵੀ ਧੋਤਾ ਨਹੀਂ ਜਾ ਸਕਦਾ।
ਜਾਟ ਅੰਦੋਲਨ ਦੀ ਆੜ ਵਿੱਚ ਕੁਝ ਬਦਮਾਸ਼ਾਂ ਵੱਲੋਂ ਮੂਰਥਲ ਨੇੜੇ ਰਾਹਗੀਰ ਔਰਤਾਂ ਨਾਲ ਰੇਪ ਦੇ ਮਾਮਲੇ ‘ਤੇ ਸਰਕਾਰ ‘ਤੇ ਸਵਾਲ ਉੱਠ ਰਹੇ ਹਨ। ਸਰਕਾਰ ਬੇਸ਼ੱਕ ਅਜੇ ਅਜਿਹੀ ਘਟਨਾ ਦੀ ਪੁਸ਼ਟੀ ਨਹੀਂ ਕਰ ਰਹੀ ਪਰ ਇਸ ਮਾਮਲੇ ਦੀ ਜਾਂਚ ਹਰਿਆਣਾ ਦੇ ਡੀ.ਜੀ.ਪੀ. ਨੂੰ ਸੌਂਪ ਦਿੱਤੀ ਹੈ।ਇਹ ਮਾਮਲਾ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਮੀਡੀਆ ਨੇ ਅਜਿਹੇ ਤੱਥ ਪੇਸ਼ ਕੀਤੇ ਜਿਨ੍ਹਾਂ ਨਾਲ ਘਟਨਾ ਦੀ ਪੁਸ਼ਟੀ ਹੋ ਰਹੀ ਹੈ। ਜਾਣਕਾਰੀ ਮੁਤਾਬਕ ਢਾਬਾ ਮਾਲਕ ਦਾ ਕਹਿਣਾ ਹੈ ਕਿ ਜੇਕਰ ਕੋਈ ਪੀੜਤ ਔਰਤ ਸਾਹਮਣੇ ਆਉਂਦੀ ਹੈ ਤਾਂ ਉਹ ਗਵਾਹੀ ਦੇਣ ਲਈ ਤਿਆਰ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਔਰਤਾਂ ਨੂੰ ਕਾਰ ਵਿਚੋਂ ਖਿੱਚਿਆ ਗਿਆ ਸੀ।
ਸਮੂਹਿਕ ਜਬਰ ਜਨਾਹ ਦਾ ਪਹਿਲਾ ਮਾਮਲਾ ਦਰਜ
ਦਿਓਰ ਸਣੇ ਸੱਤ ਵਿਰੁੱਧ ਕੇਸ ਦਰਜ; ਧੀ ਨਾਲ ਛੇੜਖਾਨੀ ਕਰਨ ਦਾ ਦੋਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਮੂਰਥਲ ਨੇੜੇ ਜਾਟ ਰਾਖਵਾਂਕਰਨ ਅੰਦੋਲਨਕਾਰੀਆਂ ਵੱਲੋਂ ਕਥਿਤ ਜਬਰ ਜਨਾਹ ਤੇ ਛੇੜਖਾਨੀ ਦੇ ਕੁੱਝ ਦਿਨ ਬਾਅਦ ਦਿੱਲੀ ਦੇ ਨਰੇਲਾ ਦੀ ਵਾਸੀ ਇਕ ਔਰਤ ਵੱਲੋਂ ਅੱਗੇ ਆ ਕੇ ਇਸ ਘਟਨਾ ਸਬੰਧੀ ਆਪਣੇ ਦਿਓਰ ਸਣੇ ਸੱਤ ਵਿਅਕਤੀਆਂ ਖ਼ਿਲਾਫ਼ ਵਿਸ਼ੇਸ਼ ਜਾਂਚ ਟੀਮ ਕੋਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।
ਇਸ ਦੌਰਾਨ ਹਰਿਆਣਾ ਪੁਲਿਸ ਦੀ ਡੀਆਈਜੀ ਰਾਜਸ਼੍ਰੀ ਸਿੰਘ ਨੇ ਕਿਹਾ ਹੈ ਕਿ ਇਸ 35 ਸਾਲਾ ਔਰਤ ਨੇ ਬੀਤੇ ਦਿਨ ਉਨ੍ਹਾਂ ਦੇ ਫੋਨ ਉੱਤੇ ਆਪਣੀ ਵਿਥਿਆ ਦੱਸੀ ਸੀ ਤੇ ਉਸ ਦੀ ਸ਼ਿਕਾਇਤ ਉੱਤੇ ਸੋਨੀਪਤ ਮਹਿਲਾ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਔਰਤ ਨੇ ਕੈਮਰੇ ਸਾਹਮਣੇ ਦਰਜ ਕਰਵਾਏ ਬਿਆਨ ਵਿੱਚ ਕਿਹਾ ਹੈ ਕਿ ਇਸ ਘਟਨਾ ਸਮੇਂ ਉਸ ਦੀ ਧੀ ਵੀ ਨਾਲ ਸੀ ਪਰ ਉਸ ਨਾਲ ਜਬਰ ਜਨਾਹ ਨਹੀਂ ਕੀਤਾ ਪਰ ਉਸ ਦੇ ਕੱਪੜੇ ਫਾੜ ਦਿੱਤੇ ਗਏ। ਪੀੜਤਾ ਨੇ ਸਾਰੇ ਮੁਲਜ਼ਮਾਂ ਨੂੰ ਪਛਾਣਨ ਦੀ ਗੱਲ ਵੀ ਕਹੀ ਹੈ।
ਹੁਣ ਕਦੇ ਵੀ ਨਹੀਂ ਆਵਾਂਗੀਆਂ ਇੰਡੀਆ
ਚਸ਼ਮਦੀਦ ਨੇ ਦੱਸਿਆ ਕਿ ਉਥੇ ਦੇ ਹੋਰ ਔਰਤਾਂ ਸਵੇਰੇ ਉਹਨਾਂ ਨੂੰ ਮਿਲੀਆਂ ਜਿਹਨਾਂ ਦੇ ਗਲਾਂ ਵਿਚ ਚੁੰਨੀਆਂ ਵੀ ਨਹੀਂ ਸਨ, ਉਹ ਬੜੀਆਂ ਪਰੇਸ਼ਾਨ ਸਨ। ਉਹ ਕਹਿ ਰਹੀਆਂ ਸਨ ਕਿ ਉਹਨਾਂ ਦੇ ਪਾਸਪੋਰਟ ਵੀ ਉਥੇ ਰਹਿ ਗਏ। ਉਹਨਾਂ ਦੱਸਿਆ ਕਿ ਹੁਣ ਉਹ ਕਦੇ ਵੀ ਇੰਡੀਆ ਨਹੀਂ ਆਉਣਗੀਆਂ। ਇਕ ਹੋਰ ਲੜਕੀ ਸੀ ਜੋ ਕੈਨੇਡਾ ਤੋਂ ਪਹਿਲੀ ਵਾਰ ਭਾਰਤ ਆਪਣਾ ਪਿੰਡ ਦੇਖਣ ਆਈ ਸੀ, ਉਹ ਵੀ ਕਹਿ ਰਹੀ ਹੈ ਕਿ ਉਹ ਕਦੇ ਦੁਬਾਰਾ ਇੰਡੀਆ ਨਹੀਂ ਆਵੇਗੀ।
ਕੇਂਦਰ ਤੇ ਹਰਿਆਣਾ ਸਰਕਾਰਾਂ?ਦੀ ਝਾੜ-ਝੰਬ
ਹਾਈ ਕੋਰਟ ਨੇ ਮੂਰਥਲ ਘਟਨਾਵਾਂ ਨੂੰ ਬਟਵਾਰੇ ਦੇ ਘਟਨਾਕ੍ਰਮ ਨਾਲ ਮੇਲਿਆ
ਚੰਡੀਗੜ੍ਹ : ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ ਮੂਰਥਲ ਵਿੱਚ ਕੌਮੀ ਮਾਰਗ ਨੰਬਰ ਇਕ ‘ਤੇ ਔਰਤਾਂ ਨੂੰ ਬੇਪੱਤ ਕਰਨ ਦੇ ਮਾਮਲਿਆਂ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਨੋਟਿਸ ਲੈਂਦਿਆਂ ਕੇਂਦਰ ਤੇ ਹਰਿਆਣਾ ਵਿਚਲੀਆਂ ਭਾਜਪਾ ਸਰਕਾਰਾਂ ਦੀ ਚੰਗੀ ਲਾਹ-ਪਾਹ ਕੀਤੀ। ਅਦਾਲਤ ਨੇ ਇਨ੍ਹਾਂ ਘਟਨਾਵਾਂ ਨੂੰ ਸੰਵਿਧਾਨ ਦੀ ਹੱਤਿਆ ਕਰਾਰ ਦਿੰਦਿਆਂ ਕਿਹਾ ਕਿ ਹਾਲਾਤ ਨਾਲ ਨਜਿੱਠਣ ਵਿੱਚ ਬੇਵੱਸ ਰਹੀਆਂ ਸਰਕਾਰਾਂ ਇਸ ਮਾਮਲੇ ਤੋਂ ਭੱਜ ਨਹੀਂ ਸਕਦੀਆਂ। ਅਖਬਾਰਾਂ ‘ਚ ਪ੍ਰਕਾਸ਼ਿਤ ਰਿਪੋਰਟਾਂ ਦਾ ਖੁਦ-ਬ-ਖੁਦ ਨੋਟਿਸ ਲੈਂਦਿਆਂ ਜਸਟਿਸ ਅਮਿਤ ਰਾਵਲ ਨੇ ਇਸ ਘਟਨਾ ਨੂੰ ਦੇਸ਼ ਦੀ ਵੰਡ ਮੌਕੇ ਹੋਈ ਹਿੰਸਾ ਵਰਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਲਈ ਸਰਕਾਰਾਂ ਦੀ ਜਵਾਬਦੇਹੀ ਬਣਦੀ ਹੈ।
ਹਰਿਆਣਾ ਪੁਲਿਸ ਦੀ ਗ਼ਲਤੀ ਨਾਲ ਇੰਦੌਰ ਪੁੱਜ ਰਹੇ ਨੇ ਫੋਨ
ਚੰਡੀਗੜ੍ਹ : ਕਥਿਤ ਜਬਰ ਜਨਾਹ ਦੀਆਂ ਘਟਨਾਵਾਂ ਬਾਅਦ ਹਰਿਆਣਾ ਪੁਲਿਸ ਨੇ ਇਸ ਮਾਮਲੇ ‘ਚ ਜਾਣਕਾਰੀ ਪ੍ਰਾਪਤ ਕਰਨ ਲਈ ਜਿਨ੍ਹਾਂ ਤਿੰਨ ਅਧਿਕਾਰੀਆਂ ਦੇ ਨਾਮ ਅਤੇ ਨੰਬਰ ਸ਼ਾਮਲ ਕੀਤੇ ਸਨ ਉਨ੍ਹਾਂ ਵਿੱਚ ਇੰਦੌਰ ਦੇ ਇਕ ਵਿਅਕਤੀ ਦਾ ਨੰਬਰ ਵੀ ਸ਼ਾਮਲ ਸੀ ਤੇ ਉਸ ਨੂੰ ਸਬੰਧੀ ਫੋਨ ਕਾਲ ਆ ਰਹੀਆਂ ਹਨ। ਜਦ ਇਕ ਪੱਤਰਕਾਰ ਨੇ ਹਰਿਆਣਾ ਦੇ ਪੁਲਿਸ ਡੀਜੀਪੀ ਵਾਈਪੀ ਸਿੰਘਲ ਵੱਲੋਂ ਦਿੱਤੇ ਗਏ ਤਿੰਨ ਮੈਂਬਰੀ ਮਹਿਲਾ ਪੁਲਿਸ ਅਧਿਕਾਰੀਆਂ ਦੇ ਦਲ ਦੀ ਪ੍ਰਮੁੱਖ ਡੀਆਈਜੀ ਰਾਜਸ਼੍ਰੀ ਸਿੰਘ ਦੇ ਮੋਬਾਈਲ ਨੰਬਰ ‘ਤੇ ਫੋਨ ਕੀਤਾ ਤਾਂ ਉਸ ਨੂੰ ਇੰਦੌਰ ਦੇ ਇਕ ਵਿਅਕਤੀ ਨੇ ਰਿਸੀਵ ਕੀਤਾ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …