6 ਫੁੱਟ 9 ਇੰਚ ਕੱਦ ਨੂੰ ਕਮਜ਼ੋਰੀ ਦੀ ਥਾਂ ਬਣਾਇਆ ਤਾਕਤ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼
ਮੁਕਤਸਰ ਲਾਗਲੇ ਪਿੰਡ ਦੋਦਾ ਦੇ 6 ਫੁੱਟ 9 ਇੰਚ ਲੰਮੇ ਪਾਲਪ੍ਰੀਤ ਸਿੰਘ ਦੀ ‘ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ’ ਅਮਰੀਕਾ ਵੱਲੋਂ ਕੀਤੀ ਚੋਣ ਨੇ ਪੰਜਾਬੀਆਂ ਦਾ ਨਾਮ ਖੇਡਾਂ ਦੀ ਦੁਨੀਆਂ ਵਿੱਚ ਸ਼ਿਖਰ ‘ਤੇ ਲੈ ਆਂਦਾ ਹੈ। ਪਾਲਪ੍ਰੀਤ ਦੀ ਭਾਰਤ ਦੇ ਚੋਟੀ ਦੇ 32 ਬਾਸਕਟਬਾਲ ਖਿਡਾਰੀਆਂ ਵਿੱਚੋ ਕਰੜੀ ਪ੍ਰੀਖਿਆ ਤੋਂ ਬਾਅਦ ਦਿੱਲੀ ਵਿੱਚ ਲਾਏ ਕੈਂਪ ਦੌਰਾਨ ਚੋਣ ਕੀਤੀ ਗਈ ਹੈ। ਚੋਣ ਉਪਰੰਤ ਪਹਿਲੀ ਵਾਰੀ ਆਪਣੇ ਘਰ ਪਰਤੇ ਪਾਲਪ੍ਰੀਤ ਸਿੰਘ ਦਾ ਉਸ ਦੇ ਪਰਿਵਾਰ ਅਤੇ ਸਨੇਹੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪਾਲਪ੍ਰੀਤ ਸਿੰਘ ਨੇ ਆਪਣੀ ਚੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਹ ਬਚਪਨ ਤੋਂ ਹੀ ਬਾਸਕਟਬਾਲ ਵੱਲ ਰੁਚਿਤ ਸੀ ਅਤੇ ਹੁਣ ਤੱਕ ਪੰਜਾਬ ਅਤੇ ਭਾਰਤ ਦੀ ਬਾਸਕਟਬਾਲ ਟੀਮ ਲਈ ਖੇਡ ਚੁੱਕਾ ਹੈ। ਉਸ ਨੇ ਦੱਸਿਆ ਕਿ ਉਸ ਦੇ ਤਾਇਆ ਬਲਦੇਵ ਸਿੰਘ ਬੰਬੀ ਵੀ ਕਬੱਡੀ ਦੇ ਖਿਡਾਰੀ ਸਨ, ਪਰ ਪਰਿਵਾਰ ਵਿੱਚੋਂ ਉਸ ਦਾ ਕੱਦ ਸਭ ਤੋਂ ਲੰਮਾ ਸੀ। ਲੰਮੇ ਕੱਦ ਕਰਕੇ ਕਈ ਵਾਰ ਉਸ ਨੂੰ ਮਜ਼ਾਕ ਦਾ ਪਾਤਰ ਵੀ ਬਣਨਾ ਪਿਆ, ਪਰ ਉਸ ਨੇ ਇਸ ਨੂੰ ਕਮਜ਼ੋਰੀ ਬਣਾਉਣ ਦੀ ਬਜਾਏ ਆਪਣੀ ਤਾਕਤ ਬਣਾਇਆ। ਲੰਮੇ ਕੱਦ ਕਰਕੇ ਉਸ ਨੇ ਬਾਸਕਟਬਾਲ ਦੀ ਖੇਡ ਚੁਣੀ ਅਤੇ ਹੁਣ ਇਸੇ ਲੰਮੇ ਕੱਦ ਤੇ ਖੇਡ ਪ੍ਰੇਮ ਨੇ ਉਸ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾ ਦਿੱਤਾ ਹੈ। ਇਸੇ ਖੇਡ ਸਦਕਾ ਉਸ ਨੂੰ ਭਾਰਤੀ ਰੇਲ ਵਿੱਚ ਟੀਟੀ ਦੀ ਨੌਕਰੀ ਮਿਲੀ ਹੈ।ਉਸ ਨੇ ਦੱਸਿਆ ਕਿ ਜਦੋਂ ਉਸ ਨੂੰ ਐਨਬੀਏ ਵੱਲੋਂ ਦਿੱਲੀ ਵਿੱਚ ਲਾਏ ਕੈਂਪ ਦਾ ਪਤਾ ਲੱਗਾ ਤਾਂ ਉਹ ਇਸ ਵਿੱਚ ਸ਼ਾਮਲ ਹੋਇਆ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …