Breaking News
Home / ਭਾਰਤ / ਭਾਰਤੀਆਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ‘ਚ ਸਵਿੱਟਜ਼ਰਲੈਂਡ ਨੇ ਲਿਆਂਦੀ ਤੇਜ਼ੀ

ਭਾਰਤੀਆਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ‘ਚ ਸਵਿੱਟਜ਼ਰਲੈਂਡ ਨੇ ਲਿਆਂਦੀ ਤੇਜ਼ੀ

ਇਕ ਦਿਨ ਵਿਚ ਹੀ 11 ਭਾਰਤੀਆਂ ਨੂੰ ਨੋਟਿਸ ਕੀਤੇ ਗਏ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਵਿਟਜ਼ਰਲੈਂਡ ਨੇ ਭਾਰਤੀਆਂ ਦੇ ਸਵਿਸ ਬੈਂਕ ਖ਼ਾਤਿਆਂ ਦੀ ਜਾਣਕਾਰੀ ਸਾਂਝਾ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਂਦਿਆਂ ਹੋਇਆਂ ਕਰੀਬ ਇਕ ਦਰਜਨ ਭਾਰਤੀਆਂ ਨੂੰ ਪਿਛਲੇ ਹਫ਼ਤੇ ਹੀ ਨੋਟਿਸ ਜਾਰੀ ਕੀਤੇ ਹਨ। ਸਵਿਟਜ਼ਰਲੈਂਡ ਦੇ ਅਧਿਕਾਰੀਆਂ ਵਲੋਂ ਮਾਰਚ ਤੋਂ ਲੈ ਕੇ ਸਵਿਸ ਬੈਂਕਾਂ ਦੇ ਖ਼ਾਤੇ ਰੱਖਣ ਵਾਲੇ ਆਪਣੇ ਭਾਰਤੀ ਗਾਹਕਾਂ ਨੂੰ 25 ਨੋਟਿਸ ਜਾਰੀ ਕੀਤੇ ਹਨ, ਜਿਸ ਵਿਚ ਉਨ੍ਹਾਂ ਨੂੰ ਭਾਰਤ ਨਾਲ ਆਪਣੇ ਵੇਰਵੇ ਸਾਂਝੇ ਕਰਨ ਦੇ ਖ਼ਿਲਾਫ਼ ਅਪੀਲ ਲਈ ਇਕ ਆਖਰੀ ਮੌਕ ਦਿੱਤਾ ਗਿਆ ਹੈ।
ਸਵਿਸ ਬੈਂਕਾਂ ਦੇ ਵਿਦੇਸ਼ੀ ਗਾਹਕਾਂ ਦੀ ਜਾਣਕਾਰੀ ਸਾਂਝਾ ਕਰਨ ਲਈ ਸਵਿਟਜ਼ਰਲੈਂਡ ਸਰਕਾਰ ਦੇ ਨੋਡਲ ਵਿਭਾਗ ਫ਼ੈਡਰਲ ਟੈਕਸ ਐਡਮਿਨੀਸਟ੍ਰੇਸ਼ਨ (ਐਫ਼. ਟੀ.ਏ.) ਵਲੋਂ ਜਾਰੀ ਕੀਤੇ ਗਏ ਨੋਟਿਸਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਲੰਘੇ ਮਹੀਨਿਆਂ ਵਿਚ ਸਵਿਸ ਸਰਕਾਰ ਨੇ ਕਈ ਦੇਸ਼ਾਂ ਨਾਲ ਅਜਿਹੀਆਂ ਜਾਣਕਾਰੀਆਂ ਸਾਂਝਾ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਵਧਾ ਦਿੱਤੀਆਂ ਹਨ ਪਰ ਲੰਘੇ ਕੁਝ ਹਫ਼ਤਿਆਂ ਵਿਚ ਭਾਰਤ ਨਾਲ ਸਬੰਧਿਤ ਕੇਸਾਂ ‘ਚ ਵਾਧਾ ਧਿਆਨ ਦੇਣ ਯੋਗ ਹੈ। 21 ਮਈ ਨੂੰ ਹੀ 11 ਭਾਰਤੀਆਂ ਨੂੰ ਅਜਿਹੇ ਨੋਟਿਸ ਜਾਰੀ ਕੀਤੇ ਗਏ। ਸਵਿਸ ਸਰਕਾਰ ਦੇ ਗਜ਼ਟ ਨੋਟੀਫ਼ਿਕੇਸ਼ਨਾਂ ਵਿਚ ਉਨ੍ਹਾਂ ਵਿਚੋਂ ਕਈਆਂ ਦੇ ਪੂਰੇ ਨਾਵਾਂ ਦੀ ਸੁਧਾਈ ਕੀਤੀ ਗਈ ਹੈ, ਨਾਮ ਦੇ ਸ਼ੁਰੂਆਤੀ ਅੱਖਰ, ਕੌਮੀਅਤ ਅਤੇ ਜਨਮ ਤਰੀਕਾਂ ਨੂੰ ਜਨਤਕ ਕੀਤਾ ਹੈ। ਜਿਨ੍ਹਾਂ ਦੋ ਭਾਰਤੀਆਂ ਦੇ ਪੂਰੇ ਨਾਮ ਦਿੱਤੇ ਗਏ ਹਨ, ਉਨ੍ਹਾਂ ਵਿਚੋਂ ਇਕ ਕ੍ਰਿਸ਼ਨ ਭਗਵਾਨ ਰਾਮਚੰਦ (ਜਨਮ ਤਰੀਕ ਮਈ 1949) ਅਤੇ ਕਲਪੇਸ਼ ਹਰਸ਼ਦ ਕਿਨਾਰੀਵਾਲਾ (ਜਨਮ ਤਰੀਕ ਸਤੰਬਰ 1972) ਸ਼ਾਮਿਲ ਹਨ। ਉਨ੍ਹਾਂ ਬਾਰੇ ਕੋਈ ਹੋਰ ਜਾਣਕਾਰੀ ਦਾ ਖ਼ੁਲਾਸਾ ਨਹੀਂ ਕੀਤਾ ਗਿਆ। ਸੁਧਾਈ ਕੀਤੇ ਗਏ ਨਾਵਾਂ ਵਾਲੇ ਭਾਰਤੀ ਨਾਗਰਿਕਾਂ ਵਿਚ ਸ੍ਰੀਮਤੀ ਏ.ਐਸ.ਬੀ.ਕੇ. (ਜਨਮ ਮਿਤੀ 24 ਨਵੰਬਰ,1944), ਸ੍ਰੀ ਏ.ਬੀ.ਕੇ.ਆਈ. (9 ਜੁਲਾਈ 1944), ਸ੍ਰੀਮਤੀ ਪੀ.ਏ.ਐਸ.(2 ਨਵੰਬਰ 1983), ਸ੍ਰੀਮਤੀ ਆਰ.ਏ.ਐਸ.(22 ਨਵੰਬਰ 1973), ਸ੍ਰੀ ਏ.ਪੀ.ਐਸ.(27 ਨਵੰਬਰ 1944), ਸ੍ਰੀਮਤੀ ਏ.ਡੀ.ਐਸ.(14 ਅਗਸਤ 1949), ਸ੍ਰੀ ਐਮ.ਐਲ.ਏ.(20 ਮਈ 1935), ਸ੍ਰੀ ਐਨ.ਐਮ.ਏ.(21 ਫਰਵਰੀ 1968) ਤੇ ਸ੍ਰੀ ਐਮ.ਐਮ.ਏ. (27 ਜੂਨ 1973) ਸ਼ਾਮਿਲ ਹਨ। ਇਨ੍ਹਾਂ ਨੋਟਿਸਾਂ ਵਿਚ ਵਿਅਕਤੀਆਂ ਜਾਂ ਅਧਿਕਾਰਕ ਪ੍ਰਤੀਨਿਧੀਆਂ ਨੂੰ 30 ਦਿਨਾਂ ਵਿਚ ਜ਼ਰੂਰੀ ਦਸਤਾਵੇਜ਼ਾਂ ਸਮੇਤ ਆਪਣੀਆਂ ਅਪੀਲਾਂ ਦਾਇਰ ਕਰਨ ਨੂੰ ਕਿਹਾ ਗਿਆ ਹੈ।
ਇਸੇ 7 ਮਈ ਨੂੰ ਅਜਿਹਾ ਹੀ ਇਕ ਨੋਟਿਸ ਭਾਰਤੀ ਨਾਗਰਿਕ ਰਤਨ ਸਿੰਘ ਚੌਧਰੀ ਨੂੰ ਜਾਰੀ ਕੀਤਾ ਗਿਆ ਸੀ ਅਤੇ ਉਸ ਨੂੰ ਅਪੀਲ ਕਰਨ ਲਈ 10 ਦਿਨਾ ਦਾ ਸਮਾਂ ਦਿੱਤਾ ਸੀ। ਹਾਲਾਂਕਿ ਇਕ ਹੋਰ ਭਾਰਤੀ ਵਿਅਕਤੀ ਸ੍ਰੀ ਆਰ.ਪੀ.ਐਨ.ਨੂੰ 14 ਮਈ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਉਸ ਨੂੰ ਅਪੀਲ ਕਰਨ ਲਈ 30 ਦਿਨ ਦਿੱਤੇ ਸਨ। ਅਪ੍ਰੈਲ ਵਿਚ ਵੀ ਸ੍ਰੀਮਤੀ ਜੇ.ਐਨ.ਵੀ., ਸ੍ਰੀ ਕੁਲਦੀਪ ਸਿੰਘ ਢੀਂਗਰਾ, ਅਨਿਲ ਭਾਰਦਵਾਜ ਤੇ ਹੋਰਾਂ ਨੂੰ ਅਜਿਹੇ ਹੀ ਨੋਟਿਸ ਜਾਰੀ ਕੀਤੇ ਗਏ ਸਨ।
ਕਿਹਾ ਜਾਂਦਾ ਹੈ ਕਿ ਇਨ੍ਹਾਂ ਵਿਚੋਂ ਕਈਆਂ ਦੇ ਨਾਮ ਲੀਕ ਹੋਈਆਂ ਐਚ.ਐਸ.ਬੀ.ਸੀ. ਸੂਚੀਆਂ ਅਤੇ ਪਨਾਮਾ ਪੇਪਰਜ਼ ਵਿਚ ਸ਼ਾਮਿਲ ਹਨ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …