Breaking News
Home / Special Story / ਸੁਸ਼ੀਲ ਰਿੰਕੂ ਨੇ ਜਿੱਤੀ ਜਲੰਧਰ ਦੀ ਜ਼ਿਮਨੀ ਚੋਣ

ਸੁਸ਼ੀਲ ਰਿੰਕੂ ਨੇ ਜਿੱਤੀ ਜਲੰਧਰ ਦੀ ਜ਼ਿਮਨੀ ਚੋਣ

ਵਿਰੋਧੀ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58691 ਵੋਟਾਂ ਨਾਲ ਹਰਾਇਆ
ਜਲੰਧਰ/ਬਿਊਰੋ ਨਿਊਜ਼ : ਲੋਕ ਸਭਾ ਹਲਕਾ ਜਲੰਧਰ ਦੀ ਉਪ ਚੋਣ ‘ਚ ਕਾਂਗਰਸ ਆਪਣੀ ਸੀਟ ਨਹੀਂ ਬਚਾ ਸਕੀ ਅਤੇ ਉਸ ਨੂੰ ਉਪ ਚੋਣ ‘ਚ ਆਮ ਆਦਮੀ ਪਾਰਟੀ (ਆਪ) ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜਲੰਧਰ ਹਲਕਾ ਕਾਂਗਰਸ ਦਾ ਗੜ੍ਹ ਰਿਹਾ ਹੈ ਅਤੇ ਇਥੋਂ ਅਕਸਰ ਕਾਂਗਰਸ ਦੇ ਹੀ ਉਮੀਦਵਾਰ ਚੋਣ ਜਿੱਤ ਕੇ ਸੰਸਦ ਮੈਂਬਰ ਬਣਦੇ ਰਹੇ ਹਨ ਪਰ ਇਸ ਵਾਰ ਕਾਂਗਰਸ ਨੂੰ ਵੱਡੇ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਤੇ ਪਾਰਟੀ ਆਪਣਾ ਗੜ੍ਹ ਬਚਾਉਣ ‘ਚ ਸਫਲ ਨਹੀਂ ਹੋ ਸਕੀ। ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ‘ਚ ਕਾਂਗਰਸ ਦਾ ਕਿਲ੍ਹਾ ਢਾਹੁੰਦੇ ਹੋਏ ਵੱਡੀ ਜਿੱਤ ਹਾਸਿਲ ਕੀਤੀ ਹੈ।
‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੀ ਵਿਰੋਧੀ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58691 ਵੋਟਾਂ ਦੇ ਫਰਕ ਨਾਲ ਹਰਾ ਕੇ ਇਸ ਉਪ ਚੋਣ ‘ਚ ਜਿੱਤ ਹਾਸਿਲ ਕੀਤੀ। ਸੁਸ਼ੀਲ ਰਿੰਕੂ ਨੇ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਤੋਂ ਹੀ ਲੀਡ ਬਣਾਈ ਰੱਖੀ, ਜੋ ਕੋਈ ਵੀ ਵਿਰੋਧੀ ਉਮੀਦਵਾਰ ਅੰਤ ਤੱਕ ਤੋੜ ਨਹੀਂ ਸਕਿਆ ਅਤੇ ਤਕਰੀਬਨ ਗਿਣਤੀ ਦੇ ਹਰ ਰਾਊਂਡ ‘ਚ ਸ਼ੁਸ਼ੀਲ ਰਿੰਕੂ ਅੱਗੇ ਚੱਲਦੇ ਰਹੇ। ਇਸ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ 3,02,279 ਵੋਟਾਂ ਪਈਆਂ, ਜਦਕਿ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 2,43,588 ਵੋਟਾਂ ਮਿਲੀਆਂ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ 1,58,445 ਵੋਟਾਂ ਲੈ ਕੇ ਤੀਜੇ ਸਥਾਨ ‘ਤੇ ਰਹੇ, ਜਦਕਿ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ 1,34, 800 ਵੋਟਾਂ ਮਿਲੀਆਂ ਤੇ ਉਹ ਚੌਥੇ ਨੰਬਰ ‘ਤੇ ਰਹੇ। ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ 20366 ਵੋਟਾਂ ਲੈ ਕੇ ਪੰਜਵੇਂ ਅਤੇ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ 4599 ਵੋਟਾਂ ਲੈ ਕੇ ਛੇਵੇਂ ਸਥਾਨ ‘ਤੇ ਰਹੇ।
ਸਭ ਤੋਂ ਅਹਿਮ ਗੱਲ ਕਿ ਇਸ ਚੋਣ ‘ਚ ਜਿਥੇ 6661 ਲੋਕਾਂ ਨੇ ‘ਨੋਟਾ’ ਨੂੰ ਵੋਟਾਂ ਪਾ ਕੇ ਉਮੀਦਵਾਰਾਂ ਪ੍ਰਤੀ ਆਪਣੀ ਨਾਪਸੰਦ ਜ਼ਾਹਿਰ ਕੀਤੀ, ਉਥੇ ਭਾਜਪਾ 1 ਲੱਖ 34 ਹਜ਼ਾਰ ਵੋਟਾਂ ਲੈ ਕੇ ਵੀ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੀ। ਉਧਰ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 7 ਹਲਕਿਆਂ ਕਰਤਾਰਪੁਰ, ਆਦਮਪੁਰ, ਫਿਲੌਰ, ਨਕੋਦਰ, ਸ਼ਾਹਕੋਟ, ਜਲੰਧਰ ਛਾਉਣੀ ਅਤੇ ਜਲੰਧਰ ਪੱਛਮੀ ‘ਚੋਂ ਆਮ ਆਦਮੀ ਪਾਰਟੀ ਅੱਗੇ ਰਹੀ, ਜਦਕਿ ਦੋ ਹਲਕਿਆਂ ਜਲੰਧਰ ਉੱਤਰੀ ਅਤੇ ਜਲੰਧਰ ਕੇਂਦਰੀ ‘ਚ ਭਾਜਪਾ ਪਹਿਲੇ ਨੰਬਰ ‘ਤੇ ਰਹੀ। ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਉਮੀਦਵਾਰ ਕੇਵਲ ਕਰਤਾਰਪੁਰ ਤੇ ਨਕੋਦਰ ਹਲਕੇ ‘ਚ ਦੂਜੇ ਨੰਬਰ ‘ਤੇ ਰਹੇ, ਜਦਕਿ ਬਾਕੀ ਸਾਰੇ ਹਲਕਿਆਂ ‘ਚ ਉਨ੍ਹਾਂ ਨੂੰ ਤੀਜੇ ਤੇ ਚੌਥੇ ਨੰਬਰ ਦੀ ਲੜਾਈ ਲੜਨੀ ਪਈ। ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਨੂੰ 34.05 ਫ਼ੀਸਦੀ ਵੋਟਾਂ ਪਈਆਂ, ਜਦਕਿ ਕਾਂਗਰਸ ਨੂੰ 27.44 ਫ਼ੀਸਦੀ ਅਤੇ ਅਕਾਲੀ ਦਲ ਨੂੰ 17.85 ਫ਼ੀਸਦੀ ਵੋਟਾਂ ਪਈਆਂ . ਇਸੇ ਤਰ੍ਹਾਂ ਭਾਜਪਾ ਨੂੰ 15.19 ਫ਼ੀਸਦੀ ਵੋਟਾਂ ਮਿਲੀਆਂ ਤੇ 4.56 ਫ਼ੀਸਦੀ ਵੋਟਾਂ ਹੋਰਨਾਂ ਉਮੀਦਵਾਰਾਂ ਦੇ ਹਿੱਸੇ ਆਈਆਂ।
ਇਥੇ ਦੱਸਣਯੋਗ ਹੈ ਕਿ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਜਨਵਰੀ ਮਹੀਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਹੋਏ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਅਤੇ ਇਸ ਉੱਪਰ ਹੋਈ ਉਪ ਚੋਣ ਵਿਚ ‘ਆਪ’ ਨੇ ਕਾਂਗਰਸ ਦਾ ਗੜ੍ਹ ਕਹੇ ਜਾਂਦੇ ਹਲਕੇ ‘ਚ ਬਾਜ਼ੀ ਮਾਰਨ ‘ਚ ਸਫਲਤਾ ਹਾਸਿਲ ਕੀਤੀ।
ਨਵੇਂ ਚੁਣੇ ਸੰਸਦ ਮੈਂਬਰ ਰਿੰਕੂ ਵੱਲੋਂ ਕੇਜਰੀਵਾਲ ਨਾਲ ਮੁਲਾਕਾਤ
ਪੰਜਾਬ ਨਾਲ ਸਬੰਧਤ ਵਿਕਾਸ ਕਾਰਜਾਂ ਬਾਰੇ ਕੀਤੀ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਨਵੇਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਨਵੀਂ ਦਿੱਲੀ ਵਿਖੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਵਿਕਾਸ ਸਬੰਧੀ ਯੋਜਨਾਵਾਂ ‘ਤੇ ਚਰਚਾ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਿੰਕੂ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਨਾਲ ਰਾਜ ਸਭਾ ਸੰਸਦ ਮੈਂਬਰ ਸੰਜੈ ਸਿੰਘ ਅਤੇ ਅਸ਼ੋਕ ਮਿੱਤਲ ਵੀ ਹਾਜ਼ਰ ਸਨ।
ਮੀਟਿੰਗ ਮਗਰੋਂ ਧੰਨਵਾਦ ਕਰਦਿਆਂ ਰਿੰਕੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਸਦਕਾ ਹੀ ਉਹ ਜਲੰਧਰ ਲੋਕ ਸਭਾ ਚੋਣ ਜਿੱਤਣ ਦੇ ਯੋਗ ਹੋਏ ਹਨ। ਉਨ੍ਹਾਂ ਭਗਵੰਤ ਮਾਨ ਦੀ ਭੂਮਿਕਾ ਬਾਰੇ ਵੀ ਗੱਲਬਾਤ ਕੀਤੀ ਅਤੇ ਜਲੰਧਰ ਜ਼ਿਮਨੀ ਚੋਣ ਵਿੱਚ ਜਿੱਤ ਦਾ ਸਿਹਰਾ ਪਿਛਲੇ ਇੱਕ ਸਾਲ ਦੌਰਾਨ ਪਾਰਟੀ ਵੱਲੋਂ ਪੰਜਾਬ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਸਿਰ ਬੰਨ੍ਹਿਆ। ਸੰਸਦ ਮੈਂਬਰ ਨੇ ਨਿਰਮਾਣ ਅਧੀਨ ਫਲਾਈਓਵਰਾਂ ਅਤੇ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਨੇਪਰੇ ਚਾੜਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਆਦਮਪੁਰ ਹਵਾਈ ਅੱਡੇ ਦੇ ਰੁਕੇ ਕੰਮ ਦਾ ਜ਼ਿਕਰ ਕਰਦਿਆਂ ਕਿਹਾ ਉਹ ਇਹ ਮੁੱਦੇ ਲੋਕ ਸਭਾ ਵਿੱਚ ਉਠਾਉਣਗੇ। ਸੁਸ਼ੀਲ ਰਿੰਕੂ ਨੇ ਕਿਹਾ, ”ਭਾਵੇਂ ਕਿ ਮੈਂ ਬਹੁਤ ਥੋੜ੍ਹੇ ਸਮੇਂ ਲਈ ਚੁਣਿਆ ਗਿਆ ਹਾਂ, ਪਰ ਹਲਕੇ ਲਈ ‘ਆਪ’ ਦਾ ਰੋਡਮੈਪ ਮੇਰੇ ਮੌਜੂਦਾ ਕਾਰਜਕਾਲ ਅਤੇ ਲੰਬੇ ਸਮੇਂ ਲਈ ਹੋਵੇਗਾ।”
ਜ਼ਿਮਨੀ ਚੋਣ ਨਤੀਜਿਆਂ ਤੋਂ ਸਬਕ ਸਿੱਖੇਗੀ ਕਾਂਗਰਸ : ਚੌਧਰੀ
‘ਆਪ’ ਉੱਤੇ ਚੋਣ ਪ੍ਰਚਾਰ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਆਰੋਪ ਲਾਏ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਲੋਕ ਸਭਾ ਦੀ ਜ਼ਿਮਨੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਤੋਂ ਵੱਡੇ ਫ਼ਰਕ ਨਾਲ ਹਾਰਨ ਤੋਂ ਬਾਅਦ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਕਾਂਗਰਸ ਜ਼ਿਮਨੀ ਚੋਣ ਨਤੀਜਿਆਂ ਤੋਂ ਸਬਕ ਸਿੱਖੇਗੀ। ਅਗਲੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵਾਪਸੀ ਕਰੇਗੀ। ਜਲੰਧਰ ਦੇ ਵਿਜੈ ਨਗਰ ਵਿਚਲੀ ਰਿਹਾਇਸ਼ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਰਮਜੀਤ ਚੌਧਰੀ ਨੇ ਆਰੋਪ ਲਾਇਆ ਕਿ ‘ਆਪ’ ਦੀ ਜਿੱਤ ਜਮਹੂਰੀਅਤ ਦਾ ਕਤਲ ਹੈ ਕਿਉਂਕਿ ਜ਼ਿਮਨੀ ਚੋਣ ਦੌਰਾਨ ‘ਆਪ’ ਨੇ ਪੈਸੇ ਤੇ ਸ਼ਰਾਬ ਦੀ ਵਰਤੋਂ ਕਰਕੇ ਅਤੇ ਡਰਾ ਧਮਕਾ ਕੇ ਵੋਟਾਂ ਖ਼ਰੀਦੀਆਂ ਸਨ।
ਉਨ੍ਹਾਂ ਕਿਹਾ ਕਿ ‘ਆਪ’ ਆਗੂ ਅਕਸਰ ਦਾਅਵਾ ਕਰਦੇ ਹਨ ਕਿ ਇਹ ਇੱਕ ‘ਕੱਟੜ ਇਮਾਨਦਾਰ’ ਪਾਰਟੀ ਹੈ, ਪਰ ਇਹ ਚੋਣ ਜਿੱਤਣ ਲਈ ਉਨ੍ਹਾਂ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ। ਹਰ ਸਰਕਾਰੀ ਮਹਿਕਮੇ ਰਾਹੀਂ ਵੋਟਰਾਂ ‘ਤੇ ਦਬਾਅ ਪਾਇਆ ਅਤੇ ‘ਆਪ’ ਨੂੰ ਸਮਰਥਨ ਨਾ ਦੇਣ ‘ਤੇ ਕਾਂਗਰਸੀ ਕੌਂਸਲਰਾਂ, ਸਰਪੰਚਾਂ ਤੇ ਪੰਚਾਇਤਾਂ ਨੂੰ ਝੂਠੇ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਇਹ ਚੋਣ ਇਕੱਲੀ ‘ਆਪ’ ਨੇ ਨਹੀਂ ਲੜੀ ਸਗੋਂ ਪੂਰੀ ਸਰਕਾਰ ਨੇ ਲੜੀ ਹੈ। ‘ਆਪ’ ਦੇ ਹਰ ਮੰਤਰੀ ਅਤੇ ਵਿਧਾਇਕ ਨੇ ਹਲਕੇ ‘ਚ ਚੋਣ ਪ੍ਰਚਾਰ ਕੀਤਾ। ਪੂਰੀ ਸਰਕਾਰੀ ਮਸ਼ੀਨਰੀ ਨੇ ਉਨ੍ਹਾਂ ਲਈ ਵੋਟਾਂ ਮੰਗੀਆਂ। ਚੋਣ ਦੌਰਾਨ ਲੋਕਾਂ ਵੱਲੋਂ ਦਿੱਤੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਚੋਣ ਪ੍ਰਚਾਰ ਦੌਰਾਨ ਰਹੀਆਂ ਕਮੀਆਂ ਪੇਸ਼ੀਆਂ ਨੂੰ ਸੁਧਾਰੇਗੀ ਅਤੇ ਅਗਲੇ ਸਾਲ ਜ਼ੋਰਦਾਰ ਢੰਗ ਨਾਲ ਵਾਪਸੀ ਕਰੇਗੀ। ਉਨ੍ਹਾਂ ਕਿਹਾ ਕਿ ਉਹ ਜਲੰਧਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਤੇ ਹਰ ਪੱਧਰ ਤੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਫਿਲੌਰ ਤੋਂ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਅਤੇ ਜ਼ਿਲ੍ਹਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਵੀ ਹਾਜ਼ਰ ਸਨ।

 

Check Also

ਚੰਦਰਯਾਨ-3 ਉਤਰਨ ਵਾਲੀ ਥਾਂ ਦਾ ਨਾਮ ‘ਸ਼ਿਵ ਸ਼ਕਤੀ ਕੇਂਦਰ’ ਹੋਵੇਗਾ: ਨਰਿੰਦਰ ਮੋਦੀ

ਇਸਰੋ ਦੇ ਵਿਗਿਆਨੀਆਂ ਨੂੰ ਸਲਾਮ ਕਰਦਿਆਂ ਭਾਵੁਕ ਹੋਏ ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਨੇ , 23 …