Breaking News
Home / ਦੁਨੀਆ / ਪਾਕਿਸਤਾਨ ‘ਚ ਸੱਤਾਧਾਰੀ ਗੱਠਜੋੜ ਵੱਲੋਂ ਚੀਫ ਜਸਟਿਸ ਖਿਲਾਫ ਪ੍ਰਦਰਸ਼ਨ

ਪਾਕਿਸਤਾਨ ‘ਚ ਸੱਤਾਧਾਰੀ ਗੱਠਜੋੜ ਵੱਲੋਂ ਚੀਫ ਜਸਟਿਸ ਖਿਲਾਫ ਪ੍ਰਦਰਸ਼ਨ

ਇਮਰਾਨ ਦੇ ਹੱਕ ‘ਚ ਭੁਗਤਣ ਦਾ ਆਰੋਪ; ਚੀਫ ਜਸਟਿਸ ਦਾ ਅਸਤੀਫ਼ਾ ਮੰਗਿਆ
ਇਸਲਾਮਾਬਾਦ : ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਈ ਕੇਸਾਂ ਵਿੱਚ ਰਾਹਤ ਦੇਣ ਦੇ ਰੋਸ ਵਜੋਂ ਸੁਪਰੀਮ ਕੋਰਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪੀਐੱਮਐੱਲ-ਐੱਨ ਆਗੂ ਮਰੀਅਮ ਨਵਾਜ਼ ਸਰੀਫ਼ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਚੀਫ ਜਸਟਿਸ ਉਮਰ ਅਤਾ ਬੰਡਿਆਲ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਆਰੋਪ ਲਾਇਆ ਕਿ ਪਾਕਿਸਤਾਨ ਵਿੱਚ ਉਦੋਂ ਤੱਕ ਨਿਰਪੱਖ ਅਤੇ ਆਜ਼ਾਦ ਚੋਣਾਂ ਸੰਭਵ ਨਹੀਂ, ਜਦੋਂ ਤੱਕ ਉਮਰ ਅਤਾ ਬੰਡਿਆਲ ਦੇਸ਼ ਦੀ ਸਿਖਰਲੀ ਅਦਾਲਤ ਦੇ ਜੱਜ ਬਣੇ ਰਹਿੰਦੇ ਹਨ। ‘ਡਾਅਨ’ ਦੀ ਖਬਰ ਮੁਤਾਬਿਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ), ਜਮਾਇਤ-ਉਲੇਮਾ-ਏ-ਇਸਲਾਮ-ਫਜ਼ਲ (ਜੇਯੂਆਈ-ਐਫ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਦਰਸ਼ਨਕਾਰੀ ਰੈੱਡ ਜ਼ੋਨ ਵਿੱਚ ਦਾਖਲ ਹੋ ਗਏ ਜਦੋਂ ਕਿ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਨੇ ਸੁਪਰੀਮ ਕੋਰਟ ਅੱਗੇ ਧਰਨਾ ਦਿੱਤਾ। ਸੰਘੀ ਰਾਜਧਾਨੀ ਵਿੱਚ ਧਾਰਾ 144 ਲਾਗੂ ਹੋਣ ਦੇ ਬਾਵਜੂਦ ਪ੍ਰਦਰਸ਼ਨਕਾਰੀ ਰੈੱਡ ਜ਼ੋਨ ਵਿੱਚ ਦਾਖਲ ਹੋ ਗਏ ਅਤੇ ਸੁਪਰੀਮ ਕੋਰਟ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਪੀਡੀਐਮ (13 ਸਿਆਸੀ ਪਾਰਟੀਆਂ ਦਾ ਗੱਠਜੋੜ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਖਾਨ ਨੂੰ ਰਾਹਤ ਦੇਣ ਵਾਲੇ ਚੀਫ ਜਸਟਿਸ ਆਫ ਪਾਕਿਸਤਾਨ ਉਮਰ ਅਤਾ ਬੰਦਿਆਲ ਖਿਲਾਫ ਸੁਪਰੀਮ ਕੋਰਟ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਪਾਕਿਸਤਾਨ ਮੁਸਲਿਮ ਲੀਗ ਕਾਇਦ (ਪੀਐਮਐਲ-ਕਿਊ) ਦੇ ਆਗੂ ਤੇ ਪਾਰਟੀ ਮੁਖੀ ਚੌਧਰੀ ਸ਼ੁਜਾਤ ਹੁਸੈਨ ਦੇ ਪੁੱਤਰ ਚੌਧਰੀ ਸ਼ਫੇਅ ਹੁਸੈਨ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਬਾਹਰ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਦਾ ਕਾਫਲਾ ਪੁੱਜ ਚੁੱਕਿਆ ਹੈ। ਪੀਐਮਐਲ (ਐਨ) ਦੇ ਆਗੂਆਂ ਹਨੀਫ ਅੱਬਾਸੀ ਅਤੇ ਸਰਦਾਰ ਨਸੀਮ ਨੇ ਵੀ ਆਪਣੇ ਕਾਫਲਿਆਂ ਸਮੇਤ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ‘ਡਾਅਨ’ ਦੀ ਖਬਰ ਮੁਤਾਬਿਕ ਰੈੱਡ ਜ਼ੋਨ ਵਾਲੇ ਜਾਂਦੇ ਰਾਹਾਂ ਨੂੰ ਟਰੈਫਿਕ ਲਈ ਬੰਦ ਕੀਤਾ ਹੋਇਆ ਸੀ। ਪੀਡੀਐਮ ਦੇ ਕਾਫਲੇ ਨੇ ਇਸਲਾਮਾਬਾਦ ਵਿੱਚ ਪ੍ਰਦਰਸ਼ਨ ‘ਚ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਪੀਐਮਐਲ (ਐਨ) ਦੇ ਸੂਬਾਈ ਜੁਆਇੰਟ ਸਕੱਤਰ ਮੁਹੰਮਦ ਨਜੀਮ ਖ਼ਾਨ ਨੇ ਕੀਤੀ।
ਫੌਜ ਮੈਨੂੰ ਦੇਸ਼ ਧਰੋਹ ਦੇ ਕੇਸ ‘ਚ ਫਸਾਉਣਾ ਚਾਹੁੰਦੀ ਹੈ: ਖਾਨ
ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਕਿ ਮੁਲਕ ਦੀ ਤਾਕਤਵਰ ਫੌਜ ਨੇ ਉਨ੍ਹਾਂ ਨੂੰ ਦੇਸ਼ ਧਰੋਹ ਦੇ ਦੋਸ਼ ਹੇਠ ਜੇਲ੍ਹ ਵਿੱਚ ਦਸ ਸਾਲਾਂ ਲਈ ਬੰਦ ਕਰਨ ਦੀ ਸਾਜਿਸ਼ ਰਚੀ ਹੈ ਪਰ ਉਨ੍ਹਾਂ ਆਖ਼ਰੀ ਸਾਹ ਤੱਕ ‘ਅਪਰਾਧੀਆਂ ਦੇ ਗਰੋਹ’ ਵਿਰੁੱਧ ਲੜਨ ਦੀ ਸਹੁੰ ਖਾਧੀ ਹੋਈ ਹੈ। ਸੋਮਵਾਰ ਤੜਕੇ ਲੜੀਵਾਰ ਕੀਤੇ ਟਵੀਟਾਂ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਨੇ ਕਿਹਾ,’ਹੁਣ ਲੰਡਨ ਦੀ ਸਾਰੀ ਯੋਜਨਾ ਸਾਹਮਣੇ ਆ ਗਈ ਹੈ। ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਹਿੰਸਾ ਦੇ ਬਹਾਨੇ ਉਨ੍ਹਾਂ ਜੱਜਾਂ ਤੇ ਜੱਲਾਦ ਦਾ ਕੰਮ ਆਪ ਹੀ ਸੰਭਾਲ ਲਿਆ। ਹੁਣ ਬੁਸ਼ਰਾ ਬੇਗਮ (ਖਾਨ ਦੀ ਪਤਨੀ) ਨੂੰ ਜੇਲ੍ਹ ਭੇਜ ਕੇ ਮੈਨੂੰ ਬੇਇੱਜ਼ਤ ਕਰਨ ਅਤੇ ਦੇਸ਼ ਧਰੋਹ ਕਾਨੂੰਨ ਦੀ ਵਰਤੋਂ ਕਰ ਕੇ ਅਗਲੇ ਦਸ ਵਰ੍ਹਿਆਂ ਤੱਕ ਮੈਨੂੰ ਜੇਲ੍ਹ ਵਿੱਚ ਰੱਖਣ ਦੀ ਯੋਜਨਾ ਘੜੀ ਗਈ ਹੈ।’ ਇਹ ਟਵੀਟ ਖਾਨ ਨੇ ਲਾਹੌਰ ਸਥਿਤ ਰਿਹਾਇਸ਼ ‘ਤੇ ਪੀਟੀਆਈ ਆਗੂਆਂ ਨਾਲ ਮੀਟਿੰਗ ਮਗਰੋਂ ਕੀਤੇ। ਖਾਨ, ਜੋ ਸੌ ਤੋਂ ਵੱਧ ਕੇਸਾਂ ਵਿੱਚ ਜ਼ਮਾਨਤ ‘ਤੇ ਹਨ, ਨੇ ਕਿਹਾ,’ਇਹ ਯਕੀਨੀ ਬਣਾਏ ਜਾਣ ਲਈ ਕਿ ਜਨਤਾ ਕੋਈ ਪ੍ਰਤੀਕਿਰਿਆ ਨਾ ਦੇਵੇ, ਇਨ੍ਹਾਂ ਨੇ ਦੋ ਤਰੀਕੇ ਅਪਣਾਏ, ਇਕ ਤਾਂ ਮਿੱਥ ਕੇ ਨਾ ਸਿਰਫ਼ ਪੀਟੀਆਈ ਵਰਕਰਾਂ ‘ਤੇ ਸਗੋਂ ਆਮ ਨਾਗਰਿਕਾਂ ‘ਚ ਦਹਿਸ਼ਤ ਫੈਲਾਈ ਅਤੇ ਦੂਜਾ, ਮੀਡੀਆ ‘ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ।’ ਇਮਰਾਨ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਵੱਲੋਂ ਪਾਲੇ ਪੀਡੀਐਮ ਦੇ ‘ਗੁੰਡਿਆਂ’ ਵੱਲੋਂ ਸੁਪਰੀਮ ਕੋਰਟ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੰਜ ਹੀ ਸਰਕਾਰ ਵੱਲੋਂ ਪੀਟੀਆਈ ਦੇ 7 ਹਜ਼ਾਰ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਕਈ ਅਣਪਛਾਤੇ ਪ੍ਰਦਰਸ਼ਨਕਾਰੀਆਂ ਨੂੰ ਮਾਰ ਦਿੱਤਾ ਗਿਆ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਨੇ ਸਾਰੇ ਨਾਗਰਿਕਾਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ।

 

 

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …