ਬਿਨਾਂ ਹੈਲਮਟ ਬਾਈਕ ਚਲਾਉਣ ਸੰਬੰਧੀ ਬਿੱਲ ਪਾਸ
ਕੈਲੀਫੋਰਨੀਆ/ਬਿਊਰੋ ਨਿਊਜ਼ : ਕੈਲੀਫੋਰਨੀਆ ਵਿਚ ਸਟੇਟ ਸੈਨਟ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਇਕ ਬਿੱਲ ਉਪਰ ਮੋਹਰ ਲਗਾ ਦਿੱਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਿੱਖ ਬਿਨ੍ਹਾਂ ਹੈਲਮਟ ਪਹਿਨੇ ਆਪਣੀ ਰਵਾਇਤੀ ਦਸਤਾਰ ਬੰਨ ਕੇ ਬਾਈਕ ਚਲਾ ਸਕਣਗੇ। ਸੈਨਟ ਮੈਂਬਰ ਬਰੀਅਨ ਡਾਹਲ ਵਲੋਂ ਪੇਸ਼ ਕੀਤੇ ਬਿੱਲ ਨੂੰ ਸੈਨਟ ਨੇ 21-8 ਵੋਟਾਂ ਦੇ ਫਰਕ ਨਾਲ ਪਾਸ ਕਰ ਦਿੱਤਾ। ਹੁਣ ਇਹ ਬਿੱਲ ਅਸੈਂਬਲੀ ਵਿਚ ਜਾਵੇਗਾ।
ਬਿੱਲ ਪੇਸ਼ ਕਰਨ ਤੋਂ ਬਾਅਦ ਜਾਰੀ ਇਕ ਬਿਆਨ ਵਿਚ ਡਾਹਲ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਇਸ ਦੇਸ਼ ਦੀ ਪ੍ਰਮੁੱਖ ਬੁਨਿਆਦ ਹੈ। ਸਾਨੂੰ ਅਮਰੀਕੀਆਂ ਨੂੰ ਇਹ ਅਧਿਕਾਰ ਹੈ ਕਿ ਅਸੀਂ ਆਪਣੇ ਧਰਮ ਦਾ ਪ੍ਰਗਟਾਵਾ ਆਜ਼ਾਦੀ ਨਾਲ ਕਰ ਸਕਦੇ ਹਾਂ। ਮੇਰਾ ਵਿਸ਼ਵਾਸ਼ ਹੈ ਕਿ ਇਹ ਅਧਿਕਾਰ ਹਰ ਇਕ ਤੱਕ ਪਹੁੰਚਣਾ ਚਾਹੀਦਾ ਹੈ। ਕੋਈ ਵੀ ਕਾਨੂੰਨ ਜੇਕਰ ਕਿਸੇ ਦੇ ਧਰਮ ਦੇ ਪ੍ਰਗਟਾਵੇ ਨੂੰ ਸੀਮਿਤ ਕਰਦਾ ਹੈ ਤਾਂ ਉਹ ਇਸ ਦੇਸ਼ ਦੇ ਖਿਲਾਫ ਹੈ। ਉਨ੍ਹਾਂ ਕਿਹਾ ਜੋ ਦਸਤਾਰ ਜਾਂ ਪਟਕਾ ਬੰਨਦੇ ਹਨ, ਨੂੰ ਹੈਲਮਟ ਪਹਿਣ ਤੋਂ ਛੋਟ ਦੇਣਾ ਇਕ ਸਧਾਰਨ ਤਰੀਕਾ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਦੇਸ਼ ਵਿਚ ਹਰ ਇਕ ਧਰਮ ਦੀ ਆਜ਼ਾਦੀ ਸੁਰੱਖਿਅਤ ਹੈ।
ਜ਼ਿਕਰਯੋਗ ਹੈ ਕਿ ਸਿੱਖਾਂ ਲਈ ਹੈਲਮੇਟ ਤੋਂ ਛੋਟ ਸਬੰਧੀ ਯੂਕੇ ਅਤੇ ਹੋਰ ਦੇਸ਼ਾਂ ਵਿਚ ਵੀ ਵਿਚਾਰ ਚੱਲ ਰਹੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ
ਅੰਮ੍ਰਿਤਸਰ : ਕੈਲੀਫੋਰਨੀਆ ‘ਚ ਸਟੇਟ ਸੈਨੇਟ ਵੱਲੋਂ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਦੇਣ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਲਈ ਖੁਸ਼ੀ ਦੀ ਖ਼ਬਰ ਹੈ, ਜਿਸ ਦਾ ਹੋਰਨਾਂ ਦੇਸ਼ਾਂ ਅੰਦਰ ਵੀ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਰਹਿਣੀ ਦਾ ਅਹਿਮ ਅੰਗ ਹੈ ਅਤੇ ਸਿੱਖ ਨੂੰ ਹੈਲਮੇਟ ਪਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕੈਲੀਫੋਰਨੀਆ ਦੀ ਸੈਨੇਟ ਦੇ ਮੈਂਬਰ ਬਰੀਅਨ ਡਾਹਲ ਵੱਲੋਂ ਸਿੱਖਾਂ ਦੀ ਆਵਾਜ਼ ਨੂੰ ਸੈਨੇਟ ਵਿਚ ਪੇਸ਼ ਕਰਨ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਇਹ ਬਿਲ ਅਸੈਂਬਲੀ ਵਿਚ ਜਲਦ ਪਾਸ ਹੋ ਜਾਵੇਗਾ।