Breaking News
Home / ਦੁਨੀਆ / ਕੈਨੇਡਾ ਤੇ ਭਾਰਤ ਦੇ ਰਿਸ਼ਤੇ ‘ਚ ਕੁੜੱਤਣ ਨਹੀਂ ਆਵੇਗੀ : ਰਾਜ ਗਰੇਵਾਲ

ਕੈਨੇਡਾ ਤੇ ਭਾਰਤ ਦੇ ਰਿਸ਼ਤੇ ‘ਚ ਕੁੜੱਤਣ ਨਹੀਂ ਆਵੇਗੀ : ਰਾਜ ਗਰੇਵਾਲ

ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ ਅਤੇ ਭਾਰਤ ਦਾ ਰਿਸ਼ਤਾ ਮਹਿਜ਼ ਰਾਜੀਨਤਕ ਨਹੀਂ ਸਗੋਂ ਲੋਕਾਂ ਦੇ ਆਪਸੀ ਪਿਆਰ ਦਾ ਰਿਸ਼ਤਾ ਹੈ। ਇਸ ਰਿਸ਼ਤੇ ਵਿਚ ਕੁੜੱਤਣ ਆਉਣਾ ਮੁਸ਼ਕਲ ਹੈ। ਇਹ ਗੱਲਾਂ ਕੈਨੇਡਾ ਦੇ ਸੰਸਦ ਮੈਂਬਰ ਰਾਜ ਗਰੇਵਾਲ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਹੀਆਂ। ਉਨ੍ਹਾਂ ਨਾਲ ਕੈਨੇਡਾ ਦਾ ਪ੍ਰਤੀਨਿਧੀ ਮੰਡਲ ਵੀ ਮੌਜੂਦ ਸੀ। ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਰਾਜ ਗਰੇਵਾਲ ਨੂੰ ਯੂਨਾਈਟਡ ਨੇਸ਼ਨ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਖਾਸ ਤੌਰ ‘ਤੇ ਸੱਦਿਆ ਗਿਆ ਸੀ। ਐਸੋਸੀਏਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਰਨੌਟਾ ਨੇ ਦੱਸਿਆ ਕਿ ਕੈਨੇਡਾ ਦੇ ਪ੍ਰਤੀਨਿਧੀ ਮੰਡਲ ਨੂੰ ਇਥੇ ਸੱਦਣ ਦਾ ਮਕਸਦ ਕੈਨੇਡਾ ਸਰਕਾਰ ਅਤੇ ਨਿੱਜੀ ਤਕਨੀਕੀ ਸੰਸਥਾ ਵੱਲੋਂ ਪੰਜਾਬ ਵਿਚ ਲਘੂ ਉਦਯੋਗ ‘ਚ ਨਿਵੇਸ਼ ਕਰਨ ਦੀ ਅਪੀਲ ਕਰਨਾ ਸੀ, ਤਾਂ ਕਿ ਦੋਵਾਂ ਦੇਸ਼ਾਂ ਦੇ ਵਪਾਰੀ ਅਤੇ ਲੋਕ ਇਸ ਦਾ ਲਾਭ ਲੈ ਸਕਣ।ਦੋਵੇਂ ਦੇਸ਼ਾਂ ਵਿਚ ਲਗਪਗ 8 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ। ਇਹੀ ਨਹੀਂ ਮੰਗਲਵਾਰ ਨੂੰ ਮੁੰਬਈ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਮਝੌਤਾ ਕੀਤਾ ਹੈ ਕਿ ਭਾਰਤੀ ਕੰਪਨੀਆਂ ਕੈਨੇਡਾ ਵਿਚ 1 ਬਿਲੀਅਨ ਨਿਵੇਸ਼ ਕਰਨਗੀਆਂ ਅਤੇ ਕੈਨੇਡੀਅਨ ਕੰਪਨੀਆਂ 750 ਮਿਲੀਅਨ ਡਾਲਰ ਭਾਰਤ ਵਿਚ ਨਿਵੇਸ਼ ਕਰਨਗੀਆਂ। ਗਰੇਵਾਲ ਨੇ ਕਿਹਾ ਕਿ ਕੈਨੇਡਾ ਅਤੇ ਭਾਰਤ ਦਾ ਰਿਸ਼ਤਾ ਸਾਲਾਂ ਪੁਰਾਣਾ ਹੈ। ਜੇਕਰ ਦੋਵੇਂ ਪਾਸੇ ਕੋਈ ਗਿਲਾ-ਸ਼ਿਕਵਾ ਹੋਵੇਗਾ ਤਾਂ ਮਿਲ ਬੈਠ ਕੇ ਸੁਲਝਾ ਲਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਕਰਨ ਲਈ ਨਾ ਪਹੁੰਚਣ ‘ਤੇ ਗਰੇਵਾਲ ਨੇ ਆਖਿਆ ਕਿ ਸ਼ਾਇਦ ਪ੍ਰਧਾਨ ਮੰਤਰੀ ਦੀ ਸੂਚੀ ਪਹਿਲਾਂ ਹੀ ਤੈਅ ਹੋਈ ਹੋਵੇਗੀ। ਇਸ ਲਈ ਮੁਲਾਕਾਤ ਨਹੀਂ ਹੋ ਸਕੀ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …