Breaking News
Home / ਦੁਨੀਆ / ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਛੇ ਅਪਾਚੀ ਹੈਲੀਕਾਪਟਰ ਵੇਚਣ ਲਈ ਦਿੱਤੀ ਹਰੀ ਝੰਡੀ

ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਛੇ ਅਪਾਚੀ ਹੈਲੀਕਾਪਟਰ ਵੇਚਣ ਲਈ ਦਿੱਤੀ ਹਰੀ ਝੰਡੀ

ਹੈਲੀਕਾਪਟਰਾਂ ਨਾਲ ਭਾਰਤ ਦੀ ਰੱਖਿਆ ਪ੍ਰਣਾਲੀ ਹੋਵੇਗੀ ਮਜ਼ਬੂਤ
ਵਾਸ਼ਿੰਗਟਨ/ਬਿਊਰੋ ਨਿਊਜ਼
ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ 93 ਕਰੋੜ ਡਾਲਰ (ਲਗਪਗ 6300 ਕਰੋੜ ਰੁਪਏ) ਦੇ ਛੇ ਏਐਚ-64ਈ ਅਪਾਚੀ ਹਮਲਾਵਰ ਹੈਲੀਕਾਪਟਰ ਵੇਚਣ ਦੇ ਸੌਦੇ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਕਿਹਾ ਕਿ ਇਨ੍ਹਾਂ ਹੈਲੀਕਾਪਟਰਾਂ ਨਾਲ ਭਾਰਤ ਦੀ ਰੱਖਿਆ ਪ੍ਰਣਾਲੀ ਕਾਫ਼ੀ ਮਜ਼ਬੂਤ ਹੋ ਜਾਵੇਗੀ। ਪੈਂਟਾਗਨ ਦੀ ਰੱਖਿਆ ਸਹਿਯੋਗ ਏਜੰਸੀ ਨੇ ਇਸ ਮੁਤੱਲਕ ਵਿਦੇਸ਼ ਵਿਭਾਗ ਦੇ ਫੈਸਲੇ ਬਾਰੇ ਕਾਂਗਰਸ ਨੂੰ ਇਤਲਾਹ ਦੇ ਦਿੱਤੀ ਹੈ। ਜੇ ਕਿਸੇ ਕਾਨੂੰਨਸਾਜ਼ ਨੇ ਇਸ ਦਾ ਵਿਰੋਧ ਨਾ ਕੀਤਾ ਤਾਂ ਇਹ ਸੌਦਾ ਸਿਰੇ ਚੜ੍ਹ ਜਾਣ ਦੀ ਉਮੀਦ ਹੈ। ਹਮਲਾਵਰ ਹੈਲੀਕਾਪਟਰਾਂ ਤੋਂ ਇਲਾਵਾ ਸੌਦੇ ਵਿੱਚ ਫਾਇਰ ਕੰਟਰੋਲ ਰਾਡਾਰ, ਹੈਲਫਾਇਰ ਲੌਂਗਬੋਅ ਮਿਜ਼ਾਈਲ, ਸਟਿੰਗਰ ਬਲਾਕ 1-92ਐਚ ਮਿਜ਼ਾਈਲਾਂ, ਨਾਈਟ ਵਿਜ਼ਨ ਸੈਂਸਰ ਅਤੇ ਇਨਸ਼ੀਅਲ ਨੇਵੀਗੇਸ਼ਨ ਸਿਸਟਮ ਵੀ ਸ਼ਾਮਲ ਹਨ। ਕਾਂਗਰਸ ਨੂੰ ਭੇਜੀ ਇਤਲਾਹ ਵਿੱਚ ਪੈਂਟਾਗਨ ਨੇ ਕਿਹਾ ”ਇਸ ਨਾਲ ਭਾਰਤ ਨੂੰ ਆਪਣੀ ਸਰਜ਼ਮੀਨ ਦੀ ਸੁਰੱਖਿਆ ਕਰਨ ਤੇ ਖੇਤਰੀ ਦਬਦਬਾ ਕਾਇਮ ਕਰਨ ਵਿੱਚ ਮਦਦ ਮਿਲੇਗੀ।” ਏਐਚ-64ਈ ਦੀ ਮਦਦ ਨਾਲ ਭਾਰਤ ਨੂੰ ਆਪਣੀਆਂ ਹਥਿਆਰਬੰਦ ਸੈਨਾਵਾਂ ਦੇ ਆਧੁਨਿਕੀਕਰਨ ਵਿੱਚ ਵੀ ਮਦਦ ਮਿਲੇਗੀ।ਭਾਰਤ ਨੂੰ ਇਹ ਹੈਲੀਕਾਪਟਰ ਆਪਣੇ ਹਥਿਆਰਬੰਦ ਬਲਾਂ ਵਿੱਚ ਸਮੋਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ।” ਉਂਜ ਪੈਂਟਾਗਨ ਨੇ ਕਿਹਾ ਕਿ ਇਸ ਸਾਜ਼ੋ-ਸਾਮਾਨ ਦੀ ਵਿਕਰੀ ਨਾਲ ਖੇਤਰ ਦੇ ਬੁਨਿਆਦੀ ਫੌਜੀ ਤਵਾਜ਼ਨ ਵਿੱਚ ਕੋਈ ਰੱਦੋਬਦਲ ਨਹੀਂ ਹੋਵੇਗੀ। ਇਸ ਸਾਜ਼ੋ-ਸਾਮਾਨ ਦੇ ਸੌਦੇ ਵਿੱਚ ਵਿੱਚ ਲੌਕਹੀਡ ਮਾਰਟਿਨ, ਜਨਰਲ ਇਲੈਕਟ੍ਰਿਕ ਅਤੇ ਰੇਥਿਓਨ ਜਿਹੀਆਂ ਮੋਹਰੀ ਕੰਪਨੀਆਂ ਸ਼ਾਮਲ ਹਨ। 2008 ਤੱਕ ਭਾਰਤ ਵੱਲੋਂ ਅਮਰੀਕਾ ਤੋਂ ਹਥਿਆਰ ਤੇ ਹੋਰ ਫ਼ੌਜੀ ਸ਼ਾਜ਼ੋ-ਸਾਮਾਨ ਦੀ ਖਰੀਦ ਨਾਂਮਾਤਰ ਹੀ ਸੀ ਜੋ ਹੁਣ ਵਧ ਕੇ 15 ਅਰਬ ਡਾਲਰ ‘ਤੇ ਪਹੁੰਚ ਗਈ ਹੈ।

Check Also

ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ

ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …