ਲਾਹੌਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਬੇਕਸੂਰ ਕਰਾਰ ਦੇਣ ਦੀ ਮੰਗ ਕਰਦੀ ਪਟੀਸ਼ਨ ਨੂੰ ਲਾਹੌਰ ਹਾਈ ਕੋਰਟ ਦੇ ਬੈਂਚ ਵੱਲੋਂ ਵੱਡੇ ਬੈਂਚ ਕੋਲ ਭੇਜੇ ਜਾਣ ਲਈ ਆਖੇ ਜਾਣ ਤੋਂ ਬਾਅਦ ਇਸ ਦੀ ਛੇਤੀ ਸੁਣਵਾਈ ਲਈ ਹਾਈਕੋਰਟ ਵਿੱਚ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਗ਼ੌਰਤਲਬ ਹੈ ਕਿ ਮੁਢਲੀ ਪਟੀਸ਼ਨ ਨੂੰ ਵੱਡੇ ਬੈਂਚ ਕੋਲ ਭੇਜੇ ਜਾਣ ਦੇ ਫ਼ੈਸਲੇ ਨੂੰ ਸੱਤ ਮਹੀਨੇ ਦਾ ਸਮਾਂ ਲੰਘ ਚੁੱਕਾ ਹੈ ਤੇ ਹਾਲੇ ਤੱਕ ਵੱਡਾ ਬੈਂਚ ਕਾਇਮ ਨਹੀਂ ਕੀਤਾ ਗਿਆ।
ਪਟੀਸ਼ਨਰ ਵਕੀਲ ਇਮਤਿਆਜ਼ ਰਸ਼ੀਦ ਕੁਰੈਸ਼ੀ, ਜੋ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਅਹੁਦੇਦਾਰ ਵੀ ਹਨ, ਨੇ ਲੰਘੇ ਦਿਨ ਛੇਤੀ ਸੁਣਵਾਈ ਲਈ ਨਵੀਂ ਪਟੀਸ਼ਨ ਦਾਇਰ ਕੀਤੀ। ਉਨ੍ਹਾਂ ਦੱਸਿਆ ਕਿ ਮੈਂ ਭਗਤ ਸਿੰਘ ਦੇ ਕੇਸ ਦੀ ਛੇਤੀ ਸੁਣਵਾਈ ਲਈ ਲਾਹੌਰ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਮੈਂ ਰਜਿਸਟਰਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਦੀ ਸੁਣਵਾਈ ਦੀ ਤਰੀਕ ਮੁਕੱਰਰ ਕੀਤੀ ਜਾਵੇ। ਉਮੀਦ ਹੈ ਕਿ ਇਸ ਮਹੀਨੇ ਸੁਣਵਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁਲਕ ਦੀ ਫੈਡਰਲ ਹਕੂਮਤ ਨੂੰ ਵੀ ਲਿਖਿਆ ਹੈ ਕਿ ਲਾਹੌਰ ਦੇ ਸ਼ਾਦਮਾਨ ਚੌਕ ਵਿੱਚ ਸ਼ਹੀਦ ਦਾ ਬੁੱਤ ਲਾਇਆ ਜਾਵੇ, ਜਿਥੇ ਉਸ ਨੂੰ ਦੋ ਹੋਰ ਸਾਥੀਆਂ (ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ) ਸਣੇ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਆਪਣੀ ਪਟੀਸ਼ਨ ਵਿੱਚ ਲਿਖਿਆ ਹੈ ਕਿ ਸ਼ਹੀਦ ਭਗਤ ਸਿੰਘ ਨੇ ਅਣਵੰਡੇ ਭਾਰਤ ਦੀ ਆਜ਼ਾਦੀ ਦੀ ਲੜਾਈ ਲੜੀ ਸੀ। ਅੰਗਰੇਜ਼ ਹਕੂਮਤ ਨੇ 23 ਮਾਰਚ, 1931 ਨੂੰ ਲਾਹੌਰ ਸਾਜ਼ਿਸ਼ ਕੇਸ ਤਹਿਤ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦਿੱਤੀ ਸੀ।