ਅਮਰੀਕੀ ਰਾਸ਼ਟਰਪਤੀ ਨੇ ਕਿਹਾ – ਵਾਇਰਸ ਤੋਂ ‘ਡਰਨ ਦੀ ਲੋੜ ਨਹੀਂ’
ਵਾਸ਼ਿੰਗਟਨ/ਬਿਊਰੋ ਨਿਊਜ਼ : ਕਰੋਨਾ ਵਾਇਰਸ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚਾਰ ਦਿਨ ਬਾਅਦ ਫ਼ੌਜੀ ਹਸਪਤਾਲ ਤੋਂ ਵ੍ਹਾਈਟ ਹਾਊਸ ਪਰਤ ਆਏ ਹਨ। ਟਰੰਪ ਨੇ ਆਪਣੇ ਹਮਾਇਤੀਆਂ ਨੂੰ ਕਿਹਾ ਕਿ ਉਹ ਜਲਦੀ ਹੀ ਚੋਣ ਪ੍ਰਚਾਰ ਲਈ ਪਰਤਣਗੇ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ਵਾਸੀ ਇਸ ਬੀਮਾਰੀ ਤੋਂ ‘ਨਾ ਡਰਨ’ ਤੇ ਆਪਣੀਆਂ ਜ਼ਿੰਦਗੀਆਂ ਉਤੇ ਇਸ ਨੂੰ ‘ਹਾਵੀ’ ਨਾ ਹੋਣ ਦੇਣ। ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਉਨ੍ਹਾਂ ਦੇ ਪ੍ਰਸ਼ਾਸਨ ਹੇਠ ਚੰਗੀਆਂ ਦਵਾਈਆਂ ਵਿਕਸਿਤ ਕੀਤੀਆਂ ਹਨ, ਖੋਜ ਕੀਤੀ ਹੈ। ਟਰੰਪ (74) ਤੰਦਰੁਸਤ ਨਜ਼ਰ ਆ ਰਹੇ ਸਨ ਤੇ ਉਨ੍ਹਾਂ ਮੀਡੀਆ ਵੱਲ ਹੱਥ ਹਿਲਾਇਆ। ਇਸ ਦੌਰਾਨ ਟਰੰਪ ਨੇ ਆਪਣੀ ਰਿਹਾਇਸ਼ ਵੱਲ ਜਾਂਦਿਆਂ ਲਿਫ਼ਟ ਦਾ ਇਸਤੇਮਾਲ ਨਹੀਂ ਕੀਤਾ ਤੇ ਪੌੜੀਆਂ ਚੜ੍ਹ ਕੇ ਉਪਰ ਗਏ। ਵੇਰਵਿਆਂ ਮੁਤਾਬਕ ਆਪਣੀ ਤੰਦਰੁਸਤੀ ਜ਼ਾਹਿਰ ਕਰਨ ਲਈ ਉਨ੍ਹਾਂ ਅਜਿਹਾ ਕੀਤਾ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਦੀ ਬਾਲਕੋਨੀ ਵਿਚ ਜਾ ਕੇ ਮਾਸਕ ਉਤਾਰ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵ੍ਹਾਈਟ ਹਾਊਸ ਦਾ ਸਟਾਫ਼ ਵੀ ਵੱਡੀ ਗਿਣਤੀ ਵਿਚ ਪਾਜ਼ੇਟਿਵ ਪਾਇਆ ਗਿਆ ਸੀ।
ਟਰੰਪ ਵਾਲਟਰ ਰੀਡ ਨੈਸ਼ਨਲ ਮੈਡੀਕਲ ਸੈਂਟਰ ਵਿਚ ਦਾਖ਼ਲ ਸਨ ਤੇ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਦੇਖ ਕੇ ਛੁੱਟੀ ਦੇ ਦਿੱਤੀ। ਟਰੰਪ ਨੇ ਇਕ ਟਵੀਟ ਵਿਚ ਕਿਹਾ ਕਿ ‘ਫ਼ਰਜ਼ੀ ਖ਼ਬਰਾਂ ਫ਼ਰਜ਼ੀ ਚੋਣ ਸਰਵੇਖਣ’ ਦਿਖਾ ਰਹੀਆਂ ਹਨ। ਦੱਸਣਯੋਗ ਹੈ ਕਿ ਕਰੋਨਾਵਾਇਰਸ ਕਾਰਨ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਹੈ। 70 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ ਤੇ ਦੋ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …