Breaking News
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਸਕੋਸ਼ੀਆਬੈਂਕ ਵਾਟਰਮੈਰਾਥਨ ਵਰਚੂਅਲ ਮੈਰਾਥਨ ਦੇ ਪਹਿਲੇ ਪੜਾਅ ‘ਤੇ ਹੰਬਰ ਵੈਲੀ ਟਰੇਲ 21 ਕਿਲੋਮੀਟਰ ਦੌੜ ਕੇ ਸਰ ਕੀਤਾ

ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਸਕੋਸ਼ੀਆਬੈਂਕ ਵਾਟਰਮੈਰਾਥਨ ਵਰਚੂਅਲ ਮੈਰਾਥਨ ਦੇ ਪਹਿਲੇ ਪੜਾਅ ‘ਤੇ ਹੰਬਰ ਵੈਲੀ ਟਰੇਲ 21 ਕਿਲੋਮੀਟਰ ਦੌੜ ਕੇ ਸਰ ਕੀਤਾ

ਦੂਸਰਾ ਪੜਾਅ ਸ਼ਨੀਵਾਰ 10 ਅਕਤੂਬਰ ਨੂੰ ਔਰੈਂਜਵਿਲ ਵਿਖੇ ਮੌਨੋਕਲਿਫ਼ ਟਰੇਲ ‘ਤੇ ਦੌੜ ਕੇ ਪੂਰਾ ਕੀਤਾ ਜਾਏਗਾ
ਬਰੈਂਪਟਨ/ਡਾ. ਝੰਡ : ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕਲੱਬ ਦੇ 14 ਮੈਂਬਰਾਂ ਨੇ ਲੰਘੇ ਐਤਵਾਰ 4 ਅਕਤੂਬਰ ਨੂੰ ਵਾਅਨ ਏਰੀਏ ਵਿਚ ਪੈਂਦੀ ਹੰਬਰ ਵੈਲੀ ਟਰੇਲ ‘ਤੇ ਪਹੁੰਚ ਕੇ ਇਸ ਉੱਪਰ 21 ਕਿਲੋਮੀਟਰ ਦਾ ਪੰਧ ਦੌੜ ਕੇ ਇਸ ਸਾਲ ਅਕਤੂਬਰ ਮਹੀਨੇ ਦੌਰਾਨ ਹੋ ਰਹੀ ਵਰਚੂਅਲ ਰੂਪ ਵਿਚ ਹੋ ਰਹੀ ਸਕੋਸ਼ੀਆਬੈਂਕ ਵਾਟਰਫ਼ਰੰਟ ਦਾ ਪਹਿਲਾ ਅੱਧਾ ਪੜਾਅ ਫ਼ਤਿਹ ਕਰ ਲਿਆ ਹੈ। ਸਾਰਾ ਦਿਨ ਰੁਕ-ਰੁਕ ਕੇ ਪੈਂਦੀ ਰਹੀ ਹਲਕੀ ਬਾਰਸ਼ ਦੇ ਬਾਵਜੂਦ ਕਲੱਬ ਦੇ ਇਹ ਮੈਂਬਰ ਪਹਿਲਾਂ ਤੋਂ ਹੋਏ ਨਿਰਧਾਰਤ ਪ੍ਰੋਗਰਾਮ ਅਨੁਸਾਰ ਇਸ ਵਿਚ ਪੂਰੇ ਉਤਸ਼ਾਹ ਨਾਲ ਸ਼ਾਮਲ ਹੋਏ।
ਉਹ ਸਵੇਰੇ 8.00 ਵਜੇ ਏਅਰਪੋਰਟ ਰੋਡ ਅਤੇ ਸੈਂਡਲਵੁੱਡ ਇੰਟਰਸੈੱਕਸ਼ਨ ਨੇੜਲੇ ਸੌਬੀ ਰੈਸਟੋਰੈਂਟ ਦੇ ਸਾਹਮਣੇ ਵਾਲੀ ਪਾਰਕਿੰਗ ਵਿਚ ਇਕੱਠੇ ਹੋ ਗਏ ਅਤੇ ਉੱਥੋਂ ਆਪਣੀਆਂ ਗੱਡੀਆਂ ਵਿਚ ਸਵਾਰ ਹੋ ਕੇ 8.30 ਵਜੇ ਹੰਬਰ ਟਰੇਲ ‘ਤੇ ਪਹੁੰਚੇ। ਉੱਥੇ ਉਨ੍ਹਾਂ ਨੇ ਬੌਇਡ ਪਾਰਕ ਤੋਂ ਸਵੇਰੇ 9.00 ਵਜੇ ਆਪਣੀ 21 ਕਿਲੋਮੀਟਰ ਦੀ ਦੌੜ ਆਰੰਭ ਕੀਤੀ ਅਤੇ ਟਰੇਲ ਉੱਪਰ ਦੌੜਦਿਆਂ ਹੋਇਆਂ ਕਲੈਨਬਰਗ ਲੱਗਭੱਗ 10.00 ਵਜੇ ਪਹੁੰਚ ਕੇ ਉੱਤੋਂ ਵਾਪਸੀ ਕੀਤੀ ਅਤੇ ਲੱਗਭੱਗ 12.15 ਵਜੇ ਦੌੜ ਦੇ ਆਰੰਭ ਵਾਲੇ ਸਥਾਨ ਬੌਇਡ ਪਾਰਕ ਪਹੁੰਚ ਗਏ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਪਹਿਲੇ ਪੜਾਅ ਦਾ 21 ਕਿਲੋਮੀਟਰ ਪੰਧ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਵੱਲੋਂ ਇਕ ਘੰਟਾ 47 ਮਿੰਟ ਵਿਚ ਪੂਰਾ ਕੀਤਾ ਅਤੇ ਬਾਕੀ ਮੈਂਬਰਾਂ ਨੇ ਇਸ ਦੇ ਲਈ ਢਾਈ ਤੋਂ ਤਿੰਨ ਘੰਟੇ ਦਾ ਸਮਾਂ ਲਿਆ। ਇੱਥੇ ਪਹੁੰਚ ਕੇ ਕਲੱਬ ਦੇ ਸਰਗ਼ਰਮ ਮੈਂਬਰ ਧਿਆਨ ਸਿੰਘ ਸੋਹਲ ਵੱਲੋਂ ਵੱਲੋਂ ਲਿਆਂਦਾ ਹੋਇਆ ਘਰੇਲੂ ਪੌਸ਼ਟਿਕ ਭੋਜਨ ਗਰਮ ਕਰਕੇ ਛਕਿਆ ਅਤੇ ਬਾਅਦ ਦੁਪਹਿਰ 1.00 ਵਜੇ ਘਰਾਂ ਨੂੰ ਵਾਪਸੀ ਲਈ ਚਾਲੇ ਪਾ ਦਿੱਤੇ।
ਇਸ ਦੇ ਨਾਲ ਹੀ ਸੰਧੂਰਾ ਬਰਾੜ ਨੇ ਦੱਸਿਆ ਕਿ ਕਲੱਬ ਦੇ ਮੈਂਬਰਾਂ ਵੱਲੋਂ ਇਸ ਮੈਰਾਥਨ ਦਾ ਅਗਲਾ 21 ਕਿਲੋਮੀਟਰ ਦਾ ਪੜਾਅ ਕਲੱਬ ਦੇ ਮੈਂਬਰਾਂ ਵੱਲੋਂ ਔਰੈਜਵਿੱਲ ਦੀ ‘ਮੌਨੋਕਲਿਫ਼ ਟਰੇਲ’ ਉਤੇ ਸ਼ਨੀਵਾਰ 10 ਅਕਤੂਬਰ ਨੂੰ ਦੌੜ ਕੇ ਪੂਰਾ ਕੀਤਾ ਜਾਏਗਾ। ਉਨ੍ਹਾਂ ਕਲੱਬ ਦੇ ਮੈਂਬਰਾਂ ਨੂੰ ਏਅਰਪੋਰਟ ਰੋਡ ਅਤੇ ਸੈਂਡਲਵੁੱਡ ਇੰਟਰਸੈੱਕਸ਼ਨ ਨੇੜਲੇ ਸੌਬੀ ਪਲਾਜ਼ੇ ਦੇ ਸਾਹਮਣੇ ਸਵੇਰੇ 8.15 ਵਜੇ ਪਹੁੰਚਣ ਲਈ ਕਿਹਾ। ਮੈਂਬਰ ਔਰੈਂਜਵਿਲ ਦੀ ਮੌਨੋਕਲਿਫ ਟਰੇਲ ‘ਤੇ ਵੀ ਠੀਕ 9.00 ਵਜੇ ਤੱਕ ਪਹੁੰਚ ਸਕਦੇ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਇਸ ਕਲੱਬ ਨਾਲ ਜੁੜੇ ਹੋਏ 200 ਤੋਂ ਵਧੀਕ ਦੌੜਾਕ ਪਿਛਲੇ 5-6 ਸਾਲਾਂ ਤੋਂ ਕਾਫ਼ੀ ਸਰਗ਼ਰਮੀ ਨਾਲ ਹਰ ਸਾਲ ਕਰਵਾਈ ਜਾਂਦੀ ਸਕੋਸ਼ੀਆਬੈਂਕ ਵਾਟਰ ਮੈਰਾਥਨ, ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਕਰਵਾਈ ਜਾਂਦੀ ‘ਇਨਸਪੀਰੇਸ਼ਨਲ ਸਟੈੱਪਸ’, ਟੋਰਾਂਟੋ ਪੀਟਰਸਨ ਏਅਰਪੋਰਟ ਵੱਲੋਂ ਕਰਵਾਈ ਜਾਂਦੀ ‘ਰੱਨਵੇਅ ਰੱਨ’, ‘ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ’, ਤਰਕਸ਼ੀਲ ਸੋਸਾਇਟੀ ਆਫ਼ ਨਾਰਥ ਅਮੈਰਿਕਾ ਵੱਲੋਂ ਕਰਵਾਈ ਜਾਂਦੀ ‘ਐਜੂਕੇਸ਼ਨਲ ਰੱਨ’ ਸਮੇਤ ਕਈ ਹੋਰ ਵੱਖ-ਵੱਖ ਦੌੜਾਂ ਵਿਚ ਬੜੀ ਸਰਗ਼ਰਮੀ ਨਾਲ ਹਿੱਸਾ ਲੈਂਦੇ ਹਨ। ਇਸ ਵਾਰ ਕਰੋਨਾ ਮਹਾਂਮਾਰੀ ਫ਼ੈਲਣ ਕਾਰਨ ਇਹ ਦੌੜਾਂ ਵਰਚੂਅਲ ਰੂਪ ਵਿਚ ਹੋ ਰਹੀਆਂ ਹਨ ਅਤੇ ਉਹ ਇਨ੍ਹਾਂ ਦੌੜਾਂ ਵਿਚ ਵੀ ਓਸੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਉਹ 18 ਅਕਤੂਬਰ ਨੂੰ ਕੈਲਾਡਨ ਟਰੇਲ ਉੱਪਰ ਕਰਵਾਈ ਜਾ ਰਹੀ ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ ਅਤੇ ਉਸ ਤੋਂ ਅਗਲੇ ਹਫ਼ਤੇ ਆਪਣੇ (ਭਾਵ, ਟੀ.ਪੀ.ਏ.ਆਰ.ਕਲੱਬ) ਵੱਲੋਂ ਕਰਵਾਈ ਜਾ ਰਹੀ 10 ਕਿਲੋਮੀਟਰ ਦੌੜ ਵਿਚ ਹਿੱਸਾ ਲੈ ਰਹੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …