-6.6 C
Toronto
Monday, January 19, 2026
spot_img
HomeUncategorizedਪਾਕਿ 'ਚ ਵੰਡ ਤੋਂ ਪਹਿਲਾਂ ਦੀਆਂ ਲਾਇਬ੍ਰੇਰੀਆਂ 'ਚੋਂ ਗੁਰਮੁਖੀ ਕਿਤਾਬਾਂ ਇਕੱਠੀਆਂ ਕੀਤੀਆਂ...

ਪਾਕਿ ‘ਚ ਵੰਡ ਤੋਂ ਪਹਿਲਾਂ ਦੀਆਂ ਲਾਇਬ੍ਰੇਰੀਆਂ ‘ਚੋਂ ਗੁਰਮੁਖੀ ਕਿਤਾਬਾਂ ਇਕੱਠੀਆਂ ਕੀਤੀਆਂ ਜਾਣਗੀਆਂ : ਡਾ. ਸ਼ਾਹਿਦ

ਗੁਰਮੁਖੀ ਦਸਤਾਵੇਜ਼ਾਂ ਦੀ ਕੀਤੀ ਜਾਵੇਗੀ ਡਿਜੀਟਲਾਈਜ਼ੇਸ਼ਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਲਾਹੌਰ ਦੀ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਨੇ ਫ਼ੈਸਲਾ ਲਿਆ ਹੈ ਕਿ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ‘ਚ ਮੌਜੂਦ ਦੇਸ਼ ਦੀ ਵੰਡ ਤੋਂ ਪਹਿਲਾਂ ਦੀਆਂ ਲਾਇਬ੍ਰੇਰੀਆਂ, ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਤੇ ਹੋਰ ਸੰਸਥਾਵਾਂ ‘ਚੋਂ ਗੁਰਮੁਖੀ ਕਿਤਾਬਾਂ ਤੇ ਦਸਤਾਵੇਜ਼ਾਂ ਨੂੰ ਇਕੱਠਾ ਕਰਕੇ ਉਨ੍ਹਾਂ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਇਸ ਉਪਰੰਤ ਦੁਨੀਆ ਭਰ ਦੇ ਪੰਜਾਬੀ ਪਾਠਕਾਂ ਨੂੰ ਇਸ ਦੁਰਲੱਭ ਸਾਹਿਤਿਕ ਤੇ ਇਤਿਹਾਸਕ ਖ਼ਜ਼ਾਨੇ ਤੋਂ ਰੂ-ਬਰੂ ਕਰਵਾਉਣ ਲਈ ਇਨ੍ਹਾਂ ਸਭ ਦਾ ਡਿਜੀਟਲਾਈਜ਼ੇਸ਼ਨ ਕਰਵਾਇਆ ਜਾਵੇਗਾ।
ਲਾਹੌਰ ਸਥਿਤ ਦਿਆਲ ਸਿੰਘ ਰਿਸਰਚ ਤੇ ਕਲਚਰਲ ਫੋਰਮ ਦੇ ਡਾਇਰੈਕਟਰ ਪ੍ਰੋ. (ਸੇਵਾਮੁਕਤ) ਡਾ: ਅਬਦੁਲ ਰੱਜ਼ਾਕ ਸ਼ਾਹਿਦ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫੋਰਮ ਦੀ ਚੌਥੀ ਥਿੰਕ ਟੈਂਕ ਬੈਠਕ ‘ਚ ਇਸ ਮੁੱਦੇ ‘ਤੇ ਚਰਚਾ ਕੀਤੀ ਗਈ ਕਿ ਸੰਸਥਾ ਦੇ ਕਾਰਜਾਂ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸਾਡੀ ਫੋਰਮ ਪੰਜਾਬ ਦੀ ਸੱਭਿਅਤਾ, ਧਾਰਮਿਕ ਤੇ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਕੰਮ ਕਰ ਰਹੀ ਹੈ ਤੇ ਟਰੱਸਟ ਲਾਇਬ੍ਰੇਰੀ ‘ਚ ਮੌਜੂਦ ਗੁਰਮੁਖੀ ਪੁਸਤਕਾਂ ਨੂੰ ਸੰਸਥਾ ਦੁਆਰਾ ਪਹਿਲਾਂ ਤੋਂ ਡਿਜੀਟਲਾਈਜ਼ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਨੇ ਸਿੱਖਾਂ ਦੀ ਸਹੂਲਤ ਲਈ ਵੱਖਰੇ ਤੌਰ ‘ਤੇ ਇਕ ਸਿੱਖ ਡਾਇਰੈਕਟਰ ਡਾਇਸਪੋਰਾ ਲਈ ਨਿਯੁਕਤ ਕੀਤਾ ਹੈ।
ਉਨ੍ਹਾਂ ਦੀ ਸੰਸਥਾ ਸਿੱਖਾਂ ਦੇ ਧਾਰਮਿਕ ਦਿਹਾੜਿਆਂ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਵਿਸਾਖੀ ਆਦਿ ਮੌਕਿਆਂ ‘ਤੇ ਕੌਮਾਂਤਰੀ ਸੈਮੀਨਾਰ ਤੇ ਵੈੱਬੀਨਾਰ ਵੀ ਆਯੋਜਿਤ ਕਰਦੀ ਹੈ।
ਉਕਤ ਬੈਠਕ ‘ਚ ਸਾਹਿਤਕਾਰ ਇਲਿਆਸ ਘੁੰਮਣ, ਰੇਡੀਉ ਪਾਕਿਸਤਾਨ ਦੇ ਸੀਨੀਅਰ ਪ੍ਰੋਡਿਉਸਰ ਹਾਫ਼ਿਜ਼ ਨਵੀਦ ਅਸਲਮ ਤੇ ਸਹਾਇਕ ਪ੍ਰੋਫ਼ੈਸਰ ਪੰਜਾਬੀ ਵਿਭਾਗ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਡਾ. ਕਲਿਆਣ ਸਿੰਘ ਕਲਿਆਣ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਰੀਆਂ ਗੁਰਮੁਖੀ ਪੁਸਤਕਾਂ ਇਕ ਆਰਕਾਇਵ ‘ਚ ਹੋਣੀਆਂ ਚਾਹੀਦੀਆਂ ਹਨ। ਗੌਰਮਿੰਟ ਕਾਲਜ ਟਾਊਨਸ਼ਿਪ ਲਾਹੌਰ ਦੇ ਪੰਜਾਬੀ ਵਿਭਾਗ ਪ੍ਰਮੁੱਖ ਪ੍ਰੋ. ਡਾ. ਮੁਹੰਮਦ ਤਾਰਿਕ ਖ਼ਾਨ ਨੇ ਸਲਾਹ ਦਿੱਤੀ ਕਿ ਦਿਆਲ ਸਿੰਘ ਫੋਰਮ ਵੱਖ-ਵੱਖ ਮੁਲਕਾਂ ਤੋਂ ਪਾਕਿਸਤਾਨ ਆਉਣ ਵਾਲੇ ਸਿੱਖ ਯਾਤਰੀਆਂ ਲਈ ਸਹੂਲਤ ਕੇਂਦਰ ਦੀ ਸ਼ੁਰੂਆਤ ਕਰ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਵੱਡੀ ਸਹੂਲਤ ਮਿਲੇਗੀ।

 

RELATED ARTICLES

POPULAR POSTS