ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਕਾਂਗਰਸ ਨੇ ਮੈਕਸੀਕੋ ਸਰਹੱਦ ‘ਤੇ ਕੰਧ ਦੀ ਉਸਾਰੀ ਲਈ 5.6 ਅਰਬ ਡਾਲਰ ਦੇ ਫੰਡ ਦੇਣ ਤੋਂ ਮਨ੍ਹਾ ਕੀਤਾ ਤਾਂ ਉਹ ਅਮਰੀਕਾ ਵਿਚ ਸਰਕਾਰ ਦਾ ਕੰਮਕਾਰ ਮਹੀਨਿਆਂ ਜਾਂ ਸਾਲਾਂ ਲਈ ਠੱਪ ਕਰ ਦੇਣਗੇ ਤੇ ਦੇਸ਼ ਵਿੱਚ ਕੌਮੀ ਐਮਰਜੈਂਸੀ ਦਾ ਐਲਾਨ ਕਰ ਦੇਣਗੇ। ਪਿਛਲੇ ਤਕਰੀਬਨ ਦੋ ਹਫ਼ਤਿਆਂ ਤੋਂ ਠੱਪ ਪਏ ਸਰਕਾਰੀ ਕੰਮਕਾਰ ਦਰਮਿਆਨ ਡੈਮੋਕਰੈਟ ਆਗੂਆਂ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਟਰੰਪ ਨੇ ਕਿਹਾ ਕਿ ਉਹ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾ ਕੰਧ ਉਸਾਰਨ ਲਈ ਕੌਮੀ ਐਮਰਜੈਂਸੀ ਦਾ ਐਲਾਨ ਕਰ ਸਕਦੇ ਹਨ। ਡੈਮੋਕਰੈਟਾਂ ਵੱਲੋਂ ਮੀਡੀਆ ਨੂੰ ਟਰੰਪ ਦੀ ਧਮਕੀ ਬਾਰੇ ਦੱਸੇ ਜਾਣ ਮਗਰੋਂ ਟਰੰਪ ਨੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਪੱਤਰਕਾਰਾਂ ਨੂੰ ਦੱਸਿਆ, ‘ਮੈਂ ਬਿਲਕੁਲ ਇਹੀ ਕਿਹਾ ਹੈ।’ ਸੈਨੇਟ ਮੈਂਬਰ ਚੱਕ ਸ਼ੂਮਰ ਨੇ ਕਿਹਾ, ‘ਅਸੀਂ ਰਾਸ਼ਟਰਪਤੀ ਨੂੰ ਕਿਹਾ ਕਿ ਸਰਕਾਰ ਦਾ ਕੰਮਕਾਰ ਖੋਲ੍ਹਣ ਦੀ ਲੋੜ ਹੈ। ਉਨ੍ਹਾਂ ਵਿਰੋਧ ਕੀਤਾ ਤੇ ਕਿਹਾ ਕਿ ਉਹ ਸਰਕਾਰ ਦਾ ਕੰਮ ਲੰਮੇ ਸਮੇਂ ਲਈ ਠੱਪ ਰੱਖ ਸਕਦੇ ਹਨ। ਮਹੀਨਿਆਂ ਜਾਂ ਸਾਲਾਂ ਲਈ।’ ਇਸੇ ਦੌਰਾਨ ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਸਰਹੱਦੀ ਕੰਧ ਦੇ ਮਾਮਲੇ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਮੈਕਸੀਕੋ ਦੀ ਕੌਮਾਂਤਰੀ ਸਰਹੱਦ ਨੇੜੇ ਸੁਰੱਖਿਆ ਕੰਧ ਦੀ ਹਮਾਇਤ ਕਰਦੇ ਹਨ।
ਅਮਰੀਕਾ ‘ਚ ਕਤਲ ਹੋਏ ਪੰਜਾਬੀ ਪੁਲਿਸ ਮੁਲਾਜ਼ਮ ਨੂੰ ਟਰੰਪ ਨੇ ਐਲਾਨਿਆ ‘ਕੌਮੀ ਹੀਰੋ’ઠ
ਡਿਊਟੀ ਦੌਰਾਨ ਹੀ ਰੋਨਿਲ ਸਿੰਘ ਨੂੰ ਮਾਰ ਦਿੱਤੀ ਗਈ ਸੀ ਗੋਲੀ
ਵਾਸ਼ਿੰਗਟਨ : ਅਮਰੀਕਾ ਵਿਚ ਪਿਛਲੇ ਦਿਨੀਂ ਕਤਲ ਕਰ ਦਿੱਤੇ ਗਏ ਪੰਜਾਬੀ ਪੁਲਿਸ ਮੁਲਾਜ਼ਮ ਰੋਨਿਲ ਸਿੰਘ ਲਈ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਅਫਸੋਸ ਜ਼ਾਹਰ ਕੀਤਾ ਹੈ। ਟਰੰਪ ਨੇ ਕਿਹਾ ਕਿ ਰੌਨਿਲ ਸਿੰਘ ਅਮਰੀਕਾ ਦਾ ਹੀਰੋ ਹੈ। ਟਰੰਪ ਨੇ ਟਵੀਟ ਕਰਦਿਆਂ ਰੌਨਿਲ ਸਿੰਘ ਨੂੰ ਕੌਮੀ ਹੀਰੋ ਐਲਾਨਿਆ। ਉਨ੍ਹਾਂ ਲਿਖਿਆ ਕਿ ਜਿਸ ਤਰ੍ਹਾਂ ਰੋਨਿਲ ਦਾ ਕਤਲ ਹੋਇਆ, ਉਸ ਨਾਲ ਹਰ ਅਮਰੀਕੀ ਦਾ ਦਿਲ ਟੁੱਟਿਆ ਹੈ। ਟਰੰਪ ਨੇ ਮਾਰੇ ਗਏ ਪੁਲਿਸ ਅਫ਼ਸਰ ਦੇ ਪਰਿਵਾਰ ਅਤੇ ਦੋਸਤਾਂ ਨਾਲ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਕ੍ਰਿਸਮਿਸ ਮੌਕੇ ਨੌਜਵਾਨ ਪੁਲਿਸ ਅਫ਼ਸਰ ਨੂੰ ਗ਼ੈਰ ਕਾਨੂੰਨੀ ਪਰਵਾਸੀ ਵਿਅਕਤੀ ਨੇ ਮਾਰਿਆ ਤਾਂ ਪੂਰੇ ਦੇਸ਼ ਦਾ ਦਿਲ ਦੁਖਿਆ। ਧਿਆਨ ਰਹੇ ਕਿ 33 ਸਾਲਾ ਰੋਨਿਲ ਸਿੰਘ ਨਿਊਮੈਨ ਪੁਲਿਸ ਵਿਭਾਗ ਵਿਚ ਮੁਲਾਜ਼ਮ ਸੀ ਅਤੇ ਉਸ ਨੂੰ ਡਿਊਟੀ ਦੌਰਾਨ ਹੀ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਨੇ ਦੋਸ਼ੀ ਨੂੰ ਮੈਕਸੀਕੋ ਤੋਂ ਗ੍ਰਿਫ਼ਤਾਰ ਵੀ ਕਰ ਲਿਆ ਸੀ।
ਯੋਗ ਵਿਦਿਆਰਥੀ ਅਮਰੀਕਾ ‘ਚ ਰਹਿ ਕੇ ਦੇਸ਼ ਦਾ ਵਿਕਾਸ ਕਰਨ : ਟਰੰਪ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਦੇਸ਼ ਦੀਆਂ ਸਭ ਤੋਂ ਮੋਹਰੀ ਸੰਸਥਾਵਾਂ ਵਿਚ ਪੜ੍ਹਨ ਮਗਰੋਂ ਅਮਰੀਕਾ ਛੱਡਣ ‘ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਯੋਗ ਲੋਕ ਇੱਥੇ ਰਹਿ ਕੇ ਹੀ ਦੇਸ਼ ਦੀਆਂ ਕੰਪਨੀਆਂ ਦੇ ਵਿਕਾਸ ਵਿਚ ਯੋਗਦਾਨ ਪਾਉਣ। ਇੱਥੇ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘ਦੇਸ਼ ਦੀ ਬੇਤੁਕੀ ਆਵਾਸ ਨੀਤੀ ਕਾਰਨ ਅਮਰੀਕਾ ਦੇ ਹੁਨਰਮੰਦ ਲੋਕ ਇੱਥੋਂ ਜਾ ਰਹੇ ਹਨ।’ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਗੈਰਕਾਨੂੰਨੀ ਪਰਵਾਸ ਨੂੰ ਰੋਕਣ ਲਈ ਆਪਣੀ ਨੀਤੀ ਦੀਆਂ ਖਾਮੀਆਂ ਦੂਰ ਕਰਨਾ ਚਾਹੁੰਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਯੋਗਤਾ ਤੇ ਮੈਰਿਟ ਦੇ ਆਧਾਰ ‘ਤੇ ਅਮਰੀਕਾ ਆਉਣ। ਉਨ੍ਹਾਂ ਕਿਹਾ, ‘ਸਾਡੇ ਕੋਲ ਬਹੁਤ ਸਾਰੀਆਂ ਕੰਪਨੀਆਂ ਆ ਰਹੀਆਂ ਹਨ। ਸਾਨੂੰ ਚੰਗੇ ਲੋਕਾਂ ਦੀ ਲੋੜ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਉਹ ਮੈਰਿਟ ਤੇ ਯੋਗਤਾ ਦੇ ਆਧਾਰ ‘ਤੇ ਹੀ ਅਮਰੀਕਾ ਆਉਣ। ਉਹ ਇਸ ਤਰ੍ਹਾਂ ਨਹੀਂ ਆ ਸਕਦੇ ਜਿਸ ਤਰ੍ਹਾਂ ਪਿਛਲੇ ਵਰ੍ਹਿਆਂ ਤੋਂ ਆ ਰਹੇ ਹਨ।’