ਬਠਿੰਡਾ : ਕਿੱਥੇ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਤੇ ਕਿੱਥੇ ਓਮ ਪੁਰੀ ਦੀਆਂ ਗੱਲ੍ਹਾਂ। ਏਡਾ ਫ਼ਰਕ ਹੈ, ਜਮਹੂਰੀ ਦਰਬਾਰ ਦੇ ‘ਰਾਜਾ ਭੋਜ’ ਤੇ ‘ਗੰਗੂ ਤੇਲੀ’ ਦੀ ਸੜਕ ਵਿਚ। ਕਾਮਰੇਡ ਆਖਦੇ ਹਨ ਕਿ ਲੋਕਾਂ ਦੇ ਖਾਨੇ ਫਿਰ ਵੀ ਕਿਉਂ ਨਹੀਂ ਪੈਂਦੀ। ਲੋਕ ਰਾਜ ਦਾ ‘ਭੋਜ’ ਬੋਲਾ ਹੋ ਜਾਵੇ ਤਾਂ ‘ਗੰਗੂ ਤੇਲੀ’ ਨੂੰ ਇਨ੍ਹਾਂ ਸੜਕਾਂ ‘ਤੇ ਹੀ ਕੂਕਣਾ ਪੈਂਦਾ ਹੈ। ਕਦੇ ਗੰਨੇ ਦੇ ਭਾਅ ਲਈ, ਕਦੇ ਸਿਰ ਦੀ ਛੱਤ ਲਈ ਤੇ ਕਦੇ ਰੁਜ਼ਗਾਰ ਲਈ।
ਪੰਜਾਬ ਵਿਚ ਜੇ ਸੁੱਖ ਹੁੰਦੀ ਤਾਂ ਇਨ੍ਹਾਂ ਸੜਕਾਂ ‘ਤੇ ਆਲੂ ਨਾ ਰੁਲਦੇ। ਖ਼ੈਰ, ਰੁਲ ਤਾਂ ‘ਗੰਗੂ ਤੇਲੀ’ ਵੀ ਰਹੇ ਹਨ। ਜਦੋਂ ਦਿੱਲੀ ਦੀ ਗੱਦੀ ਦਾ ਥਾਪੜਾ ਹੋਵੇ ਤਾਂ ਕਿਸੇ ਪਹਿਲੂ ਖ਼ਾਨ ਨੂੰ ਕੌਣ ਬਚਾਅ ਸਕਦਾ ਹੈ। ਕੌਮੀ ਸੜਕ ‘ਤੇ ਤੜਪ-ਤੜਪ ਕੇ ਮਰਿਆ। ਵਾਰਸ ਕਿਸ ਤੋਂ ਨਿਆਂ ਮੰਗਣ? ਇੰਜ ਲੱਗਦਾ ਹੈ ਜਿਵੇਂ ਸੜਕਾਂ ਉੱਤੇ ‘ਹਿੰਸਕ ਭੀੜ’ ਦਾ ਰਾਜ ਹੋਵੇ।
ਅਲਵਰ ਜ਼ਿਲ੍ਹੇ ਵਿਚ ਰਕਬਰ ਨੂੰ ਸੜਕ ਉੱਤੇ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਇਹ ਕਿਹੋ ਜਿਹਾ ਇਨਸਾਫ਼ ਹੈ, ਜੋ ਸੜਕਾਂ ਉੱਤੇ ਮਿਲਦਾ ਹੈ। ਭੜਕੀ ਹੋਈ ਭੀੜ ਨੇ 80 ਜਾਨਾਂ ਲਈਆਂ ਹਨ। ਬਹੁਤਿਆਂ ਦੀ ਜਾਨ ਸੜਕਾਂ ‘ਤੇ ਲਈ ਗਈ। ਤੀਹ ਮਾਮਲਿਆਂ ਵਿਚ ਗਊ ਰੱਖਿਅਕਾਂ ਉੱਤੇ ਉਂਗਲ ਉੱਠੀ ਹੈ। ਸੁਰਿੰਦਰ ਕੌਰ ਸ਼ਾਇਦ ਅੱਜ ਇਹ ਨਾ ਗਾਉਂਦੀ ‘ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ।’ ਹੁਣ ਤਾਂ ਸੜਕਾਂ ‘ਤੇ ਕੰਡੇ ਨਹੀਂ ਚੁੱਭਦੇ, ਸਗੋਂ ਜਾਨ ਕੱਢਦੇ ਹਨ। ਲੋਕ ਰਾਜ ਦੇ ਤੇਲੀ ਨੂੰ ਨਿਤਾਣਾ ਕਹੋ ਤੇ ਚਾਹੇ ਸਿਆਣਾ। ਐਸਾ ਜੜ੍ਹੀਂ ਤੇਲ ਦਿੱਤਾ ਕਿ ਤਿੰਨ ਰਾਜਾਂ ਦੇ ਭੋਜ ਸਿਰ ਪਰਨੇ ਜਾ ਡਿੱਗੇ। ਸੜਕਾਂ ਕਿੱਥੋਂ ਤੇ ਕਿੱਥੇ ਜਾਂਦੀਆਂ ਹਨ, ਬਲਦੇਵ ਸਿੰਘ ਸੜਕਨਾਮਾ ਤੋਂ ਵੱਧ ਕੌਣ ਜਾਣ ਸਕਦਾ ਹੈ, ਜਿਨ੍ਹਾਂ ਦਿੱਲੀ ਦੱਖਣ ਗਾਹਿਆ। ਸੜਕਾਂ ਵਾਂਗ ਗੱਲ ਵੀ ਕਿੱਧਰੋਂ ਕਿੱਧਰ ਚਲੀ ਗਈ। ਹੇਮਾ ਮਾਲਿਨੀ ਦੀਆਂ ਦਰਸ਼ਨੀ ਗੱਲਾਂ ਵਿਚੇ ਭੁੱਲ ਗਏ। ਨੇਤਾਵਾਂ ਨੂੰ ਚੋਣਾਂ ਵੇਲੇ ਫਿਲਮੀ ਬੀਬੀਆਂ ਦਾ ਬੜਾ ਹੇਜ ਆਉਂਦਾ ਹੈ। ਗੱਲ ਥੋੜ੍ਹੀ ਪੁਰਾਣੀ ਹੈ। ਲਾਲੂ ਪ੍ਰਸਾਦ ਯਾਦਵ ਨੇ ਇਕ ਵਾਰ ਚੋਣਾਂ ਵਿਚ ਐਲਾਨਿਆ ਕਿ ਬਿਹਾਰ ਦੀਆਂ ਸੜਕਾਂ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਬਣਾਵਾਂਗੇ। ਹੋਣਾ ਕੀ ਸੀ, ਰਾਤ ਗਈ, ਬਾਤ ਗਈ। ਬਿਹਾਰੀ ਲੋਕਾਂ ਨੇ ਉਲਾਂਭਾ ਦਿੱਤਾ, ‘ਸੜਕਾਂ ਉੱਤੇ ਤਾਂ ਟੋਏ ਨੇ।’ ਅੱਗੋਂ ਲਾਲੂ ਨੇ ਆਖਿਆ, ‘ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਿਚ ਵੀ ਤਾਂ ਟੋਏ ਨੇ।’
ਸੁਖਬੀਰ ਬਾਦਲ ਨੇ ਪੰਜਾਬ ਵਿਚ ਕਿਤੇ ਚਹੁੰ-ਮਾਰਗੀ ਤੇ ਛੇ ਮਾਰਗੀ ਸੜਕਾਂ ਦਾ ਜਾਲ ਵਿਛਾਇਆ। ਨਾਲ ਗਾਰੰਟੀ ਵੀ ਦਿੱਤੀ ਕਿ ਸੜਕਾਂ ਬੰਬਾਂ ਨਾਲ ਵੀ ਨਹੀਂ ਟੁੱਟਣਗੀਆਂ। ਮੀਂਹ ਦੀ ਪਹਿਲੀ ਝੜੀ ਨੇ ਟੋਏ ਪਾ ਦਿੱਤੇ। ਕਿਸੇ ਮਜ਼ਾਹੀਏ ਨੇ ਪੱਖ ਰੱਖਿਆ ‘ਗਾਰੰਟੀ ਬੰਬਾਂ ਦੀ ਸੀ ਨਾ ਕਿ ਮੀਂਹ ਦੀ।’ ਖ਼ੈਰ, ਪੰਜਾਬ ਮਲਾਈਦਾਰ ਸੜਕਾਂ ਦਾ ਲੁਤਫ਼ ਲੈਂਦਾ ਜੇ ਕਿਤੇ ਟੌਲ ਨਾ ਹੁੰਦਾ। ਵੱਡੇ ਬਾਦਲ ਨੇ ਕੇਰਾਂ ਸਟੇਜ ਤੋਂ ਆਖਿਆ, ‘ਏਦਾਂ ਦੀਆਂ ਮਖਮਲੀ ਸੜਕਾਂ ਬਣਾਵਾਂਗੇ, ਚਾਹੇ ਸਾਡੇ ਪਿੰਡ ਵਾਲਾ ਮਰਾਸੀ ਭੰਗੜੇ ਪਾਉਂਦਾ ਫਿਰੇ।’ ਸੰਤੋਖ ਸਿੰਘ ਧੀਰ ਵੀ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਲਿਖ ਕੇ ਗੇੜਾ ਲਾ ਗਿਆ ਲੱਗਦੈ। ਪੁਰਾਣੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਫਰਮਾਉਂਦੇ ਨੇ, ‘ਅਮਰੀਕਾ ਦੀਆਂ ਸੜਕਾਂ ਤੋਂ ਕਿਤੇ ਵਧੀਆ ਨੇ ਮੱਧ ਪ੍ਰਦੇਸ਼ ਦੀਆਂ ਸੜਕਾਂ।’ ਕਾਂਗਰਸੀ ਰੌਲਾ ਪਾਉਂਦੇ ਰਹੇ ਤੇ ਸੜਕਾਂ ਦੇ ਟੋਏ ਦਿਖਾਉਂਦੇ ਰਹੇ। ਗੁਰਸ਼ਰਨ ਭਾਅ ਜੀ ਨੇ ਪਿੰਡ ਪਿੰਡ ਨਾਟਕ ‘ਟੋਆ’ ਵਿਖਾਇਆ ਜੋ ਲੋਕ ਵਿਥਿਆ ਦਾ ਪ੍ਰਤੱਖ ਬਣਿਆ। ਦੇਸ਼ ਵਿਚ ਸੜਕੀ ਖੱਡਿਆਂ ਕਾਰਨ ਰੋਜ਼ਾਨਾ ਔਸਤਨ 9 ਜ਼ਿੰਦਗੀਆਂ ਵਿਦਾ ਹੁੰਦੀਆਂ ਹਨ। ਸੜਕ ਹਾਦਸੇ ਪੰਜਾਬ ਵਿਚ ਰੋਜ਼ਾਨਾ ਔਸਤਨ 13 ਜਾਨਾਂ ਲੈਂਦੇ ਹਨ।
ਸੜਕਾਂ ‘ਤੇ ਯਮਦੂਤ ਹਰਲ-ਹਰਲ ਕਰਦਾ ਫਿਰਦੈ।
ਪੰਜਾਬ ਵਿਚ 60 ਹਜ਼ਾਰ ਕਿਲੋਮੀਟਰ ਸੰਪਰਕ ਸੜਕਾਂ ਨੂੰ ਟਾਕੀਆਂ ਲਾਉਣ ਲਈ ਵੀ ਮੰਡੀ ਬੋਰਡ ਨੂੰ ਕਰਜ਼ਾ ਚੁੱਕਣਾ ਪੈਂਦਾ ਹੈ। ਇਨ੍ਹਾਂ ‘ਤੇ ਖੱਡੇ ਹੀ ਖੱਡੇ ਹਨ, ਲੋਕਾਂ ਦੀਆਂ ਸੜਕਾਂ ਜੋ ਹੋਈਆਂ। ਸਮਰਾਲਾ-ਝਾੜ ਸੜਕ ਲਈ ਤਿੰਨ ਪਿੰਡਾਂ ਦੇ ਲੋਕਾਂ ਨੂੰ ਕੁੱਦਣਾ ਪਿਆ। ਇਕ ਵਾਰ ਭਗਵੰਤ ਮਾਨ ਨੇ ਡੀਸੀ ਨੂੰ ਫੋਨ ਕਰ ਕੇ ਪੁੱਛਿਆ ਕਿ ਸਾਹਮਣੇ ਬੋਰਡ ਤਾਂ ਲੱਗਿਐ ਕਿ ਸੜਕ ਸੰਗਤੀਵਾਲ ਨੂੰ ਜਾਂਦੀ ਹੈ ਪਰ ਸੜਕ ਨਹੀਂ ਹੈ। ਵਾਇਰਲ ਵੀਡੀਓ ਦਾ ਕਾਫੀ ਰੌਲਾ ਪਿਆ। ਸੜਕ ਦਾ ਮੁੱਲ ਤਾਂ ਕੋਈ ਆਨੰਦਪੁਰ ਸਾਹਿਬ ਦੇ ਪਿੰਡ ਕੱਲਰ ਦੇ ਲੋਕਾਂ ਤੋਂ ਪੁੱਛੇ, ਜਿਨ੍ਹਾਂ ਨੂੰ ਦੋ ਕਿਲੋਮੀਟਰ ਸੜਕ ਦਾ ਟੋਟਾ ਨਾ ਹੋਣ ਕਰਕੇ ਪਹਾੜਪੁਰ ਡਿੱਪੂ ਤੋਂ ਰਾਸ਼ਨ ਲੈਣ ਲਈ 40 ਕਿਲੋਮੀਟਰ ਵਲ ਕੇ ਆਉਣਾ ਪੈਂਦੈ। ਚਾਹੁੰਦਾ ਤਾਂ ਪੰਜਾਬ ਦਾ ਹਰ ਪਿੰਡ ਹੈ ਕਿ ਉਸ ਦੇ ਭਾਗ ਪਿੰਡ ਬਾਦਲ ਵਰਗੇ ਹੋਣ। 30 ਕਰੋੜ ਦੇ ਕੇਂਦਰੀ ਫੰਡਾਂ ਨਾਲ ਬਾਦਲਾਂ ਨੇ ਬਠਿੰਡਾ-ਬਾਦਲ ਸੜਕ ਬਣਾਈ ਸੀ, ਜਦੋਂਕਿ ਇਹ ਫੰਡ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੜਕ ਲਈ ਆਏ ਸਨ। ਕੇਂਦਰੀ ਫੰਡਾਂ ਦਾ ਵੱਡਾ ਗੱਫਾ ਹੁਣ ਮੰਤਰੀ ਵਿਜੇ ਸਿੰਗਲਾ ਸੰਗਰੂਰ ਵਿਚ ਵਰਤ ਰਹੇ ਹਨ।
ਵੱਡੇ ਬਾਦਲ ਆਖਦੇ ਹਨ ਕਿ ਉਨ੍ਹਾਂ ਬਤੌਰ ਸਰਪੰਚ ਸਭ ਤੋਂ ਪਹਿਲੀ ਸੜਕ ਖਿਉਵਾਲੀ-ਬਾਦਲ ਬਣਾਈ ਸੀ। ਬਾਦਲਾਂ ਨੇ ਸਰਕਾਰੀ ਖਜ਼ਾਨੇ ਨਾਲ ਆਖ਼ਰੀ ਸੜਕ ਆਪਣੇ ਸੱਤ ਤਾਰਾ ਹੋਟਲ (ਪੱਲਣਪੁਰ) ਲਈ ਬਣਾਈ ਹੈ। ਮਹੇਸ਼ਪੁਰ (ਖਮਾਣੋਂ) ਦੀ ਮਜ਼ਦੂਰ ਔਰਤ ਪੂਨਮ ਨੂੰ ਇਸ ਦਾ ਕੀ ਭਾਅ, ਸੜਕੀ ਖੱਡਿਆਂ ਕਾਰਨ ਜਿਸ ਦਾ ਬੱਚਾ ਸੜਕ ‘ਤੇ ਜਨਮਿਆ ਤੇ ਬਚ ਨਾ ਸਕਿਆ। ਸਮਾਂ ਮਿਲੇ ਤਾਂ ਮੁੱਖ ਮੰਤਰੀ ਨੂੰ ਪੇਂਡੂ ਸੜਕਾਂ ਦਾ ਗੇੜਾ ਜ਼ਰੂਰ ਮਾਰਨਾ ਚਾਹੀਦਾ ਹੈ। ਕੋਈ ਦਿਨ ਅਜਿਹਾ ਨਹੀਂ ਲੰਘਦਾ, ਜਦੋਂ ਸੰਘਰਸ਼ੀ ਲੋਕ ਸੜਕਾਂ ‘ਤੇ ਨਾ ਨਿਕਲੇ ਹੋਣ। ਅਨਿਆਂ ਖ਼ਿਲਾਫ਼ ਔਰਤਾਂ ਦੀ ਮਨੁੱਖੀ ਕੜੀ ਬਣਦੀ ਹੈ ਤਾਂ ਕੇਰਲਾ ਦੀਆਂ ਸੜਕਾਂ ਵੀ ਛੋਟੀਆਂ ਪੈ ਜਾਂਦੀਆਂ ਹਨ।
ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਨੂੰ ਵੀ ਠੰਢ ਵਿਚ ਸੜਕਾਂ ‘ਤੇ ਬੈਠਣ ਦਾ ਕੋਈ ਚਾਅ ਨਹੀਂ। ਰੋਹ ਜਾਗਦਾ ਹੈ ਤਾਂ ਬਰਗਾੜੀ ਦੀਆਂ ਸੜਕਾਂ ‘ਤੇ ਤਿਲ ਸੁੱਟਣ ਜੋਗੀ ਥਾਂ ਵੀ ਨਹੀਂ ਬਚਦੀ। ਪੰਜਾਬ ਦੇ ਤੇਲੀ ਉਦਾਸ ਜ਼ਰੂਰ ਹਨ ਪਰ ਉਨ੍ਹਾਂ ਦੇ ਅੰਦਰ ਤਾੜਾ ਲਾਉਣ ਦੀ ਹਿੰਮਤ ਅਜੇ ਘਟੀ ਨਹੀਂ। ਇਸ ਲਈ ਜ਼ਰਾ ਬਚ ਕੇ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …