ਕੁਮਾਰ ਵਿਸ਼ਵਾਸ ਨੂੰ ਵੀ 26 ਅਪ੍ਰੈਲ ਨੂੰ ਹੀ ਸੱਦਿਆ ਗਿਆ ਹੈ ਰੋਪੜ ਥਾਣੇ
ਚੰਡੀਗੜ੍ਹ/ਬਿਊਰੋ ਨਿਊਜ਼
ਕੁਮਾਰ ਵਿਸ਼ਵਾਸ ਅਤੇ ਕਾਂਗਰਸੀ ਆਗੂ ਅਲਕਾ ਲਾਂਬਾ ’ਤੇ ਦਰਜ ਹੋਏ ਮਾਮਲੇ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਗਰਮਾ ਗਈ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਕੇ ਇਸ ਨੂੰ ਅਰਵਿੰਦ ਕੇਜਰੀਵਾਲ ਦਾ ਰਾਜਨੀਤਿਕ ਅੱਤਵਾਦ ਕਰਾਰ ਦਿੱਤਾ। ਕਾਂਗਰਸੀ ਆਗੂ ਅਲਕਾ ਨੇ ਕਿਹਾ ਕਿ ਮੈਂ ਨੋਟਿਸ ਅਨੁਸਾਰ 26 ਅਪ੍ਰੈਲ ਨੂੰ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਪੰਜਾਬ ਆਵਾਂਗੀ ਅਤੇ ਮੈਂ ਜੋ ਕਿਹਾ ਸੀ ਉਸ ’ਤੇ ਸਦਾ ਕਾਇਮ ਰਹਾਂਗੀ। ਮੈਂ ਆਮ ਆਦਮੀ ਪਾਰਟੀ ਵਾਂਗ ਨਸ਼ਾ ਮਾਫ਼ੀਆ ਕੋਲੋਂ ਲਿਖਤੀ ਮੁਆਫ਼ੀ ਮੰਗ ਕੇ ਘਰ ਬੈਠਣ ਵਾਲਿਆਂ ’ਚੋਂ ਨਹੀਂ। ਉਧਰ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਨੂੰ ਵੀ ਇਸੇ ਦਿਨ ਰੋਪੜ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ’ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਸਮੇਂ ਦੀ ਆਹਟ ਸੁਣੋ ਅਤੇ ਨਿਸ਼ਚਿੰਤ ਰਹੋ। ਧਿਆਨ ਕੁਮਾਰ ਵਿਸ਼ਵਾਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਵੱਖਵਾਦੀ ਅਨਸਰਾਂ ਨਾਲ ਸਬੰਧ ਹੋਣ ਦੇ ਆਰੋਪ ਲਗਾਏ ਸਨ, ਜਿਸ ਦੀ ਹਮਾਇਤ ਅਲਕਾ ਲਾਂਬਾ ਵੱਲੋਂ ਕੀਤੀ ਗਈ ਸੀ, ਜਿਸ ਨੂੰ ਲੈ ਕੇ ਕੁਮਾਰ ਵਿਸ਼ਵਾਸ ਖਿਲਾਫ ਲੰਘੀ 12 ਅਪ੍ਰੈਲ ਨੂੰ ਰੋਪੜ ਦੇ ਸਦਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ ਜਦਕਿ ਕਾਂਗਰਸੀ ਆਗੂ ਅਲਕਾ ਲਾਂਬਾ ਨੂੰ ਇਸ ਕੇਸ ਵਿਚ ਬਾਅਦ ਵਿਚ ਨਾਮਜ਼ਦ ਕੀਤਾ ਗਿਆ ਸੀ। ਲੰਘੇ ਕੱਲ੍ਹ ਕੁਮਾਰ ਵਿਸ਼ਵਾਸ ਅਤੇ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਘਰ ਪੰਜਾਬ ਪੁਲਿਸ ਵੱਲੋਂ ਰੇਡ ਕੀਤੀ ਗਈ ਸੀ ਅਤੇ ਉਨ੍ਹਾਂ ਨੋਟਿਸ ਦੇ ਕੇ ਰੋਪੜ ਦੇ ਸਦਰ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ।

