Breaking News
Home / ਦੁਨੀਆ / ਹਾਜਡੂ ਤੇ ਹੁਸੈਨ ਨੇ ਕੈਨੇਡਾ ‘ਚ ਨਵੇਂ ਆਉਣ ਵਾਲੇ ਇੰਮੀਗਰਾਂਟਾਂ ਲਈ ਨਵੀਂ ਰੋਜ਼ਗਾਰ ਨੀਤੀ ਬਾਰੇ ਰੌਸ਼ਨੀ ਪਾਈ

ਹਾਜਡੂ ਤੇ ਹੁਸੈਨ ਨੇ ਕੈਨੇਡਾ ‘ਚ ਨਵੇਂ ਆਉਣ ਵਾਲੇ ਇੰਮੀਗਰਾਂਟਾਂ ਲਈ ਨਵੀਂ ਰੋਜ਼ਗਾਰ ਨੀਤੀ ਬਾਰੇ ਰੌਸ਼ਨੀ ਪਾਈ

ਮੇਜ਼ਬਾਨ ਸੋਨੀਆ ਸਿੱਧੂ ਵੱਲੋਂ ਕੀਤੀ ਗਈ ਇਸ ਉੱਦਮ ਦੀ ਭਾਰੀ ਸ਼ਲਾਘਾ
ਬਰੈਂਪਟਨ/ਬਿਉਰੋ ਨਿਉਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਬਰੈਂਪਟਨ ਸਥਿਤ ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਇੰਮੀਗਰੇਸ਼ਨ, ਰਿਫ਼ਿਊਜੀ ਤੇ ਸਿਟੀਜ਼ਨ ਮੰਤਰੀ ਅਹਿਮਦ ਹੂਸੈਨ ਅਤੇ ਐਂਪਲਾਇਮੈਂਟ, ਵਰਕਫੋਰਸ ਡਿਵੈੱਲਪਮੈਂਟ ਅਤੇ ਲੇਬਰ ਮੰਤਰੀ ਪੈਟੀ ਹਾਜਡੂ ਬਰੈਂਪਟਨ ਡਾਊਨ ਟਾਊਨ ਵਿਖੇ ਤਸ਼ਰੀਫ਼ ਲਿਆਏ ਅਤੇ ਉਨ੍ਹਾਂ ਨੇ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਰਕਾਰ ਦੀ ‘ਟਾਰਗੈੱਟਡ ਐਂਪਲਾਇਮੈਂਟ ਸਟਰੈਟਿਜੀ’ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਬਰੈਂਪਨ ਵਿੱਚ ਆਉਣ ‘ਤੇ ਮੰਤਰੀਆਂ ਦਾ ਸੁਆਗ਼ਤ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਟਾਰਗੈੱਟਡ ਐਂਪਲਾਇਮੈਂਟ ਸਟਰੈਟਿਜੀ ਬੱਜਟ 2017 ਦਾ ਵਿਕਾਸਮਈ ਮੁੱਦਾ ਹੈ ਜੋ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਕੈਨੇਡਾ ਦੇ ਅਰਥਚਾਰੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਆਉਣ ਵਾਲੀਆਂ ਅੜਿੱਚਣਾਂ ਨੂੰ ਘਟਾਉਣ ਵਿੱਚ ਸਹਾਈ ਹੋਵੇਗਾ। ਮੈਨੂੰ ਇਸ ਖ਼ੇਤਰ ਵਿੱਚ ਹੋਣ ਵਾਲੇ ਪੂੰਜੀ ਨਿਵੇਸ਼ ‘ਤੇ ਖ਼ਾਸ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਮੈਂ ਅਕਸਰ ਸੁਣਦੀ ਹਾਂ ਕਿ ਨਵੇਂ ਆਉਣ ਵਾਲੇ ਇੰਮੀਗਰੈਂਟਾਂ ਆਪਣੇ ਦੇਸ਼ਾਂ ਵਿੱਚ ਪ੍ਰਾਪਤ ਕੀਤੇ ਹੋਏ ਸਕਿੱਲਾਂ, ਯੋਗਤਾਵਾਂ ਅਤੇ ਸਿਖਲਾਈ ਨੂੰ ਇੱਥੇ ਵਰਤੋਂ ਵਿੱਚ ਲਿਆਉਣ ‘ਚ ਦਿੱਕਤ ਮਹਿਸੂਸ ਕਰਦੇ ਹਨ।”
ਸਰਕਾਰ ਵੱਲੋਂ ਨਵੀਂ ਟਾਰਗੈੱਟਡ ਐਂਪਲਾਇਮੈਂਟ ਸਟਰੈਟਿਜੀ ਦਾ ਕੀਤਾ ਗਿਆ ਇਹ ਐਲਾਨ ਆਉਣ ਵਾਲੇ ਇੰਮੀਗਰੈਂਟਾਂ ਲਈ ਨੌਕਰੀਆਂ ਲੱਭਣ ਵਿੱਚ ਸਹਾਈ ਹੋਵੇਗਾ ਜਿਹੜੀਆਂ ਉਨ੍ਹਾਂ ਦੀਆਂ ਯੋਗਤਾਵਾਂ, ਸਕਿੱਲਾਂ ਅਤੇ ਤਜਰਬੇ ਦੇ ਹਾਣ ਦੀਆਂ ਹਨ। ਇਸ ਮਕਸਦ ਲਈ ਸਰਕਾਰ ਸਾਲ 2017-18 ਤੋਂ ਸ਼ੁਰੂ ਕਰਕੇ ਆਉਂਦੇ ਪੰਜ ਸਾਲਾਂ ਲਈ 27.5 ਮਿਲੀਅਨ ਡਾਲਰ ਖ਼ਰਚ ਕਰੇਗੀ ਅਤੇ ਇੰਜ ਹਰ ਸਾਲ 5.5 ਮਿਲੀਅਨ ਡਾਲਰ ਦੀ ਰਕਮ ਇਸ ਕਾਰਜ ਉੱਪਰ ਖ਼ਰਚ ਹੋਇਆ ਕਰੇਗੀ ਜੋ ਨਵੇਂ ਇੰਮੀਗਰੈਂਟਸ ਨੂੰ ਆਪਣੇ ਪ੍ਰੋਫ਼ੈਸ਼ਨ ਵਿੱਚ ਨਵੇਂ ਸਕਿੱਲ ਅਤੇ ਕੈਨੇਡੀਅਨ ਤਜਰਬਾ ਹਾਸਲ ਕਰਨ ਲਈ ਕਰਜ਼ੇ ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਸ ਮੌਕੇ ਮੰਤਰੀ ਹਜਡੂ ਨੇ ਨੋਟ ਕੀਤਾ ਕਿ ਖ਼ਰਚੀ ਜਾਣ ਵਾਲੀ ਇਸ ਰਕਮ ਲਈ ਪਾਇਲਟ ਪ੍ਰੋਗਰਾਮਾਂ, ਜਾਗਰੂਕਤਾ ਮੁਹਿੰਮਾਂ ਅਤੇ ਲੀਡਰਸ਼ਿਪ ਦੀ ਵੀ ਜ਼ਰੂਰਤ ਪਵੇਗੀ।
ਮੰਤਰੀ ਹੁਸੈਨ ਨੇ ਇਸ ਮੌਕੇ ਅਗਾਊਂ ਸੇਵਾਵਾਂ ਦੇ ਫ਼ਾਇਦਿਆਂ ਦੀ ਗੱਲ ਕੀਤੀ ਜਿਨ੍ਹਾਂ ਨਾਲ ਨਵੇਂ ਇੰਮੀਗਰੈਂਟਾਂ ਨੂੰ ਲੇਬਰ ਮਾਰਕੀਟ ਵਿੱਚ ਹੋਰ ਵੀ ਸਾਰਥਕ ਢੰਗ ਨਾਲ ਦਾਖ਼ਲ ਕੀਤਾ ਜਾ ਸਕਦਾ ਹੈ। ਮੰਤਰੀ ਹੁਸੈਨ ਨੇ ਆਪਣੇ ਸੰਬੋਧਨ ਵਿੱਚ ਕਿਹਾ,”ਮੈਂ ਆਪਣੇ ਸਾਥੀ ਸੋਨੀਆ ਸਿੱਧੂ ਦਾ ਖ਼ਾਸ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਨਵੇਂ ਇੰਮੀਗਰੈਂਟਾਂ ਦੀ ਹਰ ਤਰ੍ਹਾਂ ਸਹਾਇਤਾ ਕਰਨ ਲਈ ਮਜ਼ਬੂਤ ਆਵਾਜ਼ ਬਣੀ ਹੈ। ਮੈਨੂੰ ਪਤਾ ਹੈ ਕਿ ਅੱਜ ਉਸ ਦੇ ਲਈ ਔਟਵਾ ਪਹੁੰਚਣਾ ਜ਼ਰੂਰੀ ਸੀ ਕਿਉਂਕਿ ਸੰਸਦ ਵਿੱਚ ਅੱਜ ਬੱਜਟ 2017 ਅਤੇ ਨੈਸ਼ਨਲ ਸਕਿਉਰਿਟੀ ਸਬੰਧੀ ਬਿੱਲ ਸੀ-22 ਉੱਪਰ ਵੋਟਿੰਗ ਹੋਣੀ ਸੀ ਪਰ ਉਸ ਨੇ ਉੱਥੇ ਜਾਣ ਦੀ ਬਜਾਏ ਇੱਥੇ ਇਸ ਫੰਕਸ਼ਨ ‘ਤੇ ਆਉਣਾ ਵਧੇਰੇ ਜ਼ਰੂਰੀ ਸਮਝਿਆ ਹੈ। ਜੇਕਰ ਇੰਮੀਗਰੈਂਟ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਸਮਝੋ ਅਸੀਂ ਵੀ ਸਾਰੇ ਸਫ਼ਲ ਹਾਂ।” ਇਸ ਮੌਕੇ ਬੋਲਦਿਆਂ ਸੋਨੀਆ ਸਿੱਧੂ ਨੇ ਕਿਹਾ,”ਨਵੀਆਂ ਨੌਕਰੀਆਂ ਪੈਦਾ ਕਰਨ, ਅਰਥਚਾਰੇ ਨੂੰ ਮਜ਼ਬੂਤ ਕਰਨ ਅਤੇ ਮੱਧ-ਵਰਗੀ ਲੋਕਾਂ ਨੂੰ ਨਵੇਂ ਮੌਕੇ ਪ੍ਰਦਾਨ ਕਰਨ ਲਈ ਬੱਜਟ 2017 ਫ਼ੈੱਡਰਲ ਸਰਕਾਰ ਦੀ ਆਸ਼ਾਵਾਦੀ ਯੋਜਨਾ ਹੈ। ਮੈਂ ਇਸ ਦੇ ਬਾਰੇ ਬਰੈਂਪਟਨ-ਵਾਸੀਆਂ ਨਾਲ ਭਵਿੱਖ ਵਿੱਚ ਹੋਰ ਗੱਲਬਾਤ ਕਰਦੀ ਰਹਾਂਗੀ ਕਿਉਂਕਿ ਇਸ ਪੂੰਜੀ ਨਿਵੇਸ਼ ਨਾਲ ਬਰੈਂਪਟਨ ਨੂੰ ਵੀ ਬਹੁਤ ਲਾਭ ਹੋਵੇਗਾ। ਇਸ ਸਟਰੈਟਿਜੀ ਮੇਰੀ ਰਾਈਡਿੰਗ ਦੇ ਇੰਮੀਗਰੈਂਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਵੇਂ ਸਕਿੱਲ ਹਾਸਲ ਕਰਨ ਵਿੱਚ ਬੜੀ ਕਾਰਗਰ ਸਾਬਤ ਹੋਵੇਗੀ ਜਿਨ੍ਹਾਂ ਨਾਲ ਉਹ ਹੋਰ ਵੀ ਵਧੀਆ ਵੌਕਰੀਆਂ ਪ੍ਰਾਪਤ ਕਰ ਸਕਦੇ ਹਨ ਤੇ ਕੈਨੇਡਾ ਨੂੰ ਹੋਰ ਬੇਹਤਰ ਬਨਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।”

Check Also

ਇਮਰਾਨ ਖਾਨ ਨੇ ਫੌਜ ਮੁਖੀ ਆਸਿਮ ਮੁਨੀਰ ਨੂੰ ਦਿੱਤੀ ਧਮਕੀ

ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …