Breaking News
Home / ਦੁਨੀਆ / ਮੇਰੇ ਪਾਪਾ ਤੇ ਮੋਦੀ ਪੱਕੇ ਦੋਸਤ : ਜੂਨੀਅਰ ਟਰੰਪ

ਮੇਰੇ ਪਾਪਾ ਤੇ ਮੋਦੀ ਪੱਕੇ ਦੋਸਤ : ਜੂਨੀਅਰ ਟਰੰਪ

ਕਿਹਾ – ਭਾਰਤ ਲਈ ਬਿਡੇਨ ਠੀਕ ਨਹੀਂ
ਨਿਊਯਾਰਕ : ਅਮਰੀਕਾ ਵਿਚ ਇਸ ਵਾਰ ਦੀ ਰਾਸ਼ਟਰਪਤੀ ਚੋਣ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਕਾਫ਼ੀ ਅਹਿਮੀਅਤ ਦੇਖੀ ਜਾ ਰਹੀ ਹੈ। ਇਸ ਭਾਈਚਾਰੇ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਕੋਈ ਕਸਰ ਨਹੀਂ ਛੱਡ ਰਹੇ ਹਨ। ਇਸੇ ਕਵਾਇਦ ਵਿਚ ਅਮਰੀਕੀ ਰਾਸ਼ਟਰਪਤੀ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨੇ ਭਾਰਤਵੰਸ਼ੀਆਂ ਨੂੰ ਆਕਰਸ਼ਿਤ ਕਰਨ ਲਈ ਕਿਹਾ ਕਿ ਉਨ੍ਹਾਂ ਦੇ ਪਾਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਗੂੜ੍ਹੀ ਦੋਸਤੀ ਹੈ। ਦੋਵੇਂ ਨੇਤਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਭਾਰਤ ਅਤੇ ਅਮਰੀਕਾ ਸਮਾਜਵਾਦ ਅਤੇ ਸਾਮਵਾਦ ਖ਼ਿਲਾਫ਼ ਵੱਡੀ ਲੜਾਈ ਵਿਚ ਇਕੱਠੇ ਹਨ। 42 ਸਾਲਾਂ ਦੇ ਟਰੰਪ ਜੂਨੀਅਰ ਆਪਣੇ ਪਿਤਾ ਦੀ ਚੋਣ ਪ੍ਰਚਾਰ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਅਮਰੀਕਾ ਵਿਚ ਤਿੰਨ ਨਵੰਬਰ ਨੂੰ ਚੋਣ ਹੋਣੀ ਹੈ। ਟਰੰਪ ਜੂਨੀਅਰ ਨੇ ਪਿਛਲੇ ਦਿਨੀਂ ਇਕ ਪ੍ਰੋਗਰਾਮ ਵਿਚ ਕਿਹਾ ਕਿ ਅਸੀਂ ਚੀਨੀ ਖ਼ਤਰੇ ਨੂੰ ਸਮਝਦੇ ਹਾਂ ਅਤੇ ਭਾਰਤੀ-ਅਮਰੀਕੀਆਂ ਤੋਂ ਜ਼ਿਆਦਾ ਇਸ ਖ਼ਤਰੇ ਨੂੰ ਕੋਈ ਨਹੀਂ ਸਮਝ ਸਕਦਾ ਹੈ। ਖ਼ਾਸ ਤੌਰ ‘ਤੇ ਭਾਰਤੀ ਮੂਲ ਲਈ ਕਰਵਾਏ ਇਸ ਪ੍ਰੋਗਰਾਮ ਵਿਚ ਉਨ੍ਹਾਂ ਕਿਹਾ ਕਿ ਭਾਰਤ ਲਈ ਬਿਡੇਨ ਠੀਕ ਨਹੀਂ ਹਨ ਕਿਉਂਕਿ ਉਹ ਚੀਨ ਪ੍ਰਤੀ ਨਰਮ ਪੈ ਸਕਦੇ ਹਨ। ਟਰੰਪ ਜੂਨੀਅਰ ਨੇ ਭਾਰਤੀ ਮੂਲ ਦੇ ਲੋਕਾਂ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਇਹ ਭਾਈਚਾਰਾ ਮੇਰੇ ਦਿਲ ਦੇ ਕਰੀਬ ਹੈ। ਉਹ ਕਾਫ਼ੀ ਮਿਹਨਤੀ ਅਤੇ ਪੜ੍ਹੇ ਲਿਖੇ ਵਿਅਕਤੀ ਹਨ। ਉਨ੍ਹਾਂ ਨੇ ਫਰਵਰੀ ਵਿਚ ਆਪਣੇ ਪਿਤਾ ਦੇ ਭਾਰਤ ਦੌਰੇ ਦਾ ਵੀ ਜ਼ਿਕਰ ਕੀਤਾ।
ਬਿਡੇਨ ਦੇ ਹੱਕ ‘ਚ ਭਾਰਤੀ-ਅਮਰੀਕੀਆਂ ਵੱਲੋਂ ਰੈਲੀ
ਨਿਊਯਾਰਕ : ਭਾਰਤੀ-ਅਮਰੀਕੀਆਂ ਨੇ ਡੈਮੋਕਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਊਮੀਦਵਾਰ ਜੋ ਬਿਡੇਨ ਅਤੇ ਕਮਲਾ ਹੈਰਿਸ ਦੇ ਪੱਖ ਵਿਚ ਕੈਲੀਫੋਰਨੀਆ ‘ਚ ਰੈਲੀ ਕੀਤੀ। ‘ਗੈਟ ਆਊਟ ਦਿ ਵੋਟ’ ਰੈਲੀ ਦਾ ਪ੍ਰਬੰਧ ਉਦਮੀ ਜੋੜੇ ਅਜੈ ਅਤੇ ਵਿਨੀਤਾ ਭੁਟੋਰੀਆ ਨੇ ਕੀਤਾ ਸੀ। ਰੈਲੀ ਨੂੰ ਸੰਬੋਧਨ ਕਰਦਿਆਂ ਹੋਟਲ ਮਾਲਿਕ ਅਸ਼ੋਕ ਭੱਟ ਨੇ ਕਿਹਾ ਕਿ ਭਾਰਤੀ-ਅਮਰੀਕੀਆਂ ਅਤੇ ਅਗਲੀ ਪੀੜ੍ਹੀ ਦੇ ਭਵਿੱਖ ਲਈ ਬਿਡੇਨ ਅਤੇ ਹੈਰਿਸ ਦੀ ਜਿੱਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੈਰਿਸ ਦੀ ਜਿੱਤ ਨਾਲ ਅਮਰੀਕਾ ਵਿਚ ਇਤਿਹਾਸ ਬਣ ਜਾਵੇਗਾ ਕਿਉਂਕਿ ਉਹ ਊਪ ਰਾਸ਼ਟਰਪਤੀ ਦੇ ਅਹੁਦੇ ‘ਤੇ ਬੈਠਣ ਵਾਲੀ ਪਹਿਲੀ ਮਹਿਲਾ ਬਣ ਜਾਵੇਗੀ। ਭੁਟੋਰੀਆ ਨੇ ਕਿਹਾ ਕਿ ਇਹ ਸਭ ਤੋਂ ਅਹਿਮ ਚੋਣ ਹੈ ਅਤੇ ਮੁਲਕ ਨੂੰ ਚਾਰ ਸੰਕਟਾਂ ਜਨ ਸਿਹਤ, ਆਰਥਿਕ, ਫਿਰਕੂ ਅਨਿਆਂ ਅਤੇ ਵਾਤਾਵਰਨ ਪਰਿਵਰਤਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਹੋਰ ਕਾਰੋਬਾਰੀ ਯੋਗੀ ਚੁੱਘ ਨੇ ਕਿਹਾ ਕਿ ਦੱਖਣ ਏਸ਼ਿਆਈ ਭਾਈਚਾਰੇ ਨੂੰ ਬਿਡੇਨ-ਹੈਰਿਸ ਦੀ ਜਿੱਤ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਨੇਪਾਲੀ-ਅਮਰੀਕਨ ਪ੍ਰਕਾਸ਼ ਥਾਪਾ ਨੇ ਕਿਹਾ ਕਿ ਮੁਲਕ ਨੂੰ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ ਜੋ ਮਨੁੱਖਤਾ ਬਾਰੇ ਵਧੇਰੇ ਸੋਚੇ ਅਤੇ ਵੰਡੀਆਂ ਨਾ ਪਾਵੇ। ਇਕ ਹੋਰ ਆਗੂ ਮਹੇਸ਼ ਨਿਹਲਾਨੀ ਨੇ ‘ਅਬਕੀ ਬਾਰ ਬਿਡੇਨ ਸਰਕਾਰ’ ਦਾ ਨਾਅਰਾ ਦਿੱਤਾ।
ਟਰੰਪ ਦੇ ਸਮਰਥਨ ‘ਚ ਆਏ ਭਾਰਤਵੰਸ਼ੀ
ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਸਮਰਥਨ ਵਿਚ ਭਾਰਤੀ ਮੂਲ ਦੇ ਵਿਅਕਤੀਆਂ ਦਾ ਇਕ ਸਮੂਹ ਉਤਰ ਆਇਆ ਹੈ। ਇਸ ਸਮੂਹ ਨੇ ਅਪੀਲ ਕੀਤੀ ਹੈ ਕਿ ਭਾਰਤ ਨਾਲ ਚੰਗੇ ਸਬੰਧਾਂ ਲਈ ਟਰੰਪ ਨੂੰ ਵੋਟ ਦਿਉ। ਟਰੰਪ ਵਿਕਟਰੀ ਇੰਡੀਅਨ ਅਮਰੀਕਨ ਫਾਇਨਾਂਸ ਕਮੇਟੀ ਦੇ ਸਹਿ ਪ੍ਰਧਾਨ ਅਲ ਮੇਸਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣ ਦੇ ਇਤਿਹਾਸ ਵਿਚ ਭਾਰਤੀ ਭਾਈਚਾਰਾ ਪਹਿਲੀ ਵਾਰ ਇਕ ਤਾਕਤ ਦੇ ਤੌਰ ‘ਤੇ ਉਭਰਿਆ ਹੈ। ਉੱਘੇ ਭਾਰਤੀ ਮੂਲ ਦੇ ਕਾਰੋਬਾਰੀ ਚਿੰਟੂ ਪਟੇਲ ਨੇ ਕਿਹਾ ਕਿ ਇਹ ਇਤਿਹਾਸਕ ਚੋਣ ਹੈ। ਜੇਕਰ ਤੁਸੀਂ ਭਾਰਤ ਲਈ ਇਕ ਚੰਗਾ ਦੋਸਤ ਚਾਹੁੰਦੇ ਹੋ ਤਾਂ ਰਾਸ਼ਟਰਪਤੀ ਟਰੰਪ ਨੂੰ ਚੁਣੋ।

 

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …