ਬਿਡੇਨ ਨੇ ਅਮਰੀਕੀਆਂ ਨੂੰ ਆਪਣੀ ਭੂਮਿਕਾ ਨਿਭਾਉਣ ਲਈ ਕਿਹਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਐਲਾਨ ਕੀਤਾ ਕਿ ਦੇਸ਼ ਦੇ 90 ਪ੍ਰਤੀਸ਼ਤ ਬਾਲਗ 19 ਅਪਰੈਲ ਤੱਕ ਕਰੋਨਾ ਵੈਕਸੀਨ ਲਵਾਉਣ ਦੇ ਯੋਗ ਹੋਣਗੇ ਤੇ ਬਾਕੀ 10 ਪ੍ਰਤੀਸ਼ਤ ਪਹਿਲੀ ਮਈ ਤੱਕ ਹੋ ਜਾਣਗੇ। ਬਿਡੇਨ ਪ੍ਰਸ਼ਾਸਨ ਟੀਕਾਕਰਨ ਮੁਹਿੰਮ ਜ਼ੋਰਦਾਰ ਤਰੀਕੇ ਨਾਲ ਚਲਾ ਰਿਹਾ ਹੈ। ਇਸ ਤੋਂ ਪਹਿਲਾਂ 60 ਦਿਨਾਂ ਤੋਂ ਵੀ ਘੱਟ ਸਮੇਂ ਵਿਚ 10 ਕਰੋੜ ਲੋਕਾਂ ਦੇ ਟੀਕੇ ਲਾ ਦਿੱਤੇ ਗਏ ਹਨ। ਅਗਲੇ 10 ਕਰੋੜ ਲੋਕਾਂ ਦੇ ਸਿਰਫ਼ ਚਾਲੀ ਦਿਨਾਂ ਵਿਚ ਟੀਕੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਬਿਡੇਨ ਨੇ ਨਾਲ ਹੀ ਕਿਹਾ ਕਿ ਸਾਰੇ ਅਮਰੀਕੀਆਂ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਪਵੇਗੀ ਤੇ ਪੂਰੀ ਇਹਤਿਆਤ ਵਰਤਣੀ ਪਵੇਗੀ।
ਬਿਡੇਨ ਵੱਲੋਂ ਸੱਤਾ ਸੰਭਾਲਣ ਦੇ 10 ਹਫ਼ਤਿਆਂ ਦੇ ਅੰਦਰ ਹੀ 65 ਸਾਲ ਤੋਂ ਉੱਪਰ ਦੇ 75 ਪ੍ਰਤੀਸ਼ਤ ਅਮਰੀਕੀਆਂ ਨੂੰ ਵੈਕਸੀਨ ਲਾ ਦਿੱਤਾ ਗਿਆ ਸੀ। ਰਾਸ਼ਟਰਪਤੀ ਨੇ ਹੁਕਮ ਦਿੱਤੇ ਹਨ ਕਿ ਘਰਾਂ ਦੇ ਪੰਜ ਮੀਲ ਦੇ ਦਾਇਰੇ ਵਿਚ ਹੀ ਵੈਕਸੀਨ ਕੇਂਦਰ ਬਣਾਏ ਜਾਣ।