ਕਿਸਾਨ-ਮਜ਼ਦੂਰ ਏਕਤਾ ਨਾਲ ਕਿਸਾਨ ਅੰਦੋਲਨ ਨੂੰ ਹੋਰ ਬਲ ਮਿਲਿਆ : ਰਾਜੇਵਾਲ
ਨਾਭਾ/ਬਿਊਰੋ ਨਿਊਜ਼ : ਕਿਸਾਨ ਅੰਦੋਲਨ ਦੌਰਾਨ ਜਾਤ-ਪਾਤ ਦਾ ਪਾੜਾ ਘਟਿਆ ਹੈ। ਨਾਭਾ ਦੀ ਅਨਾਜ ਮੰਡੀ ਵਿੱਚ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਕੀਤੀ ਮਜ਼ਦੂਰ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਵੱਲੋਂ ਕੀਤਾ ਇਹ ਇਕੱਠ ਸਮਾਜਿਕ ਤਬਦੀਲੀ ਦਾ ਰਾਹ ਪੱਧਰਾ ਕਰੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਿਹਾ ਕਿਸਾਨ ਅੰਦੋਲਨ ਕੁਲ ਆਲਮ ਦੇ ਕਿਸਾਨਾਂ ਲਈ ਚਾਨਣ ਮੁਨਾਰਾ ਹੈ। ਆਗੂਆਂ ਨੇ ਕਿਹਾ ਕਿ ਸਾਧਨ ਵਿਹੂਣੇ ਤਬਕੇ ਵੱਲੋਂ ਅਜਿਹੇ ਸਮਾਗਮਾਂ ਬਾਰੇ ਸੋਚਣਾ, ਇਸ ਦਾ ਸੰਚਾਲਨ ਅਤੇ ਪੂਰਨ ਪ੍ਰਬੰਧ ਕਰਨਾ, ਇਹ ਦਰਸਾਉਂਦਾ ਹੈ ਕਿ ਸਮਾਜਿਕ ਚੇਤਨਾ ਦਾ ਪੱਧਰ ਵੱਧ ਰਿਹਾ ਹੈ ਅਤੇ ਇਹ ਹੁਣ ਕਿਸਾਨ ਅੰਦੋਲਨ ਤੱਕ ਸੀਮਤ ਨਾ ਰਹਿ ਕੇ ਜਨ ਅੰਦੋਲਨ ਬਣ ਚੁੱਕਾ ਹੈ। ਆਗੂਆਂ ਨੇ ਕਿਹਾ ਕਿ ਮਜ਼ਦੂਰ ਮਹਾਪੰਚਾਇਤ ਨਾਲ ਦਿੱਲੀ ਦੀਆਂ ਬਰੂਹਾਂ ‘ਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਨੂੰ ਬਲ ਮਿਲੇਗਾ। ਮਹਾਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਮੋਢੀ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅਤੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਪੂਰਾ ਪੰਡਾਲ ਕਿਸਾਨ ਮਜ਼ਦੂਰ ਵਪਾਰੀ ਮੁਲਾਜ਼ਮ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜਦਾ ਰਿਹਾ। ਸਮਾਗਮ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮਜ਼ਦੂਰਾਂ ਦੀ ਇਹ ਪਹਿਲ ਸਿਆਸੀ ਅਤੇ ਸਮਾਜਿਕ ਬਦਲਾਅ ਦਾ ਰਾਹ ਪੱਧਰਾ ਕਰੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਿਆਸੀ ਲੀਡਰਸ਼ਿਪ ਵੱਲੋਂ ਸਮਾਜ ਵਿੱਚ ਖੜ੍ਹਾ ਕੀਤਾ ਜਾਤ ਤੇ ਪਾਰਟੀ ਅਧਾਰਿਤ ਪਾੜਾ, ਕਿਸਾਨ ਅੰਦੋਲਨ ਰਾਹੀਂ ਫਿੱਕਾ ਪੈਣ ਦੇ ਨਾਲ ਘਟਣ ਲੱਗਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤੇ ਮਜ਼ਦੂਰ ਭਾਈਚਾਰੇ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਦਿਆਂ ਇਹ ਸਮਾਗਮ ਦਿੱਲੀ ਦੀਆਂ ਸਰਹੱਦਾਂ ‘ਤੇ ਚਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਬਲ ਬਖ਼ਸ਼ੇਗਾ। ਰਾਜੇਵਾਲ ਨੇ ਦੱਸਿਆ ਕਿ ਇਹ ਅੰਦੋਲਨ ਵਿਸ਼ਵ ਪੱਧਰ ‘ਤੇ ਧਿਆਨ ਦਾ ਕੇਂਦਰ ਬਣ ਚੁੱਕਾ ਹੈ ਅਤੇ ਜਰਮਨੀ, ਸਪੇਨ ਤੇ ਅਫ਼ਰੀਕਾ ਵਿੱਚ ਵੀ ਅੰਦੋਲਨ ਖੜ੍ਹੇ ਹੋ ਰਹੇ ਹਨ। ਸਪੇਨ ਵਿੱਚ ਵੀ ਫ਼ਸਲ ਦੀ ਐੱਮਐੱਸਪੀ ‘ਤੇ ਗੱਲ ਚੱਲ ਪਈ ਹੈ। ਆਲਮੀ ਅੰਦੋਲਨ ਦੇ ਡਰੋਂ ਵਿਸ਼ਵ ਪੱਧਰ ‘ਤੇ ਕਾਰਪੋਰੇਟ ਇਕੱਤਰ ਹੋਣ ਲੱਗਾ ਹੈ, ਜਿਸ ਕਾਰਨ ਇਸ ਅੰਦੋਲਨ ਦੇ ਲੰਮਾ ਚੱਲਣ ਦੇ ਆਸਾਰ ਹਨ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਕਾਮਯਾਬੀ ਇਹ ਹੈ ਕਿ ਅੱਜ ਬੱਚੇ ਬੱਚੇ ਦੀ ਜ਼ੁਬਾਨ ‘ਤੇ ਕਾਰਪੋਰੇਟਾਂ ਦੇ ਮੁਨਾਫ਼ੇ ਦੀ ਗੱਲ ਆ ਰਹੀ ਹੈ। ਰਾਜੇਵਾਲ ਨੇ ਦੱਸਿਆ ਕਿ ਕੌਮੀ ਵਪਾਰੀ ਫੈਡਰੇਸ਼ਨ ਵੱਲੋਂ 26 ਦੇ ਭਾਰਤ ਬੰਦ ਦੀ ਹਮਾਇਤ ਕੀਤੀ ਜਾਵੇਗੀ। ਮਜ਼ਦੂਰ ਆਗੂ ਕ੍ਰਿਸ਼ਨ ਸਿੰਘ ਲੁਬਾਣਾ ਨੇ ਮਜ਼ਦੂਰਾਂ ਨੂੰ ਆਮ ਲੋਕਾਂ ਦੇ ਭੋਜਨ ਵਿੱਚ ਸਿਹਤ ਲਈ ਹਾਨੀਕਾਰਕ ਤਬਦੀਲੀ ਆਉਣ ਬਾਰੇ ਸੁਚੇਤ ਕੀਤਾ। ਪ੍ਰਬੰਧਕ ਜਥੇਬੰਦੀ ਮਨਰੇਗਾ ਫ਼ਰੰਟ ਪੰਜਾਬ ਵੱਲੋਂ ਗੁਰਮੀਤ ਸਿੰਘ ਥੂਹੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਪੰਜਾਬ ‘ਚ ਕਿਸਾਨੀ ਧਰਨਿਆਂ ‘ਤੇ ਸ਼ਹੀਦਾਂ ਨੂੰ ਸਲਾਮ
ਸ਼ਹੀਦਾਂ ਦੀ ਸੋਚ ਵਾਲਾ ਸਮਾਜ ਸਿਰਜਣ ਦਾ ਸੱਦਾ
ਚੰਡੀਗੜ੍ਹ : ਪੰਜਾਬ ਦੇ ਸੰਘਰਸ਼ੀ ਅਖਾੜਿਆਂ ਸਮੇਤ ਸੂਬੇ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਕਿਸਾਨਾਂ, ਮਹਿਲਾਵਾਂ ਅਤੇ ਨੌਜਵਾਨਾਂ ਦੇ ਇਕੱਠਾਂ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਸਾਮਰਾਜਵਾਦ, ਸਰਮਾਏਦਾਰੀ ਅਤੇ ਫਿਰਕਾਪ੍ਰਸਤੀ ਦੇ ਦੈਂਤ ਖਿਲਾਫ ਮੁਹਿੰਮ ਛੇੜਨ ਦਾ ਸੱਦਾ ਦਿੱਤਾ ਗਿਆ। ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਵਾ ਸੌ ਦੇ ਕਰੀਬ ਥਾਵਾਂ ‘ਤੇ ਚੱਲ ਰਹੇ ਮੋਰਚਿਆਂ ਦੌਰਾਨ ਜਿੱਥੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ, ਉੱਥੇ ਹੀ ਹਜ਼ਾਰਾਂ ਨੌਜਵਾਨਾਂ ਨੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਮਾਰਚ ਕੱਢ ਕੇ ਸ਼ਹੀਦਾਂ ਦੀ ਸੋਚ ਵਾਲਾ ਸਮਾਜ ਸਿਰਜਣ ਦਾ ਸੱਦਾ ਦਿੱਤਾ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਕਿਸਾਨ ਆਗੂ ਪ੍ਰੇਮ ਸਿੰਘ ਭੰਗੂ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਪੰਜਾਬ ਦੇ ਜਵਾਨਾਂ ਨੇ ਹੁਸੈਨੀਵਾਲਾ, ਜੱਲ੍ਹਿਆਂਵਾਲਾ ਬਾਗ਼, ਖਟਕੜ ਕਲਾਂ, ਸਰਾਭਾ, ਸ਼ਹੀਦ ਊਧਮ ਸਿੰਘ ਵਾਲਾ ਸੁਨਾਮ, ਸ੍ਰੀ ਫਤਹਿਗੜ੍ਹ ਸਾਹਿਬ ਅਤੇ ਆਨੰਦਪੁਰ ਸਾਹਿਬ ਦੀ ਧਰਤੀ ਦੀ ਮਿੱਟੀ ਲੈ ਕੇ ਧਰਨਿਆਂ ‘ਚ ਸ਼ਿਰਕਤ ਕੀਤੀ ਤੇ ਮੋਰਚੇ ਦੀ ਜਿੱਤ ਤਕ ਡਟਣ ਦਾ ਪ੍ਰਣ ਕੀਤਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਸੰਘਰਸ਼ ਦੇ 174 ਵੇਂ ਦਿਨ ਨੂੰ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਦੇ ਹਕੀਕੀ ਵਾਰਸ ਨੌਜਵਾਨਾਂ, ਕਿਸਾਨਾਂ ਨੇ ਸਟੇਜ ਬਾਖ਼ੂਬੀ ਸੰਭਾਲੀ। ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ਹੀਦੀ ਦਿਵਸ ਮੌਕੇ ਇਕੱਠੇ ਹੋਏ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਸਾਮਾਰਜੀ ਵਿਰੋਧੀ ਜੰਗ, ਮਜ਼ਬੂਤ ਵਿਚਾਰਧਾਰਕ ਪੱਖ, ਨੌਜਵਾਨਾਂ ਨੂੰ ਭਗਤ ਸਿੰਘ ਦਾ ਸੁਨੇਹਾ, ਅਛੂਤ ਦਾ ਸਵਾਲ ਜਿਹੇ ਬੁਨਿਆਦੀ ਨੁਕਤਿਆਂ ਸਬੰਧੀ ਚਰਚਾ ਕਰਦਿਆਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਵਿਚਾਰਧਾਰਾ ਨੂੰ ਪ੍ਰੇਰਨਾ ਸ੍ਰੋਤ ਦੱਸਿਆ ਅਤੇ ਅਹਿਦ ਕੀਤਾ ਕਿ ਸ਼ਹੀਦਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਹਰ ਕੁਰਬਾਨੀ ਦੇ ਕੇ ਜੰਗ ਜਾਰੀ ਰੱਖੀ ਜਾਵੇਗੀ।
ਖਟਕੜ ਕਲਾਂ ਅਤੇ ਹੁਸੈਨੀਵਾਲਾ ‘ਚ ਭਗਤ ਸਿੰਘ ਤੇ ਸਾਥੀਆਂ ਨੂੰ ਕੀਤਾ ਗਿਆ ਯਾਦ
ਬੰਗਾ : ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਨ ਮੌਕੇ ਖਟਕੜ ਕਲਾਂ ਵਿਖੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਪੰਜਾਬ ਸਰਕਾਰ ਤਰਫੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਆਗੂਆਂ ਸਮੇਤ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਪਹੁੰਚੇ। ਇਸੇ ਦੌਰਾਨ ਫਿਰੋਜ਼ਪੁਰ ਵਿਚ ਪੈਂਦੇ ਹੁਸੈਨੀਵਾਲਾ ਵਿਖੇ ਵੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਕੁਲਬੀਰ ਜ਼ੀਰਾ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਵੀ ਕੱਢਿਆ ਗਿਆ। ਆਮ ਲੋਕਾਂ ਨੇ ਵੀ ਹੁਸੈਨੀਵਾਲਾ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਸਬੰਧੀ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸ ਮੌਕੇ ਕੈਬਨਿਟ ਮੰਤਰੀ ਰੰਧਾਵਾ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼ਹੀਦਾਂ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਆ।
ਖਟਕੜ ਕਲਾਂ ਨੂੰ ਜਾਂਦੀ ਸੜਕ ਦਾ ਨਾਂ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਮਾਰਗ’ ਰੱਖਿਆ
ਬੰਗਾ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ ‘ਤੇ ਕਰਵਾਏ ਪੁਸ਼ਪ ਅਰਪਣ ਸਮਾਰੋਹ ਦੌਰਾਨ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਰਧਾ ਸੁਮਨ ਅਰਪਿਤ ਕੀਤੇ। ਉਨ੍ਹਾਂ ਨਵਾਂਸ਼ਹਿਰ-ਬੰਗਾ ਰੋਡ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਜਾਂਦੀ ਸੜਕ ਦਾ ਨਾਂ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਮਾਰਗ’ ਰੱਖਣ ਦੀ ਰਸਮ ਵੀ ਅਦਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਮਿਊਜ਼ੀਅਮ ਵਿਚਲੀ ਗੈਲਰੀ ਤੇ ਖਟਕੜ ਕਲਾਂ ਵਿੱਚ ਸ਼ਹੀਦ ਦੇ ਜੱਦੀ ਘਰ ਦਾ ਦੌਰਾ ਕੀਤਾ।
ਫਰੀਦਕੋਟ ਦੇ ਕਿਸਾਨ ਨੇ ਬਣਾਈ ਪੰਜ ਤਾਰਾ ਟਰਾਲੀ
ਦਿੱਲੀ ਮੋਰਚੇ ਦੌਰਾਨ ਇਹ ਟਰਾਲੀ ਖਿੱਚ ਦਾ ਕੇਂਦਰ ਰਹੇਗੀ
ਫਰੀਦਕੋਟ : ਫਰੀਦਕੋਟ ਜ਼ਿਲ੍ਹੇ ਦੇ ਇੱਕ ਅਗਾਂਹਵਧੂ ਕਿਸਾਨ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਵਿਲੱਖਣ ਯੋਗਦਾਨ ਪਾਉਂਦਿਆਂ ਪੰਜ ਤਾਰਾ ਟਰਾਲੀ ਤਿਆਰ ਕੀਤੀ ਹੈ। ਸੰਧੂ ਫਾਰਮ ਹਾਊਸ ਦੇ ਮਾਲਕ ਗੁਰਬੀਰ ਸਿੰਘ ਸੰਧੂ ਨੇ ਕਿਹਾ ਕਿ ਉਹ ਕਿਸਾਨਾਂ ਦੇ ਅੰਦੋਲਨ ਵਿੱਚ ਪੱਕੇ ਤੌਰ ‘ਤੇ ਸ਼ਾਮਲ ਹੋਣ ਜਾ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੇ ਅਤਿ-ਆਧੁਨਿਕ ਸਹੂਲਤਾਂ ਵਾਲੀ ਇੱਕ ਟਰਾਲੀ ਤਿਆਰ ਕੀਤੀ ਹੈ, ਜਿਸ ਵਿੱਚ ਪੰਜ ਤਾਰਾ ਹੋਟਲ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਪੰਜ ਲੱਖ ਰੁਪਏ ਖਰਚ ਕੇ ਇੱਕ ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤੀ ਗਈ ਪੰਜ ਤਾਰਾ ਟਰਾਲੀ ਵਿੱਚ ਰਸੋਈ, ਬੈੱਡ ਰੂਮ, ਏਸੀ, ਵਾਸ਼ਰੂਮ, ਸੋਫਾ ਸੈੱਟ ਆਦਿ ਸਾਰੀਆਂ ਉਹ ਸਹੂਲਤਾਂ ਹਨ, ਜੋ ਇੱਕ ਘਰ ਵਿੱਚ ਹੋ ਸਕਦੀਆਂ ਹਨ। ਇਸ ਪੰਜ ਤਾਰਾ ਟਰਾਲੀ ਨੂੰ ਬਿਜਲੀ ਪੰਜ ਹਾਰਸ ਪਾਵਰ ਦੇ ਯੂਨਿਟ ਰਾਹੀਂ ਦਿੱਤੀ ਗਈ ਹੈ। ਇਹ ਟਰਾਲੀ ਥਾਰ ਜੀਪ ਰਾਹੀਂ ਦਿੱਲੀ ਲਿਜਾਈ ਜਾਵੇਗੀ। ਟਰਾਲੀ ਵਿੱਚ ਛੇ ਵਿਅਕਤੀ ਆਪਣੇ ਘਰ ਵਾਂਗ ਰਹਿ ਸਕਦੇ ਹਨ। ਇਸ ਟਰਾਲੀ ਨੂੰ ਫਰੀਦਕੋਟ ਦੇ ਮਿਸਤਰੀ ਜੱਸਾ ਸਿੰਘ ਨੇ ਤਿਆਰ ਕੀਤਾ ਹੈ। ਗੁਰਬੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਤੂੜੀ ਵਾਲੀ ਟਰਾਲੀ ਲੈ ਕੇ ਦਿੱਲੀ ਗਏ ਸਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਭੁਲੇਖਾ ਸੀ ਕਿ ਕਿਸਾਨ ਥੱਕ ਕੇ ਵਾਪਸ ਪੰਜਾਬ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਅਗਲੇ ਤਿੰਨ ਸਾਲਾਂ ਦੀ ਤਿਆਰੀ ਕਰ ਕੇ ਦਿੱਲੀ ਜਾ ਰਹੇ ਹਨ ਅਤੇ ਸੰਘਰਸ਼ ਜਿੱਤ ਕੇ ਹੀ ਮੁੜਨਗੇ।
ਉਤਰਾਖੰਡ ਤੱਕ ਪਹੁੰਚੀ ਕਿਸਾਨੀ ਸੰਘਰਸ਼ ਦੀ ਗੂੰਜ
ਨਵਰੀਤ ਦੀ ਸ਼ਹੀਦੀ ਨੇ ਕਿਸਾਨ ਅੰਦੋਲਨ ਹੋਰ ਸੂਬਿਆਂ ‘ਚ ਵੀ ਪਹੁੰਚਾਇਆ
ਰਾਮਨਗਰ (ਉਤਰਾਖੰਡ): ਖੇਤੀ ਕਾਨੂੰਨਾਂ ਖਿਲਾਫ ਉੱਤਰਾਖੰਡ ਦੇ ਰਾਮਨਗਰ ‘ਚ ਆਬਾਦਕਾਰਾਂ, ਆਦਿਵਾਸੀਆਂ ਅਤੇ ਦਲਿਤਾਂ ਦੀ ਪਹਿਲੀ ਮਹਾਪੰਚਾਇਤ ਹੋਈ। ਮਹਾਪੰਚਾਇਤ ‘ਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ। ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਕਿਸਾਨ ਕਈ ਪੀੜ੍ਹੀਆਂ ਤੋਂ ਜ਼ਮੀਨਾਂ ਆਬਾਦ ਕਰਕੇ ਖੇਤੀ ਕਰ ਰਹੇ ਹਨ। ਉਹ ਮਾਲਕਾਨਾ ਹੱਕ ਲਈ ਲੰਬੇ ਸਮੇਂ ਤੋਂ ਜਦੋ ਜ਼ਹਿਦ ਕਰ ਰਹੇ ਹਨ। ਸਰਕਾਰ ਆਬਾਦਕਾਰਾਂ ਨੂੰ ਜ਼ਮੀਨੀ ਹੱਕ ਦੇਣ ਦੀ ਬਜਾਏ ਕਾਰਪੋਰੇਟਾਂ ਨੂੰ ਜ਼ਮੀਨਾਂ ਦੇਣ ਲਈ ਕਾਨੂੰਨ ਬਣਾ ਰਹੀ ਹੈ। ਹਰ ਸਾਲ ਦੋ ਕਰੋੜ ਵਿਅਕਤੀਆਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਲੋਕ ਬੇਰੁਜ਼ਗਾਰ ਹੋ ਰਹੇ ਹਨ। ਮੋਦੀ ਸਰਕਾਰ ਦਾ ਵਿਕਾਸ ਤਾਂ ਭਾਵੇਂ ਪਹਾੜਾਂ ਅਤੇ ਜੰਗਲੀ ਇਲਾਕਿਆਂ ਤੱਕ ਨਹੀਂ ਪਹੁੰਚਿਆ ਪ੍ਰੰਤੂ ਕਿਸਾਨੀ ਅੰਦੋਲਨ ਜ਼ਰੂਰ ਉਥੇ ਪਹੁੰਚ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਨਵਰੀਤ ਸਿੰਘ ਦੀ ਸ਼ਹੀਦੀ ਨੇ ਹਕੂਮਤ ਨੂੰ ਦੱਸ ਦਿੱਤਾ ਹੈ ਕਿ ਇਹ ਲੜਾਈ ਸਿਰਫ਼ ਪੰਜਾਬ ਦੀ ਨਾ ਰਹਿ ਕੇ ਪੂਰੇ ਦੇਸ਼ ਦੀ ਬਣ ਚੁੱਕੀ ਹੈ। ਵਣ ਪੰਚਾਇਤ ਸੰਘਰਸ਼ ਸਮਿਤੀ ਦੇ ਆਗੂ ਤਰੁਣ ਜੋਸ਼ੀ ਨੇ ਕਿਹਾ ਕਿ ਮੋਦੀ ਹਕੂਮਤ ਲੋਕਾਂ ਨੂੰ ਧਰਮ ਦੇ ਨਾਂ ‘ਤੇ ਵੰਡ ਕੇ ਆਪਣਾ ਫਾਸ਼ੀਵਾਦੀ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ ਪ੍ਰੰਤੂ ਕਿਸਾਨ ਅੰਦੋਲਨ ਨੇ ਸਰਕਾਰ ਦਾ ਇਹ ਪੈਂਤੜਾ ਫੇਲ੍ਹ ਕਰ ਦਿੱਤਾ ਹੈ। ਕਿਸਾਨ ਸੰਘਰਸ਼ ਸਮਿਤੀ ਦੇ ਆਗੂ ਦੀਦਾਰ ਕਟਾਰੀਆ ਨੇ ਕਿਹਾ ਕਿ ਲੋਕਾਂ ਦੀਆਂ ਤਿੰਨ-ਤਿੰਨ ਪੀੜ੍ਹੀਆਂ ਵੱਲੋਂ ਆਬਾਦ ਕੀਤੀ ਗਈ ਜ਼ਮੀਨ ਅੱਜ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾ ਰਹੀ ਹੈ। ਇਸਦੇ ਨਾਲ ਵਣ ਕਾਨੂੰਨਾਂ ਦੀ ਉਲੰਘਣਾ ਕਰਕੇ ਜੰਗਲਾਂ ਦਾ ਸਫਾਇਆ ਕੀਤਾ ਜਾ ਰਿਹਾ ਹੈ ਅਤੇ ਉਥੇ ਵੱਡੇ-ਵੱਡੇ ਹੋਟਲ ਤੇ ਰੈਸਟੋਰੈਂਟ ਉਸਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖਣਿਜ ਪਦਾਰਥ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਨੂੰ ਵੇਚੇ ਜਾ ਰਹੇ ਹਨ। ਮਜ਼ਦੂਰ ਜਥੇਬੰਦੀ ਮਾਸਾ ਦੇ ਆਗੂ ਸੰਤੋਸ਼ ਨੇ ਕਿਹਾ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਸਗੋਂ ਮਜ਼ਦੂਰ ਦੀ ਵੀ ਸਾਂਝੀ ਲੜਾਈ ਹੈ। ਇਕੱਠ ਨੂੰ ਸ਼ਹੀਦ ਨਵਰੀਤ ਸਿੰਘ ਦੇ ਪਿਤਾ ਸਾਹਿਬ ਸਿੰਘ ਤੇ ਹੋਰਾਂ ਨੇ ਵੀ ਸੰਬੋਧਨ ਕੀਤਾ।
ਸ਼ਹੀਦਾਂ ਦੇ ਸੁਪਨਿਆਂ ਵਾਲੀ ਆਜ਼ਾਦੀ ਅਜੇ ਵੀ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੀ
ਕਿਸਾਨੀ ਸੰਘਰਸ਼ ਨੇ ਮੋਦੀ ਸਰਕਾਰ ਦਾ ਚਿਹਰਾ ਨੰਗਾ ਕੀਤਾ: ਪ੍ਰੋ. ਜਗਮੋਹਨ ਸਿੰਘ
ਬੰਗਾ : ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਤਾਨਾਸ਼ਾਹ ਕਰਾਰ ਦਿੰਦਿਆਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੀ ਦੱਸਿਆ ਹੈ। ਸਭਾ ਦੇ ਸਕੱਤਰ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਵਾਲੀ ਆਜ਼ਾਦੀ ਅਜੇ ਵੀ ਲੋਕਾਂ ਦੇ ਘਰਾਂ ਤਕ ਨਹੀਂ ਪਹੁੰਚੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦੇਸ਼ੀ ਸ਼ਕਤੀਆਂ ਨੂੰ ਇੱਥੋਂ ਬਾਹਰ ਕੱਢਣ ਲਈ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ, ਸਮੇਂ ਦੇ ਹਾਕਮਾਂ ਵੱਲੋਂ ਦੇਸ਼ ਨੂੰ ਉਨ੍ਹਾਂ ਹੀ ਸਾਮਰਾਜੀ ਤਾਕਤਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸੇ ਸਾਜਿਸ਼ ਤਹਿਤ ਦੇਸੀ ਅਤੇ ਵਿਦੇਸ਼ੀ ਪੂੰਜੀਪਤੀਆਂ ਨੂੰ ਲਾਭ ਦੇਣ ਵਾਲੇ ਲਈ ਲੋਕ ਵਿਰੋਧੀ ਕਾਨੂੰਨ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਘੋਲਾਂ ਨੂੰ ਰੋਕਣ ਲਈ ਇੱਕ ਤੋਂ ਬਾਅਦ ਇੱਕ ਕਾਨੂੰਨ ਬਣਾਉਣਾ ਅਤੇ ਦੇਸ਼ ਭਗਤੀ ਦੀ ਨਵੀਂ ਪਰਿਭਾਸ਼ਾ ਘੜਨਾ ਮੰਦਭਾਗਾ ਹੈ। ਦਿੱਲੀ ਮੋਰਚੇ ‘ਤੇ ਬੈਠੇ ਕਿਸਾਨਾਂ ਪ੍ਰਤੀ ਸਰਕਾਰ ਦੇ ਲਾਪ੍ਰਵਾਹੀ ਵਾਲੇ ਰਵੱਈਏ ਬਾਰੇ ਟਿੱਪਣੀ ਕਰਦਿਆਂ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਜਿਸ ਢੰਗ ਨਾਲ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਤੋਂ ਨਾਂਹ ਕਰ ਰਹੀ ਹੈ, ਇਸ ਤੋਂ ਮੋਦੀ ਸਰਕਾਰ ਦੀ ਕਾਰਪੋਰੇਟ ਭਗਤੀ ਪੂਰੀ ਤਰ੍ਹਾਂ ਨੰਗੀ ਹੋ ਰਹੀ ਹੈ ਅਤੇ ਸਰਕਾਰ ਜਿਨ੍ਹਾਂ ਢੰਗ ਤਰੀਕਿਆਂ ਰਾਹੀਂ ਕਿਸਾਨੀ ਘੋਲ ਨਾਲ ਨਜਿੱਠ ਰਹੀ ਹੈ, ਇਸ ਨਾਲ ਮੋਦੀ ਸਰਕਾਰ ਦੇ ਚਿਹਰੇ ਉੱਤੇ ਪਾਇਆ ਜਮਹੂਰੀਅਤ ਦਾ ਨਕਾਬ ਵੀ ਸਰਕ ਰਿਹਾ ਹੈ। ਇਸ ਮੌਕੇ ਸਭਾ ਦੇ ਸੂਬਾਈ ਆਗੂ ਬੂਟਾ ਸਿੰਘ ਅਤੇ ਜਸਬੀਰ ਦੀਪ ਵੀ ਮੌਜੂਦ ਸਨ।
ਦਿੱਲੀ ਮੋਰਚੇ ‘ਤੇ ਮਨਾਉਣਗੇ ਮਾਲਵੇ ਦੇ ਪਾੜੇ ਗਰਮੀ ਦੀਆਂ ਛੁੱਟੀਆਂ
ਵਿਦਿਆਰਥੀਆਂ ਵਲੋਂ ਵਿੱਢੀ ਮੁਹਿੰਮ ਨੂੰ ਮਿਲਣ ਲੱਗਾ ਭਰਵਾਂ ਹੁੰਗਾਰਾ
ਫਰੀਦਕੋਟ/ਬਿਊਰੋ ਨਿਊਜ਼ : ਮਾਲਵੇ ਦੇ ਵਿਦਿਆਰਥੀ ਇਸ ਵਾਰ ਗਰਮੀ ਦੀਆਂ ਛੁੱਟੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਦਿੱਲੀ ਦੀਆਂ ਹੱਦਾਂ ‘ਤੇ ਮਨਾਉਣਗੇ। ਇਸ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਲਈ ਵਿਦਿਆਰਥੀਆਂ ਨੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਹਿਯੋਗ ਨਾਲ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਵਿਦਿਆਰਥੀ ਰੈਲੀ ਕੀਤੀ। ਵਿਦਿਆਰਥੀ ਜਰਨੈਲ ਸਿੰਘ, ਆਕਾਸ਼ਦੀਪ ਸਿੰਘ, ਜਸਪ੍ਰੀਤ ਸਿੰਘ ਅਤੇ ਫ਼ਤਹਿ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਹਾੜ੍ਹੀ ਦਾ ਸੀਜ਼ਨ ਸ਼ੁਰੂ ਹੋਣ ਕਰਕੇ ਕੁਝ ਕਿਸਾਨਾਂ ਨੂੰ ਦਿੱਲੀ ਮੋਰਚੇ ਤੋਂ ਪਿੰਡਾਂ ਨੂੰ ਆਉਣਾ ਪੈ ਸਕਦਾ ਹੈ, ਇਸ ਕਰਕੇ ਮੋਰਚੇ ‘ਤੇ ਰੌਣਕ ਬਣਾਈ ਰੱਖਣ ਲਈ ਵਿਦਿਆਰਥੀ ਗਰਮੀ ਦੀਆਂ ਛੁੱਟੀਆਂ ਵਿੱਚ ਮੋਰਚੇ ‘ਤੇ ਜਾਣ। ਅਧਿਆਪਕ ਜਗਰੂਪ ਕੌਰ ਨੇ ਕਿਹਾ ਕਿ ਮਾਲਵੇ ਦੇ ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਵਿਦਿਆਰਥੀਆਂ ਨੂੰ ਕਿਸਾਨ ਮੋਰਚੇ ‘ਤੇ ਭੇਜਣ ਲਈ ਮੁਹਿੰਮ ਵਿੱਢੀ ਗਈ ਹੈ, ਜਿਸ ਦਾ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਸੁਖਪ੍ਰੀਤ ਕੌਰ ਅਤੇ ਵਿਦਿਆਰਥੀ ਆਗੂ ਕੇਸ਼ਵ ਕੁਮਾਰ ਨੇ ਕਿਹਾ ਕਿ ਮਾਲਵੇ ਦੇ ਹਜ਼ਾਰਾਂ ਵਿਦਿਆਰਥੀ ਇਸ ਵਾਰ ਛੁੱਟੀਆਂ ਵਿੱਚ ਨਾਨਕੇ ਪਿੰਡ ਜਾਂ ਪਹਾੜਾਂ ਵਿੱਚ ਜਾਣ ਦੀ ਥਾਂ ਕਿਸਾਨਾਂ ਦੇ ਮੋਰਚੇ ਵਿੱਚ ਸ਼ਮੂਲੀਅਤ ਕਰਨਗੇ।
ਸਿਆਸੀ ਰੈਲੀਆਂ ਦੇ ਨੇੜੇ ਨਹੀਂ ਆਉਂਦਾ ਕਰੋਨਾ
ਕਰੋਨਾ ਦਾ ਵਧਣਾ-ਕਿਸਾਨੀ ਸੰਘਰਸ਼ ਨੂੰ ਦਬਾਉਣ ਦੀ ਸਾਜਿਸ਼
ਜਲੰਧਰ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਪੰਜਾਬ ‘ਚ ਮੁੜ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕਾਂ ਨੂੰ ਲਾਕਡਾਊਨ ਦਾ ਡਰ ਮੁੜ ਸਤਾਉਣ ਲੱਗਾ ਹੈ ਪਰ ਇਸ ਦੇ ਨਾਲ ਹੀ ਸਰਕਾਰ ਦੇ ਕਰੋਨਾ ਸਬੰਧੀ ਮਾਪਦੰਡਾਂ ‘ਤੇ ਵੀ ਸਵਾਲ ਉੱਠਣ ਲੱਗੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕਰੋਨਾ ਦੇ ਮਾਮਲੇ ‘ਚ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਕਰੋਨਾ ਦਾ ਡਰ ਕੇਵਲ ਆਮ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ, ਜਦਕਿ ਸਿਆਸੀ ਅਤੇ ਪ੍ਰਭਾਵਸ਼ਾਲੀ ਲੋਕ ਖੁੱਲ੍ਹੇਆਮ ਕਰੋਨਾ ਨੂੰ ਮਖ਼ੌਲ ਕਰ ਰਹੇ ਹਨ। ਅਜੇ ਕੁੱਝ ਦਿਨ ਪਹਿਲਾਂ ਤੱਕ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਨਾਂ ਕਿਸੇ ਡਰ ਦੇ ਭਰਵੀਆਂ ਰੈਲੀਆਂ ਕਰਵਾਈਆਂ ਗਈਆਂ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਮੋਗਾ ਵਿਚ ਪ੍ਰਭਾਵਸ਼ਾਲੀ ਰੈਲੀ ਕੀਤੀ ਅਤੇ ਕਾਂਗਰਸ ਪਾਰਟੀ ਵਲੋਂ ਵੀ ਸਮਾਗਮ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਪੱਛਮੀ ਬੰਗਾਲ ਵਿਚ ਵੀ ਭਾਜਪਾ ਵਲੋਂ ਵੱਡੀਆਂ-ਵੱਡੀਆਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਅਜਿਹੇ ‘ਚ ਲੋਕਾਂ ਵਿਚ ਆਮ ਚਰਚਾ ਹੈ ਕਿ ਕਰੋਨਾ ਸਰਕਾਰਾਂ ਦੀ ਪਟਾਰੀ ‘ਚ ਬੰਦ ਅਜਿਹਾ ਸੱਪ ਹੈ, ਜੋ ਸਰਕਾਰਾਂ ਦੀ ਮਰਜ਼ੀ ਨਾਲ ਹੀ ਫ਼ਨ ਫੈਲਾਉਂਦਾ ਤੇ ਡੰਗ ਮਾਰਦਾ ਹੈ, ਜਦਕਿ ਸਿਆਸੀ ਰੈਲੀਆਂ ‘ਚ ਤਾਂ ਇਹ ਭੁੱਲ ਕੇ ਵੀ ਨਹੀਂ ਵੜਦਾ। ਲੋਕਾਂ ਦੇ ਮਨਾਂ ‘ਚ ਇਹ ਸਵਾਲ ਸਹਿਜ ਸੁਭਾਅ ਨਹੀਂ ਉੱਠ ਰਹੇ ਬਲਕਿ ਇਸ ਦੇ ਪਿੱਛੇ ਉਨ੍ਹਾਂ ਦੇ ਡੂੰਘੇ ਤਰਕ ਹਨ। ਪਿਛਲੇ ਸਾਲ ਜਦੋਂ ਕਰੋਨਾ ਮਹਾਂਮਾਰੀ ਦੀ ਅਜੇ ਵੈਕਸੀਨ ਤੱਕ ਵੀ ਤਿਆਰ ਨਹੀਂ ਸੀ ਹੋਈ ਤੇ ਬਿਹਾਰ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਸਿਆਸੀ ਰੈਲੀਆਂ ‘ਚ ਲੱਖਾਂ ਲੋਕਾਂ ਦੇ ਇਕੱਠ ਹੋਏ ਤੇ ਹੁਣ ਜਦੋਂ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲਾ ਤੇ ਪੁਡੂਚੇਰੀ ‘ਚ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਇਥੇ ਵੀ ਸਿਆਸੀ ਰੈਲੀਆਂ ਤੋਂ ਕਰੋਨਾ ਨੇ ਦੂਰੀ ਬਣਾ ਕੇ ਰੱਖੀ ਹੋਈ ਹੈ, ਪਰ ਇਹ ਵਾਇਰਸ ਕੇਵਲ ਪੰਜਾਬ, ਉੱਤਰਾਖੰਡ, ਮਹਾਰਾਸ਼ਟਰ ਤੇ ਗੁਜਰਾਤ ਆਦਿ ਰਾਜਾਂ ‘ਚ ਹੀ ਫੈਲ ਰਿਹਾ ਹੈ, ਕਿਉਂਕਿ ਇਨ੍ਹਾਂ ਰਾਜਾਂ ‘ਚ ਚੋਣਾਂ ਅਜੇ ਦੂਰ ਹਨ। ਦੂਸਰੇ ਪਾਸੇ ਜਿਨ੍ਹਾਂ ਰਾਜਾਂ ‘ਚ ਕਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ, ਉੱਥੋਂ ਦੀਆਂ ਸਰਕਾਰਾਂ ਵਲੋਂ ਵੀ ਕਰੋਨਾ ਦੇ ਫੈਲਾਅ ਸਬੰਧੀ ਆਪੋ-ਆਪਣੇ ਮਾਪਦੰਡ ਬਣਾ ਕੇ ਕਰੋਨਾ ਤੋਂ ਬਚਾਅ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਜਿਥੋਂ ਤੱਕ ਪੰਜਾਬ ਦੀ ਗੱਲ ਹੈ ਤਾਂ ਇਥੇ ਕਰੋਨਾ ਦੇ ਮਾਮਲੇ ਮੁੜ ਵਧਣ ਦਾ ਵੱਡਾ ਕਾਰਨ ਜਿਥੇ ਲੋਕਾਂ ਦੇ ਧੜਾ-ਧੜ ਕਰੋਨਾ ਟੈਸਟ ਹੋਣਾ ਦੱਸੇ ਜਾ ਰਹੇ ਹਨ, ਉਥੇ ਪਿਛਲੇ ਕਰੀਬ 4 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਸਿਆਸੀ ਸਾਜ਼ਿਸ਼ ਨੂੰ ਵੀ ਇਸ ਦੇ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਸਰਕਾਰ ਵਲੋਂ ਪਿਛਲੇ ਕਰੀਬ ਇਕ ਮਹੀਨੇ ਤੋਂ ਰਾਤ ਦਾ ਕਰਫ਼ਿਊ ਲਗਾਇਆ ਗਿਆ ਸੀ, ਜਿਸ ਨੂੰ ਹੁਣ ਵਧਾ ਕੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਸ਼ਾਪਿੰਗ ਮਾਲਜ਼ ਤੇ ਰੈਸਟੋਰੈਂਟ ਆਦਿ ਐਤਵਾਰ ਨੂੰ ਬੰਦ ਰੱਖਣ ਤੋਂ ਇਲਾਵਾ ਇਨ੍ਹਾਂ ‘ਚ ਗਾਹਕਾਂ ਦੀ ਗਿਣਤੀ ਸੀਮਤ ਕਰ ਦਿੱਤੀ ਗਈ ਹੈ। ਸਿਨੇਮਾ ਹਾਲ ਤੇ ਹੋਰਨਾਂ ਵਪਾਰਕ ਅਦਾਰਿਆਂ ‘ਚ ਵੀ ਲੋਕਾਂ ਦੀ ਗਿਣਤੀ ਅੱਧੀ ਕਰ ਦੇਣ ਨਾਲ ਇਹ ਕਾਰੋਬਾਰ ਇਕ ਵਾਰ ਫਿਰ ਆਰਥਿਕ ਸੰਕਟ ਨਾਲ ਜੂਝਣ ਲੱਗੇ ਹਨ।
ਇਥੇ ਹੀ ਬੱਸ ਨਹੀਂ ਸਰਕਾਰ ਨੂੰ ਸੂਬੇ ‘ਚ ਕਰੋਨਾ ਦਾ ਡਰ ਇਸ ਕਦਰ ਸਤਾਉਣ ਲੱਗਾ ਹੈ ਕਿ ਵਿਆਹਾਂ ਅਤੇ ਮਰਗ ‘ਤੇ ਕੇਵਲ 20 ਲੋਕਾਂ ਦੀ ਸ਼ਮੂਲੀਅਤ ਹੀ ਹੋ ਸਕੇਗੀ। ਇਸ ਦੇ ਨਾਲ ਹੀ ਸਰਕਾਰ ਵਲੋਂ ਕੋਰੋਨਾ ਨੂੰ ਪੁਲਿਸ ਨਾਕਿਆਂ ‘ਤੇ ਹੀ ਰੋਕਣ ਲਈ ਪੁਲਿਸ ਦੇ ਨਾਲ-ਨਾਲ ਸਿਹਤ ਮਹਿਕਮੇ ਦੇ ਸਟਾਫ਼ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਸਰਕਾਰ ਦੀ ਇਸ ਕਾਰਵਾਈ ‘ਤੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਨਾਕਿਆਂ ‘ਤੇ ਹੀ ਕਰੋਨਾ ਨੂੰ ਫੜ-ਫੜ ਕੇ ਸਿਹਤ ਮਹਿਕਮੇ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਸਿਹਤ ਮਹਿਕਮੇ ਦੇ ਕਰਮਚਾਰੀਆਂ ਵਲੋਂ ਲੋਕਾਂ ਦੇ ਕਰੋਨਾ ਟੈਸਟ ਕਰ ਕੇ ਕੋਰੋਨਾ ਨੂੰ ਉਥੇ ਹੀ ਨੱਪ ਲਿਆ ਜਾਂਦਾ ਹੈ ਤੇ ਆਮ ਲੋਕ ਜੋ ਆਪਣੇ ਮੋਟਰ ਸਾਈਕਲਾਂ, ਸਕੂਟਰਾਂ ਤੇ ਕਾਰਾਂ ਆਦਿ ‘ਤੇ ਕਿਸੇ ਜ਼ਰੂਰੀ ਕੰਮ ਜਾ ਰਹੇ ਹੁੰਦੇ ਹਨ, ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਕਰੋਨਾ ਟੈਸਟ ਕਰਵਾਏ ਜਾ ਰਹੇ ਹਨ, ਜਿਸ ਨੂੰ ਦੇਖ ਕੇ ਲਗਦਾ ਹੈ ਕਿ ਅਸਲ ‘ਚ ਇਹ ਲੋਕ ਹੀ ਕਰੋਨਾ ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਹੋਣ। ਇਸ ਤਰ੍ਹਾਂ ਸਰਕਾਰ ਵਲੋਂ ਆਮ ਲੋਕਾਂ ‘ਤੇ ਹੋਰ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਜਦਕਿ ਦੂਸਰੇ ਪਾਸੇ ਸਿਆਸੀ ਰੈਲੀਆਂ, ਧਰਨਿਆਂ-ਪ੍ਰਦਰਸ਼ਨਾਂ ਅਤੇ ਹੋਰਨਾਂ ਸਿਆਸੀ ਹਿੱਤਾਂ ਲਈ ਹੋਣ ਵਾਲੇ ਪ੍ਰੋਗਰਾਮਾਂ ‘ਤੇ ਕੋਈ ਪਾਬੰਦੀ ਨਹੀਂ ਹੈ ਤੇ ਸਿਆਸੀ ਆਗੂਆਂ ਨੂੰ ਆਪਣੀ ਮਰਜ਼ੀ ਨਾਲ ਇਕੱਠ ਕਰਨ ਦੀ ਖੁੱਲ੍ਹ ਹੈ।
ਕਿਸਾਨਾਂ ਨੇ ਕਰੋਨਾ ਨੂੰ ਦੱਸਿਆ ਮੋਦੀ ਦਾ ਸਾਊ ਪੁੱਤ
ਕਿਹਾ – ਨਰਿੰਦਰ ਮੋਦੀ ਦੇ ਕਹੇ ‘ਤੇ ਕਰੋਨਾ ਦੇਸ਼ ‘ਚ ਆਉਂਦਾ ਹੈ ਅਤੇ ਉਸੇ ਦੇ ਆਖੇ ਚਲਾ ਜਾਂਦਾ
ਮਾਨਸਾ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਸਬਾ ਜੋਗਾ ਵਿੱਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਅੰਬਾਨੀਆਂ-ਅਡਾਨੀਆਂ ਦੇ ਘਰ ਭਰਨ ਲਈ ਦੇਸ਼ ਦੇ ਕਿਰਤੀ ਲੋਕਾਂ ਦੇ ਰੁਜ਼ਗਾਰ ਦਾ ਕੀਤਾ ਜਾ ਰਿਹਾ ਉਜਾੜਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਆਪਣੀ ਤਕਰੀਰ ਦੌਰਾਨ ਪੰਜਾਬ ਅਤੇ ਦੇਸ਼ ‘ਚ ਕਰੋਨਾ ਦੇ ਨਾਮ ‘ਤੇ ਲਾਈਆਂ ਪਾਬੰਦੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਰੋਨਾ ਮੋਦੀ ਦਾ ਸਾਊ ਪੁੱਤ ਹੈ ਅਤੇ ਮੋਦੀ ਦੇ ਆਖੇ ਉਹ ਦੇਸ਼ ਵਿੱਚ ਆਉਂਦਾ ਹੈ ਅਤੇ ਉਸੇ ਦੇ ਆਖੇ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸੂਬਿਆਂ ‘ਚ ਵੋਟਾਂ ਪੈਣੀਆਂ ਹਨ ਅਤੇ ਮੋਦੀ ਅਤੇ ਅਮਿਤ ਸ਼ਾਹ ਨੇ ਰੈਲੀਆਂ ਕਰਨੀਆਂ ਹੁੰਦੀਆਂ ਹਨ, ਉੱਥੇ ਕਰੋਨਾ ਨਹੀਂ ਹੁੰਦਾ ਤੇ ਜਿਨ੍ਹਾਂ ਸੂਬਿਆਂ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉੱਥੇ ਕਰੋਨਾ ਆ ਜਾਂਦਾ ਹੈ। ਉਨ੍ਹਾਂ ਨੇ ਕਰੋਨਾ ਨੂੰ ਤੀਸਰੀ ਸੰਸਾਰ ਜੰਗ ਐਲਾਨਦਿਆਂ ਕਿਹਾ ਕਿ ਸੰਸਾਰ ਵਿਆਪੀ ਪੂੰਜੀਵਾਦ ਸੰਕਟ ‘ਚ ਫਸਿਆ ਹੋਇਆ ਹੈ, ਜਿਸ ਸੰਕਟ ਵਿੱਚੋਂ ਨਿਕਲਣ ਲਈ ਕਰੋਨਾ ਦਾ ਡਰਾਮਾ ਕੀਤਾ ਜਾ ਰਿਹਾ ਹੈ। ਹਰਿਆਣਾ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਪ੍ਰੇਮ ਸਿੰਘ ਗਹਿਲਾਵਤ ਨੇ ਕਿਹਾ ਕਿ ਮੋਦੀ ਦਾ ਘੋੜਾ ਪੂਰੇ ਦੇਸ਼ ਵਿੱਚ ਦੌੜ ਰਿਹਾ ਸੀ ਪਰ ਕੋਈ ਵੀ ਉਸ ਦੀ ਨਕੇਲ ਨਹੀਂ ਫੜ ਸਕਿਆ ਸੀ ਅਤੇ ਜਦੋਂ ਹੀ ਇਹ ਦੇਸ਼ ਦੇ ਕਿਸਾਨਾਂ ਵੱਲ ਹੋਇਆ ਤਾਂ ਉਨ੍ਹਾਂ ਇਸ ਦੀ ਨਕੇਲ ਨੂੰ ਹੱਥ ਪਾ ਕੇ ਗੋਡਿਆਂ ਭਾਰ ਕਰ ਲਿਆ ਹੈ। ਕੁਲ ਹਿੰਦ ਕਿਸਾਨ ਸਭਾ ਦੇ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮੋਦੀ ਸਰਕਾਰ ਦੁਨੀਆ ਦੀ ਸਭ ਤੋਂ ਬੇਰਹਿਮ ਸਰਕਾਰ ਬਣ ਚੁੱਕੀ ਹੈ, ਜਿਸ ਦੇ ਦਿਲ ਵਿੱਚ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਲਈ ਕੋਈ ਦਰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਵੱਖ-ਵੱਖ ਕੋਨਿਆਂ ‘ਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ਾਂ ਉੱਠ ਰਹੀਆਂ ਹਨ ਪਰ ਮੋਦੀ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ।