ਪੰਜਾਬ ਦੀ ਹਰੇਕ ਔਰਤ ਅੱਜ ਫ਼ਖ਼ਰ ਮਹਿਸੂਸ ਕਰ ਰਹੀ ਹੋਵੇਗੀ: ਮਰੀਅਮ
ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੀ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਲਹਿੰਦੇ ਪੰਜਾਬ ਪ੍ਰਾਂਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਗਈ।
ਪੀਐੱਮਐੱਲ-ਐੱਨ ਦੀ 50 ਸਾਲਾ ਸੀਨੀਅਰ ਮੀਤ ਪ੍ਰਧਾਨ ਮਰੀਅਮ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦਾ ਸਮਰਥਨ ਪ੍ਰਾਪਤ ਸੁੰਨੀ ਇਤੇਹਾਦ ਕਾਊਂਸਲ (ਐੱਸਆਈਸੀ) ਦੇ ਚੁਣੇ ਗਏ ਨੁਮਾਇੰਦਿਆਂ ਦੇ ਵਾਕਆਊਟ ਦੌਰਾਨ ਮੁੱਖ ਮੰਤਰੀ ਅਹੁਦੇ ਦੀ ਚੋਣ ਜਿੱਤੀ। ਮਰੀਅਮ ਪੀਟੀਆਈ ਦਾ ਸਮਰਥਨ ਪ੍ਰਾਪਤ ਸੁੰਨੀ ਇਤੇਹਾਦ ਕਾਊਂਸਲ (ਐੱਸਆਈਸੀ) ਦੇ ਰਾਣਾ ਆਫ਼ਤਾਬ ਨੂੰ ਹਰਾ ਕੇ ਸਿਆਸੀ ਤੌਰ ‘ਤੇ ਅਹਿਮ ਮੰਨੇ ਜਾਂਦੇ ਪੰਜਾਬ ਪ੍ਰਾਂਤ ਦੀ ਮੁੱਖ ਮੰਤਰੀ ਬਣੀ। ਮਰੀਅਮ ਨੂੰ 220 ਵੋਟਾਂ ਮਿਲੀਆਂ ਜਦਕਿ ਰਾਣਾ ਆਫ਼ਤਾਬ ਨੂੰ ਕੋਈ ਵੋਟ ਨਹੀਂ ਮਿਲੀ ਕਿਉਂਕਿ ਉਨ੍ਹਾਂ ਦੀ ਪਾਰਟੀ ਨੇ ਇਸ ਚੋਣ ਦਾ ਬਾਈਕਾਟ ਕਰ ਦਿੱਤਾ ਸੀ। ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਆਬਾਦੀ 12 ਕਰੋੜ ਹੈ।
ਨਵੇਂ ਚੁਣੇ ਗਏ ਸਪੀਕਰ ਮਲਿਕ ਅਹਿਮਦ ਖਾਨ ਨੇ ਇਜਲਾਸ ਦੀ ਪ੍ਰਧਾਨਗੀ ਕਰਦਿਆਂ ਕਿਹਾ, ”ਵੋਟਾਂ ਦੀ ਗਿਣਤੀ ਕੀਤੀ ਗਈ ਜਿਸ ਮੁਤਾਬਕ ਮਰੀਅਮ ਨੂੰ 220 ਵੋਟਾਂ ਮਿਲੀਆਂ ਅਤੇ ਐੱਸਆਈਸੀ ਉਮੀਦਵਾਰ ਰਾਣਾ ਆਫਤਾਬ ਨੂੰ ਕੋਈ ਵੋਟ ਨਹੀਂ ਮਿਲੀ।” ਜੀਓ ਨਿਊਜ਼ ਮੁਤਾਬਕ ਮੁੱਖ ਮੰਤਰੀ ਦੀ ਚੋਣ ਜਿੱਤਣ ਲਈ ਉਮੀਦਵਾਰ ਨੂੰ ਬਹੁਮੱਤ ਸਾਬਿਤ ਕਰਨ ਦੀ ਲੋੜ ਹੁੰਦੀ ਹੈ। 327 ਸੀਟਾਂ ਵਾਲੇ ਇਸ ਸਦਨ ਵਿੱਚ ਬਹੁਮੱਤ ਹਾਸਲ ਕਰਨ ਲਈ 187 ਵੋਟਾਂ ਦੀ ਲੋੜ ਸੀ। ਮਰੀਅਮ ਨੇ ਸਦਨ ਵਿੱਚ 220 ਵੋਟਾਂ ਹਾਸਲ ਕਰ ਕੇ ਬਹੁਮੱਤ ਸਾਬਿਤ ਕਰ ਦਿੱਤਾ। ਮੁੱਖ ਮੰਤਰੀ ਬਣਨ ਤੋਂ ਬਾਅਦ ਵਿਧਾਨ ਸਭਾ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਮਰੀਅਮ ਨੇ ਸਭ ਤੋਂ ਪਹਿਲਾਂ ਅੱਲ੍ਹਾ, ਆਪਣੇ ਪਿਤਾ ਨਵਾਜ਼ ਸ਼ਰੀਫ, ਚਾਚਾ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਨੂੰ ਵੋਟ ਦੇਣ ਵਾਲੇ ਵਿਧਾਇਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ”ਅੱਜ, ਇਕ ਔਰਤ ਨੂੰ ਮੁੱਖ ਮੰਤਰੀ ਦੇ ਅਹੁਦੇ ‘ਤੇ ਦੇਖ ਕੇ ਪ੍ਰਾਂਤ ਦੀ ਹਰੇਕ ਔਰਤ ਫ਼ਖ਼ਰ ਮਹਿਸੂਸ ਕਰ ਰਹੀ ਹੋਵੇਗੀ।” ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਮਹਿਲਾ ਲੀਡਰਸ਼ਿਪ ਦਾ ਰੁਝਾਨ ਇਸੇ ਤਰ੍ਹਾਂ ਜਾਰੀ ਰਹੇਗਾ। ਮਰੀਅਮ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਰਗੇ ਮੁਸ਼ਕਿਲ ਹਾਲਾਤ ਵੀ ਦੇਖਣੇ ਪਏ ਪਰ ਉਹ ਆਪਣੇ ਵਿਰੋਧੀਆਂ ਦੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਉਨ੍ਹਾਂ ਨੂੰ ਮਜ਼ਬੂਤ ਬਣਾਇਆ। ਉਨ੍ਹਾਂ ਅਸਿੱਧੇ ਤੌਰ ‘ਤੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਪਾਕਿਸਤਾਨ ਦੇ ਸਾਬਕਾ ਚੀਫ ਜਸਟਿਸ ਸਾਦਿਕ ਨਿਸਾਰ ‘ਤੇ ਵਰ੍ਹਦਿਆਂ ਕਿਹਾ, ”ਪਰ ਮੈਂ ਬਦਲਾ ਨਹੀਂ ਲਵਾਂਗੀ।” ਮੁੱਖ ਮੰਤਰੀ ਅਹੁਦੇ ਦੀ ਚੋਣ ਲਈ ਪੰਜਾਬ ਵਿਧਾਨ ਸਭਾ ਪਹੁੰਚਣ ਤੋਂ ਪਹਿਲਾਂ ਮਰੀਅਮ ਜਾਤੀ ਉਮਰਾ ਸਥਿਤ ਆਪਣੀ ਮਾਂ ਦੀ ਕਬਰ ‘ਤੇ ਗਈ।