Breaking News
Home / Special Story / ਖਿਡਾਰੀਆਂ ਦੀ ਥਾਂ ਬ੍ਰਿਜ ਭੂਸ਼ਣ ਦੀ ਹਮਾਇਤ ਕਰ ਰਿਹੈ ਮੀਡੀਆ : ਪਹਿਲਵਾਨ

ਖਿਡਾਰੀਆਂ ਦੀ ਥਾਂ ਬ੍ਰਿਜ ਭੂਸ਼ਣ ਦੀ ਹਮਾਇਤ ਕਰ ਰਿਹੈ ਮੀਡੀਆ : ਪਹਿਲਵਾਨ

ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਦਾ ਹੰਕਾਰ ਰਾਵਣ ਤੋਂ ਵੀ ਵੱਡਾ: ਵਿਨੇਸ਼ ਫੋਗਾਟ
ਨਵੀਂ ਦਿੱਲੀ : ਨਵੀਂ ਦਿੱਲੀ ‘ਚ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਪਹਿਲਵਾਨਾਂ ਨੇ ਆਰੋਪ ਲਾਇਆ ਹੈ ਕਿ ਮੀਡੀਆ ਖਿਡਾਰੀਆਂ ਤੋਂ ਜ਼ਿਆਦਾ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਉਸ ਨੂੰ ਬੋਲਣ ਲਈ ਮੰਚ ਪ੍ਰਦਾਨ ਨਾ ਕਰਨ। ਮੀਡੀਆ ਨਾਲ ਗੱਲਬਾਤ ਕਰਦਿਆਂ ਬਜਰੰਗ ਪੂਨੀਆ ਨੇ ਕਿਹਾ,”ਮੀਡੀਆ ਖਿਡਾਰੀਆਂ ਤੋਂ ਜ਼ਿਆਦਾ ਬ੍ਰਿਜ ਭੂਸ਼ਣ ਦੀ ਹਮਾਇਤ ਕਰ ਰਿਹਾ ਹੈ। ਤੁਸੀਂ ਉਸ ਦਾ ਅਪਰਾਧਿਕ ਰਿਕਾਰਡ ਦੇਖੋ। ਕੀ ਇਥੇ ਬੈਠੇ ਜਾਂ ਹੋਰ ਖੇਡਾਂ ਦੇ ਖਿਡਾਰੀਆਂ ਦਾ ਕੋਈ ਅਪਰਾਧਿਕ ਰਿਕਾਰਡ ਹੈ?” ਬਜਰੰਗ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਦੇਸ਼ ‘ਚ ਸੰਸਦ ਮੈਂਬਰ ਬਣਨ ਨਾਲੋਂ ਬਹੁਤਾ ਮੁਸ਼ਕਲ ਓਲੰਪਿਕ ‘ਚ ਤਗਮਾ ਜਿੱਤਣਾ ਹੁੰਦਾ ਹੈ। ਉਨ੍ਹਾਂ ਕਿਹਾ,”ਖਿਡਾਰੀ ਦੇਸ਼ ਲਈ ਤਗਮੇ ਜਿੱਤਦੇ ਹਨ ਅਤੇ ਉਹ ਤਗਮਾ ਜੇਤੂਆਂ ਨੂੰ ਸਵਾਲ ਕਰ ਰਿਹਾ ਹੈ। ਦੇਸ਼ ‘ਚ ਕਿੰਨੇ ਲੋਕ ਸੰਸਦ ਮੈਂਬਰ ਬਣਦੇ ਹਨ ਅਤੇ ਕਿੰਨੇ ਕੁ ਲੋਕ ਓਲੰਪਿਕ ਤਗਮੇ ਜਿੱਤਦੇ ਹਨ। ਅੱਜ ਦੀ ਤਰੀਕ ‘ਚ ਮਸਾਂ 40 ਓਲੰਪਿਕ ਤਗਮਾ ਜੇਤੂ ਹਨ ਜਦਕਿ ਹਜ਼ਾਰਾਂ ਲੋਕ ਸੰਸਦ ਮੈਂਬਰ ਬਣ ਚੁੱਕੇ ਹਨ।” ਵਿਨੇਸ਼ ਫੋਗਾਟ ਨੇ ਬ੍ਰਿਜ ਭੂਸ਼ਣ ਵੱਲੋਂ ਪਹਿਲਵਾਨਾਂ ਦੇ ਸਿਆਸਤ ‘ਚ ਸ਼ਾਮਲ ਹੋਣ ਦੇ ਲਾਏ ਗਏ ਆਰੋਪਾਂ ਨੂੰ ਆਧਾਰਹੀਣ ਕਰਾਰ ਦਿੱਤਾ। ਉਨ੍ਹਾਂ ਕਿਹਾ,”ਅਸੀਂ ਕਿਸੇ ਸਿਆਸਤ ‘ਚ ਸ਼ਾਮਲ ਨਹੀਂ ਹਾਂ। ਅਸੀਂ ਸਿੱਧੇ ਦਿਲ ਤੋਂ ਬੋਲਦੇ ਹਾਂ ਜਿਸ ਕਾਰਨ ਇਥੇ ਕਈ ਲੋਕ ਸਾਡੀ ਹਮਾਇਤ ‘ਚ ਡਟੇ ਹੋਏ ਹਨ।” ਵਿਨੇਸ਼ ਨੇ ਕਿਹਾ ਕਿ ਉਸ ਵਿਅਕਤੀ (ਬ੍ਰਿਜ ਭੂਸ਼ਣ) ਦਾ ਹੰਕਾਰ ਰਾਵਣ ਨਾਲੋਂ ਵੀ ਵੱਡਾ ਹੈ। ‘ਜੇਕਰ ਉਹ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਬਰੀ ਹੋ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਹਾਰ ਪਾ ਸਕਦੇ ਹੋ ਪਰ ਉਸ ਨੂੰ ਅਜੇ ਵੀ ਹਾਰ ਪਾਏ ਜਾ ਰਹੇ ਹਨ। ਉਸ ਨੇ ਕੀ ਕੀਤਾ ਹੈ? ਅਸੀਂ ਜਦੋਂ ਤਗਮੇ ਜਿੱਤਦੇ ਹਾਂ ਤਾਂ ਸਾਨੂੰ ਹਾਰ ਪਾਏ ਜਾਂਦੇ ਹਨ। ਉਸ ਨੇ ਮਹਿਲਾ ਅਥਲੀਟਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਉਸ ਦਾ ਸਨਮਾਨ ਕੀਤਾ ਜਾ ਰਿਹਾ ਹੈ। ਮੈਂ ਅਪੀਲ ਕਰਦੀ ਹਾਂ ਕਿ ਉਸ ਨੂੰ ਕੋਈ ਮੰਚ ਪ੍ਰਦਾਨ ਨਾ ਕੀਤਾ ਜਾਵੇ।’ ਬਜਰੰਗ ਨੇ ਕਿਹਾ ਕਿ ਜੇਕਰ ਕਿਸੇ ਨੇ ਕੁਸ਼ਤੀ ਫੈਡਰੇਸ਼ਨ ‘ਚ ਅਹੁਦਾ ਲੈਣਾ ਹੈ ਤਾਂ ਪਹਿਲਾਂ ਤੁਹਾਨੂੰ ਪ੍ਰਦੇਸ਼ ਐਸੋਸੀਏਸ਼ਨ ਦਾ ਮੈਂਬਰ ਬਣਨਾ ਪਵੇਗਾ। ‘ਅਸੀਂ ਕੁਸ਼ਤੀ ਫੈਡਰੇਸ਼ਨ ਦਾ ਕੰਟਰੋਲ ਨਹੀਂ ਚਾਹੁੰਦੇ ਹਾਂ। ਉਸ ਦਾ ਪੁੱਤਰ ਯੂਪੀ ਐਸੋਸੀਏਸ਼ਨ ਦਾ ਪ੍ਰਧਾਨ ਹੈ ਅਤੇ ਅੱਗੇ ਪੁੱਤਰ ਦਾ ਰਿਸ਼ਤੇਦਾਰ ਸਕੱਤਰ ਹੈ। ਉਸ ਦਾ ਇਕ ਹੋਰ ਰਿਸ਼ਤੇਦਾਰ ਪ੍ਰਦੇਸ਼ ਐਸੋਸੀਏਸ਼ਨ ਦਾ ਵੀ ਮੈਂਬਰ ਹੈ। ਉਹ ਸਾਡੇ ‘ਤੇ ਪਰਿਵਾਰਵਾਦ ਦੇ ਆਰੋਪ ਲਾ ਰਿਹਾ ਹੈ ਜਦਕਿ ਉਸ ਨੇ ਖੁਦ ਪਰਿਵਾਰਵਾਦ ਫੈਲਾਇਆ ਹੋਇਆ ਹੈ।’ ਜੰਤਰ-ਮੰਤਰ ‘ਤੇ ਅਧਿਕਾਰੀਆਂ ਵੱਲੋਂ ਕੋਈ ਸਹਿਯੋਗ ਨਾ ਦਿੱਤੇ ਜਾਣ ਬਾਰੇ ਵਿਨੇਸ਼ ਨੇ ਮੀਡੀਆ ਨੂੰ ਕਿਹਾ ਕਿ ਉਹ ਇੱਥੇ ਇਕ ਰਾਤ ਗੁਜ਼ਾਰ ਕੇ ਦੇਖਣ ਤਾਂ ਪਤਾ ਲੱਗ ਜਾਵੇਗਾ ਕਿ ਅਧਿਕਾਰੀ ਪਹਿਲਵਾਨਾਂ ਦੀ ਕਿੰਨੀ ਕੁ ਸਹਾਇਤਾ ਕਰ ਰਹੇ ਹਨ। ਇਸੇ ਦੌਰਾਨ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਪਹਿਲਵਾਨ ਅਜਿਹੇ ਇਕ ਢੀਠ ਮੁਲਜ਼ਮ ਦਾ ਸਾਹਮਣਾ ਕਰ ਰਹੇ ਹਨ ਜਿਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਉਨ੍ਹਾਂ ਹੈਰਾਨੀ ਜਤਾਈ ਕਿ ਇਸ ਮਾਮਲੇ ਦੀ ਨਰਮ ਜਾਂਚ ਚੱਲ ਰਹੀ ਹੈ। ਸੀਨੀਅਰ ਵਕੀਲ ਸਿੱਬਲ ਸੁਪਰੀਮ ਕੋਰਟ ਵਿੱਚ ਪਹਿਲਵਾਨਾਂ ਦੀ ਪੈਰਵੀ ਕਰ ਰਹੇ ਹਨ।
ਸੱਤ ਮਹਿਲਾ ਪਹਿਲਵਾਨਾਂ ਨੂੰ ਸੁਰੱਖਿਆ ਮਿਲੀ
ਨਵੀਂ ਦਿੱਲੀ : ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਸ਼ਿਕਾਇਤਾਂ ਦਰਜ ਕਰਾਉਣ ਵਾਲੀਆਂ ਸੱਤ ਮਹਿਲਾ ਪਹਿਲਵਾਨਾਂ ਨੂੰ ਦਿੱਲੀ ਪੁਲਿਸ ਨੇ ਸੁਰੱਖਿਆ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਨਿਰਦੇਸ਼ ਦਿੱਤੇ ਸਨ ਕਿ ਬ੍ਰਿਜ ਭੂਸ਼ਣ ਖਿਲਾਫ ਆਰੋਪ ਲਾਉਣ ਵਾਲੀਆਂ ਪੀੜਤਾਂ ਨੂੰ ਢੁੱਕਵੀਂ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਦਿੱਲੀ ਪੁਲਿਸ ਨੇ ਸਾਰੀਆਂ ਮਹਿਲਾ ਪਹਿਲਵਾਨਾਂ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਆਖਦਿਆਂ ਸੀਆਰਪੀਸੀ ਦੀ ਧਾਰਾ 161 ਤਹਿਤ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ ਤਾਂ ਜੋ ਭਵਿੱਖ ਦੀ ਕਾਰਵਾਈ ਬਾਰੇ ਫ਼ੈਸਲਾ ਲਿਆ ਜਾ ਸਕੇ।
ਪਹਿਲਵਾਨਾਂ ਦੇ ਧਰਨੇ ਵਿਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ
ਕਿਹਾ : ਸੱਚ ਸਾਹਮਣੇ ਲਿਆਉਣ ਲਈ ਬ੍ਰਿਜ ਭੂਸ਼ਣ ਤੋਂ ‘ਹਿਰਾਸਤੀ ਪੁੱਛ-ਪੜਤਾਲ’ ਜ਼ਰੂਰੀ
ਨਵੀਂ ਦਿੱਲੀ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੱਤ ਮਹਿਲਾ ਪਹਿਲਵਾਨਾਂ, ਜਿਨ੍ਹਾਂ ਵਿੱਚ ਇਕ ਨਾਬਾਲਗ ਵੀ ਸ਼ਾਮਲ ਹੈ, ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲਾਏ ਜਿਨਸੀ ਸ਼ੋਸ਼ਣ ਦੇ ਆਰੋਪਾਂ ਦਾ ਸੱਚ ਸਾਹਮਣੇ ਲਿਆਉਣ ਤੇ ਅਰਥਪੂਰਨ ਜਾਂਚ ਲਈ ਸਿੰਘ ਤੋਂ ‘ਹਿਰਾਸਤੀ ਪੁੱਛ-ਪੜਤਾਲ’ ਜ਼ਰੂਰੀ ਹੈ। ਨਵਜੋਤ ਸਿੱਧੂ ਨੇ ਜੰਤਰ ਮੰਤਰ ‘ਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਦੀ ਹਮਾਇਤ ਵਿੱਚ ਨਿੱਤਰਦਿਆਂ ਕਿਹਾ ਕਿ ਬ੍ਰਿਜ਼ ਭੂਸ਼ਣ ਸ਼ਰਣ ਸਿੰਘ ਖਿਲਾਫ਼ ‘ਗੈਰ-ਜ਼ਮਾਨਤੀ ਪੋਕਸੋ ਐਕਟ’ ਤਹਿਤ ਕੇਸ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਰਥਪੂਰਨ ਜਾਂਚ ਹੀ ਇਸ ਦਿਸ਼ਾ ‘ਚ ਅਗਲੇਰਾ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਹਰੇਕ ਔਰਤ ਦੇ ਮਾਣ ਸਤਿਕਾਰ ਤੇ ਨੇਕ-ਨੀਅਤੀ ਦੀ ਲੜਾਈ ਹੈ। ਨਵਜੋਤ ਸਿੱਧੂ ਨੇ ਪਿਛਲੇ ਦਿਨਾਂ ਤੋਂ ਧਰਨੇ ‘ਤੇ ਬੈਠੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’ ਮਾਰਿਆ। ਨਵਜੋਤ ਸਿੱਧੂ ਨੇ ਪਹਿਲਵਾਨਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨਾਲ ਖਿਚਵਾਈਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦਿਆਂ ਬ੍ਰਿਜ ਭੂਸ਼ਣ ਖਿਲਾਫ ਐੱਫਆਈਆਰ ਦਰਜ ਕੀਤੇ ਜਾਣ ਵਿੱਚ ਕੀਤੀ ਦੇਰੀ ਲਈ ਸਵਾਲ ਉਠਾਏ।
ਪਹਿਲਵਾਨ ਘਰਾਂ ਨੂੰ ਮੁੜ ਜਾਣ ਤਾਂ ਮੈਂ ਅਸਤੀਫ਼ਾ ਦੇਣ ਲਈ ਤਿਆਰ: ਬ੍ਰਿਜ ਭੂਸ਼ਣ
ਮਹਿਲਾ ਪਹਿਲਵਾਨਾਂ ਵੱਲੋਂ ਲਾਏ ਗਏ ਜਿਨਸੀ ਸ਼ੋਸ਼ਣ ਦੇ ਆਰੋਪਾਂ ‘ਚ ਘਿਰੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਕਿ ਜੇਕਰ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਪਹਿਲਵਾਨ ਆਪੋ-ਆਪਣੇ ਘਰਾਂ ਨੂੰ ਮੁੜ ਜਾਂਦੇ ਹਨ ਤਾਂ ਉਹ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਤਿਆਰ ਹੈ। ਉਸ ਨੇ ਕਿਹਾ,”ਜੇ ਮੇਰੇ ਅਸਤੀਫ਼ੇ ਮਗਰੋਂ ਉਹ (ਪ੍ਰਦਰਸ਼ਨਕਾਰੀ) ਆਪਣੇ ਘਰਾਂ ਨੂੰ ਪਰਤ ਜਾਣਗੇ ਤੇ ਸ਼ਾਂਤੀ ਨਾਲ ਸੌਂਣਗੇ ਤਾਂ ਮੈਂ ਅਸਤੀਫ਼ਾ ਦੇਣ ਲਈ ਤਿਆਰ ਹਾਂ।” ਕੈਸਰਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਵਿਰੋਧੀ ਧਿਰ ਦੇ ਹੱਥਾਂ ‘ਚ ‘ਖਿਡੌਣਾ’ ਬਣ ਗਏ ਹਨ। ‘ਇਹ ਸਾਰੇ ਖਿਡਾਰੀ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਦਾ ਖਿਡੌਣਾ ਬਣ ਗਏ ਹਨ। ਉਨ੍ਹਾਂ ਦਾ ਉਦੇਸ਼ ਮੇਰਾ ਅਸਤੀਫ਼ਾ ਨਹੀਂ ਸਗੋਂ ਸਿਆਸਤ ਹੈ।’ ਪਹਿਲਵਾਨਾਂ ਦੇ ਧਰਨੇ ਵਿਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ
ਕਿਹਾ : ਸੱਚ ਸਾਹਮਣੇ ਲਿਆਉਣ ਲਈ ਬ੍ਰਿਜ ਭੂਸ਼ਣ ਤੋਂ ‘ਹਿਰਾਸਤੀ ਪੁੱਛ-ਪੜਤਾਲ’ ਜ਼ਰੂਰੀ
ਨਵੀਂ ਦਿੱਲੀ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੱਤ ਮਹਿਲਾ ਪਹਿਲਵਾਨਾਂ, ਜਿਨ੍ਹਾਂ ਵਿੱਚ ਇਕ ਨਾਬਾਲਗ ਵੀ ਸ਼ਾਮਲ ਹੈ, ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲਾਏ ਜਿਨਸੀ ਸ਼ੋਸ਼ਣ ਦੇ ਆਰੋਪਾਂ ਦਾ ਸੱਚ ਸਾਹਮਣੇ ਲਿਆਉਣ ਤੇ ਅਰਥਪੂਰਨ ਜਾਂਚ ਲਈ ਸਿੰਘ ਤੋਂ ‘ਹਿਰਾਸਤੀ ਪੁੱਛ-ਪੜਤਾਲ’ ਜ਼ਰੂਰੀ ਹੈ। ਨਵਜੋਤ ਸਿੱਧੂ ਨੇ ਜੰਤਰ ਮੰਤਰ ‘ਤੇ ਧਰਨਾ ਲਾਈ ਬੈਠੇ ਪਹਿਲਵਾਨਾਂ ਦੀ ਹਮਾਇਤ ਵਿੱਚ ਨਿੱਤਰਦਿਆਂ ਕਿਹਾ ਕਿ ਬ੍ਰਿਜ਼ ਭੂਸ਼ਣ ਸ਼ਰਣ ਸਿੰਘ ਖਿਲਾਫ਼ ‘ਗੈਰ-ਜ਼ਮਾਨਤੀ ਪੋਕਸੋ ਐਕਟ’ ਤਹਿਤ ਕੇਸ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਰਥਪੂਰਨ ਜਾਂਚ ਹੀ ਇਸ ਦਿਸ਼ਾ ‘ਚ ਅਗਲੇਰਾ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਹਰੇਕ ਔਰਤ ਦੇ ਮਾਣ ਸਤਿਕਾਰ ਤੇ ਨੇਕ-ਨੀਅਤੀ ਦੀ ਲੜਾਈ ਹੈ। ਨਵਜੋਤ ਸਿੱਧੂ ਨੇ ਪਿਛਲੇ ਦਿਨਾਂ ਤੋਂ ਧਰਨੇ ‘ਤੇ ਬੈਠੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’ ਮਾਰਿਆ। ਨਵਜੋਤ ਸਿੱਧੂ ਨੇ ਪਹਿਲਵਾਨਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨਾਲ ਖਿਚਵਾਈਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦਿਆਂ ਬ੍ਰਿਜ ਭੂਸ਼ਣ ਖਿਲਾਫ ਐੱਫਆਈਆਰ ਦਰਜ ਕੀਤੇ ਜਾਣ ਵਿੱਚ ਕੀਤੀ ਦੇਰੀ ਲਈ ਸਵਾਲ ਉਠਾਏ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਦੀ ਹਮਾਇਤ
ਨਵੀਂ ਦਿੱਲੀ : ਕਿਰਤੀ ਕਿਸਾਨ ਯੂਨੀਅਨ ਨੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਦੇ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ, ਸੂਬਾ ਆਗੂ ਚਮਕੌਰ ਸਿੰਘ ਰੋਡੇ ਅਤੇ ਮਹਿਲਾ ਵਿੰਗ ਦੀ ਆਗੂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਮਹਿਲਾ ਪਹਿਲਵਾਨਾਂ ਦਾ ਨਹੀਂ ਰਿਹਾ, ਬਲਕਿ ਸਮੁੱਚੇ ਤੌਰ ‘ਤੇ ਔਰਤਾਂ ਦੇ ਮਾਣ-ਸਨਮਾਨ ਦਾ ਸੰਘਰਸ਼ ਹੈ।
ਫਾਰੂਕ ਅਬਦੁੱਲਾ ਵੱਲੋਂ ਪਹਿਲਵਾਨਾਂ ਦੀ ਸ਼ਲਾਘਾ
ਜੰਮੂ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੀ ਸ਼ਲਾਘਾ ਕਰਦਿਆਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਏਕਤਾ ‘ਚ ਤਾਕਤ ਹੈ ਅਤੇ ਇਸ ਨੂੰ ਕੋਈ ਵੀ ਹਿਲਾ ਨਹੀਂ ਸਕਦਾ ਹੈ। ਅਬਦੁੱਲਾ ਨੇ ਕਿਹਾ,”ਜੰਤਰ-ਮੰਤਰ ‘ਤੇ ਪਹਿਲਵਾਨ ਬੈਠੇ ਹੋਏ ਹਨ ਕਿਉਂਕਿ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਸੀ।
ਨਰਾਜ਼ ਪਹਿਲਵਾਨ ਮੋੜ ਸਕਦੇ ਹਨ ਆਪਣੇ ਤਮਗੇ
ਪੁਲਿਸ ਅਤੇ ਪਹਿਲਵਾਨਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਮਾਮਲਾ ਗਰਮਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਜੰਤਰ ਮੰਤਰ ‘ਤੇ ਧਰਨਾ ਦੇ ਰਹੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਲੰਘੀ ਬੁੱਧਵਾਰ ਰਾਤ ਨੂੰ ਝੜਪ ਹੋ ਗਈ। ਇਸ ਝੜਪ ਦੌਰਾਨ ਕੁਝ ਪਹਿਲਵਾਲਾਂ ਦੇ ਸੱਟਾਂ ਵੀ ਲੱਗੀਆਂ ਹਨ। ਝੜਪ ਤੋਂ ਬਾਅਦ ਵਿਨੇਸ਼ ਅਤੇ ਸਾਖਸ਼ੀ ਵਰਗੀਆਂ ਤਮਗੇ ਜਿੱਤਣ ਵਾਲੀਆਂ ਪਹਿਲਵਾਨ ਰੋਣ ਵੀ ਲੱਗ ਪਈਆਂ। ਇਸਦੇ ਚੱਲਦਿਆਂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਅਸੀਂ ਆਪਣੇ ਤਮਗੇ ਭਾਰਤ ਸਰਕਾਰ ਨੂੰ ਵਾਪਸ ਦੇ ਦਿਆਂਗੇ। ਬਾਕਸਰ ਵਿਜੇਂਦਰ ਸਿੰਘ ਨੇ ਕਿਹਾ ਕਿ ਹੁਣ ਇਹ ਲੜਾਈ ਲੰਬੀ ਚੱਲੇਗੀ।
ਇਸੇ ਦੌਰਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਖਸ਼ੀ ਮਲਿਕ ਨੇ ਗ੍ਰਹਿ ਮੰਤਰਾਲੇ ਅਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਦੇ ਨਾਮ ਚਿੱਠੀ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲਵਾਨ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ਼ ਭੂਸ਼ਣ ਸ਼ਰਣ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨੇ ‘ਤੇ ਬੈਠੇ ਹਨ ਅਤੇ ਇਹ ਧਰਨਾ 12ਵੇਂ ਦਿਨ ਵੀ ਜਾਰੀ ਰਿਹਾ। ਧਿਆਨ ਰਹੇ ਕਿ ਸੱਤ ਮਹਿਲਾ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਣ ਸਿੰਘ ਖਿਲਾਫ ਜਿਨਸੀ ਸ਼ੋਸ਼ਣ ਦੇ ਆਰੋਪ ਲਗਾਏ ਹਨ। ਇਨ੍ਹਾਂ ਪਹਿਲਵਾਨਾਂ ਦਾ ਕਹਿਣਾ ਹੈ ਕਿ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਪਹਿਲਵਾਨਾਂ ਦੇ ਇਸ ਧਰਨੇ ਨੂੰ ਕਈ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦਾ ਵੀ ਸਮਰਥਨ ਮਿਲ ਰਿਹਾ ਹੈ।
ਧਰਨੇ ‘ਚ ਪੁੱਜੀ ਪੀਟੀ ਊਸ਼ਾ ਵੱਲੋਂ ਪਹਿਲਵਾਨਾਂ ਨੂੰ ਹਮਾਇਤ ਦਾ ਭਰੋਸਾ
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਮੁਖੀ ਪੀ.ਟੀ.ਊਸ਼ਾ ਨੇ ਜੰਤਰ-ਮੰਤਰ ‘ਤੇ ਧਰਨੇ ਵਾਲੀ ਥਾਂ ਪੁੱਜ ਕੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਵੱਲੋਂ ਹਮਾਇਤ ਦੇਣ ਦਾ ਭਰੋਸਾ ਦਿੱਤਾ। ਊਸ਼ਾ ਨੇ ਕਿਹਾ ਕਿ ਪਹਿਲਾਂ ਉਹ ਇਕ ਅਥਲੀਟ ਤੇ ਮਗਰੋਂ ਪ੍ਰਸ਼ਾਸਕ ਹੈ। ਉਧਰ ਪਹਿਲਵਾਨਾਂ ਨੇ ਕਿਹਾ ਕਿ ਉਹ ਇਨਸਾਫ਼ ਮਿਲਣ ਤੱਕ ਧਰਨਾ ਜਾਰੀ ਰੱਖਣਗੇ। ਚੇਤੇ ਰਹੇ ਕਿ ਊਸ਼ਾ ਨੇ ਪਹਿਲਵਾਨਾਂ ਵੱਲੋਂ ਜੰਤਰ ਮੰਤਰ ‘ਤੇ ਮੁੜ ਧਰਨਾ ਲਾਉਣ ਨੂੰ ਅਨੁਸ਼ਾਸਣਹੀਣਤਾ ਦੱਸਿਆ ਸੀ। ਊਸ਼ਾ ਨੇ ਕਿਹਾ ਸੀ ਕਿ ਪਹਿਲਵਾਨਾਂ ਨੂੰ ਜੰਤਰ-ਮੰਤਰ ‘ਤੇ ਮੁੜ ਧਰਨਾ ਲਾਉਣ ਦੀ ਥਾਂ ਆਪਣੇ ਮਸਲਿਆਂ ਲਈ ਭਾਰਤੀ ਓਲੰਪਿਕ ਐਸੋਸੀਏਸ਼ਨ ਤੱਕ ਪਹੁੰਚ ਕਰਨੀ ਚਾਹੀਦੀ ਸੀ।
ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਮਹਿਲਾ ਪਹਿਲਵਾਨਾਂ ਨਾਲ ਕੀਤੀ ਗੱਲ
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਜੰਤਰ ਮੰਤਰ ਵਿਖੇ ਮਹਿਲਾ ਪਹਿਲਵਾਨਾਂ ਨੂੰ ਮਿਲੀ। ਉਨ੍ਹਾਂ ਟਵੀਟ ਕੀਤਾ, ‘ਮੈਂ ਕੁੜੀਆਂ (ਪਹਿਲਵਾਨਾਂ) ਨੂੰ ਦੁਬਾਰਾ ਮਿਲਣ ਆਈ ਹਾਂ ਕਿਉਂਕਿ ਇਹ ਮੇਰਾ ਫਰਜ਼ ਹੈ। ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਸਾਨੂੰ ਦੱਸਿਆ ਕਿ ਉਨ੍ਹਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਸੀ ਅਤੇ ਉੱਥੇ ਪੁਲਿਸ ਅਧਿਕਾਰੀ ਸਨ, ਜੋ ਸ਼ਰਾਬੀ ਸਨ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਮੈਂ ਉਨ੍ਹਾਂ ਦੀ ਸੁਰੱਖਿਆ ਲਈ ਚਿੰਤਤ ਹਾਂ। ਦਿੱਲੀ ਪੁਲਿਸ ਬ੍ਰਿਜ ਭੂਸ਼ਨ ਨੂੰ ਕਿਉਂ ਬਚਾ ਰਹੀ ਹੈ? ਦਿੱਲੀ ਪੁਲਿਸ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ?

 

 

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …