Breaking News
Home / Special Story / ਭਗਵੰਤ ਮਾਨ ਸਰਕਾਰ ਪਹਿਲੇ ਇਮਤਿਹਾਨ ‘ਚ ਹੀ ਫੇਲ੍ਹ

ਭਗਵੰਤ ਮਾਨ ਸਰਕਾਰ ਪਹਿਲੇ ਇਮਤਿਹਾਨ ‘ਚ ਹੀ ਫੇਲ੍ਹ

ਸਿਮਰਨਜੀਤ ਸਿੰਘ ਮਾਨ ਨੇ ਜਿੱਤੀ ਸੰਗਰੂਰ ਜ਼ਿਮਨੀ ਚੋਣ
ਲੋਕ ਸਭਾ ਲਈ ਫਸਵੇਂ ਮੁਕਾਬਲੇ ‘ਚ ‘ਆਪ’ ਉਮੀਦਵਾਰ ਗੁਰਮੇਲ ਸਿੰਘ ਨੂੰ 5822 ਵੋਟਾਂ ਨਾਲ ਹਰਾਇਆ
ਸੰਗਰੂਰ : ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਆਪਣੇ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ 5822 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਸ ਜਿੱਤ ਨਾਲ 77 ਸਾਲਾ ਸਿਮਰਨਜੀਤ ਸਿੰਘ ਮਾਨ ਤਕਰੀਬਨ ਦੋ ਦਹਾਕੇ ਬਾਅਦ ਸੰਸਦ ਭਵਨ ਜਾਣਗੇ। ਉਨ੍ਹਾਂ ਇਸ ਤੋਂ ਪਹਿਲਾਂ 1999 ਵਿੱਚ ਸੰਗਰੂਰ ਤੋਂ ਹੀ ਲੋਕ ਸਭਾ ਚੋਣ ਜਿੱਤੀ ਸੀ। ਪੰਜਾਬ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਸੌ ਦਿਨ ਦੀ ਕਾਰਗੁਜ਼ਾਰੀ ਮਗਰੋਂ ਆਪਣੇ ਪਲੇਠੇ ਇਮਤਿਹਾਨ ਵਿੱਚ ਹੀ ਮਾਤ ਖਾ ਗਈ ਹੈ।
ਚੋਣ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਅਨੁਸਾਰ ਸੰਗਰੂਰ ਲੋਕ ਸਭਾ ਹਲਕੇ ‘ਚ ਕੁੱਲ ਪਈਆਂ 7,08,448 ਵੋਟਾਂ ਵਿੱਚੋਂ ਸਿਮਰਨਜੀਤ ਸਿੰਘ ਮਾਨ ਨੂੰ 2,53,154 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ 2,47,332 ਵੋਟਾਂ ਪ੍ਰਾਪਤ ਹੋਈਆਂ। ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ 79,668 ਵੋਟਾਂ ਪ੍ਰਾਪਤ ਕਰਕੇ ਤੀਜੇ, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ 66,298 ਵੋਟਾਂ ਨਾਲ ਚੌਥੇ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ 44,428 ਵੋਟਾਂ ਪ੍ਰਾਪਤ ਕਰਕੇ ਪੰਜਵੇਂ ਸਥਾਨ ‘ਤੇ ਰਹੇ। ਚੋਣ ਕਮਿਸ਼ਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ 35.61 ਫੀਸਦੀ, ਆਮ ਆਦਮੀ ਪਾਰਟੀ ਨੂੰ 34.79 ਫੀਸਦੀ, ਕਾਂਗਰਸ ਪਾਰਟੀ ਨੂੰ 11.21 ਫੀਸਦੀ, ਭਾਜਪਾ ਨੂੰ 9.33 ਫੀਸਦੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 6.25 ਫੀਸਦੀ ਵੋਟ ਮਿਲੀ ਹੈ। ਸੰਗਰੂਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲੜ ਰਹੇ ਕੁੱਲ 16 ਉਮੀਦਵਾਰਾਂ ਵਿੱਚੋਂ ਬਹੁਤਿਆਂ ਦੀ ਜ਼ਮਾਨਤ ਜ਼ਬਤ ਹੋ ਗਈ। ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਆਪਣੀਆਂ ਜ਼ਮਾਨਤਾਂ ਨਹੀਂ ਬਚਾ ਸਕੇ।
ਸਭ ਤੋਂ ਅਹਿਮ ਪੱਖ ਇਹ ਹੈ ਕਿ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ। ਸੰਗਰੂਰ ਸੰਸਦੀ ਹਲਕੇ ਦੇ ਚੋਣ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਤੋਂ 7553 ਵੋਟਾਂ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਦੇ ਹਲਕੇ ਬਰਨਾਲਾ ਤੋਂ 2295 ਵੋਟਾਂ ਦੇ ਫਰਕ ਨਾਲ ਹਾਰੀ ਹੈ। ਇਸ ਤੋਂ ਇਲਾਵਾ ‘ਆਪ’ ਮਾਲੇਰਕੋਟਲਾ ਤੋਂ 8101 ਤੇ ਭਦੌੜ ਹਲਕੇ ਤੋਂ 7125 ਵੋਟਾਂ ਦੇ ਫਰਕ ਨਾਲ ਪੱਛੜ ਗਈ ਹੈ। ਇਨ੍ਹਾਂ ਹਲਕਿਆਂ ‘ਚੋਂ ਸਿਮਰਨਜੀਤ ਸਿੰਘ ਮਾਨ ਜੇਤੂ ਰਹੇ ਹਨ। ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਤੋਂ 12,036 ਵੋਟਾਂ ਨਾਲ ਜੇਤੂ ਰਹੀ ਹੈ। ਇਸੇ ਤਰ੍ਹਾਂ ‘ਆਪ’ ਹਲਕਾ ਸੁਨਾਮ ਤੋਂ 1483, ਹਲਕਾ ਲਹਿਰਾ ਤੋਂ 2790 ਵੋਟਾਂ ਅਤੇ ਮਹਿਲ ਕਲਾਂ ਤੋਂ ਸਿਰਫ਼ 203 ਵੋਟਾਂ ਨਾਲ ਜੇਤੂ ਰਹੀ ਹੈ।
ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਕੁਲਬੀਰ ਸਿੰਘ ਨੂੰ 3023, ਆਜ਼ਾਦ ਉਮੀਦਵਾਰ ਜਗਪਾਲ ਸਿੰਘ ਨੂੰ 2691, ਆਜ਼ਾਦ ਉਮੀਦਵਾਰ ਗਗਨਦੀਪ ਸਿੰਘ ਨੂੰ 2400, ਆਪਣੀ ਏਕਤਾ ਪਾਰਟੀ ਦੇ ਹਸਨ ਮੁਹੰਮਦ ਨੂੰ 1842, ਆਜ਼ਾਦ ਉਮੀਦਵਾਰ ਰਤਨ ਲਾਲ ਸਿੰਗਲਾ ਨੂੰ 1717, ਆਜ਼ਾਦ ਉਮੀਦਵਾਰ ਪੱਪੂ ਕੁਮਾਰ ਨੂੰ 1414, ਆਜ਼ਾਦ ਉਮੀਦਵਾਰ ਸੁਨੈਨਾ ਨੂੰ 1390, ਪੀਪਲਜ਼ ਪਾਰਟੀ ਆਫ਼ ਇੰਡੀਆ ਦੇ ਜਗਮੋਹਨ ਸਿੰਘ ਨੂੰ 1062, ਇਸ ਤੋਂ ਇਲਾਵਾ 2471 ਵੋਟਾਂ ਨੋਟਾ (ਕੋਈ ਵੀ ਪਸੰਦ ਨਹੀਂ) ਨੂੰ ਪਈਆਂ ਹਨ।
ਪੰਜਾਬ ਦੇ ਮਸਲੇ ਲੋਕ ਸਭਾ ਵਿੱਚ ਚੁੱਕਾਂਗਾ : ਸਿਮਰਨਜੀਤ ਸਿੰਘ ਮਾਨ
ਸੰਗਰੂਰ : ਸੰਗਰੂਰ ਜ਼ਿਮਨੀ ਚੋਣ ਵਿੱਚ ਜੇਤੂ ਰਹੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਹਰ ਵਰਗ ਨੇ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਵੋਟਾਂ ਪਾ ਕੇ ਸੰਸਦ ਮੈਂਬਰ ਚੁਣਿਆ ਹੈ ਤੇ ਉਹ ਹਰ ਵਰਗ ਦੀਆਂ ਮੁਸ਼ਕਲਾਂ ਦੇ ਹੱਲ ਕਰਨ ਅਤੇ ਸੰਗਰੂਰ ਜ਼ਿਲ੍ਹੇ ਦੀ ਤਰੱਕੀ ਲਈ ਪੂਰੀ ਵਾਹ ਲਗਾ ਦੇਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮਸਲੇ ਲੋਕ ਸਭਾ ਵਿੱਚ ਉਠਾਉਣਗੇ, ਸੰਗਰੂਰ ਜ਼ਿਲ੍ਹੇ ਵਿੱਚ ਵਿਕਾਸ ਕਾਰਜਾਂ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕਰਨਗੇ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੀ ਸਭ ਤੋਂ ਵੱਡੀ ਮੁਸ਼ਕਿਲ ਘੱਗਰ ਨਦੀ ਦੀ ਹੈ ਤੇ ਇਸ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ‘ਆਪ’ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਜਿਸ ਦਾ ਸਬੂਤ ਲੋਕ ਸਭਾ ਦੀ ਜ਼ਿਮਨੀ ਚੋਣ ਤੋਂ ਮਿਲ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਲਕਾ ਧੂਰੀ ਦੇ ਚੋਣ ਇੰਚਾਰਜ ਹਰਬੰਸ ਸਿੰਘ ਸਲੇਮਪੁਰ, ਅੰਮ੍ਰਿਤ ਪਾਲ ਸਿੰਘ ਛੰਦੜਾਂ, ਹਰਬੰਸ ਸਿੰਘ ਜੈਨਪੁਰ, ਹੋਰ ਆਗੂਆਂ ਨੇ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ‘ਚ ਲੱਡੂ ਵੰਡੇ।
ਜਨਤਾ ਦਾ ਫੈਸਲਾ ਸਿਰ ਮੱਥੇ: ਭਗਵੰਤ ਮਾਨ
ਚੰਡੀਗੜ੍ਹ : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਦੀ ਹਾਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਲੋਕ ਫਤਵੇ ਨੂੰ ਪ੍ਰਵਾਨ ਕਰਦਿਆਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰਦੇ ਰਹਿਣ ਦਾ ਅਹਿਦ ਲਿਆ ਹੈ। ਭਗਵੰਤ ਮਾਨ ਨੇ ਟਵੀਟ ਕੀਤਾ, ”ਸੰਗਰੂਰ ਦੇ ਲੋਕਾਂ ਦਾ ਫਤਵਾ ਸਿਰ ਮੱਥੇ.. ਮੈਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ-ਰਾਤ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਦਾ ਰਹਾਂਗਾ। ਮੈਂ ਤੁਹਾਡਾ ਪੁੱਤ ਹਾਂ ਅਤੇ ਤੁਹਾਡੇ ਪਰਿਵਾਰਾਂ ਦਾ ਭਵਿੱਖ ਰੋਸ਼ਨ ਬਣਾਉਣ ਲਈ ਕੋਈ ਕਸਰ ਨਹੀਂ ਛੱਡਾਂਗਾ।”
ਐਡਵੋਕੇਟ ਧਾਮੀ ਵਲੋਂ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ
ਸੰਗਰੂਰ ਜ਼ਿਮਨੀ ਚੋਣ ਜਿੱਤਣ ‘ਤੇ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਸਦ ‘ਚ ਸਿੱਖ ਮਸਲੇ ਉਠਾਉਣ ਦੀ ਆਸ ਪ੍ਰਗਟ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਸਿਮਰਨਜੀਤ ਮਾਨ ‘ਚ ਵਿਸ਼ਵਾਸ ਪ੍ਰਗਟ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਖਾਸਕਰ ਸਿੱਖ ਕੌਮ ਨਾਲ ਸੰਬੰਧਿਤ ਮਸਲਿਆਂ ਦੇ ਹੱਲ ਲਈ ਆਵਾਜ਼ ਚੁੱਕਣੀ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਭਾਜਪਾ ਤੋਂ ਵੀ ਪੱਛੜਿਆ ਸ਼੍ਰੋਮਣੀ ਅਕਾਲੀ ਦਲ
ਇਕ ਸਮੇਂ ਭਾਈਵਾਲ ਸਨ ਇਹ ਦੋਵੇਂ ਪਾਰਟੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਆਏ ਨਤੀਜਿਆਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪੰਜਵੇਂ ਸਥਾਨ ‘ਤੇ ਰਹਿਣ ਕਾਰਨ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾਅ ਸਕਿਆ। ਚੋਣ ਨਤੀਜੇ ‘ਚ ਪਾਰਟੀ ਦੀ ਕਾਰਗੁਜ਼ਾਰੀ ‘ਤੇ ਪਾਰਟੀ ਦੇ ਅੰਦਰੋਂ ਸਵਾਲ ਖੜ੍ਹੇ ਹੋਣ ਲੱਗੇ ਹਨ।
ਵਿਧਾਨ ਸਭਾ ਚੋਣਾਂ (ਸ਼੍ਰੋਮਣੀ ਅਕਾਲੀ ਦਲ ਦੀਆਂ 117 ‘ਚੋਂ ਤਿੰਨ ਸੀਟਾਂ) ਵਿੱਚ ਕਰਾਰੀ ਹਾਰ ਹੋਣ ਤੋਂ ਤਿੰਨ ਮਹੀਨੇ ਬਾਅਦ ਹੋਈ ਜ਼ਿਮਨੀ ਚੋਣ ਵਿੱਚ ਜਿੱਤਣ ਬਾਰੇ ਕੋਈ ਵੀ ਪਾਰਟੀ ਨਹੀਂ ਸੋਚਦੀ ਪਰ ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣ ਨਤੀਜੇ ਵੱਡਾ ਝਟਕਾ ਇਸ ਲਈ ਵੀ ਹਨ ਕਿਉਂਕਿ ਉਸ ਦੀ ਪੁਰਾਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਇਸ ਚੋਣ ‘ਚ ਉਸ ਨਾਲੋਂ ਵੱਧ ਵੋਟਾਂ ਮਿਲੀਆਂ ਹਨ ਤੇ ਉਹ ਚੌਥੇ ਸਥਾਨ ‘ਤੇ ਰਹੀ ਹੈ। ਸ਼੍ਰੋਮਣੀ ਅਕਾਲੀ 2009 ਤੋਂ ਬਾਅਦ ਇਹ ਸੀਟ ਨਹੀਂ ਜਿੱਤ ਸਕਿਆ ਹੈ ਪਰ ਉਸ ਨੇ ਹਰ ਚੋਣ ਵਿੱਚ ਸਖਤ ਟੱਕਰ ਜ਼ਰੂਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ 6.2 ਫੀਸਦ ਵੋਟਾਂ ਮਿਲੀਆਂ ਉੱਥੇ ਹੀ ਭਾਜਪਾ ਨੂੰ 9.33 ਫੀਸਦ ਵੋਟਾਂ ਪੋਲ ਹੋਈਆਂ। ਭਾਜਪਾ ਨੂੰ ਸਾਬਕਾ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਇਸ ਹਲਕੇ ਵਿਚਲੇ ਪ੍ਰਭਾਵ ਦਾ ਲਾਹਾ ਮਿਲਿਆ ਹੈ।
ਇਸ ਸੀਟ ‘ਤੇ 18 ਵਾਰ ਹੋਈਆਂ ਚੋਣਾਂ ‘ਚੋਂ ਸ਼੍ਰੋਮਣੀ ਅਕਾਲੀ ਦਲ ਨੇ ਛੇ ਵਾਰ ਜਿੱਤ ਦਰਜ ਕੀਤੀ ਹੈ। ਪਾਰਟੀ ਨੇ ਆਖਰੀ ਵਾਰ 2004 ਦੀਆਂ ਚੋਣਾਂ ‘ਚ ਇਹ ਸੀਟ ਜਿੱਤੀ ਸੀ ਜਦੋਂ ਸੁਖਦੇਵ ਸਿੰਘ ਢੀਂਡਸਾ ਪਾਰਟੀ ਵੱਲੋਂ ਉਮੀਦਵਾਰ ਸਨ। ਇਸ ਤੋਂ ਬਾਅਦ ਪਾਰਟੀ ਦਾ ਨਿਘਾਰ ਸ਼ੁਰੂ ਹੋ ਗਿਆ। ਸਾਲ 2009 ਦੀ ਚੋਣ ਵਿੱਚ ਸੁਖਦੇਵ ਢੀਂਡਸਾ 34.13 ਫੀਸਦ ਵੋਟਾਂ ਹਾਸਲ ਕਰਕੇ ਦੂਜੇ ਸਥਾਨ ‘ਤੇ ਰਹੇ ਸਨ। 2014 ‘ਚ ਸੁਖਦੇਵ ਸਿੰਘ ਢੀਂਡਸਾ ਨੂੰ 29.23 ਫੀਸਦ ਵੋਟਾਂ ਮਿਲੀਆਂ ਤੇ ਦੂਜੇ ਸਥਾਨ ‘ਤੇ ਰਹੇ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਸੀਟ ਤੋਂ ਚੋਣ ਲੜੀ ਤੇ 23.88 ਫੀਸਦ ਵੋਟਾਂ ਹਾਸਲ ਕੀਤੀਆਂ। ਜੁਲਾਈ 2020 ਵਿੱਚ ਢੀਂਡਸਾ ਪਰਿਵਾਰ ਨੇ ਲੀਡਰਸ਼ਿਪ ਤੇ ਸਿਆਸਤ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰ ਲਿਆ।
ਪਾਰਟੀ ਦੇ ਕੋਰ ਕਮੇਟੀ ਮੈਂਬਰ ਤੇ ਸੀਨੀਅਰ ਮੀਤ ਪ੍ਰਧਾਨ ਜਗਮੀਤ ਬਰਾੜ ਨੇ ਕਿਹਾ ਕਿ ਸੂਬੇ ਤੇ ਸਿੱਖਾਂ ਲਈ ਕੋਈ ਸਪੱਸ਼ਟ ਏਜੰਡਾ ਨਾ ਹੋਣ ਕਾਰਨ ਪਾਰਟੀ ਇਹ ਚੋਣ ਹਾਰੀ ਹੈ। ਉਨ੍ਹਾਂ ਪਾਰਟੀ ਨੂੰ ਸੁਖਦੇਵ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ, ਰਵੀ ਇੰਦਰ ਸਿੰਘ ਸਮੇਤ ਹੋਰ ਬਾਗੀ ਆਗੂਆਂ ਨੂੰ ਨਾਲ ਜੋੜਨ ਦਾ ਸੱਦਾ ਦਿੱਤਾ। ਉਨ੍ਹਾਂ ਹਾਲਾਂਕਿ ਪਾਰਟੀ ਲੀਡਰਸ਼ਿਪ ‘ਚ ਤਬਦੀਲੀ ਦੀ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਾਝਾ, ਦੋਆਬਾ ਤੇ ਮਾਲਵਾ ਜ਼ੋਨ ਵਿੱਚ ਭਵਿੱਖ ਲਈ ਨਵੇਂ ਨੌਜਵਾਨ ਆਗੂ, ਮਹਿਲਾ ਆਗੂ ਤੇ ਪੱਛੜੇ ਵਰਗਾਂ ਦੇ ਨੁਮਾਇੰਦੇ ਤਿਆਰ ਕਰਨ ਦੀ ਸਲਾਹ ਦਿੱਤੀ।
ਸੁਖਬੀਰ ਵਲੋਂ ਵੀ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤਣ ‘ਤੇ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਪਾਰਟੀ ਵਲੋਂ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਸੁਖਬੀਰ ਨੇ ਕਿਹਾ ਕਿ ਅਸੀਂ ਲੋਕਤੰਤਰੀ ਭਾਵਨਾ ਮੁਤਾਬਕ ਦਿੱਤੇ ਲੋਕਾਂ ਦੇ ਫਤਵੇ ਅੱਗੇ ਸੀਸ ਨਿਵਾਉਂਦੇ ਹਾਂ ਤੇ ਸਾਨੂੰ ਵਿਸ਼ਵਾਸ ਹੈ ਕਿ ਸ. ਮਾਨ ਪੰਜਾਬੀਆਂ ਦੇ ਹੱਕ ਵਿਚ ਸੰਸਦ ‘ਚ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਚੋਣ ਸਿਧਾਂਤਾਂ ਦੇ ਅਧਾਰ ‘ਤੇ ਲੜੀ ਸੀ ਤੇ ਪਾਰਟੀ ਸਿਧਾਂਤਾਂ ਲਈ ਹਮੇਸ਼ਾ ਡਟੀ ਰਹੇਗੀ।
ਭਗਵੰਤ ਮਾਨ ਤੇ ਕੇਜਰੀਵਾਲ ਨੂੰ ਲੋਕਾਂ ਨੇ ਉਨ੍ਹਾਂ ਦਾ ਅਸਲ ਚਿਹਰਾ ਦਿਖਾਇਆ : ਅਸ਼ਵਨੀ ਸ਼ਰਮਾ
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਲੋਕ ਸਭਾ ਹਲਕਾ ਜ਼ਿਮਨੀ ਚੋਣ ‘ਚ ਜਿੱਤ ‘ਤੇ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਵਲੋਂ ਦਰਜ ਕੀਤੀ ਗਈ ਜਿੱਤ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਉਨ੍ਹਾਂ ਦਾ ਅਸਲ ਚਿਹਰਾ ਵਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਬਹੁਤ ਸੂਝਵਾਨ ਹੋ ਗਏ ਹਨ ਅਤੇ ਆਉਣ ਵਾਲੀਆਂ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਅਜਿਹਾ ਹੀ ਸਬਕ ਸਿਖਾਉਣ ਦਾ ਮਨ ਬਣਾ ਚੁੱਕੇ ਹਨ।
ਸ਼ਰਮਾ ਨੇ ਕਿਹਾ ਕਿ ਲੋਕ ਸਭਾ ਚੋਣਾਂ ‘ਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਕਾਰਗੁਜ਼ਾਰੀ ਵੀ ਬਹੁਤ ਵਧੀਆ ਰਹੀ। ਭਾਜਪਾ ਦਾ ਵੋਟ ਬੈਂਕ ਪਹਿਲਾਂ ਨਾਲੋਂ ਬਹੁਤ ਵਧਿਆ ਹੈ। ਪਿੰਡਾਂ ‘ਚ ਭਾਜਪਾ ਦੇ ਬੂਥ ਲੱਗਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਅਤੇ ਭਾਜਪਾ ਲੋਕਾਂ ਵਲੋਂ ਦਿੱਤੇ ਫਤਵੇ ਨੂੰ ਸਵੀਕਾਰ ਕਰਦੀ ਹੈ।
ਲੋਕਾਂ ਦਾ ‘ਆਪ’ ਤੋਂ ਮੋਹ ਭੰਗ ਹੋਇਆ: ਚੰਨੀ
ਚਮਕੌਰ ਸਾਹਿਬ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਜਿੱਤਣ ਲਈ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ਹੈ। ਚੰਨੀ ਨੇ ਕਿਹਾ ਕਿ ਗਾਰੰਟੀਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਕੇ ਸੱਤਾ ‘ਤੇ ਕਾਬਜ਼ ਹੋਈ ‘ਆਪ’ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦਾ ਸਫਾਇਆ ਕਰ ਦਿੱਤਾ ਹੈ।
ਚੋਣ ਨਤੀਜਾ ‘ਆਪ’ ਖਿਲਾਫ ਲੋਕ ਫਤਵਾ: ਰਾਜਾ ਵੜਿੰਗ
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹਾਰ ਸਰਕਾਰ ਵਿਰੁੱਧ ਫਤਵਾ ਹੈ, ਜੋ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਲੋਕਾਂ ਦੇ ਫ਼ੈਸਲੇ ਨੂੰ ਸਵੀਕਾਰ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿਰਫ 100 ਦਿਨ ਪਹਿਲਾਂ ਸੱਤਾ ਵਿੱਚ ਆਈ ‘ਆਪ’ ਦੀ ਇਸ ਤਰ੍ਹਾਂ ਨਾਲ ਹਾਰ ਦੀ ਉਮੀਦ ਨਹੀਂ ਸੀ ਅਤੇ ਸੰਗਰੂਰ ਵਿੱਚ ਕਰੀਬ 4.50 ਲੱਖ ਲੋਕਾਂ ਨੇ ‘ਆਪ’ ਦੇ ਉਮੀਦਵਾਰ ਖਿਲਾਫ ਵੋਟਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਸਪੱਸ਼ਟ ਫੈਸਲਾ ਦਿੱਤਾ ਹੈ, ਜੋ ਚੰਗੇ ਸ਼ਾਸਨ ਦੀ ਸੋਚ ਨਾਲ ਕੰਮ ਕਰਨ ਦੀ ਥਾਂ ਬਦਲਾਖੋਰੀ ਦੀ ਨੀਤੀ ‘ਤੇ ਜ਼ਿਆਦਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਅਸਲ ਵਿੱਚ ਅਰਵਿੰਦ ਕੇਜਰੀਵਾਲ ਖਿਲਾਫ ਹੈ, ਜੋ ਪਰਦੇ ਪਿੱਛੇ ਸਾਰੀਆਂ ਖੇਡਾਂ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਭਗਵੰਤ ਮਾਨ ਇਕ ਸਬਕ ਸਿੱਖਣਗੇ, ਜਿਨ੍ਹਾਂ ਕੇਜਰੀਵਾਲ ਨੂੰ ਆਪਣੇ ਅਧਿਕਾਰ ਸੌਂਪ ਦਿੱਤੇ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਇਸ਼ਾਰਿਆਂ ‘ਤੇ ਚੱਲਦੇ ਹਨ।

Check Also

ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਰਮਿੰਘਮ ਖੇਡਾਂ ਸੰਪੰਨ

ਹੁਣ 2026 ਵਿਚ ਵਿਕਟੋਰੀਆ ‘ਚ ਹੋਣਗੀਆਂ ਕਾਮਨਵੈਲਥ ਖੇਡਾਂ ਬਰਮਿੰਘਮ : ਬਰਮਿੰਘਮ ‘ਚ ਹੋਈਆਂ ਕਾਮਨਵੈਲਥ ਖੇਡਾਂ-2022, …